ਸੰਤ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਨੂੰ ਲਿਖਣ ਦਾ ਹੁਕਮ ਦੇਣਾ
ਸੰਤ ਬਾਬੇ ਮਨੀ ਸਿੰਘ ਸੰਗਤਾਂ ਸਮੇਤ ਸਾਰੇ ਘਵਿੰਡ ਦੀਆਂ
ਪਰਕਰਮਾਂ ਲਈਆਂ ਹਨ ਜੀ । ਆਂਦੇ ਹਨ ਕਿ ਧੰਨ ਏ ਨਗਰ ਹੈ ਜਿਥੇ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ । ਜਿਉਂ ਜਿਉਂ ਬਾਬਾ ਮਨੀ ਸਿੰਘ ਪਿੰਡਾਂ ਵਿਚ ਹੋਕਾ ਦੇਂਦਾ ਹੈ, ਤਿਉਂ ਤਿਉਂ ਸੁਰਤ ਖੁਲ੍ਹਦੀ ਜਾਂਦੀ ਹੈ । ਸੱਚੇ ਪਾਤਸ਼ਾਹ ਸੰਸਾਰ ਨੂੰ ਮਾਇਆ ਪਾਈ ਜਾਂਦੇ ਹਨ । ਸੁਰਤ ਨਹੀਂ ਔਣ ਦੇਂਦੇ । ਸੰਤ ਦੀ ਅਕਾਸ਼ ਬਾਣੀ ਸੱਚੇ ਪਾਤਸ਼ਾਹ ਖੋਲ੍ਹ ਦਿਤੀ ਹੈ । ਮਨੀ ਸਿੰਘ ਬਿਲਕੁਲ ਪੜ੍ਹੇ ਹੋਏ ਨਹੀਂ ਸਨ ਜੀ । ਲਿਖਾਰਾ ਸਿੰਘ ਭੰਗਾਲੀ ਵਾਲਾ ਸਿਖ ਪੜ੍ਹਿਆ ਹੋਇਆ ਸੀ, ਇਕ ਨੇਤਰ ਸੀ । ਬਾਬੇ ਹੋਰਾਂ ਨੂੰ ਅਕਾਸ਼ ਬਾਣੀ ਕੰਨ ਵਿਚ ਹੁੰਦੀ ਸੀ । ਜਿਸ ਤਰ੍ਹਾਂ ਸੱਚੇ ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਕੰਨ ਵਿਚ ਅਕਾਸ਼ ਬਾਣੀ ਦੇਂਦੇ ਸਨ ਓਸੇ ਤਰ੍ਹਾਂ ਮਨੀ ਸਿੰਘ ਲਿਖਾਰਾ ਸਿੰਘ ਸਿਖ ਨੂੰ ਬਚਨ ਦੱਸ ਕੇ ਲਿਖਾਈ ਜਾਂਦਾ ਸੀ । ਅਕਾਸ਼ ਬਾਣੀ ਬਹੁਤ ਜੋਰ ਨਾਲ ਆ ਰਹੀ ਹੈ ਤੇ ਲਿਖਾਰਾ ਸਿੰਘ ਤੋਂ ਲਿਖਿਆ ਨਹੀਂ ਜਾਂਦਾ । ਬਾਬੇ ਮਨੀ ਸਿੰਘ ਨੂੰ ਹੁਕਮ ਹੋਇਆ ਕਿ ਸੰਤਾਂ ਤੂੰ ਆਪ ਕਲਮ ਫੜ । ਬਾਬਾ ਮਨੀ ਸਿੰਘ ਜੋਤ ਅੱਗੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤਾਂ ਅਨਪੜ੍ਹ ਹਾਂ । ਓਦੋਂ ਬਾਬਾ ਮਨੀ ਸਿੰਘ ਭੰਗਾਲੀ ਪਿੰਡ ਦੇ ਵਿਚ ਬੈਠੇ ਸਨ ਜਦੋਂ ਏਹ ਲਿਖਾਈ ਹੁੰਦੀ ਸੀ ਤੇ ਸੱਚੇ ਪਾਤਸ਼ਾਹ ਘਵਿੰਡ ਖੇਡ ਰਹੇ ਹਨ । ਏਹ ਹਨ ਪੂਰੇ ਗੁਰਾਂ ਦੀਆਂ ਵਡਿਆਈਆ । ਸੱਚੇ ਪਾਤਸ਼ਾਹ ਦੇਹ ਕਰ ਕੇ ਤਾਂ ਕੋਈ ਬਚਨ ਨਹੀਂ ਲਿਖੌਂਦੇ, ਜੋਤ ਨਾਲ ਵਿਹਾਰ ਕਰਦੇ ਸਨ । ਸੱਚੇ ਪਾਤਸ਼ਾਹ ਹੁਕਮ ਦਿਤਾ ਕਿ ਸੰਤਾ ਕੇਸੀ ਇਸ਼ਨਾਨ ਕਰ ਕੇ ਤੇ ਬੂਹੇ ਢੋਹ ਕੇ ਅੰਦਰ ਬੈਹ ਜਾ । ਜਿਸ ਤਰ੍ਹਾਂ ਅਕਾਸ਼ ਬਾਣੀ ਦਾ ਬਚਨ ਮਨੀ ਸਿੰਘ ਨੂੰ ਹੋਇਆ, ਓਸੇ ਤਰ੍ਹਾਂ ਕੀਤਾ । ਬੂਹੇ ਢੋਏ ਹਨ ਤੇ ਅੰਦਰ ਹਨੇਰਾ ਹੈ ਤੇ ਸੱਚੇ ਪਾਤਸ਼ਾਹ ਦੀ ਜੋਤ ਨੇ ਆਣ ਕੇ ਇਕ ਦਮ ਰੁਸ਼ਨਾਈ ਕਰ ਦਿਤੀ ਜਿਸ ਤਰ੍ਹਾਂ ਗੈਸ ਜਗਦਾ ਹੈ ਤੇ ਜਮੀਨ ਤੇ ਕੀੜੀ ਤੁਰੀ ਜਾਂਦੀ ਨਜ਼ਰ ਆ ਰਹੀ ਹੈ ਜੀ । ਜੋਤ ਦਾ ਦਰਸ਼ਨ ਕਰਦਿਆਂ ਹੀ ਸੰਤ ਮਨੀ ਸਿੰਘ ਦੇ ਕਿਵਾੜ ਖੁਲ੍ਹ ਗਏ । ਦਸਵੇਂ ਦਵਾਰ ਦੀ ਸੁਰਤ ਖੁਲ੍ਹਣ ਨਾਲ ਦੇਹ ਬੜੀ ਉਜਲੀ ਹੋ ਗਈ ਹੈ । ਹੱਥ ਵਿਚ ਬਾਬੇ ਮਨੀ ਸਿੰਘ ਕਲਮ ਫੜੀ ਹੋਈ ਸੀ । ਜੋਤ ਦੇ ਚਾਨਣ ਨਾਲ ਦਬਾ ਦਬ ਲਿਖਾਈ ਕਰੀ ਜਾਂਦਾ ਹੈ । ਸੱਚੇ ਪਾਤਸ਼ਾਹ ਸੰਤਾਂ ਨੂੰ ਪਹਿਲੀ ਕਰਾਮਾਤ ਵਖਾਈ ਹੈ । ਸੁਰਤ ਸ਼ਬਦ ਗਿਆਨ ਬਖ਼ਸ਼ਿਸ਼ ਕਰ ਦਿਤਾ ਤੇ ਸੱਚੇ ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਬਚਨ ਦਿੱਤਾ ਕਿ ਸੰਤਾਂ, ਜੇਹੜਾ ਤੈਨੂੰ ਹੁਕਮ ਦਿਆਂਗੇ ਸਤਿ ਕਰ ਕੇ ਮੰਨਣਾ ਹੋਵੇਗਾ ਤੇ ਜਿਥੇ ਕਹਾਂਗੇ ਜਾਣਾ ਹੋਵੇਗਾ । ਸਾਡੇ ਸਿਖਾਂ ਵਿਛੜਿਆਂ ਨੂੰ ਬਾਹੋਂ ਫੜ ਕੇ ਚਰਨੀ ਲੌਣਾ ਹੋਵੇਗਾ । ਸੱਚੇ ਪਾਤਸ਼ਾਹ ਵਿਸ਼ਨੂੰ ਭਗਵਾਨ ਬਾਬੇ ਮਨੀ ਸਿੰਘ ਹੋਰਾਂ ਨਾਲ ਬਚਨ ਕਰਦੇ ਹਨ ਕਿ ਸੰਤਾ ਜੋ ਅਠਸਠ ਤੀਰਥ ਹਨ ਓਨਾਂ ਦੀ ਸਤਿਆ ਅਸਾਂ ਖਿਚ ਲੈਣੀ ਹੈ । ਜੋ ਕਲਜੁਗ ਦੇ ਵਿਚ ਗੁਰੂ ਤੇ ਧਾਮ ਬਣੇ ਬੈਠੇ ਹਨ ਸਾਰਿਆਂ ਦੀ ਸਤਿਆ ਅਸਾਂ ਖਿਚ ਲੈਣੀ ਹੈ । ਜੋ ਦੇਵੀਆਂ ਦੇ ਅਸਥਾਨ ਹਨ ਓਥੇ ਓਥੇ ਮਨੀ ਸਿੰਘ ਤੈਨੂੰ ਜਾਣਾ ਪਵੇਗਾ । ਜੋ ਤੀਰਥ ਹਨ ਓਥੇ ਵੀ ਜਾਣਾ ਪਵੇਗਾ । ਸਾਡੇ ਹੁਕਮ ਅਨੁਸਾਰ ਤੈਨੂੰ ਸਾਰੇ ਤੀਰਥਾਂ ਤੇ ਜਾਣਾ ਪਵੇਗਾ । ਅਸੀਂ ਖਿਜਰ ਖਵਾਜਾ ਦੀ ਵੀ ਪੂਜਾ ਭੇਟਾ ਬੰਦ ਕਰ ਦੇਣੀ ਹੈ । ਅਸਾਂ ਕੁਰਾਨ ਅੰਜੀਲ ਵਿਚੋਂ ਸਤਿਆ ਖਿਚ ਲੈਣੀ ਹੈ । ਸਾਰੀਆਂ ਕਰਾਮਾਤਾਂ ਅਸਾਂ ਦਿਤੀਆਂ ਹੋਈਆਂ ਸਨ ਤੇ ਸਾਡੀ ਮਿਹਰ ਨਾਲ ਤੀਰਥਾਂ ਦੀ ਮਨੌਤ ਹੋ ਰਹੀ ਸੀ । ਅਸਾਂ ਹੁਣ ਪ੍ਰੀ ਪੂਰਨ ਅਵਤਾਰ ਧਾਰਿਆ ਹੈ । ਕਲਜੁਗ ਦੇ ਵਿਚ ਗਊ ਗਰੀਬਾਂ ਦੀ ਪੁਕਾਰ ਸੁਣ ਮਾਤ ਵਿਚ ਆਏ ਹਾਂ । ਅਸੀਂ ਹੁਣ ਪਾਪੀਆਂ ਦਾ ਖੈ ਕਰ ਕੇ ਸਤਿਜੁਗ ਲਾਵਾਂਗੇ । ਸਾਡੇ ਸਿਖਾਂ ਕੋਲ ਜਾ ਕੇ ਅਕਾਸ਼ ਬਾਣੀ ਨਾਲ ਬਚਨ ਲਿਖਣੇ ਹੋਣਗੇ ਤੇ ਸਿਖਾਂ ਨੂੰ ਸਾਡੀ ਸ਼ਰਨ ਲੌਣਾ ਹੋਵੇਗਾ । ਇਹ ਸਾਰਾ ਹੁਕਮ ਬਾਬੇ ਮਨੀ ਸਿੰਘ ਨੂੰ ਦੇ ਕੇ ਹੱਥ ਵਿਚ ਕਲਮ ਫੜਾ ਦਿਤੀ ਓਸ ਵਕਤ ਸੱਚੇ ਪਾਤਸ਼ਾਹ ਦੀ ਉਮਰ ਇਕ ਸਾਲ ਦੀ ਸੀ । ਮੈਂ ਬਲਿਹਾਰ ਹਾਂ ਸੱਚੇ ਪਿਤਾ ਤੋਂ ਤੇ ਉਸ ਦੀ ਖੇਡ ਕਰਨ ਤੋਂ |