01 – ੨੦ ਫੱਗਣ ੨੦੦੮ ਬਿਕ੍ਰਮੀ ਦਿਨ ਐਤਵਾਰ ਨੂੰ ਜਨਮ ਸਾਖੀ ਲਿਖਣੀ ਸ਼ੁਰੂ ਕੀਤੀ – JANAMSAKHI

੨੦ ਫੱਗਣ ੨੦੦੮ ਬਿਕ੍ਰਮੀ ਦਿਨ ਐਤਵਾਰ ਨੂੰ ਜਨਮ ਸਾਖੀ ਲਿਖਣੀ ਸ਼ੁਰੂ ਕੀਤੀ

         ਮਾਲਵੇ ਦੇਸ ਵਿਚ ਇਕ ਮੱਲਾਹ ਪਿੰਡ ਹੈ । ਮਨੀ ਸਿੰਘ ਉਥੋਂ ਦੇ ਵਸਣ ਵਾਲਾ ਇਕ ਸਿਖ ਜ਼ਿਮੀਂਦਾਰ

ਸੀ ।ਉਹ ਭਜਨ ਕਰਨ ਨੂੰ ਤੇ  ਸਾਧਨਾ  ਕਰਨ ਨੂੰ ਬੜਾ ਉਦਾਸ ਰਹਿੰਦਾ ਸੀ ।  ਸਾਧਾਂ ਸੰਤਾਂ ਨੂੰ ਪੁਛਦਾ ਰਹਿੰਦਾ ਸੀ  ਕਿ  ਮੈਂ ਗੁਰੂ ਉਹ ਧਾਰਨਾ ਹੈ  ਜੇਹੜਾ  ਅੰਤਰਜਾਮੀ  ਹੋਵੇ  ਤੇ ਦਿਲ ਦੀਆਂ ਜਾਨਣ ਵਾਲਾ  ਹੋਵੇ  । ਇਕ ਸਿਖ  ਨੇ  ਉਪਦੇਸ਼ ਦਿੱਤਾ  ਕਿ   ਮਾਝੇ   ਦੇਸ਼ ਵਿਚ ਬਰਕੀ ਪਿੰਡ ਹੈ । ਉਥੇ ਜਾਣ ਲਈ ਪਹਿਲਾਂ ਇਕ ਸੁਰ  ਸਿੰਘ ਵੱਡਾ ਨਗਰ ਹੈ ਤੇ ਫਿਰ ਅੱਗੇ  ਪੁੱਛ ਕੇ ਭਢਾਣੇ ਜਾਵੀਂ , ਉਥੋਂ ਅੱਗੇ   ਦੋ  ਤਿੰਨ ਮੀਲ ਹੈ । ਪੁਛਦਾ -ਪੁਛਦਾ ਮਨੀ ਸਿੰਘ ਭਢਾਣੇ   ਆਇਆ ।  ਤੁਰਿਆਂ ਜਾਦਿਆਂ ਦਿਲ ਵਿਚ ਦਲੀਲ ਧਾਰੀ ਕਿ ਬਾਬੇ ਮਹਿਤਾਬ ਸਿੰਘ ਹੋਰੀਂ ਜੇ ਸਮਰੱਥ ਹੋਣਗੇ ਤੇ  ਮੇਰੇ ਜਾਂਦੇ ਨੂੰ ਕੇਸੀ ਅਸ਼ਨਾਨ ਕਰਕੇ , ਕੇਸ ਪਿਛਾਂਹ ਸੁੱਟ  ਕੇ ਤੇ ਪੈਰੀ ਪਊਏ ਪਾ ਕੇ ਬਾਹਰਲੇ ਦਰਵਾਜੇ ਅੱਗੇ  ਟਹਿਲਦੇ  ਹੋਣਗੇ । ਇਹ ਦਿਲ ਵਿਚ ਧਾਰਨਾ ਧਾਰਦਾ ਮਨੀ ਸਿੰਘ ਬਰਕੀ ਜਾ ਪਹੁੰਚਾ । ਚੜ੍ਹਦੇ ਪਾਸੇ ਬਰਕੀ ਦੇ ਪੁਛਿਆ ਕਿ  ਮੈਂ ਸਿੰਘ ਸਾਹਿਬ ਬਾਬੇ ਮਹਿਤਾਬ ਸਿੰਘ ਦੇ ਗੁਰਦਵਾਰੇ ਜਾਣਾ ਹੈ । ਕਿਸੇ ਸਿਖ  ਨੇ  ਦੱਸਿਆ ਕਿ  ਲਹਿੰਦੇ ਪਾਸੇ ਵੱਡਾ ਗੁਰਦਵਾਰਾ ਹੈ, ਜਿਥੇ ਬਾਬੇ ਹੋਰੀਂ ਹਨ ਜੀ ।   