02 – ਮਹਾਰਾਜ ਸ਼ੇਰ ਸਿੰਘ ਜੀ ਨੇ ਅਵਤਾਰ ਧਾਰਨਾ ਤੇ ਮਨੀ ਸਿੰਘ ਨੂੰ ਜਣਾਈ – JANAMSAKHI 02

ਮਹਾਰਾਜ ਸ਼ੇਰ ਸਿੰਘ ਜੀ ਨੇ ਅਵਤਾਰ ਧਾਰਨਾ ਤੇ ਮਨੀ ਸਿੰਘ ਨੂੰ ਜਣਾਈ

         ਪੰਜ ਜੇਠ ਦਿਨ ਮੰਗਲਵਾਰ ਸੰਮਤ ਬਿਕ੍ਰਮੀ 1948 ਨੂੰ ਮਹਾਰਾਜ ਜੀ ਨੇ

ਮਾਤਾ ਤਾਬੋ ਦੀ ਕੁਖੋਂ ਭਾਈ ਜਵੰਦ ਸਿੰਘ ਪੁੱਤਰ ਭਾਈ ਜੇਠਾ ਸਿੰਘ ਦੇ ਘਰ ਅਵਤਾਰ ਧਾਰਿਆ ਹੈ ਜੀ । ਪਿੰਡ ਦਾ ਨਾਂ ਘਵਿੰਡ, ਤਹਿਸੀਲ ਕਸੂਰ (ਜੋ ਹੁਣ ਪਾਕਿਸਤਾਨ ਵਿਚ ਹੈ ) ਜ਼ਿਲਾ ਲਾਹੌਰ ਦਾ ਹੈ ਜੀ । ਸਾਰੇ ਪਿੰਡ  ਨੇ   ਖੁਸ਼ੀ  ਮਨਾਈ ਹੈ । ਭਾਈ ਜਵੰਦ ਸਿੰਘ ਨੂੰ ਵਧਾਈਆਂ ਮਿਲਣ ਲਗ ਪਈਆਂ । . ਗਰੀਬ ਗੁਰਬਾ ਸਭ ਸੱਚੇ ਪਿਤਾ ਦੇ ਜਨਮ ਦੀ ਵਧਾਈ ਦੇ ਕੇ ਮਾਇਆ ਬਸਤਰ ਲੈ ਕੇ ਖ਼ੁਸ਼ੀ ਖ਼ੁਸ਼ੀ ਜਾ ਰਹੇ ਹਨ ਜੀ । ਸੰਸਾਰ ਉਤੇ ਭਾਈ ਜਵੰਦ ਸਿੰਘ ਵੀ ਸਾਰ ਨਹੀਂ ਪਾਈ ਕਿ ਨਿਹਕਲੰਕ ਅਵਤਾਰ ਕਲਜੁਗ ਵਿਚ ਮੇਰੇ ਘਰ ਗਰੀਬਾਂ ਨੂੰ ਤਾਰਨ ਲਈ ਅਵਤਾਰ ਧਾਰਿਆ ਹੈ ਜੀ । ਨਗਰ ਦੇ ਵਾਸੀਆਂ ਵੀ ਸਾਰ ਨਹੀਂ ਪਾਈ ਕਿ ਅਵਤਾਰ ਹਨ ਜੀ, ਸੱਚੇ ਪਾਤਸ਼ਾਹ ਐਸੀ ਮਾਇਆ ਸੰਸਾਰ ਤੇ ਪਾ ਛੱਡੀ ਹੈ ਜੀ । ਜਾਣੀ ਜਾਣ ਸੱਚੇ ਪਿਤਾ ਆਪ ਆਪੇ ਬਾਪ ਦੇ ਮੁੱਖੋਂ ਕਢਾ ਕੇ ਸ਼ੇਰ ਸਿੰਘ ਨਾਮ ਰਖਾਇਆ ਹੈ । ਕਿਉਂਕਿ ਬਾਬੇ ਮਹਿਤਾਬ ਸਿੰਘ ਦਾ ਉਧਰ ਬਚਨ ਸੀ ਕਿ ਮਹਾਰਾਜ ਸ਼ੇਰ ਸਿੰਘ ਨਾਮ ਹੋਵੇ ਗਾ । ਛੇ ਮਹੀਨੇ ਤੱਕ ਮਾਪੇ ਖੁਸ਼ੀਆਂ ਕਰਦੇ  ਰਹੇ  ਹਨ ਜੀ । ਛੇ ਮਹੀਨੇ ਤੋਂ ਬਾਅਦ ਮਨੀ ਸਿੰਘ ਨੂੰ ਮਾਲਵੇ ਦੇਸ਼ ਵਿਚ ਰਾਤ ਸੁੱਤੇ ਪਏ ਨੂੰ ਟੁੰਬ ਕੇ ਉਠਾਇਆ ਹੈ । ਏਹ ਮਨੀ ਸਿੰਘ ਦੇ ਮੁਖਵਾਕ ਹਨ ਕਿ  ਮੈਨੂੰ ਤਿੰਨ ਦਿਨ ਰਾਤ ਵਾਜਾਂ ਵਜਦੀਆਂ ਰਹੀਆਂ ਹਨ ਜੀ । ਮਨੀ ਸਿੰਘ ਦਿਲ ਵਿਚ ਅਰਦਾਸ ਕੀਤੀ ਕਿ ਸੱਚੇ ਪਿਤਾ ਮੈਨੂੰ ਸਮਝ ਨਹੀਂ ਔਂਦੀ, ਦਇਆ ਕਰ ਕੇ ਮੈਨੂੰ ਸਪਸ਼ਟ ਬਚਨ ਦੱਸੋ । ਮਹਾਰਾਜ  ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕ੍ਰਿਸ਼ਨ ਦੇ ਜਾਮੇਂ ਅਤੇ ਛੇਵੀਂ ਪਾਤਸ਼ਾਹੀ ਦੇ ਜਾਮੇਂ ਦਾ ਦਰਸ਼ਨ ਦਿਤਾ ਅਤੇ ਬਾਹੋਂ ਫੜ ਕੇ ਆਖਣ ਲੱਗੇ ਮਨੀ ਸਿੰਘ ਸਾਡੀ ਸੇਵਾ ਵਿਚ ਹਾਜ਼ਰ ਹੋ ਜਾ, ਅਸੀਂ ਘਵਿੰਡ ਪਿੰਡ ਵਿਚ ਅਵਤਾਰ ਧਾਰਿਆ ਹੈ ।  ਘਰ ਦੇ ਬੂਹੇ ਦਾ ਮੂੰਹ ਲੈਂਹਦੇ ਪਾਸੇ ਤੇ ਗਲੀ ਦੇ ਬੂਹੇ ਦਾ ਮੂੰਹ ਚੜ੍ਹਦੇ ਪਾਸੇ ਹੈ ਤੇ ਸਾਡੇ ਖੱਬੇ ਗਿਟੇ ਤੇ ਨਿਸ਼ਾਨ ਹੋਵੇਗਾ । ਸਾਡੇ ਨਾਂ ਦੇ ਸੰਸਾਰ ਵਿਚ ਤੂੰ ਢੋਲ ਮਾਰਨੇ ਹਨ ਤੇ ਅਸੀਂ ਕਿਸੇ ਨੂੰ ਉਠਣ ਨਹੀਂ ਦੇਣਾ, ਐਸੀ ਮਾਇਆ ਪਾਵਾਂਗੇ । ਏਨੇ ਬਚਨ ਕਰਕੇ ਸੱਚੇ ਪਿਤਾ ਅਲੋਪ ਹੋ ਗਏ ਹਨ ਜੀ । ਮਨੀ ਸਿੰਘ ਨੂੰ ਜਾਗ ਆਈ ਤੇ ਫੇਰ ਸਾਰੇ ਬਚਨ ਚੇਤੇ ਆਏ ।  ਸਾਰੇ ਵਿਹਾਰ ਛੱਡ ਕੇ ਘਵਿੰਡ ਪਿੰਡ ਨੂੰ ਉਠ ਭੱਜਾ । ਮੰਜ਼ਲੋਂ ਮੰਜ਼ਲੀ ਮਾਝੇ ਦੇਸ ਵਿਚ ਬਰਕੀ ਆ ਪਹੁੰਚਾ ਤੇ ਆਣ ਕੇ ਭੰਗਾਲੀ ਲਾਗੇ ਸਾਰੇ ਵਾਕਫ ਸਿਖਾਂ ਦੇ ਦਰਸ਼ਨ ਕੀਤੇ । ਸਾਰਿਆਂ ਬੜਾ ਆਦਰ ਮਾਨ ਕੀਤਾ ਤੇ ਸਾਰੇ ਕਹਿਣ ਬਾਬਾ ਜੀ ਬੜੇ ਚਿਰਾਂ ਪਿਛੋਂ ਤੁਹਾਡੇ ਦਰਸ਼ਨ ਹੋਏ ਹਨ । ਮਨੀ ਸਿੰਘ ਬਚਨ ਕੀਤਾ ਕਿ ਪਰਮੇਸ਼ਵਰ ਦੇ ਹੁਕਮ ਵਿਚ ਹਾਂ । ਗੁਰਾਂ ਨੇ ਮੈਨੂੰ ਹੁਕਮ ਦਿਤਾ ਸੀ ਕਿ ਜਦੋਂ ਅਸੀਂ ਅਵਤਾਰ ਧਾਰਾਂਗੇ ਤੈਨੂੰ ਵਾਜ ਮਾਰਾਂਗੇ । ਸੋਈ ਹੁਣ ਬਚਨ ਪੂਰਾ ਹੋਇਆ ਹੈ ।  