ਦੇਵੀਆਂ ਦੀ ਪੂਜਾ ਭੇਟਾ ਬੰਦ ਕਰਾਉਣੀ
ਫੇਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਹੋਈ ਕਿ ਸੰਤਾ ਅਸਾਂ ਹੁਣ ਨੈਣਾ ਦੇਵੀ ਨੂੰ
ਜਾਣਾ ਹੈ । ਸੰਤ ਸੱਚੇ ਪਾਤਸ਼ਾਹ ਨੂੰ ਨਾਲ ਲੈ ਕੇ ਤੇ ਨਾਲ ਸੰਗਤਾਂ ਨੈਣਾ ਦੇਵੀ ਨੂੰ ਚਲੇ ਗਏ ਹਨ ਜੀ । ਤੇ ਕਰਾਮਾਤ ਸਾਰੀ ਖਿਚ ਕੇ ਲੈ ਆਏ ਹਨ ਜੀ । ਏਹ ਜੇਹੜਾ ਵਿਆਹ ਨੌਂ ਨਿਧਾ ਨਾਲ ਹੋਇਆ ਹੈ, ਏਸ ਦੀ ਗਤੀ ਨੂੰ ਮੇਰੇ ਸੱਚੇ ਪਿਤਾ ਹੀ ਜਾਣਦੇ ਹਨ ਜੀ । ਏਹ ਸੰਸਾਰ ਤੇ ਨਿੰਦਿਆ ਕਰੌਣ ਵਾਸਤੇ ਪਾਤਸ਼ਾਹ ਏਹ ਖੇਡ ਰਚੀ ਸੀ । ਈਸ਼ਵਰ ਦੀ ਖੇਡ ਨੂੰ ਈਸ਼ਵਰ ਹੀ ਜਾਣਦਾ ਹੈ ਜੀ । ਫੇਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਨਾਲ ਲਿਖਤ ਕਰ ਰਹੇ ਹਨ ਜੀ । ਛੇ ਮਹੀਨੇ ਸੱਚੇ ਪਿਤਾ ਅਨੰਦ ਪੁਰ ਰਹੇ ਹਨ ਜੀ । ਛੋਟੇ ਹੁੰਦੇ ਪਾਤਸ਼ਾਹ ਮਨੀ ਸਿੰਘ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾ ਦੇਵੀਆਂ ਸਾਰੀਆਂ ਨੂੰ ਤੂੰ ਲਿਔਣਾ ਹੈ । ਜਿਥੇ ਜਿਥੇ ਜਾਵੇਂਗਾ ਓਥੋਂ ਅਸੀਂ ਆਪੇ ਕਰਾਮਾਤ ਖਿਚੀ ਆਵਾਂਗੇ ਜੀ । ਸੱਚੇ ਪਾਤਸ਼ਾਹ ਆਪ ਦੇ ਮਾਪਿਆਂ ਨਾਲ ਘਨਕਾ ਪੁਰੀ ਵਿਚ ਆ ਗਏ ਹਨ ਜੀ । ਬਾਬਾ ਮਨੀ ਸਿੰਘ ਸਿਖਾਂ ਸਮੇਤ ਅਨੰਦਪੁਰ ਹਨ ਜੀ । ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ਸਾਰੀਆਂ ਦੇਵੀਆਂ ਬੰਨ ਕੇ ਸ਼ਬਦ ਨਾਲ ਸਾਡੇ ਚਰਨਾਂ ਵਿਚ ਢੋਣੀਆਂ ਹੋਣਗੀਆਂ ਜੀ । ਸੰਤਾ, ਦੇਵੀਆਂ ਦੇ ਧਾਮ ਉਤੇ ਤੈਨੂੰ ਜਾਣਾ ਪਵੇਗਾ । ਸੰਤਾ, ਤੇਰੇ ਹੱਥ ਅਸਾਂ ਕਲਮ ਫੜਾਈ ਹੈ, ਕਲਮ ਦੀ ਮਾਰ ਨਾਲ ਸਾਰਿਆਂ ਦੀ ਪੂਜਾ ਭੇਟਾ ਖੋਹਣੀ ਹੈ ਜੀ । ਆਪ ਸੱਚੇ ਪਾਤਸ਼ਾਹ ਘਵਿੰਡ ਬੈਠੇ ਹਨ ਤੇ ਅਕਾਸ਼ ਬਾਣੀ ਨਾਲ ਲਿਖਤ ਅਨੰਦ ਪੁਰ ਬਾਬੇ ਮਨੀ ਸਿੰਘ ਦੇ ਹੱਥੀਂ ਹੋ ਰਹੀ ਹੈ ਜੀ । ਲਿਖਾਈ ਹੋ ਰਹੀ ਅਸਾਂ ਸਰਬਤ ਤੀਰਥਾਂ ਤੇ ਭੇਖਾਂ ਦੀ ਸਤਿਆ ਖਿਚ ਲੈਣੀ ਹੈ । ਇਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੋਂ ਬਗੈਰ ਕਿਸੇ ਦੀ ਪੂਜਾ ਭੇਟਾ ਨਾਂ ਰਹੇਗੀ । ਅਗੇ ਅਸੀਂ ਜੁਗੋ ਜੁਗ ਹੱਥਾਂ ਨਾਲ ਲੜਦੇ ਆਏ ਹਾਂ ਤੇ ਹੁਣ ਅਸੀਂ ਹੱਥਾਂ ਨਾਲ ਕੁਛ ਨਹੀਂ ਕਰਨਾ, ਜੋ ਕਰਾਂਗੇ ਜੋਤ ਨਾਲ ਕਰਾਂਗੇ । ਧੌਣਾਂ ਤੋਂ ਫੜ ਫੜ ਰਾਜੇ ਰਾਣੇ ਬੰਨ ਕੇ ਮਾਰ ਦੇਣੇ ਹਨ ਜੀ । ਗਊਆਂ ਦਾ ਉਧਾਰ ਕਰਨ ਆਏ ਹਾਂ ਤੇ ਅਸੀਂ ਦੁਨੀਆਂ ਤੇ ਮਾਸੀ ਸ਼ਰਾਬੀ ਕੋਈ ਨਹੀਂ ਰਹਿਣ ਦੇਣਾ । ਬਾਬਾ ਮਨੀ ਸਿੰਘ ਜਿਥੇ ਜਿਥੇ ਤੂੰ ਜਾਵੇਗਾ ਅਸੀਂ ਓਥੋਂ ਓਥੋਂ ਸਤਿਆ ਖਿਚ ਲਵਾਂਗੇ । ਬਾਬਾ ਮਨੀ ਸਿੰਘ ਸਤਿ ਬਚਨ ਮੰਨ ਕੇ ਦੇਵੀਆਂ ਕੋਲ ਗਿਆ ਹੈ ਤੇ ਦੇਵੀਆਂ ਜੋਤ ਸਰੂਪੀ ਅਨੰਦ ਪੁਰ ਆਈਆ ਹਨ ਜੀ । ਅਨੰਦ ਪੁਰ ਵਿਚ ਇਕ ਲੜਕੀ ਸੀ । ਦੇਵੀ ਲੜਕੀ ਵਿਚ ਪਰਵੇਸ਼ ਹੋ ਕੇ ਲਲਕਾਰੇ ਮਾਰੇ ਹਨ ਜੀ । ਮਾਝੇ ਦੇਸ ਦੇ ਕਾਹਨ ਸਿੰਘ ਭੰਗਾਲੀ ਵਾਲੇ ਦੀ ੧੦ ਸਾਲ ਦੀ ਲੜਕੀ ਸੀ ਜੀ । ਓਸ ਵਿਚ ਪਰਵੇਸ਼ ਹੋ ਕੇ ਦੇਵੀ ਬਚਨ ਕਰਦੀ ਹੈ ਕਿ ਸੰਤਾ ਸਾਡੀ ਪੂਜਾ ਭੇਟਾ ਬੰਨ੍ਹ । ਸੰਤ ਬਚਨ ਕਰਦੇ ਹਨ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਰਹਿਣੀ । ਦੇਵੀ ਬਹੁਤ ਸਖਤ ਬਚਨ ਕੀਤੇ ਕਿ ਸੰਤਾ ਮੇਰੀ ਪੂਜਾ ਨਾਂ ਬੱਧੀ ਤੇ ਮੈਂ ਏਸ ਬੀਬੀ ਦਾ ਸਿਰ ਲੈ ਜਾਵਾਂਗੀ । ਸੰਤਾਂ ਬਚਨ ਕੀਤਾ ਸਾਨੂੰ ਪਾਤਸ਼ਾਹ ਹੁਕਮ ਨਹੀਂ ਦੇਂਦੇ । ਓਸ ਲੜਕੀ ਦੀ ਦੇਹ ਛੁਟ ਗਈ ਤੇ ਦੇਵੀ ਦੀ ਜੋਤ ਅਲੋਪ ਹੋ ਗਈ । ਮਰਯਾਦਾ ਅਨੁਸਾਰ ਓਸ ਬੀਬੀ ਦਾ ਅਨੰਦ ਪੁਰ ਸਸਕਾਰ ਕੀਤਾ ਗਿਆ ਜੀ । ਸੱਚੇ ਪਾਤਸ਼ਾਹ ਦਇਆ ਕੀਤੀ ਤੇ ਓਸ ਬੀਬੀ ਦਾ ਜਰਮ ਖੀਰਾਂ ਵਾਲੀ ਪਾਤਸ਼ਾਹ ਦਾ ਦੁਆਬੇ ਵਿਚ ਇਕ ਸਿਖ ਸੀ, ਓਸ ਦੇ ਘਰ ਪੁੱਤਰ ਹੋ ਕੇ ਦੇ ਦਿਤਾ । ਪਾਤਸ਼ਾਹ ਓਸ ਦਾ ਨਾਮ ਸਾਧੂ ਸਿੰਘ ਰੱਖ ਦਿਤਾ । ਦੀਨ ਦਿਆਲਾਂ ਨੇ ਏਡੀ ਦਇਆ ਕੀਤੀ ਜਿਸ ਵਕਤ ਦੇਵੀਆਂ ਦੀ ਲਿਖਤ ਪੈ ਗਈ ਦੇਵੀਆਂ ਪਹਾੜਾਂ ਤੋਂ ਹਿਲ ਉਠੀਆਂ । ਮਾਝੇ ਦੇਸ ਵਿਚ ਆ ਕੇ ਛੋਟੀਆਂ ਛੋਟੀਆਂ ਲੜਕੀਆਂ ਵਿਚ ਪਰਵੇਸ਼ ਹੋ ਗਈਆਂ , ਪਿੰਡਾਂ ਵਿਚ ਫਿਰਨ ਲਗ ਪਈਆਂ । ਕੋਈ ਆਖੇ ਮੈਂ ਜਵਾਲਾ ਦੇਵੀ ਆਂ , ਕੋਈ ਆਖੇ ਮੈਂ ਫਲਾਣੀ ਆ । ਸੱਚੇ ਪਾਤਸ਼ਾਹ ਨੂੰ ਲਭਦੀਆਂ ਫਿਰਦੀਆਂ ਹਨ ਅਡੋ ਅੱਡ । ਨਾਲ ਢੋਲਕੀਆਂ ਛੈਣਿਆਂ ਵਾਲੇ, ਨਾਲ ਨਾਲ ਕਰਾਮਾਤਾਂ ਵਖੌਣ ਲਗ ਪਈਆਂ ਹਨ ਜੀ । ਹੌਲੀ ਹੌਲੀ ਲੱਭਦੀਆਂ ਘਵਿੰਡ ਪਿੰਡ ਵਿਚ ਆ ਗਈਆਂ ਹਨ ਜੀ । ਦੇਵੀਆਂ ਦੇ ਦਵਾਨ ਵਿਚ ਸਾਰਾ ਪਿੰਡ ਬੈਠਾ ਹੋਇਆ ਹੈ ਜੀ । ਸੰਤ ਮਨੀ ਸਿੰਘ ਤੇ ਸੱਚੇ ਪਾਤਸ਼ਾਹ ਸਿਖਾਂ ਸਮੇਤ ਵਿਚ ਜਾ ਬੈਠੇ ਹਨ ਜੀ । ਜਿਸ ਵਕਤ ਭੇਟਾ ਪੜ੍ਹਦੇ ਹਨ ਦੇਵੀਆਂ ਅਸਥਾਨ ਵਿਚ ਵੜ ਕੇ ਲਲਕਾਰੇ ਮਾਰਦੀਆਂ ਹਨ ਜੀ । ਜਿਸ ਵਕਤ ਸੱਚੇ ਪਾਤਸ਼ਾਹ ਦਵਾਨ ਵਿਚ ਜਾ ਬੈਠੇ ਹਨ ਤੇ ਦੇਵੀਆਂ ਖੇਡਣੋਂ ਹਟ ਗਈਆਂ ਹਨ ਜੀ । ਪਾਤਸ਼ਾਹ ਜੋਤ ਨਹੀਂ ਔਣ ਦਿਤੀ । ਦੇਵੀਆਂ ਦੇ ਭਗਤ ਬਹੁਤ ਭੇਟਾ ਪੜ੍ਹ ਰਹੇ ਹਨ । ਪਾਤਸ਼ਾਹ ਪੌਣ ਨਹੀਂ ਔਣ ਦਿਤੀ । ਸਖਣੀਆਂ ਕੰਨਿਆਂ ਬੈਠੀਆਂ ਹਨ ਜੀ । ਦੁਨੀਆਂ ਸਾਰੀ ਆਖਦੀ ਹੈ ਕਿ ਦੇਵੀਆਂ ਖੇਡਦੀਆਂ ਬੜਾ ਸੀ ਹੁਣ ਕੀ ਗਲ ਹੋ ਗਈ ਖੇਡਦੀਆਂ ਨਹੀਂ ਜੀ । ਆਈਆਂ ਤਾਂ ਸੱਚੇ ਪਾਤਸ਼ਾਹ ਨੂੰ ਢੂੰਡਣ ਸੀ, ਪਰ ਪਾਤਸ਼ਾਹ ਦਿਸਣ ਨਾਂ । ਜਿਸ ਨੂੰ ਜਣਾਵੇ ਸੋ ਜਨ ਜਾਣੇ ਬਾਬੇ ਮਨੀ ਸਿੰਘ ਤੋਂ ਬਗੈਰ ਤੇ ਸਿਖਾਂ ਤੋਂ ਬਗੈਰ ਪਿੰਡ ਨੂੰ ਵੀ ਕੋਈ ਖਬਰ ਨਹੀਂ ਸੀ ਕਿ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਏਸ ਨਗਰ ਵਿਚ ਅਵਤਾਰ ਧਾਰਿਆ ਹੈ । ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾ ਜੇ ਅੱਜ ਦੇਵੀਆਂ ਢੈਹ ਕੇ ਚਰਨੀ ਪੈ ਜਾਦੀਆਂ , ਤੇ ਅੱਜ ਏਹਨਾਂ ਦੀ ਪੂਜਾ ਭੇਟਾ ਬੰਨ ਦੇਣੀ ਸੀ । ਏਨ੍ਹਾਂ ਸਾਨੂੰ ਲੱਭਾ ਨਹੀਂ । ਸੰਤ ਮਨੀ ਸਿੰਘ ਲਿਖਤ ਪਾ ਦਿਤੀ ਕਿ ਦੇਵੀਆਂ ਦੀ ਪੂਜਾ ਭੇਟਾ ਬੰਦ ਕਰ ਦਿਤੀ ਆ । ਲਿਖਤ ਪਾ ਕੇ ਸੰਤ ਮਨੀ ਸਿੰਘ ਤੇ ਪਾਤਸ਼ਾਹ ਸੰਗਤ ਸਮੇਤ ਘਰ ਨੂੰ ਚਲੇ ਗਏ ਹਨ ਜੀ । ਜਿਸ ਵੇਲੇ ਉਠ ਕੇ ਚਲੇ ਗਏ ਹਨ ਤੇ ਦੇਵੀਆਂ ਫੇਰ ਲਲਕਾਰੇ ਮਾਰਨ ਲੱਗੀਆਂ ਤੇ ਲੋਕਾਂ ਨੂੰ ਵਰ ਵਰੂਹੀ ਦੇਣ ਲੱਗੀਆਂ । ਦੇਵੀਆਂ ਤੇ ਸਾਰੀ ਦੁਨੀਆਂ ਖਾਲੀ ਦੇ ਖਾਲੀ ਰਹਿ ਗਏ ਹਨ । ਸੱਚੇ ਪਾਤਸ਼ਾਹ ਸੁਰਤ ਨਹੀਂ ਔਣ ਦਿਤੀ । ਏਹ ਛੋਟੀ ਦੇਹ ਕਰ ਕੇ ਦੇਵੀਆਂ ਨੂੰ ਕਰਾਮਾਤ ਵਖਾਈ ਹੈ ਤੇ ਕਿਸੇ ਨੂੰ ਪਰਖ ਨਹੀਂ ਆਈ ਸੱਚੇ ਪਾਤਸ਼ਾਹ ਦੀ । ੧੫ ਦਿਨ ਦੇਵੀਆਂ ਘਵਿੰਡ ਪਿੰਡ ਵਿਚ ਫਿਰਦੀਆਂ ਰਹੀਆਂ ਹਨ ਤੇ ਸੱਚੇ ਪਾਤਸ਼ਾਹ ਗਲੀਆਂ ਵਿਚ ਖੇਡਦੇ ਰਹੇ ਹਨ ਜੀ । ਕਿਸੇ ਪਛਾਤਾ ਨਹੀਂ । ਫੇਰ ਦੇਵੀਆਂ ਆਪੋ ਆਪਣੀ ਥਾਈਂ ਚਲੀਆਂ ਗਈਆਂ ਹਨ ਜੀ । ਮਹਾਰਾਜ ਨੂੰ ਪਛਾਨਣ ਵਾਸਤੇ ਮਾਝੇ ਦੇਸ ਵਿਚ ਦੇਵੀਆਂ ਦੀ ਜੋਤ ਪਰਗਟ ਹੋਈ ਸੀ ਤੇ ਪਾਤਸ਼ਾਹ ਲੱਭੇ ਨਹੀਂ । ਫੇਰ ਜੋਤ ਅਲੋਪ ਹੋ ਗਈ ਜੀ ।।