ਜੋ  ਮਨੀ ਸਿੰਘ ਸਿਖ  ਨੇ  ਦਿਲ ਵਿਚ ਦਲੀਲ ਧਾਰੀ ਸੀ  ਕਿ  ਦਰਵਾਜੇ ਅੱਗੇ  ਟਹਿਲਦੇ  ਹੋਣਗੇ ਤੇ ਮੇਰਾ ਨਾਮ  ਲੈ  ਕੇ ਮੈਨੂੰ ਜਾਂਦੇ ਨੂੰ ਅਵਾਜ਼  ਮਾਰਨ, ਆਖਣ ਆ ਸਿਖਾ ਮਨੀ ਸਿੰਘ । ਫੇਰ ਜਿਸ ਵੇਲੇ ਮਨੀ ਸਿੰਘ ਗੁਰਦਵਾਰੇ ਦੇ ਅੱਗੇ  ਗਿਆ ਤੇ ਓਸੇ ਤਰ੍ਹਾਂ ਅੱਗੇ  ਜਾ ਕੇ ਦਰਸ਼ਨ  ਹੋਏ  । ਕੇਸੀ ਅਸ਼ਨਾਨ ਕਰਕੇ ਕੇਸ ਪਿਛਾਂਹ ਸੁੱਟੇ ਹੋਏ  ਹਨ ਜੀ । ਪੈਰੀਂ ਪਊਏ ਪਾ ਕੇ ਦਰਵਾਜੇ ਅੱਗੇ  ਟਹਿਲ  ਰਹੇ  ਹਨ ਜੀ । ਮਨੀ ਸਿੰਘ ਜਾਂਦੇ ਹੀ ਹੱਥ ਜੋੜ ਕੇ  ਨਿਮਸਕਾਰ ਕੀਤੀ ਤੇ ਬਾਬੇ ਮਹਿਤਾਬ ਸਿੰਘ ਹੱਸ ਕੇ  ਬਚਨ  ਕੀਤਾ ਕਿ  ਮਨੀ ਸਿੰਘ ਰਾਜੀ  ਹੈਂ  । ਮਨੀ ਸਿੰਘ  ਬਚਨ  ਸੁਣ ਕੇ ਨਿਹਾਲ  ਹੋ  ਗਿਆ  ਕਿ  ਇਹ ਪੂਰਨ ਗੁਰੂ ਹਨ ਤੇ ਦਿਲ ਦੀਆਂ ਜਾਨਣ ਵਾਲੇ ਹਨ । ਮੈਂ  ਜੋ  ਕੁਛ  ਲੱਭਦਾ  ਸਾਂ ਮੈਨੂੰ ਲੱਭ ਗਿਆ ਹੈ ਜੀ । ਬਾਬੇ ਮਹਿਤਾਬ ਸਿੰਘ ਹੋਰੀਂ ਅੰਦਰ  ਚਲੇ  ਗਏ ਹਨ ਤੇ ਜਾ ਕੇ ਸਿੰਘਾਸਣ ਪਰ ਬੈਠ ਗਏ ਹਨ  ਤੇ ਮਗਰੇ ਮਨੀ ਸਿੰਘ ਪਿਛੇ ਪਿਛੇ  ਚਲੇ  ਗਏ ਹਨ ਜੀ । ਹੋਰ ਸੰਗਤ ਵੀ ਦਰਬਾਰ ਵਿਚ ਬੈਠੀ ਸੀ , ਸੇਵਾ ਵਾਲੇ ਸੇਵਾ ਵਿਚ  ਹਾਜ਼ਰ  ਸਨ । ਮਨੀ ਸਿੰਘ ਸੰਗਤ ਵਿਚ ਬੈਠ ਕੇ ਦਿਲ ਵਿਚ ਦਲੀਲ ਧਰੀ ਕਿ  ਕਿਸ ਬਿਧ ਨਾਲ ਸ਼ਰਨ  ਪਵਾਂ  । ਇਹ ਸੋਚਿਆ ਕਿ  ਮੈਂ ਸਿਖਾ ਕੋਲੋਂ ਪੁਛਦਾ  ਹਾਂ  ਕਿ  ਮੈਂ ਬਾਬੇ ਮਹਿਤਾਬ ਸਿੰਘ ਹੋਰਾਂ ਨੂੰ ਗੁਰੂ ਧਾਰਨ ਕਰਨਾ ਹੈ ਤੇ ਮੈਨੂੰ ਰਸਤਾ ਦੱਸੋ ,  ਜਿਸ ਤਰ੍ਹਾਂ ਮੈਨੂੰ ਚਰਨੀ ਲਾ ਲੈਣ ਤੇ ਬਖ਼ਸ਼ ਲੈਣ । ਉਹਨਾਂ ਦੱਸਿਆ ਕਿ  ਸਿਖਾ ਜਿਸ ਵਕਤ ਬਾਬੇ ਮਤਾਬ ਸਿੰਘ ਹੋਰੀਂ ਅਟੰਕ  ਬਹਿਣਗੇ  , ਉਸੇ ਵਕਤ ਗਲ ਵਿਚ ਪੱਲਾ ਪਾ ਕੇ ਪਰਸ਼ਾਦ ਭੇਟਾ ਰੱਖ ਕੇ ਬੇਨੰਤੀ ਕਰੀਂ ਤੇ ਇਹ ਤੈਨੂੰ ਪੱਕੀ ਹੈ  ।  ਜੇ ਤੈਨੂੰ ਝਿੜਕ ਦੇਣਗੇ ਤੇ ਡੋਲ ਨਾ ਜਾਵੀਂ ਤੇ ਜੇ ਮਿੱਠਾ ਬੋਲਣਗੇ ਤੇ ਫੇਰ ਤੈਨੂੰ ਏਥੋਂ ਲੱਭਣਾ ਕੁਝ ਨਹੀਂ ਗਾ । ਤਕੜਾ  ਹੋ  ਕੇ ਸੇਵਾ ਨੂੰ ਲੱਗ ਪਵੀਂ । ਆਪੇ ਬਖ਼ਸ਼ ਦੇਣਗੇ । ਮਨੀ ਸਿੰਘ ਜਿਸ ਵਕਤ ਬੇਨੰਤੀ ਕੀਤੀ  ਕਿ   ਸੱਚੇ  ਪਾਤਸ਼ਾਹ ਮੈਨੂੰ ਸ਼ਰਨ ਲਾਉ ਜੀ । ਮੈਨੂੰ ਆਪ ਜੀ ਦੇ ਦਰਸ਼ਨ ਤੇ ਸੇਵਾ  ਦੀ   ਭੁੱਖ  ਹੈ ।  ਬਾਬੇ ਮਹਿਤਾਬ ਸਿੰਘ ਹੋਰੀਂ ਮੁੱਖੋਂ ਬੋਲੇ , ਸਿਖਾ ਸਾਨੂੰ  ਤਾਂ  ਸੇਵਾ  ਦੀ  ਕੋਈ ਲੋੜ ਨਹੀਂ  ਤੂੰ  ਇਕ ਦਿਨ ਰਹੋ  ਦੋ  ਦਿਨ ਰਹੋ ,  ਪਰਸ਼ਾਦ ਛਕ ਲੰਗਰ ਵਿਚੋਂ ਜਿਹੜਾ ਰਿਧਾ ਹੈ । ਜਿਨੇ ਦਿਨ  ਤੂੰ  ਰਹਿਣਾ ਹੈ ਸੁਖ ਰਮਾਨ ਕਰਕੇ  ਰਹੇ  ਜਾਓ ।   ਓਸ ਵਕਤ ਦੂਸਰਿਆਂ ਸਿਖਾ ਰਮਜ ਮਾਰੀ ਕਿ  ਵੇਖੀਂ ਡੋਲ ਲਾ ਜਾਵੀਂ । ਸੇਵਾ ਕਰ ਤਕੜਾ  ਹੋ  ਕੇ । ਬਾਬੇ ਮਹਿਤਾਬ ਸਿੰਘ ਹੋਰਾਂ ਫੇਰ  ਬਚਨ  ਕੀਤਾ , ਭਾਈ ਏਥੇ ਸੇਵਾ ਕਰਨ ਦਾ ਕੋਈ ਕੰਮ ਨਹੀਂ । ਫੇਰ ਮਨੀ ਸਿੰਘ ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ  ਕਿ   ਸੱਚੇ  ਪਿਤਾ ਆਪ ਦਾ ਦਰ ਪੁਛ ਕੇ ਮੈਂ ਆ ਗਿਆ ਹਾਂ ਤੇ ਮੇਰੇ ਤੇ ਮਿਹਰ ਕਰੋ ਤੇ ਜ਼ਿੰਦਗੀ ਆਪ ਦੇ ਚਰਨਾਂ ਨਾਲ  ਨਿਭਾ  ਦਿਉ । ਉਸ ਵਕਤ ਦਇਆ ਦੇ ਸਮੁੰਦਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹੱਸ ਕੇ  ਬਚਨ   ਕੀਤਾ  ,   ਕਿ  ਚੰਗਾ ਜਿਥੇ ਦੂਸਰੇ ਸਿਖ ਸੇਵਾ ਕਰਦੇ ਹਨ  ਤੂੰ  ਵੀ ਕਰੀ ਜਾਹ । ਫੇਰ ਮਨੀ ਸਿੰਘ ਮਾਲ ਦੀ  ਸੇਵਾ ਵਿਚ ਲਗ ਪਿਆ ਜੀ । ਮਾਲ ਰੱਖ ਵਿਚ  ਚਾਰਨਾ ਤੇ ਘਾਹ ਖੋਤ ਕੇ ਪੌਣਾ ।  ਰਾਤ ਦਿਨ ਏਸੇ ਤਰ੍ਹਾਂ ਮਾਲ ਦੀ  ਸੇਵਾ ਵਿਚ ਗੁਜਾਰੇ ।  ਤਿੰਨ ਮੀਲ ਭੰਗਾਲੀ ਪਿੰਡ ਬਰਕੀ ਤੋਂ ਸੀ  ਤੇ ਬਾਬੇ ਮਹਿਤਾਬ ਸਿੰਘ ਹੋਰਾਂ ਮਾਲ ਦੇ ਕੇ ਭੰਗਾਲੀ ਘੱਲ ਦਿਤਾ । ਲਾਗੇ ਰੱਖ ਸੀ ਤੇ ਡੰਗਰ ਚਾਰ ਲਿਆਇਆ ਕਰੇ । ਰਾਤ ਦਿਨ ਮਾਲ ਉਥੇ ਰਖੇ । ਦੋਵੇਂ ਟੈਮ  ਰਾਤ ਤੇ ਦਿਨੇ ਦੁੱਧ   ਜੋਹ ਕੇ ਲਿਆਵੇ । ਵਹਿੰਗੀ ਮਨੀ ਸਿੰਘ  ਬਣਾ  ਲਈ ਸੀ , ਇਕ ਪਾਸੇ ਪਿੰਡ ਵਿਚੋਂ ਪਰਸ਼ਾਦੇ ਰੱਖ ਕੇ  ਲੈ  ਆਵੇ , ਇਕ ਪਾਸੇ ਦੁੱਧ   ਰੱਖ ਲਿਆਵੇ । ਏਸੇ ਤਰ੍ਹਾਂ ਸੇਵਾ ਵਿਚ ਦਿਨ ਰਾਤ ਗੁਜਾਰੇ । ਲੰਗਰ ਵਿਚ ਸੇਵਾ ਕਰੇ ਤੇ ਫੇਰ ਸਾਰੀ ਰਾਤ ਪ੍ਰੀਤਮ ਦੀ  ਯਾਦ ਵਿਚ ਗੁਜਾਰੇ ਤੇ ਭਜਨ ਕਰੇ । ਬਾਬੇ ਮਹਿਤਾਬ ਸਿੰਘ ਹੋਰਾਂ  ਬਚਨ  ਕੀਤਾ ,   ਮਨੀ ਸਿੰਘ  ਰਾਤ ਏਨ੍ਹਾਂ ਨੀਂਦਰਾ ਨਾ ਕੱਟਿਆ ਕਰ , ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ । ਬਾਬੇ ਮਹਿਤਾਬ ਸਿੰਘ ਹੋਰੀਂ ਬੜੇ ਸਮਰੱਥ ਗੁਰੂ ਸੀ ।  ਬਾਬਾ ਮਹਿਤਾਬ ਸਿੰਘ ਛੇਵੀਂ ਪਾਤਸ਼ਾਹੀ ਹਰਿ ਗੋਬਿੰਦ ਦਾ ਜਾਮਾ ਸਨ ਜੀ । ਬਾਬੇ ਮਹਿਤਾਬ ਸਿੰਘ ਦੀਆਂ ਮਈਆਂ ਗਾਈਆਂ ਰੱਖ ਵਿਚ ਖੁਲ੍ਹੀਆਂ  ਚਰਦੀਆਂ ਰਹਿੰਦੀਆਂ ਸਨ । ਡਰਦੇ ਚੋਰ ਹੱਥ ਨਹੀਂ ਸੀ ਲੌਂਦੇ ।  ਜੇਹੜਾ  ਚੋਰੀ ਕਰਦਾ ਸੀ ਅੱਖਾਂ  ਤੋਂ ਅੰਨਾਂ  ਹੋ  ਜਾਂਦਾ ਸੀ । ਬਰਕੀ ਤੇ ਭੰਗਾਲੀ ਪਿੰਡ ਵਿਚ ਕੋਈ ਡਰਦਾ ਬਾਬੇ ਮਹਿਤਾਬ ਸਿੰਘ  ਦੀ  ਸੌਂਹ  ਨਹੀਂ ਸੀ ਖਾਂਦਾ । ਇਕ ਦਿਨ ਰਾਤ  ਦੀ  ਗਲ ਹੈ  ਕਿ  ਮਨੀ ਸਿੰਘ ਜਿਸ ਵੇਲੇ ਦੁੱਧ ਤੇ ਪਰਸ਼ਾਦੇ  ਲੈ  ਕੇ ਤੁਰਿਆ  ਮੀਂਹ ਅਨੇਰੀ ਵੀ  ਬੜੇ ਜ਼ੋਰ ਵਿਚ ਆਈ ਤੇ ਹਨੇਰੀ ਵਿਚ ਹੱਥ  ਪਸਾਰਿਆਂ ਨਾ ਦਿਸੇ । ਓਸ ਵਕਤ  ਰਸਤੇ  ਵਿਚ ਦਰਖ਼ਤ ਵੀ  ਡਰਾ   ਰਹੇ  ਸਨ ।  ਸੱਚੇ  ਸਾਹਿਬ ਦਾ ਆਸਰਾ ਲੈ  ਕੇ  ਮਨੀ ਸਿੰਘ ਤੁਰ ਪਿਆ ਜੀ ।  ਸਤਿਗੁਰਾਂ ਨੇ  ਸਿਖ ਤੇ ਔਖਿਆਈ ਵੇਖ ਕੇ  ਦਇਆ ਕਰ ਦਿਤੀ ਜੀ  ।  ਜੋਤ ਦਾ ਪਰਕਾਸ਼ ਕਰ ਦਿਤਾ ।  ਅੱਗੇ  ਅੱਗੇ ਜੋਤ ਦਾ ਚਾਨਣ ਤੇ ਪਿਛੇ ਪਿਛੇ ਮਨੀ ਸਿੰਘ ਤੁਰ ਪਿਆ ।  