ਸੱਚੇ ਪਿਤਾ ਨੇ ਅਵਤਾਰ ਧਾਰਿਆ ਹੈ ਤੇ ਸਾਨੂੰ ਵਾਜ ਮਾਰੀ ਹੈ । ਅਸਾਂ ਹੁਣ ਓਨਾਂ ਨੂੰ ਲੱਭਣਾ ਤੇ ਢੂੰਡਣਾ ਹੈ । ਏਸੇ ਤਰ੍ਹਾਂ ਸਾਰੇ ਸਿਖਾਂ ਨਾਲ ਮਨੀ ਸਿੰਘ ਬਚਨ ਕਰਦਾ ਹੈ ਕਿ ਨਿਹਕਲੰਕ ਅਵਤਾਰ ਕਲਜੁਗ ਵਿਚ ਆਏ ਹਨ  ।  ਜਿਸ ਵਕਤ ਬਚਨ ਸੁਣੇ ਤੇ ਸਿਖ ਬੜੇ ਖ਼ੁਸ਼ ਹੋਏ  ।  ਇਕ ਕਾਨ੍ਹ ਸਿੰਘ ਭੰਗਾਲੀ ਦਾ ਸਿਖ ਹੈ, ਉਸ ਦੀ ਜਨਾਨੀ ਦਾ ਨਾਮ ਦੇਈ ਹੈ । ਓਨਾਂ ਪ੍ਰੇਮ ਕੀਤਾ ਤੇ ਆਖਿਆ ਮਨੀ ਸਿੰਘ ਸਾਨੂੰ ਵੀ ਦਰਸ਼ਨ ਕਰਾਓ ਜੀ । ਇਕ ਲਖਾਰਾ ਸਿੰਘ ਭੰਗਾਲੀ ਦਾ ਸਿਖ ਹੈ ਜੀ, ਓਸ ਵੀ ਬੇਨੰਤੀ ਕੀਤੀ ਬਾਬਾ ਜੀ ਸਾਨੂੰ ਵੀ ਦੀਨ ਦਿਆਲ ਦੇ ਦਰਸ਼ਨ ਕਰਾਓ । ਤੁਸੀਂ ਸਾਡੇ ਗੁਰੂ ਹੋਇਓ ਜੇ । ਕੋਰੀਆਂ ਦਾ ਬੌਲ ਸਿੰਘ ਸਿਖ ਹੈ, ਓਸ ਵੀ ਬੜਾ ਪ੍ਰੇਮ ਕੀਤਾ । ਇਕ ਕਾਹਨ ਸਿੰਘ ਕੋਰੀਆਂ ਦਾ ਸਿਖ ਕਾਰੀਗਰ ਸੀ ਓਸ ਵੀ ਬੜਾ ਪ੍ਰੇਮ ਕੀਤਾ । ਬਚਨ ਸੁਣ ਕੇ ਹੋਰ ਵੀ ਸਿਖ ਜੇਹੜੇ ਭਾ ਪ੍ਰੇਮ ਵਾਲੇ ਸਨ ਤਿਆਰ ਹੋ ਗਏ । ਫੇਰ ਭੰਗਾਲੀ ਮਾਈ ਦੇਈ ਨੂੰ ਬਾਬੇ ਹੋਰਾਂ ਸਾਰੀਆਂ ਨਿਸ਼ਾਨੀਆਂ ਦੱਸੀਆਂ ਤੇ ਆਖਿਆ ਜਾ ਬੇਬੇ ਘਵਿੰਡ ਜਾ ਕੇ ਦੀਨ ਦਿਆਲ ਦਾ ਪਤਾ ਲਿਆ । ਮਾਈ ਸਤਿ ਬਚਨ ਮੰਨ ਕੇ ਤੁਰ ਪਈ ਤੇ ਆਣ ਕੇ ਨਗਰ ਵਿਚ ਬੜਾ ਸ਼ੁਕਰ ਮਨਾਇਆ ਕਿ ਏਸ ਨਗਰ ਵਿਚ ਵੱਡੇ ਦਿਆਲੂਆਂ ਨੇ ਅਵਤਾਰ ਧਾਰਿਆ ਹੈ । ਘਰ ਪੁਛ ਕੇ ਆ ਗਈ ਜਲ ਛਕਣ ਦੇ ਪਜ, ਬੱਚੇ ਖੇਡਦਿਆਂ ਵਲ ਬੜਾ ਧਿਆਨ ਕਰਦੀ ਹੈ । ਮਾਈ ਤਾਬੋ ਸੱਚੇ ਪਿਤਾ ਦੀ ਮਾਤਾ ਨਾਲ ਬੇਬੇ ਬਚਨ ਕਰਦੀ ਹੈ, ਮਾਤਾ ਜੀ ਤੁਹਾਡੇ ਬੱਚੇ ਕੇਹੜੇ ਹਨ ? ਮਾਤਾ ਦੱਸਦੀ ਹੈ ਬੇਬੇ ਜੀ ਔਹ ਖੇਡਦੇ ਹਨ । ਮਾਈ ਦੇਈ ਨੂੰ ਸੱਚੇ ਪਿਤਾ ਦੀ ਪਰਖ ਨਹੀਂ ਆਈ । ਫੇਰ ਭੰਗਾਲੀ ਸੰਤਾਂ ਦੇ ਕੋਲ ਚਲੀ ਗਈ ਤੇ ਆਖਣ ਲੱਗੀ ਬਾਬਾ ਮਨੀ ਸਿੰਘ ਜੀ ਮੈਨੂੰ ਕੋਈ ਪਛਾਣ ਨਹੀਂ ਆਈ । ਏਧਰ ਮਾਤਾ ਤਾਬੋ ਤੇ ਭਾਈ ਜਵੰਦ ਸਿੰਘ ਸੋਚਦੇ ਵਿਚਾਰਦੇ ਹਨ ਕਿ ਮਾਈ ਜੇਹੜੀ ਆਈ ਸੀ ਪੁਛਦੀ ਸੀ ਕਿ ਆਪ ਦਾ ਬੱਚਾ ਕੇਹੜਾ ਹੈ । ਖੌਰੇ ਕੋਈ ਸਾਕ ਕਰਨ ਦੀ  ਸਲਾਹ ਹੋਵੇਗੀ । ਏਨਾਂ ਨੂੰ ਵੀ ਦੀਨ ਦਿਆਲ ਦੀ ਸਾਰ ਕੋਈ ਨਹੀਂ ਸੀ, ਪੁੱਤਰ ਕਰ ਕੇ ਹੀ ਸਮਝਦੇ ਸਨ । ਓਧਰ ਬਾਬਾ ਮਨੀ ਸਿੰਘ ਨੇ ਭੰਗਾਲੀਉਂ ਭਾਈ ਕਾਨ੍ਹ ਸਿੰਘ, ਲਿਖਾਰਾ ਸਿੰਘ, ਮਾਈ ਦੇਈ, ਕੋਰੀਆਂ ਵਾਲਾ ਬੌਲ ਸਿੰਘ ਨੂੰ ਨਾਲ ਲੈ ਲਿਆ ਤੇ ਸਾਰੇ ਤੁਰ ਪਏ ਤੇ ਰਾਮ ਪੁਰ ਨਗਰ ਵਿਚ ਗੁਰਦਵਾਰੇ ਤੇ ਆ ਪਹੁੰਚੇ ।  ਓਥੇ ਇਕ ਸੰਤਨੀ ਸੀ ਗੁਰਦਵਾਰੇ ਵਿਚ ਰਹਿੰਦੀ । ਉਸ ਦਾ ਨਾਮ ਮਾਈ ਗੁਲਾਬੀ ਸੀ ਓਹ ਸਿਖਾਂ ਦਾ ਦਰਸ਼ਨ ਕਰ ਕੇ ਬੜੀ ਖ਼ੁਸ਼ ਹੋਈ ਤੇ ਬੜੀ ਸਿਖਾਂ ਦੀ ਟੈਹਲ ਸੇਵਾ ਕੀਤੀ । ਰਾਮ ਪੁਰੇ ਦਾ ਇਕ ਬੁੱਢਾ ਸਿੰਘ ਸਿਖ ਸੀ । ਬੜਾ ਉਹ ਗੁਰੂ ਘਰ ਦਾ ਪ੍ਰੇਮੀ ਸੀ ਤੇ ਆਖਣ ਲੱਗਾ ਬਾਬਾ ਜੀ ਬੜੇ ਚਿਰਾਂ ਪਿਛੋਂ ਦਰਸ਼ਨ ਦਿਤੇ ਹਨ । ਬਾਬੇ ਮਨੀ ਸਿੰਘ ਆਖਿਆ, ਸਿਖਾ, ਸਾਨੂੰ ਗੁਰ ਦਾ ਹੁਕਮ ਸੀ ਕਿ ਅੱਜ ਤੋਂ ੨੦ ਸਾਲਾਂ ਨੂੰ ਅਸਾਂ ਅਵਤਾਰ ਧਾਰਨਾ ਹੈ ਜਦੋਂ ਧਾਰਾਂਗੇ ਤੈਨੂੰ ਵਾਜ ਮਾਰਾਂਗੇ ਤੇ ਫੇਰ ਸੇਵਾ ਕਰ ਲਈਂ, ਸਾਨੂੰ ਹੁਣ ਦਰਸ਼ਨ ਹੋਇਆ ਹੈ ਤੇ ਅਸੀਂ ਸੱਚੇ ਪਿਤਾ ਨੇਹਕਲੰਕ ਅਵਤਾਰ ਤ੍ਰਿਲੋਕੀ ਨਾਥ ਨੂੰ ਭਾਲਣ ਆਏ ਹਾਂ । ਸਿਖ ਨੂੰ ਸੁਣ ਕੇ ਬੜੀ ਖ਼ੁਸ਼ੀ ਹੋਈ ਤੇ ਕਹਿਣ ਲੱਗੇ ਬਾਬਾ ਜੀ ਸਾਡੇ ਧੰਨ ਭਾਗ ਹਨ, ਤੇ ਤੁਸੀਂ ਸਾਡੇ ਗੁਰੂ ਹੋਏ ਜੋ, ਕਿਉਂਕਿ ਤੁਹਾਡੇ ਜਰੀਏ ਸਾਨੂੰ ਅਵਤਾਰ ਦੇ ਦਰਸ਼ਨ ਹੋਣੇ ਹਨ । ਫੱਗਣ ਦਾ ਮਹੀਨਾ ਹੈ । ਸੰਮਤ  ੧੯੪੮  ਬਿਕ੍ਰਮੀ ਹੋਲੇ ਮਹੱਲੇ ਦੇ ਪਜ ਬਾਲਣ ਲੈਣ ਵਾਸਤੇ ਗੱਡਾ ਤਿਆਰ ਕਰ ਕੇ ਮਨੀ ਸਿੰਘ ਸਿਖਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੂੰ ਭਾਲਣ ਤੁਰ ਪਏ ਹਨ । ਦਰਖਤ ਵੱਢਣ ਦੇ ਪਜ ਘਵਿੰਡ ਪਿੰਡ ਵਿਚ ਆ ਵੜੇ ਹਨ । ਪਿੰਡ ਵਿਚ ਆ ਕੇ ਬਚਨ ਕਰਦੇ ਹਨ, ਕਿ ਭਾਈ ਜੀ ਅਸੀਂ ਹੋਲੇ ਮਹੱਲੇ ਵਾਸਤੇ ਲੰਗਰ ਵਿਚ ਗੁਰਦਵਾਰੇ ਬਾਲਣ ਖੜਨਾ ਹੈ । ਲੋਕਾਂ ਆਖਿਆ ਬਾਬਾ ਜੀ ਇਕ ਪਿੱਪਲ ਸੁੱਕਾ ਹੈਗਾ, ਓਹ ਤੁਸੀਂ ਲੈ ਲੋ ਤੇ ਜੋ ਹੋਰ ਆਖੋਗੇ ਤੇ ਹੋਰ ਦੇ ਦਿਆਂਗੇ । ਮਨੀ ਸਿੰਘ ਬਚਨ ਕਰਦੇ ਹਨ ਕਿ ਬੇਅੰਤ ਹੈ ਜੀ, ਗੱਡਾ ਭਰ ਜਾਵੇਗਾ । ਬਾਲਣ ਦਾ ਤਾਂ ਇਕ ਬਹਾਨਾ ਸੀ, ਭੁੱਖ ਤਾਂ ਸੱਚੇ ਪਿਤਾ ਦੇ ਦਰਸ਼ਨਾ ਦੀ ਸੀ । ਏਨੇ ਬਚਨ  ਕੀਤੇ ਹਨ ਤੇ ਮਹਾਰਾਜ ਸ਼ੇਰ ਸਿੰਘ ਦਾ ਪਿਤਾ ਜਵੰਦ ਸਿੰਘ ਕੋਲ ਦੀ ਲੰਘਿਆ ਹੈ ਤੇ ਪਰ੍ਹੇ ਦੇ ਜ਼ਿਮੀਦਾਰ ਵਾਜ ਮਾਰ ਕੇ ਆਖਦੇ ਹਨ, ਭਾਈ ਜਵੰਦ ਸਿੰਘ ਸੰਤਾਂ ਦਾ ਇਕ ਕੰਮ ਹੈ । ਓਨ ਆਖਿਆ ਦੱਸੋ ਜੀ, ਕੀ ਹੁਕਮ ਹੈ ।  ਸਾਰੇ ਆਖਣ ਲੱਗੇ ਸੰਤਾਂ ਨੇ ਬਾਲਣ ਖੜਨਾ ਹੈ, ਵੱਢ ਕੇ ਟੋਟੇ ਕਰ ਦੇਵੇਂ ਤਾਂ ਲੱਦ ਕੇ ਲੈ ਜਾਣ ।  ਓਨ  ਸਤਿ ਬਚਨ ਮੰਨ ਕੇ, ਆਰੀ ਕੁਹਾੜਾ ਲਿਆ ਕੇ ਟੋਟੇ ਕਰਨ ਲਗ ਪਿਆ ।  