08 – ਸੱਚੇ ਪਾਤਸ਼ਾਹ ਦਾ ਬਾਲ ਉਮਰ ਵਿਚ ਵਿਆਹ – JANAMSAKHI 08

ਸੱਚੇ  ਪਾਤਸ਼ਾਹ ਦਾ ਬਾਲ ਉਮਰ ਵਿਚ ਵਿਆਹ

ਛੋਟੀ ਦੇਹ ਵਿਚ ਸੱਚੇ ਪਾਤਸ਼ਾਹ ਬੜੀਆਂ ਬੇਨੰਤੀਆਂ

ਪਰਵਾਨ ਕਰਦੇ ਸੀ । ਬੜੇ ਦਿਆਲੂ ਸਨ ਜੀ । ਓਸ ਵਕਤ ਮੇਰੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ  ਏਹ  ਧਾਰਨ ਰੱਖੀ ਸੀ   ਕਿ  ਜਦੋਂ ਕੋਈ ਸਿਖ  ਦੁਖ ਦਲਿੱਦਰ ਵਾਲਾ  ਬੇਨੰਤੀ ਕਰਦਾ ਸੀ, ਓਸ ਵਕਤ ਕੱਚਾ ਤੰਦ ਲੈ  ਕੇ ਤੇ ਗੰਢਾਂ ਦੇ ਕੇ ਚੁਪ ਕਰ ਕੇ ਫੜਾ ਦੇਂਦੇ ਸੀ  ਤੇ ਦਇਆ  ਹੋ  ਜਾਂਦੀ ਸੀ ਜੀ  ।  ਨਜ਼ਰੀ ਨਜ਼ਰ ਨਿਹਾਲ ਕਰਦੇ ਸੀ  ।  ਧਾਗੇ ਨਾਲ ਸਿਖ ਨੂੰ ਯਕੀਨ ਹੋ ਜਾਂਦਾ ਸੀ ਕਿ  ਪਾਤਸ਼ਾਹ ਸਾਡੀ ਬੇਨੰਤੀ ਪਰਵਾਨ ਕਰ ਲਈ ਆ । ਫੇਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ  ਹੋਈ ਸੰਤਾਂ ਅਸਾਂ ਹੁਣ ਅਨੰਦ ਪੁਰ ਜਾਣਾ ਹੈ ਤੇ ਸਾਰੇ ਸਿਖਾਂ ਨੂੰ ਖ਼ਬਰ ਕਰ ਦੇ । ਬਾਬੇ ਮਨੀ ਸਿੰਘ ਸਤਿ ਬਚਨ  ਮੰਨ ਕੇ ਵਿਸਾਖ ਦੇ ਮਹੀਨੇ ਸਾਰੇ ਸਿਖਾਂ ਨਾਲ ਤੁਰ ਪਏ ਹਨ ਜੀ  ।  ਬਾਬਾ ਮਨੀ ਸਿੰਘ ਕਰਾਏ ਤੇ ਮਕਾਨ  ਲੈ  ਕੇ  ਸਿਖਾਂ ਸਮੇਤ ਅਨੰਦ ਪੁਰ ਬੈਠੇ ਹਨ ਜੀ । ਸੰਤਨੀ ਰਾਮ ਪੁਰੇ ਵਾਲੀ ਵੀ ਸੰਗਤਾਂ ਦੇ ਨਾਲ ਅਨੰਦ ਪੁਰ ਹੈ ਜੀ । ਓਥੋਂ ਚਿਠੀ  ਸੱਚੇ  ਪਾਤਸ਼ਾਹ ਨੂੰ ਘਵਿੰਡ ਘੱਲੀ ਕਿ ਜੰਞ ਬਣ ਕੇ ਅਨੰਦ ਪੁਰ ਆਓ ਤੇ ਨੌਂ ਨਿਧਾ ਦੇ ਫੇਰੇ ਲੈ  ਜਾਓ । ਫੇਰ ਜੇਠ ਦੇ ਮਹੀਨੇ ਘਵਿੰਡੋਂ ਸਾਰੇ ਚਾਚੇ ਤਾਏ ਸੱਚੇ ਪਾਤਸ਼ਾਹ ਨਾਲ  ਸਾਰੇ ਪਰਵਾਰ ਸਮੇਤ ਜੰਞ ਬਣ ਕੇ ਗਏ ਹਨ ।  ਜਿਸ ਵਕਤ ਅਨੰਦ ਪੁਰ ਜਾ ਪਹੁੰਚੇ ਬਾਬੇ ਮਨੀ ਸਿੰਘ ਨੂੰ  ਸੱਚੇ  ਪਾਤਸ਼ਾਹ ਵਿਆਹ ਦਾ ਸਾਰਾ ਵਿਹਾਰ ਦੱਸਿਆ ਹੋਇਆ ਸੀ ਜੀ । ਓਸੇ ਤਰ੍ਹਾਂ  ਸ਼ਬਦ ਦੇ ਅਨੁਸਾਰ  ਸਾਰਾ ਵਿਹਾਰ ਕੀਤਾ ਗਿਆ ਜੀ । ਸੱਚੇ ਪਿਤਾ  ਦੀ  ਉਮਰ ੫ ਸਾਲ  ਦੀ  ਤੇ ਨੌਂ ਨਿਧਾ  ਦੀ  ਉਮਰ ੨੫ ਸਾਲ  ਦੀ  ਸੀ  ।  