ਜੋਤ ਦਾ ਪਰਕਾਸ਼  ਏਸ  ਤਰ੍ਹਾਂ ਹੈ  ਕਿ  ਜਿਵੇਂ ਗੈਸ ਜਗਦਾ ਹੈ । ਮੈਂ ਬਲਿਹਾਰ   ਹਾਂ  ਸੱਚੇ  ਪਿਤਾ ਤੋਂ । ਤਿੰਨ ਮੀਲ ਜੋਤ ਏਸੇ ਤਰ੍ਹਾਂ ਆਈ । ਗੁਰੂਦਵਾਰੇ ਦੇ ਲਾਗੇ ਆ ਕੇ ਅਲੋਪ ਹੋ  ਗਈ । ਅੰਦਰ ਜਾ ਕੇ ਮਨੀ ਸਿੰਘ ਦੁਧ  ਤੇ ਪਰਸ਼ਾਦੇ ਜਾ ਕੇ ਲੰਗਰ ਵਿਚ ਰੱਖ ਦਿਤੇ ਤੇ ਬਾਬੇ ਹੋਰਾਂ ਨੂੰ ਨਿਮਸਕਾਰ ਕੀਤੀ । ਬਾਬੇ ਹੋਰੀਂ ਪੁਛਦੇ ਹਨ , ਮਨੀ ਸਿੰਘ  ਤੂੰ  ਅੱਜ ਡਰਿਆ ਤਾਂ  ਨਹੀਂ , ਕੋਈ ਭੈ ਤਾਂ  ਨਹੀਂ ਆਇਆ ।  ਤਾਂ  ਮਨੀ ਸਿੰਘ ਹੱਸ ਕੇ  ਬਚਨ  ਕੀਤਾ  ਸੱਚੇ  ਪਿਤਾ ਦਿਆਲੂ ਕ੍ਰਿਪਾਲੂ ਜਦੋਂ ਹਰ ਵਕਤ ਮੇਰੇ ਨਾਲ ਤੁਸੀਂ ਜੇ ਤੇ ਫੇਰ ਮੈਨੂੰ ਭੈ ਕਾਹਦਾ । ਮਹਿਤਾਬ ਸਿੰਘ ਹੋਰਾਂ  ਬਚਨ  ਕੀਤਾ ਕਿ  ਰਾਤ ਬੈਹ ਕੇ ਭਜਨ ਨਾ ਕਰਿਆ ਕਰ । ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ । ਜੇਹੜੀ ਸੇਵਾ ਵਿਚ ਲੱਗਾ ਹੈਂ  ਇਹੋ ਕਰੀ ਜਾ । ਸਿਖ ਸਤਿ ਬਚਨ  ਮੰਨ ਕੇ ਸੇਵਾ ਕਰਨ ਲਗ ਪਿਆ . ਏਸੇ ਤਰ੍ਹਾਂ ਤਿੰਨ ਸਾਲ ਸੱਤ ਦਿਨ ਸੇਵਾ ਵਿਚ ਗੁਜਾਰੇ ।  ਫੇਰ ਬਾਬੇ ਮਹਿਤਾਬ ਸਿੰਘ ਦਾ ਅੰਤ ਸਮਾਂ ਆ ਗਿਆ । ਸਾਰਿਆਂ ਸਿਖਾਂ ਨੂੰ ਕੋਲ ਬਿਠਾ ਕੇ ਪੁਛਦੇ ਹਨ  ਕਿ  ਅਸਾਂ ਹੁਣ ਚੋਲਾ ਛੱਡ ਜਾਣਾ ਹੈ ,  ਪੁਰਾਣਾ ਹੋ  ਗਿਆ ਹੈ ਤੇ ਤੁਸੀਂ ਮੰਗੋ ਜੋ  ਕੁਛ ਮੰਗਣਾ ਹੈ ।  ਤੁਸੀਂ ਸੇਵਾ ਕੀਤੀ ਹੈ ਤੇ ਅਸੀਂ ਤੁਹਾਨੂੰ ਦੇਂਦੇ ਹਾਂ । ਇਕ ਮਾਈ ਬਰਕੀ  ਦੀ  ਸੀ , ਉਹ ਲੰਗਰ  ਦੀ  ਸੇਵਾ ਕਰਦੀ ਸੀ । ਉਸ ਮਾਈ  ਨੇ  ਮੱਝ ਗਾਈਂ ਜੋ  ਦਿਲ ਕੀਤਾ ਮੰਗ ਲਿਆ । ਸਾਰਿਆਂ ਸਿਖਾਂ  ਨੇ   ਜੋ  ਦਿਲ  ਦੀ  ਵਾਸਨਾ ਸੀ ਮੰਗ ਲਿਆ । ਫੇਰ ਮਨੀ ਸਿੰਘ ਨੂੰ ਆਖਿਆ ਮਨੀ ਸਿੰਘ  ਤੂੰ  ਵੀ  ਜੋ  ਦਿਲ ਕਰਦਾ ਹੈ ਮੰਗ , ਅਸੀਂ ਤੈਨੂੰ ਦੇਨੇ ਆ । ਮਨੀ ਸਿੰਘ ਬੇਨੰਤੀ ਕੀਤੀ  ਕਿ  ਦੀਨ ਦਿਆਲ ਮੈਂ  ਤਾਂ   ਰੱਜ  ਕੇ ਅਜੇ ਸੇਵਾ ਨਹੀਂ ਕੀਤੀ । ਮੈਨੂੰ  ਤਾਂ  ਆਪ ਦੇ ਦਰਸ਼ਨ ਤੇ ਸੇਵਾ  ਦੀ  ਭੁੱਖ ਹੈ ।  ਬਾਬੇ ਹੋਰਾਂ  ਬਚਨ  ਕੀਤਾ ਕਿ  ਤੇਰੀ ਸੇਵਾ ਅਸੀਂ ਘਾਲ ਥਾਏਂ ਭਾਈ ਹੈ ।  ਤੂੰ   ਜੋ  ਮੰਗਣਾ ਹੈ ਮੰਗ । ਮਨੀ ਸਿੰਘ ਮੰਗ ਮੰਗੀ ਕਿ  ਦੀਨ ਦਿਆਲ ਜੇ ਤੁਠੇ ਹੋ  ਤੇ ਮੇਰੀ ਸੁਰਤ ਖੋਲ੍ਹ ਦਿਉ ਤੇ ਮੈਨੂੰ ਅੱਠੇ ਪਹਿਰ ਦੇ ਦਰਸ਼ਨ ਬਖ਼ਸ਼ੋ । ਬਾਬੇ ਹੋਰਾਂ ਸਾਰੀ ਸੰਗਤ ਨੂੰ ਹੁਕਮ ਦਿੱਤਾ  ਕਿ  ਸਾਰੇ ਪਰ੍ਹਾਂ  ਹੋ  ਜੋ ,  ਅਸਾਂ ਮਨੀ ਸਿੰਘ ਨਾਲ ਅਟੰਕ  ਹੋ  ਕੇ  ਬਚਨ  ਕਰਨਾ ਹੈ ।  ਮਨੀ ਸਿੰਘ ਨੂੰ ਕੋਲ ਬਿਠਾ ਬਾਬੇ ਮਹਿਤਾਬ ਸਿੰਘ ਹੋਰੀਂ  ਬਚਨ  ਦੱਸਦੇ ਹਨ   ਕਿ  ਅੱਜ ਤੋਂ ਵੀਹ ਸਾਲਾਂ ਨੂੰ  ਨੇਹਕਲੰਕ ਅਵਤਾਰ ਘਵਿੰਡ ਪਿੰਡ ਵਿਚ ਅਵਤਾਰ ਧਾਰਨਗੇ । ਪਰੀ ਪੂਰਨ ਪਰਮੇਸ਼ਵਰ  ਸੋਲਾਂ  ਕਲਾ ਸੰਪੂਰਨ ਹੋਣਗੇ । ਮੁਸਲਮਾਨਾਂ ਦਾ ਅਮਾਮ ਮਹਿੰਦੀ ਵੀ ਉਹੋ ਹੀ ਹੋਵੇਗਾ । ਕਲਗੀਧਰ  ਪਰੀ  ਪੂਰਨ ਪਰਮੇਸ਼ਵਰ ਅਖਵੌਣਗੇ  । ਨਿਹਕਲੰਕ ਅਵਤਾਰ ਵੀ ਉਹ ਅਖਵੌਣਗੇ  । ਬਾਢੀਆਂ ਦੇ ਘਰ ਅਵਤਾਰ ਧਾਰਨਗੇ । ਚਾਰ ਭਰਾਵਾਂ ਚੋਂ ਵੱਡੇ ਦੇ ਘਰ ਜਿਸ ਦਾ ਨਾਮ ਜਵੰਦ ਸਿੰਘ ਹੈ ਜਾਮਾ ਧਾਰਨਗੇ । ਛੋਟੇ ਦਾ ਨਾਮ ਰੰਗਾ ਸਿੰਘ , ਇਕ ਦਾ ਨਾਮ ਆਸਾ ਸਿੰਘ , ਇਕ ਦਾ ਨਾਮ ਹਜ਼ਾਰਾ ਸਿੰਘ ਹੋਵੇਗਾ । ਰਾਮ ਗੜ੍ਹੀਆਂ  ਸਿੰਘਾਂ ਦਾ ਘਰ ਪੁਛ ਲੈਣਾ ਤੇ ਮਨੀ ਸਿੰਘ ਹੁਣ  ਤੂੰ   ਏਸ  ਗੁਰਦਵਾਰੇ ਵਿਚ ਕਿਸੇ ਚੀਜ ਦਾ ਲਾਲਚ ਨਹੀਂ ਕਰਨਾ । ਅਸੀਂ ਤੈਨੂੰ ਦੱਸ ਦਿਤਾ ਹੈ ਤੇ ਅਸੀਂ ਹੁਣ ਸ਼ਬਦ ਰੂਪ ਜਾਣਾ ਹੈ ।  ਅਸੀਂ ਹੁਣ ਚਾਦਰ ਤਾਣ ਕੇ ਲੰਮੇ  ਪੈਣ ਲੱਗੇ ਹਾਂ । ਸਾਨੂੰ ਕਵਾਇਓ ਲਾ ।  ਸਾਡਾ ਇਹ ਵਿਹਾਰ ਭੁਗਤਾ ਕੇ ਦੇਸ਼ ਨੂੰ ਚਲਾ ਜਾਵੀਂ , ਏਥੇ ਨਾ ਰਹੀਂ  ।  ਜਦੋਂ ਅਵਤਾਰ ਧਾਰਨਗੇ  ਪ੍ਰੀ  ਪੂਰਨ ਮਹਾਰਾਜ  ਸ਼ੇਰ  ਸਿੰਘ ਆਪੇ ਵਾਜ ਮਾਰ ਲੈਣਗੇ । ਫੇਰ ਤਕੜਾ  ਹੋ  ਕੇ ਸੇਵਾ ਨੂੰ ਲਗ ਪਈਂ  ਡੋਲੀਂ ਲਾ । ਤੈਨੂੰ ਸਭ ਕੁਛ  ਉਥੋਂ ਮਿਲ ਜਾਊਗਾ ਜੋ  ਮੂੰਹੋਂ  ਮੰਗੇਗਾ ।  ਅਸੀਂ ਵੀ ਉਥੇ ਹੋਵਾਂਗੇ । ਫੇਰ ਬਾਬਾ ਮਹਿਤਾਬ ਸਿੰਘ ਦੇਹ ਛੱਡ ਗਏ । ਮਨੀ ਸਿੰਘ ਮੋਛਾ ਕਰ ਕੇ ਗੁਰਾਂ ਦਾ ਹੁਕਮ ਮੰਨ ਕੇ  ਆਪਣੇ ਨਗਰ ਮਾਲਵੇ ਨੂੰ ਚਲਿਆ ਆਇਆ ।   ਏਸ  ਗੁਰਦਵਾਰੇ ਵਿਚੋਂ ਕਿਸੇ ਚੀਜ ਦਾ ਲਾਲਚ ਨਹੀਂ ਕੀਤਾ ।