ਟਹਿਣ ਵਢਦਿਆਂ ਨੂੰ ਰੋਟੀ ਵੇਲਾ ਹੋ ਗਿਆ ਤੇ ਪਿੰਡ ਦਿਆਂ ਵਾਸੀਆਂ ਘਰ ਘਰ ਦੀ ਰੋਟੀ ਲਿਆਂਦੀ ਤੇ ਬੇਨੰਤੀ ਕੀਤੀ, ਬਾਬਾ ਜੀ ਪਰਸ਼ਾਦ ਛਕ ਲਓ ।  ਸਾਰੇ ਬੈਹ ਕੇ ਜਿਸ ਵੇਲੇ ਪਰਸ਼ਾਦ  ਛਕਣ ਲੱਗੇ ਤੇ ਬਾਬੇ ਮਨੀ ਸਿੰਘ ਹੋਰੀਂ ਪੁਛਦੇ ਹਨ ਕਿ ਭਾਈ ਕੇਹੜੇ ਸਿਖ ਨੇ ਪਰਸ਼ਾਦ ਤਿਆਰ ਕੀਤਾ ਹੈ । ਸਾਰਿਆਂ ਆਖਿਆ ਬਾਬਾ ਜੀ ਸਾਰੀ ਗਲੀ ਵਿਚੋਂ ਇਕ ਇਕ ਪਰਸ਼ਾਦਾ ਲਿਆਂਦਾ ਹੈ । ਬਾਬੇ ਹੋਰਾਂ ਬਚਨ ਕੀਤਾ ਭਾਈ ਜੀ ਅਸਾਂ ਘਰ ਘਰ ਦਾ ਪਰਸ਼ਾਦਾ ਨਹੀਂ ਛਕਣਾ । ਕੋਈ ਨਹੀਂ ਅਗੋਂ ਬੋਲਿਆਂ ਕਿ ਬਾਬਾ ਜੀ ਅਸੀਂ ਇਕ ਘਰੋਂ ਆਪ ਦਾ ਪਰਸ਼ਾਦ ਤਿਆਰ ਕਰਕੇ ਲਿਔਂਦੇ ਹਾਂ । ਜਿਸ ਵੇਲੇ ਸਾਰੇ ਚੁਪ ਕਰ ਗਏ ਤੇ ਭਾਈ ਜਵੰਦ ਸਿੰਘ ਸੱਚੇ ਪਿਤਾ ਦੇ ਬਾਪ ਨੇ ਬੇਨੰਤੀ ਕੀਤੀ, ਬਾਬਾ ਜੀ ਹੁਕਮ ਦਿਓ ਤੇ ਮੈਂ ਆਪ ਦਾ ਪਰਸ਼ਾਦ ਤਿਆਰ ਕਰਵਾ ਦਿੰਦਾ ਹਾਂ । ਸੰਤਾਂ ਨੇ ਪਰਸ਼ਾਦ ਮੰਨ ਲਿਆ । ਬਾਬੇ ਜਵੰਦ ਸਿੰਘ ਘਰ ਜਾ ਕੇ ਆਖਿਆ  ਕਿ  ਸੰਤ ਆਏ ਹਨ , ਪਰਸ਼ਾਦ ਤਿਆਰ ਕਰਨਾ ਹੈ ।  ਮਾਈ ਤਾਬੋ ਆਖਿਆ ਸਤਿ ਬਚਨ ਜੀ , ਬੜੀ ਖ਼ੁਸ਼ੀ ਹੈ  ।  ਜਿਸ ਵੇਲੇ ਪਰਸ਼ਾਦ ਤਿਆਰ ਹੋ  ਗਿਆ ਅਸੀਂ ਖ਼ਬਰ ਕਰ ਦਿਆਂਗੇ ।  ਭਾਈ ਜਵੰਦ ਸਿੰਘ ਆ ਕੇ ਲੱਕੜਾਂ ਵੱਢ ਕੇ ਟੋਟੇ ਕਰ ਕੇ ਗੱਡੇ ਤੇ ਲੱਦ ਦਿਤੀਆਂ । ਜਿਸ ਵੇਲੇ ਗੱਡਾ ਤਿਆਰ ਹੋ  ਗਿਆ ਓਸੇ ਵਕਤ ਪਰਸ਼ਾਦ ਵੀ ਤਿਆਰ ਹੋ  ਗਿਆ ਤੇ ਵਾਜ਼ ਵੱਜ ਪਈ । ਭਾਈ ਜਵੰਦ ਸਿੰਘ ਬਾਬੇ ਮਨੀ ਸਿੰਘ ਅਗੇ ਬੇਨੰਤੀ ਕਰਦੇ ਹਨ  ਕਿ  ਬਾਬਾ ਜੀ ਪਰਸ਼ਾਦ ਤਿਆਰ ਹੈ ,  ਦਇਆ ਕਰੋ ।  