ਅਨੇਕ ਪਰਕਾਰ ਦੇ ਭੋਜਨ ਤਿਆਰ ਕੀਤੇ ਗਏ ਹਨ ਜੀ । ਗਰੀਬ ਗੁਰਬਾ ਸਭ ਅਨੰਦ ਪ੍ਰਸੰਨ ਹੋ  ਕੇ ਜਾ  ਰਹੇ  ਹਨ ਜੀ । ਪਰਸ਼ਾਦ ਤਿਆਰ ਹੈ । ਸੰਤਨੀ ਓਸ ਵਕਤ ਬਹੁਤ ਮਾਇਆ ਭੇਟਾ ਕੀਤੀ ਹੈ ਜੀ । ਸੰਤਾਂ  ਦੀ  ਪਾਤਸ਼ਾਹਾਂ ਅਕਾਸ਼ ਬਾਣੀ  ਖੋਲ੍ਹੀ ਹੋਈ ਸੀ ਜੀ  ।  ਸੰਤ ਮਨੀ ਸਿੰਘ  ਸੰਗਤ ਨੂੰ  ਬਚਨ  ਦਸਦੇ ਹਨ  ਕਿ  ਐਸ ਵਕਤ ਦੇਵੀਆਂ ਦੇਵਤੇ ਫੁਲ ਬਰਸਾ ਰਹੇ  ਹਨ ਜੀ । ਓਸ ਵਕਤ ਕੁਮੇਰ ਭੰਡਾਰੀ ਵੀ ਆਇਆ ਹੈ ।  ਅਨੰਦ ਪੁਰ ਵਿਚ ਧੰਨ ਧੰਨ ਤੇ ਜੈ ਜੈ ਕਾਰ ਸੱਚੇ  ਪਿਤਾ ਦੇ ਨਾਮ  ਦੀ   ਹੋ  ਰਹੀ ਹੈ । ਪਾਤਸ਼ਾਹ ਸੰਤਾਂ ਨੂੰ ਅਕਾਸ਼ ਬਾਣੀ  ਦਿਤੀ  ਕਿ  ਸੰਤਾ ਅਨੰਦ ਪੁਰ ਵਿਚ ਗਲੀ ਗਲੀ ਵਿਚ ਢੰਡੋਰਾ ਫੇਰ ਦੇ । ਅਸੀਂ ਐਸੀ ਮਾਇਆ ਪਾਵਾਂਗੇ, ਕਿਸੇ ਜੀ ਨੂੰ ਨਹੀਂ ਉਠਣ ਦੇਣਾ । ਅਸੀਂ ਗੁਰੂ ਗੋਬਿੰਦ ਸਿੰਘ ਨਹੀਂਗੇ, ਕੱਚੀ ਵੱਢਾਂਗੇ, ਅਸੀਂ ਹੁਣ ਪਕਾ ਕੇ ਵੱਢਾਂਗੇ । ਬਾਰਾਂ ਕੋਹਾਂ ਵਾਲਾ  ਬਚਨ  ਸਤਿ ਕਰਾਂਗੇ । ਸੰਤ  ਨੇ  ਸਤਿ ਬਚਨ  ਮੰਨ ਕੇ ਤੇ ਨੀਲਾ ਚੋਗਾ ਰੰਗਾਇਆ ਤੇ  ਸੱਚੇ  ਪਾਤਸ਼ਾਹ ਦੇ ਗਲ ਵਿਚ ਪਾਇਆ ਤੇ ਗਲੀ ਗਲੀ ਵਿਚ ਢੰਡੋਰਾ ਫਿਰਵਾਇਆ ।   ਢੋਲ  ਸੁਣ ਕੇ ਸਾਰੇ ਬਾਲ ਬਿਰਧ ਗਲੀ ਵਿਚ  ਔਂਦੇ  ਹਨ ।  ਸੰਤ ਮਨੀ ਸਿੰਘ  ਬਚਨ  ਕਰਦੇ ਹਨ   ਕਿ  ਲੋਕੋ  ਏਹ  ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ ਘਵਿੰਡ ਪਿੰਡ ਵਿਚ ਆਏ ਹਨ । ਭਗਤਾਂ  ਦੀ  ਜੈ   ਤੇ ਦੁਸ਼ਟਾਂ  ਦੀ  ਖੈ ਕਰਨ ਵਾਸਤੇ ।  ਕਲਗੀ ਧਰ ਅਵਤਾਰ ਵੀ ਏਹੋ ਹਨ । ਮੁਸਲਮਾਨੋਂ ਭਾਈ  ਏਹ  ਤੁਹਾਡੇ ਅਮਾਮ ਮਹਿੰਦੀ ਵੀ ਏਹੋ ਹਨ । ਢੈਹ ਕੇ ਚਰਨੀ ਪੈ ਜੋ  ਫੇਰ ਵੇਲਾ ਹੱਥ ਨਹੀਂ ਔਣਾ । ਸੰਤ  ਨੇ  ਆਪਣਾ ਹੋਕਾ ਸਾਰੇ ਪਿੰਡ ਵਿਚ ਸੁਣਾ ਦਿਤਾ ਹੈ ।  ਪਾਤਸ਼ਾਹ  ਐਸੀ ਮਾਇਆ ਪਾਈ ਕਿਸੇ ਨੂੰ  ਏਸ  ਪਾਸੇ ਲੱਗਣ ਨਹੀਂ ਦਿਤਾ ਸਾਰੇ ਆਪਸ ਵਿਚ ਲੋਕੀਂ ਆਖਦੇ ਹਨ  ਕਿ  ਸੰਤ  ਨੇ  ਐਵੇਂ ਖਾਣ ਦਾ ਬਹਾਨਾ ਬਣਾਇਆ ਹੋਇਆ ਹੈ ।   ਏਸ  ਤਰ੍ਹਾਂ  ਏਹ  ਅਨੰਦ ਪੁਰ  ਸੱਚੇ  ਪਿਤਾ  ਨੇ  ਖੇਡ ਰਚੀ ਸੀ ।।