ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸਾਧ ਸੰਗਤ ਜੀਓ,
ਪੂਰਬ ਵਿਚਾਰ ਪੜ੍ਹਿਆ|
ਗੁਰ ਸੰਗਤ ਜੀਓ, ਆਪ ਜੀ ਦੀ ਸ਼ੁਧ ਆਸ਼ਾ ਅਤੇ ਪ੍ਰੇਮ ਭਾਵਨਾ ਆਤਮ ਅਧਾਰ ਜਨਮ ਸੁਧਾਰ ਸਰਬ ਪਰਵਾਰ ਨੂੰ ਸਾਰਿੰਗਧਰ ਭਗਵਾਨ ਕ੍ਰਿਸ਼ਨ ਜੀ ਦੇ ਅਵਤਾਰ ਮਾਹ ਦੀ ਵਧਾਈ ਹੋਵੇ| ਇਹ ਸ਼ੁਧ ਖਿਆਲ ਸਾਧ ਸੰਗਤ ਦੂਈ ਅਤੇ ਦਵੈਤ ਨੂੰ ਦੂਰ ਕਰਦਾ ਹੈ ਜੀ| ਸਾਡੇ ਨਿਯਮ ਹੁਕਮ ਅਨੁਸਾਰ ਸਰਬ ਸੰਗਤ ਏਕਤਾ ਦੀ ਰੰਗਣ ਵਿਚ ਹੋਣੀ ਚਾਹੀਦੀ ਹੈ| ਹਿੰਦੂ ਸਿੱਖ ਸਰਬ ਕਰਤਾ ਖੇਲ ਹੈ| ਅੰਤਮ ਭਗਤ ਜਨ ਜੋਤੀ ਮੇਲ ਹੈ ਜੀ| ਆਪ ਨੇ ਇਸ ਮਰਯਾਦਾ ਨੂੰ ਪੂਰਨ ਕਰਨ ਵਾਸਤੇ ਅਤੇ ਪ੍ਰੇਮ ਸਾਗਰ ਦਾ ਉਛਾਲ ਦੇ ਕੇ ਮਨਮੁਖਾਂ ਦੀ ਦਵੈਤੀ ਕੰਧ ਨੂੰ ਢਾਉਣਾ ਹੈ| ਸਰਬ ਵਰਨ ਨੂੰ ਇਕ ਦੇ ਨਾਲ ਮਿਲਣ ਦਾ ਰਾਹ ਵਿਖੌਣਾ ਹੈ ਜੀ| ਇਕ ਦੂਜੇ ਦਾ ਸੱਚਾ ਸੰਗ ਨਿਭਾਉਣਾ ਹੈ ਜੀ| ਮੈਂ ਵੀ ਆਪ ਜੈਸੀ ਉਜਲ ਸੰਗਤ ਦਾ ਸੇਵਾਦਾਰ ਜੁਗਾਂ ਪਰਵਾਨ ਆਇਆ ਹਾਂ ਜੀ| ਗੁਰਸਿਖ ਨੂੰ ਅੱਠੇ ਪਹਿਰ ਦੇ ਦਰਸ ਹਿਰਦਕ ਵਾਸ ਅਤੇ ਹਰ ਸਮੇਂ ਨਿਰਮਾਨਤਾ ਗਰੀਬੀ ਹਲੀਮੀ ਮਿਲਣਸਾਰੀ ਚਾਹੀਦੀ ਹੈ ਜੀ| ਅਤੇ ਗੁਰਸਿਖ ਜੀਓ ਸਾਧ ਸੰਗਤ ਦੀ ਸੇਵਾ ਕਰਕੇ, ਨੇਤਰਾਂ ਨਾਲ ਦਰਸ਼ਨ ਕਰਕੇ, ਮਨ ਦੀ ਦੁਬਿਧਾ ਮੈਲ ਵਿਕਾਰ ਹੰਕਾਰ ਆਪਣੇ ਆਪ ਨਸ਼ਟ ਹੋ ਜਾਂਦਾ ਹੈ| ਸਾਧ ਸੰਗਤ ਦੇ ਦਰਸ਼ਨ ਕਰਨ ਨਾਲ ਸੌ ਜਨਮ ਦਾ ਪਾਪ ਕਲਜੁਗ ਵਿਚ ਉਤਰ ਜਾਂਦਾ ਹੈ ਜੀ|ਕਿਉਂਕਿ ਸਾਧ ਸੰਗਤ ਦੇ ਸੁੰਦਰ ਮੁਖ ਅਤੇ ਪਵਿਤਰ ਰਸਨਾ ਵਿਚ ਸੱਚੇ ਸਾਹਿਬ ਦੇ ਅਨਮੁਲੜੇ ਸ਼ਬਦ ਨਿਕਲਦੇ ਹਨ ਜੀ| ਅਤੇ ਜੋ ਗੁਰਮੁਖ ਗੁਰਸਿਖ ਗੁਰਮਤ ਅਨੁਸਾਰ ਵਿਹਾਰ ਕਰਦਾ ਹੈ,ਗੁਰਮੁਖ ਹੋ ਜਾਂਦਾ ਹੈ| ਉਸ ਵਿਚੋਂ ਸਰਬ ਵਿਕਾਰੀ ਹੰਕਾਰੀ ਤੱਤ ਨਸ਼ਟ ਹੋ ਜਾਂਦੇ ਹਨ ਜੀ ਅਤੇ ਮਾਣ ਤਾਣ ਇਕ ਭਗਵਾਨ ਦਾ ਹੁੰਦਾ ਹੈ ਜੀ| ਮੈਂ ਕਦੇ ਵੀ ਕਿਸੇ ਨਾਲ ਨਾਰਾਜ਼ ਨਹੀਂ ਹੁੰਦਾ ਨਾ ਹੋਣਾ ਹੈ ਜੀ| ਮੇਰੇ ਵਲੋਂ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ|
ਸੱਚੇ ਪਾਤਸ਼ਾਹ ਜੀ