13 – ਬਕਾਲਾ ਸਿੰਘ ਤੇ ਮਿਹਰ ਕਰਨੀ – JANAMSAKHI 13

ਬਕਾਲਾ ਸਿੰਘ ਤੇ ਮਿਹਰ ਕਰਨੀ

 ਉਸ ਸਮੇਂ ਦਾ  ਬਚਨ  ਹੈ ਪਾਤਸ਼ਾਹ ਜਿਸ ਵਕਤ ਛੇ ਸਾਲ ਦੇ ਸਨ ਤੇ ਸਿਖ ਵੀ

ਦਰਸ਼ਨ ਨੂੰ ਆਏ ਹਨ । ਬਕਾਲਾ ਸਿੰਘ ਕਲਸੀਆਂ ਦਾ ਸਿਖ ਸੀ । ਘਵਿੰਡੋਂ ਇਕ ਮੀਲ ਪੈਂਡਾ ਸੀ ।  ਬੜਾ ਦਰਦਾਂ ਦੁੱਖਾਂ ਤਕਲੀਫਾਂ ਦਾ ਘੇਰਿਆ ਹੋਇਆ ਸੀ ।  ਸਰੀਰ ਹਿਲਦਾ ਨਹੀਂ ਸੀ । ਦਵਾ ਦਾਰੂ ਕਰ ਕੇ ਥੱਕ ਬੈਠਾ ਸੀ ।  ਆਪਣਿਆਂ ਪੁੱਤਾਂ ਨੂੰ ਆਖਦਾ ਹੈ   ਕਿ  ਮੈਨੂੰ  ਸੱਚੇ  ਪਾਤਸ਼ਾਹ ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਦੇ ਦਰਬਾਰ  ਲੈ  ਚਲੋ  ।  ਉਸ ਸਿੱਖ ਦੇ ਚਾਰ ਪੁੱਤਰ ਸਨ, ਆਸਾ ਸਿੰਘ  ਚੇਤ ਸਿੰਘ  ਸੋਹਣ ਸਿੰਘ  ਮੋਹਣ ਸਿੰਘ । ਉਸ ਦੇ ਪੁੱਤਰ ਓਨੂੰ ਚੁਕ ਕੇ ਪਾਤਸ਼ਾਹ ਦੇ ਚਰਨਾਂ ਵਿਚ  ਲੈ  ਗਏ ਹਨ ਜੀ । ਜਿਸ ਵੇਲੇ ਪਾਤਸ਼ਾਹ ਦੇ ਘਰ ਸੰਗਤ ਵਿਚ ਚਲਿਆ ਗਿਆ , ਦਰਸ਼ਨ ਕਰ ਕੇ ਬਹੁਤ ਅਨੰਦ ਪਰਸਨ ਹੋਇਆ ਹੈ । ਪਾਤਸ਼ਾਹ ਓਸ ਵਕਤ ਖੇਡ ਰਹੇ  ਹਨ । ਸੌਣ ਦੇ ਮਹੀਨੇ ਅੱਕਾਂ ਨਾਲ ਖੱਖੜੀਆਂ ਲੱਗੀਆਂ ਹਨ ਤੇ ਪਾਣੀ ਸਿਖਾਂ ਤੋਂ ਮੰਗਾਂ ਕੇ ਖੱਖੜੀਆਂ ਨੂੰ ਮੋਰੀਆਂ ਕਰ ਕੇ ਪਚਕਾਰੀਆਂ ਬਣਾ  ਬਣਾ ਕੇ ਖੇਡ ਰਹੇ  ਹਨ । ਸਿਖਾਂ ਨੂੰ ਹੁਕਮ ਕਰਦੇ ਹਨ  ਕਿ  ਬਾਬਾ ਹੁਣ ਤੇਰੀ ਵਾਰੀ ਆ । ਜੇਹੜੇ ਸਿਖ ਨੂੰ  ਬਚਨ  ਕਰਦੇ ਹਨ ਸਿਖ ਸਤਿ ਬਚਨ  ਮੰਨ ਕੇ ਤੁਰ ਪੈਂਦਾ ਹੈ । ਫੇਰ ਬਾਬੇ ਬਕਾਲਾ ਸਿੰਘ ਨੂੰ ਹੁਕਮ ਕੀਤਾ ਮੇਰੇ ਚੋਜੀ ਪ੍ਰੀਤਮ ਨੇ ਕਿ  ਬਾਬਾ ਹੁਣ ਤੇਰੀ ਵਾਰੀ ਹੈ,  ਤੂੰ  ਪਾਣੀ ਲਿਆ । ਬਾਬਾ ਬਕਾਲਾ ਸਿੰਘ ਅਜੇ ਮੂੰਹੋਂ  ਆਖਣ ਹੀ ਲੱਗਾ ਸੀ  ਕਿ  ਪਾਤਸ਼ਾਹ ਮੇਰਾ ਸਰੀਰ ਜੁੜਿਆ ਹੈ ।  ਮੈਥੋਂ ਤੁਰਿਆਂ ਨਹੀਂ ਜਾਣਾ । ਓਸ ਵਕਤ ਬਾਬੇ ਬੌਹਲ ਸਿੰਘ ਮੂੰਹ ਅੱਗੇ  ਹੱਥ ਦੇ ਦਿੱਤਾ  ਤੇ ਇਸ਼ਾਰਾ ਕੀਤਾ ਸਤਿ ਬਚਨ  ਮੰਨ, ਤੇਰੇ ਤੇ ਮਿਹਰ ਕਰਨ ਲੱਗੇ ਹਨ ।  ਬਾਬੇ ਬਕਾਲਾ ਸਿੰਘ ਗਲ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਅਰਜ ਕੀਤੀ ਸਤਿ ਬਚਨ  ਪਾਤਸ਼ਾਹ ਮੈਂ ਜਲ  ਲਿਔਣਾ  ਹਾਂ  ।  ਓਸ ਵਕਤ ਇਕ ਸਿਖ  ਨੇ  ਪਾਣੀ ਲਿਆ ਕੇ  ਬਾਬੇ ਬਕਾਲਾ ਸਿੰਘ ਨੂੰ  ਫੜਾ ਦਿੱਤਾ  ਤੇ ਉਸ ਪਾਤਸ਼ਾਹ ਨੂੰ ਜਲ  ਫੜਾ ਦਿਤਾ । ਦੀਨ ਦਿਆਲ ਪਰਵਾਨ ਕਰ ਲਿਆ । ਤਿੰਨ ਵੇਰਾਂ ਬਾਬੇ ਕੋਲੋਂ ਪਾਤਸ਼ਾਹ ਜਲ  ਮੰਗਾਇਆ ।  ਏਸੇ ਤਰ੍ਹਾਂ ਸਿਖ ਲਿਆ ਦੇਣ  ਤੇ ਬਾਬਾ ਪਾਤਸ਼ਾਹ ਨੂੰ ਫੜਾ ਦੇਵੇ ।  ਸੱਚੇ  ਪਾਤਸ਼ਾਹ ਉਸ ਵਕਤ ਜੇਹੜੇ ਸਰੀਰ ਨੂੰ ਜੂੜ ਪਾਏ ਸੀ ਦਇਆ ਕਰ ਦਿਤੀ  ।  ਨੈਣ ਪਰਾਣ ਹਿਲਣ ਲਗ ਪਏ  ਤੇ ਪਾਤਸ਼ਾਹ  ਬਚਨ  ਕੀਤਾ, ਬਾਬਾ ਬਕਾਲਾ ਸਿੰਘ ਤਿੰਨ ਦਿਨ ਸਾਡੇ ਕੋਲ ਆਵੀਂ ਫੇਰ ਰਾਜੀ  ਹੋ  ਜਾਏਂਗਾ ।   ਸੱਚੇ  ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ ਜੀ,  ਜੁਗੋ ਜੁਗ ਅਵਤਾਰ ਧਾਰਦੇ ਹਨ  ।  ਪਰ  ਏਸ  ਜਾਮੇ ਵਿਚ ਪਾਤਸ਼ਾਹ  ਸਿਰਫ਼ ਗਰੀਬਾਂ ਨੂੰ ਤਾਰਨ ਆਏ ਹਨ ਜੀ ।  ਅਗਲੇ ਦਿਨ ਸਿਖ ਆਪ ਦੇ ਨੈਣੀ ਪਰਾਣੀ ਤੁਰ ਕੇ  ਪਾਤਸ਼ਾਹ ਦੇ ਦਰਸ਼ਨਾ ਨੂੰ ਗਿਆ ਹੈ ਜੀ ।