ਬਾਬਾ ਮਨੀ ਸਿੰਘ ਸਿਖਾਂ ਸਮੇਤ ਜੇਹੜੇ ਨਾਲ ਆਏ ਸਨ ,  ਪਰਸ਼ਾਦ  ਛਕਣ   ਘਰ ਨੂੰ ਤੁਰ ਪਏ ਹਨ । ਮਨੀ ਸਿੰਘ ਨਾਲ ਦੇ ਸਿਖਾਂ ਨਾਲ  ਬਚਨ  ਕਰਦਾ ਹੈ  ਕਿ  ਪਰਸ਼ਾਦ  ਲੈ  ਚਲੀਏ । ਦੁਕਾਨ ਤੋਂ ਕੂਜਿਆਂ ਦੀ  ਮਿਸ਼ਰੀ ਤੇ ਪਤਾਸੇ ਪਰਸ਼ਾਦ  ਲੈ  ਲਿਆ ਹੈ ਜੀ ਤੇ ਭਾਈ ਜਵੰਦ ਸਿੰਘ ਦੇ ਨਾਲ ਤੁਰ ਪਏ ਹਨ ।  ਜਿਸ ਵਕਤ ਗਲੀ ਵਿਚ ਗਏ ਤੇ ਜਿਸ ਤਰ੍ਹਾਂ  ਬਚਨ  ਕੀਤਾ ਸੀ ਸਤਿ ਹੈ ।  ਚੜ੍ਹਦੇ ਪਾਸੇ ਬੂਹਾ ਹੈ ਤੇ ਅੰਦਰਲਾ ਦਰਵਾਜਾ ਲਹਿੰਦੇ ਪਾਸੇ ਹੈ । ਅੰਦਰ ਲੰਘ ਕੇ ਬਾਬਾ ਮਨੀ ਸਿੰਘ  ਬਚਨ  ਕਰਦੇ ਹਨ  ਕਿ  ਭਾਈ ਜੀ ਇਕ ਪਲੰਘ  ਚੰਗਾ ਸਾਫ ਵਿਛਾ ਦਿਓ ।  ਨਵਾ ਬਿਸਤਰਾ ਵਿਛਾ ਦਿਓ । ਉਚਾ ਸੁੱਚਾ ਬਿਸਤਰਾ ਵਿਛਾ ਕੇ  ਤੇ ਉਤੇ  ਬਾਬੇ ਮਨੀ ਸਿੰਘ  ਪਰਸ਼ਾਦ ਰਖ ਦਿਤਾ ।  ਸੱਚੇ  ਪਾਤਸ਼ਾਹ ਬਾਹਰ ਖੇਡਦੇ ਹਨ ।  ਤੇ ਸਾਰਿਆਂ ਨਿਆਣਿਆਂ ਨੂੰ ਛੱਡ ਕੇ  ਸੱਚੇ  ਪਾਤਸ਼ਾਹ  ਕੱਲੇ  ਅੰਦਰ ਆ ਗਏ ਹਨ । ਪਲੰਘ  ਦੇ ਲਾਗੇ ਖਲੋ ਕੇ ਤੇ ਪਰਸ਼ਾਦ ਵਿਚੋਂ ਇਕ ਪਤਾਸਾ ਫੜ ਕੇ  ਸੱਚੇ  ਪਿਤਾ ਦਿਲ ਦੀਆਂ ਜਾਨਣ ਵਾਲੇ ਨੇ ,  ਆਸਾਂ ਮੁਰਾਦਾਂ ਪੂਰੀਆਂ ਕਰਨ ਵਾਲੇ  ਨੇ   ਮੁਖ ਵਿਚ ਪਾ ਕੇ ਭੋਗ ਲਾਇਆ ਤੇ ਪਰਸ਼ਾਦ ਨੂੰ ਉਚਾ ਸੁੱਚਾ ਤੇ ਪਵਿੱਤਰ ਕੀਤਾ ਜੀ ।  ਪਤਾਸੇ ਮੁੱਠ ਵਿਚ ਫੜ ਕੇ ਰਿੜ ਕੇ ਜਾ ਬਾਬੇ ਮਨੀ ਸਿੰਘ ਹੋਰਾਂ ਨੂੰ ਪਰਸ਼ਾਦ ਦੇ ਕੇ ਨਿਹਾਲ ਕੀਤਾ । ਬਾਬੇ ਮਨੀ ਸਿੰਘ ਗਿਟੇ ਵਾਲੀ ਨਿਸ਼ਾਨੀ ਵੀ ਪਛਾਣ ਲਈ ।  ਮਨੀ ਸਿੰਘ ਨੂੰ ਨਿਸ਼ਚਾ ਹੋ  ਗਿਆ   ਕਿ  ਏਹੋ ਹੀ ਮੇਰੇ ਦਿਲ  ਦੀਆਂ ਜਾਨਣ ਵਾਲਾ ਸੱਚਾ ਸਾਹਿਬ ਹੈ ਤੇ ਸੰਤ ਢੈਹ ਕੇ ਚਰਨੀ ਪੈ ਗਏ ।  