14 – ਸੱਚੇ ਪਾਤਸ਼ਾਹ ਦੇ ਸਿਰ ਵਿਚ ਸੱਟ ਲਗਣੀ – JANAMSAKHI 14

                ਸੱਚੇ  ਪਾਤਸ਼ਾਹ ਦੇ ਸਿਰ ਵਿਚ ਸੱਟ ਲਗਣੀ

 ਇਕ ਸਮੇਂ  ਬੀਬੀ ਠਾਕਰੀ  ਤੇ ਬੇਬੇ ਬੁੱਢੋ ( ਪਾਤਸ਼ਾਹ  ਦੀ  ਭੂਆ ਲਗਦੀ ਸੀ ) ਖੇਤ ਨੂੰ

ਰੋਟੀ  ਲੈ  ਕੇ ਜਾ ਰਹੀਆਂ ਹਨ  ਤੇ ਨਾਲ  ਸੱਚੇ  ਪਾਤਸ਼ਾਹ ਜਾ  ਰਹੇ  ਹਨ ।  ਨਹਿਰ ਦੇ ਨਜ਼ਦੀਕ ਇਕ ਡਲ ਦੇ ਜ਼ਿਮੀਦਾਰ ਨੇ  ਇਕ ਰਾਈਂ ਕੋਲੋਂ ਬਾਗ ਲਵਾਇਆ ਸੀ ।  ਓਹ ਪਹੇ ਦੇ ਉਤੇ ਬਾਗ ਸੀ । ਰੋਟੀਆਂ ਵਾਲੀਆਂ ਅੱਗੇ  ਅੱਗੇ ਤੇ ਮਗਰ ਸੱਚੇ  ਪਾਤਸ਼ਾਹ ਜਾ  ਰਹੇ  ਹਨ ਜੀ । ਪਾਤਸ਼ਾਹ  ਨੇ  ਇਕ ਫੁੱਲ ਬਾਗ ਵਿਚੋਂ ਤੋੜ ਲਿਆ  ।  ਜਿਸ ਵੇਲੇ ਫੁੱਲ ਤੋੜਿਆ, ਰਾਈਂ ਪਾਪੀ ਨੇ  ਸਿਰ ਵਿਚ ਦਾਤਰੀ ਮਾਰੀ  ਤੇ ਪਾਤਸ਼ਾਹ ਨੂੰ  ਸਿਰ ਵਿਚ ਖੁਬ ਗਈ । ਓਸ ਵੇਲੇ ਲਹੂ ਲੁਹਾਣ ਹੋਏ  ਤੇ ਰੋਂਦੇ ਹਨ  ।  ਦੋਵੇਂ ਜਣੀਆਂ  ਬੀਬੀ ਠਾਕਰੀ  ਤੇ ਭੂਆ ਬੁਢੋ ਪਛਾਂਹ ਆ ਕੇ ਰਾਈਂ ਦੇ ਗਲ ਪੈ ਗਈਆਂ ਹਨ । ਰੌਲਾ ਪੈ ਗਿਆ ਤੇ ਸਾਰੇ ਲੋਕਾਂ  ਨੇ   ਰਾਈਂ ਨੂੰ ਫਿਟਕਾਂ ਪਾਈਆਂ ਕਿ  ਮੂਰਖਾਂ ਤੂੰ  ਇਕ ਫੁੱਲ ਪਿਛੇ ਬੱਚੇ ਨੂੰ ਲਹੂ ਲੁਹਾਣ ਕਰ ਦਿਤਾ ।  ਲਾਗੇ ਨਜ਼ਦੀਕ ਨਹਿਰ ਸੀ ਦੋਵਾਂ ਜਣੀਆਂ  ਸੱਚੇ  ਪਾਤਸ਼ਾਹ ਦੇ ਕਪੜੇ ਧੋਤੇ ਤੇ ਸਿਰ ਧੋਤਾ ਤੇ ਚੁਪ ਕਰਾਇਆ । ਖੇਤ ਜਾ ਕੇ ਅੰਨ ਪਾਣੀ ਛਕਾਇਆ ਤੇ ਸਾਰਿਆਂ ਨੂੰ ਦੱਸਿਆ ਕਿ   ਏਸ  ਤਰ੍ਹਾਂ ਪਾਤਸ਼ਾਹ ਨੂੰ ਸੱਟ ਲੱਗ ਗਈ ਹੈ ।।