ਹਰੀ ਮਕਈ ਦਾ ਸੜ ਜਾਣਾ
ਸੌਣ ਦੇ ਮਹੀਨੇ ਵਿਚ ਬਾਬਾ ਜਵੰਦ ਸਿੰਘ ਸੱਚੇ ਪਾਤਸ਼ਾਹ ਦਾ ਪਿਤਾ ਮਕਈ ਬੀਜਣ ਦੀ
ਤਿਆਰੀ ਕਰ ਰਹੇ ਹਨ ਜੀ । ਪਾਤਸ਼ਾਹ ਦੀ ਮਾਤਾ ਨੂੰ ਹੁਕਮ ਦਿੱਤਾ ਕਿ ਛੱਲੀਆਂ ਮਕਈ ਦੀਆਂ ਭੋਰੋ, ਮਕਈ ਬੀਜਣੀ ਜੇ । ਛੱਲੀਆਂ ਭੋਰ ਰਹੇ ਹਨ ਤੇ ਪਾਤਸ਼ਾਹ ਖੇਡਦੇ ਖੇਡਦੇ ਆਏ ਹਨ । ਤੇ ਆਣ ਕੇ ਛੱਲੀ ਹੱਥ ਵਿਚ ਫੜ ਲਈ ਹੈ । ਜਿਸ ਤਰ੍ਹਾਂ ਮਾਤਾ ਹੋਰੀਂ ਸਮਝਾ ਰਹੇ ਹਨ ਕਿ ਇਹ ਮਕਈ ਬੀਜਣੀ ਹੈ, ਫੇਰ ਛੱਲੀਆਂ ਲੱਗਣੀਆਂ ਤੇ ਫੇਰ ਭੁੰਨ ਕੇ ਚੱਬਿਆਂ ਕਰਾਂਗੇ । ਪਾਤਸ਼ਾਹ ਜਿਦੇ ਪੈ ਗਏ ਹਨ ਕਿ ਅਸਾਂ ਹੁਣੇ ਛੱਲੀ ਭੁੰਨਣੀ ਹੈ । ਜਿਸ ਵਕਤ ਖੈੜੇ ਪੈ ਗਏ ਹਨ ਤੇ ਸੱਚੇ ਪਿਤਾ ਦੀ ਦਾਦੀ ਗੁੱਸੇ ਹੁੰਦੀ ਹੈ । ਕਿ ਕਿਉਂ ਰੁਵੌਂਦੇ ਜੇ, ਤੁਹਾਨੂੰ ਬੱਚੇ ਵਰਚੌਣ ਦੀ ਜਾਚ ਨਹੀਂ ਗੀ । ਓਨ੍ਹਾਂ ਓਸ ਵਕਤ ਪਾਤਸ਼ਾਹ ਨੂੰ ਛੱਲੀ ਦਿਤੀ ਤੇ ਜਾ ਕੇ ਮੇਰੇ ਦੀਨ ਦਿਆਲ ਚੁੱਲੇ ਵਿਚ ਦੱਬ ਆਏ ਜੀ । ਆਪ ਫੇਰ ਬਾਹਰ ਬੱਚਿਆਂ ਨਾਲ ਖੇਡਣ ਚਲੇ ਗਏ ਹਨ । ਮਾਤਾ ਨੇ ਓਸ ਵਕਤ ਛੱਲੀ ਚੁੱਲੇ ਵਿਚੋਂ ਕੱਢ ਲਈ ਤੇ ਤੁੱਕਾ ਚੁੱਲੇ ਵਿਚ ਪਾ ਦਿਤਾ । ਪਾਤਸ਼ਾਹ ਫੇਰ ਥੋੜੇ ਚਿਰ ਬਾਅਦ ਖੇਡ ਕੇ ਆਏ ਹਨ ਤੇ ਆਣ ਕੇ ਛੱਲੀ ਮੰਗਦੇ ਹਨ ਕਿ ਸਾਡੀ ਛੱਲੀ ਭੁੱਜ ਗਈ ਹੋਣੀ ਆ, ਦਿਓ । ਮਾਤਾ ਨੇ ਤੁੱਕਾ ਕੱਢ ਕੇ ਵਖਾ ਦਿੱਤਾ ਤੇ ਬਚਨ ਕੀਤਾ ਕਿ ਤੁਹਾਡੀ ਛੱਲੀ ਤਾਂ ਸੜ ਗਈ , ਲੌ ਵੇਖ ਲੌ, ਤੁੱਕਾ ਵੀ ਸੜ ਗਿਆ ਹੈ । ਪਾਤਸ਼ਾਹ ਹੱਥ ਤੇ ਹੱਥ ਮਾਰ ਕੇ ਓਸ ਵਕਤ ਹੱਸ ਪਏ ਹਨ ਕਿ ਸਾਰੀ ਸੜ ਗਈ ਹੈ । ਤਿੰਨ ਵਾਰੀ ਪਾਤਸ਼ਾਹ ਬਚਨ ਕੀਤਾ ਹੈ ਕਿ ਸਾਰੀ ਸੜ ਗਈ ਹੈ । ਓਸ ਵਕਤ ਕਿਸੇ ਨਹੀਂ ਆਖਿਆ ਕਿ ਪਾਤਸ਼ਾਹ ਅਸਾਂ ਤੁੱਕਾ ਪਾਇਆ ਸੀ ਤੇ ਛੱਲੀ ਕੱਢ ਲਈ ਹੈ । ਸਗੋਂ ਪਾਤਸ਼ਾਹ ਦੀ ਦਾਦੀ ਓਸ ਵਕਤ ਬਚਨ ਕਰਦੀ ਹੈ ਕਿ ਐਸ ਤਰ੍ਹਾਂ ਅੰਞਾਣਾ ਵਰਚਾ ਲਈ ਦਾ ਹੈ । ਬੱਚੇ ਦੀ ਕੇਹੜੀ ਗਲ ਹੈ । ਫੇਰ ਖੇਤ ਵਿਚ ਜਾ ਕੇ ਮਕਈ ਬੀਜੀ ਤੇ ਬਹੁਤ ਸਾਰੀ ਉਗੀ , ਗੋਡੇ ਗੋਡੇ ਜਿਡੀ ਹੋ ਗਈ ਜੀ । ਇਕ ਦਿਨ ਤਕਾਲੀ ਖੇਤੋਂ ਬਾਬਾ ਜਵੰਦ ਸਿੰਘ ਆਇਆ ਤੇ ਕਹਿਣ ਲੱਗਾ ਬਹੁਤ ਸੋਹਣੀ ਮਕਈ ਹੈ । ਲੈ ਲੈ ਕਰ ਰਹੀ ਹੈ । ਸਵੇਰੇ ਉਠ ਕੇ ਖੇਤ ਨੂੰ ਗਏ ਤੇ ਓਸ ਵਕਤ ਇਕ ਤੀਲਾ ਵੀ ਹਰਿਆ ਨਹੀਂ ਹੈ । ਸਾਰੀ ਸੜ ਗਈ ਹੈ । ਸਾਰੀ ਮਕਈ ਸੁੱਕੀ ਵੇਖ ਕੇ ਭਾਈ ਜਵੰਦ ਸਿੰਘ ਦੀਆਂ ਅੱਖਾਂ ਹੰਝੂ ਕਿਰ ਗਈਆਂ ਹਨ । ਦਿਲ ਵਿਚ ਦਲੀਲਾਂ ਕਰਦਾ ਹੈ ਕਿ ਮੈਂ ਹੁਣ ਕੀ ਕਰਾਂਗਾ । ਬੜੀ ਔਖਿਆਈ ਹੋਵੇਗੀ । ਮਕਈ ਬੀਜਣ ਦੀ ਰੁਤ ਲੰਘ ਗਈ ਹੈ । ਕਿਸ ਤਰ੍ਹਾਂ ਸਿਆਲ ਲੰਘੇਗਾ ਜੀ । ਨਿਰਾਸ਼ ਹੋ ਕੇ ਘਰ ਆ ਬੈਠਾ ਹੈ । ਘਰ ਦੇ ਵੇਖ ਕੇ ਪੁਛਦੇ ਹਨ ਕੀ ਗਲ ਹੈ ਅੱਜ ਬੜੇ ਉਦਾਸ ਬੈਠੇ ਜੇ । ਆਖਦੇ ਹਨ ਕਿ ਮਕਈ ਤਾਂ ਇਕ ਰਾਤ ਵਿਚ ਸੜ ਗਈ ਹੈ ਤੇ ਸਾਰਾ ਸਿਆਲ ਕੀ ਖਾਵਾਂਗੇ । ਸਾਰਾ ਟੱਬਰ ਬਚਨ ਸੁਣ ਕੇ ਨਿਰਾਸ਼ ਹੋ ਗਿਆ ਹੈ । ਜਵੰਦ ਸਿੰਘ ਜੀ ਪੁਛਦਾ ਹੈ ਕਿ ਤੁਸਾਂ ਕੋਈ ਪਾਤਸ਼ਾਹ ਨੂੰ ਬਚਨ ਵਧ ਘਟ ਤਾਂ ਨਹੀਂ ਕੀਤਾ । ਮਾਤਾ ਹੋਰੀਂ ਬਚਨ ਕਰਦੇ ਹਨ, ਕਿ ਹੋਰ ਤਾਂ ਕੋਈ ਨਹੀਂ ਗਲ ਆਖੀ , ਜਦੋਂ ਮਕਈ ਭੋਰਦੇ ਸਾਂ ਓਦੋਂ ਛੱਲੀ ਮੰਗਦੇ ਸਨ ਤਾਂ ਅਸਾਂ ਛੱਲੀ ਦਿਤੀ । ਚੁੱਲੇ ਵਿਚ ਦੱਬ ਕੇ ਖੇਡਣ ਚਲੇ ਗਏ ਤੇ ਅਸੀਂ ਛੱਲੀ ਕੱਢ ਲਈ ਤੇ ਤੁੱਕਾ ਪਾ ਦਿਤਾ ਸੀ । ਜਿਸ ਵਕਤ ਖੇਡ ਕੇ ਆਏ ਤੇ ਛੱਲੀ ਮੰਗੀ ਓਸ ਵਕਤ ਤੁੱਕਾ ਕੱਢ ਕੇ ਦਿੱਤਾ ਤੇ ਆਖਿਆ ਪਾਤਸ਼ਾਹ ਛੱਲੀ ਤਾਂ ਸਾਰੀ ਸੜ ਗਈ । ਓਸ ਵਕਤ ਹੱਥ ਤੇ ਹੱਥ ਮਾਰ ਕੇ ਹੱਸ ਪਏ ਤੇ ਆਖਣ ਲੱਗੇ ਸਾਰੀ ਸੜ ਗਈ , ਅਸੀਂ ਵੀ ਏਹੋ ਹੰਗਾਰ ਦੇਂਦੇ ਰਹੇ ਕਿ ਪਾਤਸ਼ਾਹ ਸਾਰੀ ਸੜ ਗਈ ਹੈ । ਜਵੰਦ ਸਿੰਘ ਓਸ ਵਕਤ ਬਚਨ ਕੀਤਾ ਕਿ ਤੁਸਾਂ ਆਪ ਹੀ ਕਾਲ ਪਵਾਂ ਲਿਆ ਹੈ, ਮੇਰੇ ਹੁਣ ਕੀ ਅਖਤਿਆਰ ਹੈ । ਫੇਰ ਪਰਸ਼ਾਦ ਲਿਆ ਕੇ ਜਵੰਦ ਸਿੰਘ ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ ਕਿ ਦੀਨ ਦਿਆਲ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਾਡੇ ਤੇ ਦਇਆ ਕਰੋ, ਸਾਡਾ ਨਿੱਕਾ ਨਿੱਕਾ ਜੀਆਂ ਜੰਤ ਆ, ਸਿਆਲ ਅਸੀਂ ਕੀ ਕਰਾਂਗੇ । ਪਾਤਸ਼ਾਹ ਪਿਤਾ ਦੀ ਬੇਨੰਤੀ ਸੁਣ ਕੇ ਬਚਨ ਕੀਤਾ ਕਿ ਫੇਰ ਬੀਜ ਦਿਓ ਪਛੇਤਰੀ ਮਕਈ । ਪਾਤਸ਼ਾਹ ਦਾ ਹੁਕਮ ਮੰਨ ਕੇ ਫੇਰ ਬੀਜ ਦਿਤੀ । ਮਕਈ ਬਹੁਤ ਹੋਈ । ਤਿੰਨ ਤਿੰਨ ਚਾਰ ਚਾਰ ਇਕ ਇਕ ਟਾਂਡੇ ਨੂੰ ਛੱਲੀਆਂ ਲੱਗੀਆਂ ਹਨ ਜੀ । ਸਾਰਾ ਸਿਆਲ ਮੁੱਕੀ ਨਹੀਂ, ਐਡੀ ਬਰਕਤ ਪਾਈ ਹੈ ਜੀ । ਨਿਕੀ ਦੇਹ ਕਰ ਕੇ ਝੂਠ ਬੋਲਿਆਂ ਜਾਂਦਾ ਹੈ ਪਾਤਸ਼ਾਹ ਅੱਗੇ, ਕਿਉਂ ਕਿ ਸਾਨੂੰ ਏਨ੍ਹਾਂ ਦੀ ਸਾਰ ਨਹੀਂ ਔਂਦੀ ਤੇ ਅਸੀਂ ਹਰ ਵਕਤ ਏਹਨਾਂ ਨਾਲ ਵਲ ਛਲ ਕਰਦੇ ਹਾਂ । ਆਪ ਦਾ ਕੀਤਾ ਅਸੀਂ ਪਾ ਲੈਂਦੇ ਹਾਂ । ਪੁੱਤਰ ਕਰ ਕੇ ਸੱਚ ਝੂਠ ਮਾਤਾ ਹੋਰੀਂ ਬੋਲ ਦੇਂਦੇ ਸਨ । ਪਾਤਸ਼ਾਹ ਬਚਨ ਕਰਦੇ ਹਨ ਕਿ ਜੁਗੋ ਜੁਗ ਸਾਡੇ ਸੇਵਾਦਾਰ ਭਗਤ ਹੀ ਸਾਡੇ ਚਰਨਾਂ ਵਿਚ ਔਂਦੇ ਹਨ ਜੀ । ਸਾਡੇ ਜੇਹੜੇ ਸਿਖ ਹਨ ਸੁਰਤ ਨਹੀਂ ਮੰਗਦੇ , ਬੇਨੰਤੀ ਕਰ ਕੇ ਹੋਰ ਮੰਗਾਂ ਮੰਗਦੇ ਹਨ, ਕੋਈ ਦੁੱਧ ਦੀ, ਕੋਈ ਪੁਛ ਦੀ । ਸਿਖ ਨਹੀਂ ਸਾਨੂੰ ਲੱਭ ਸਕਦੇ, ਅਸੀਂ ਸਿਖਾ ਨੂੰ ਭਾਲ ਭਾਲ ਕੇ ਜਨਮਾਂ ਦੇ ਵਿਛੜੇ ਮਿਲਾ ਲੈਂਦੇ ਹਾਂ ।।