ਬਾਬੇ ਮਨੀ ਸਿੰਘ ਹੋਰੀਂ ਕੁਛੜ ਚੁਕ ਕੇ  ਸੱਚੇ  ਪਾਤਸ਼ਾਹ ਨੂੰ ਪਲੰਘ  ਤੇ ਬਿਠਾ ਦੇਂਦੇ ਹਨ ,  ਤੇ ਆਪ ਦੇ ਦਾੜੇ ਨਾਲ ਚਰਨ ਝਾੜਦੇ ਹਨ ਜੀ । ਖ਼ੁਸ਼ੀ ਨਾਲ ਜਾਮੇ ਵਿਚ ਲਈ ਸਮੌਂਦੇ । ਨਾਲ ਜੇਹੜੇ ਸਿਖ ਸਨ  ਓਹ ਭੀ ਦਾੜੇ ਨਾਲ ਚਰਨ ਝਾੜਦੇ ਹਨ । ਨਿਹਾਲੋ ਨਿਹਾਲ  ਹੋ   ਰਹੇ  ਹਨ ਜੀ  ।   ਸੱਚੇ  ਪਾਤਸ਼ਾਹ ਮਘਨ ਹੋਏ   ਪਲੰਘ  ਤੇ ਬੈਠੇ ਹਨ । ਸਿਖ ਚਰਨਾਂ ਵਿਚ ਖਲੋਤੇ ਹਨ ਤੇ ਓਸ ਵਕਤ ਐਸਾ ਸਮਾਂ ਸੁਹਾਵਣਾ ਹੈ  ਕਿ  ਜਿਸ ਤਰ੍ਹਾਂ ਸਚਖੰਡ । ਪਾਤਸ਼ਾਹ ਦੀਆਂ ਪਰਕਰਮਾਂ ਕਰ  ਰਹੇ  ਹਨ ਜੀ ਤੇ ਆਪ ਦਾ ਜਨਮ ਸੁਫਲਾ ਕਰ  ਰਹੇ  ਹਨ । ਮਾਈ ਤਾਬੋ ਤੇ ਭਾਈ ਜਵੰਦ ਸਿੰਘ ਬੜੇ ਹੈਰਾਨ ਪਰੇਸ਼ਾਨ ਹੋ   ਰਹੇ  ਹਨ । ਭਾਈ ਜਵੰਦ ਸਿੰਘ ਨੂੰ ਸੰਤ ਪੱਕੀ ਕਰਦੇ ਹਨ   ਕਿ  ਭਾਈ  ਏਹ  ਤੁਹਾਡਾ ਪੁੱਤਰ ਨਹੀਂ  ਇਹ  ਤਾਂ  ਪ੍ਰੀ  ਪੂਰਨ ਪਰਮੇਸ਼ਵਰ ਤੁਹਾਡੇ ਘਰ ਅਵਤਾਰ ਧਾਰਿਆ ਹੈ । ਏਹਨਾਂ ਦਾ  ਤੁਸਾਂ   ਮੂੰਹ ਨਹੀਂ ਫਿਟਕਰਨਾ ਤੇ ਬਿਸਤਰਾ  ਮੈਲਾ  ਨਹੀਂ ਵਿਛੌਣਾ ।   ਏਹ   ਤਾਂ  ਨਿਹਕਲੰਕ ਅਵਤਾਰ ਕਲਜੁਗ ਵਿਚ ਧਰਤੀ ਦਾ  ਉਧਾਰ  ਕਰਨ ਆਏ ਹਨ । ਪਾਪੀਆਂ ਦਾ ਨਾਸ ਕਰਨਗੇ । ਗਊਆਂ ਤੇ ਗਰੀਬਾਂ  ਦੀ  ਰਛਿਆ ਕਰਨਗੇ ।  ਭਾਈ ਜਵੰਦ ਸਿੰਘ ਜੀ ਅਸਾਂ ਰਾਮ ਪੁਰੇ  ਹੋਲਾ  ਮਹੱਲਾ ਮਨੌਣਾ ਹੈ । ਤੁਸੀਂ ਨਾਲ  ਸੱਚੇ  ਪਾਤਸ਼ਾਹ ਨੂੰ ਲਿਔਣਾ ਤੇ ਆਪ ਵੀ ਦਰਸ਼ਨ ਦੇਣੇ ਜੀ ।  ਏਨੇ ਬਚਨ   ਹੋਏ   ਤੇ ਫੇਰ ਭਾਈ ਜਵੰਦ ਸਿੰਘ  ਨੇ  ਬਾਬੇ ਮਨੀ ਸਿੰਘ ਹੋਰਾਂ ਨੂੰ ਪਰਸ਼ਾਦ ਛਕਾਇਆ ।  ਏਸ  ਤਰ੍ਹਾਂ ਬਾਬੇ ਮਨੀ ਸਿੰਘ  ਸੱਚੇ  ਪਾਤਸ਼ਾਹ ਨੂੰ ਲੱਭਾ ਸੀ |