17 – ਖਰਬੂਜਿਆਂ ਦੀ ਖੇਡ – JANAMSAKHI 17

                                ਖਰਬੂਜਿਆਂ ਦੀ  ਖੇਡ

ਇਕ ਦਿਨ ਹਾੜ ਦੇ ਮਹੀਨੇ ਵਿਚ ਖਰਬੂਜੇ ਪੱਕੇ ਹੋਏ ਹਨ ਜੀ । ਪਾਤਸ਼ਾਹ ਨੇ ਪੰਡ ਖਰਬੂਜਿਆਂ ਦੀ  

ਸਿਖਾਂ ਤੋਂ ਤੁੜਾ ਕੇ ਨਹਿਰ ਤੇ  ਲੈ  ਆਂਦੀ ਹੈ ਤੇ  ਸੱਚੇ  ਪਾਤਸ਼ਾਹ ਨਹਿਰੋਂ ਪਾਰ ਖਰਬੂਜੇ ਸੁੱਟੀ ਜਾਂਦੇ ਹਨ । ਨਾਲ ਦੇ ਵਾਗੀਆਂ ਨੂੰ  ਬਚਨ  ਕਰਦੇ ਹਨ  ਤੁਸੀਂ ਵੀ ਜੋਰ ਨਾਲ ਖਰਬੂਜੇ ਸੁਟੋ,  ਨਹਿਰੋਂ ਪਾਰ । ਤੁਹਾਥੋਂ ਜਾਂਦੇ ਹਨ  ਕਿ  ਨਹੀਂ । ਵਾਗੀਆਂ ਸਮੇਤ  ਸੱਚੇ  ਪਿਤਾ ਜ਼ੋਰ ਨਾਲ ਨਹਿਰੋਂ ਪਾਰ ਸੁੱਟ ਰਹੇ  ਹਨ । ਆਪ ਦੀਨ ਦਿਆਲ ਮੇਰੇ ਅੰਤਰਜਾਮੀ ਦੁਪੈਹਰੇ ਨਹਿਰ ਤੇ  ਏਹ  ਖੇਡ ਕਰ  ਰਹੇ  ਹਨ । ਸੰਤ ਮਨੀ ਸਿੰਘ ਘਵਿੰਡ ਆਕਾਸ਼ ਬਾਣੀ  ਨਾਲ ਲਿਖਾਈ ਕਰ  ਰਹੇ  ਹਨ  ਕਿ    ਸੱਚੇ  ਪਿਤਾ ਮਹਾਰਾਜ  ਸ਼ੇਰ  ਸਿੰਘ ਅੱਜ ਸਮੁੰਦਰਾਂ ਤੇ ਪਾਰ ਗੋਲੇ ਸੁੱਟ   ਰਹੇ  ਹਨ । ਅਗੰਮੀ ਗੋਲੇ ਹਨ ।  ਬਚਨ  ਲਿਖੌਂਦੇ  ਹਨ  ਕਿ  ਮਲਕਾ ਬਾਦਸ਼ਾਹੀ ਦਾ ਰਾਜ ਅਸਾਂ ਖੋਹ ਲਿਆ ਹੈ ।  ਹੁਣ  ਮਾਝੇ   ਦੇਸ ਵਿਚ  ਅੰਗਰੇਜ਼  ਨਾ ਰਹਿਣਗੇ । ਸਮੁੰਦਰਾਂ ਤੋਂ ਪਾਰ ਚਲੇ  ਜਾਣਗੇ ।   ਏਹ  ਮੇਰੇ  ਸੱਚੇ  ਪਿਤਾ ਅੰਤਰਜਾਮੀ   ਦਿਆਲੂ ਕਿਰਪਾਲੂ ਦੀਆਂ ਲੀਲ੍ਹਾ ਹਨ ਜੀ ।  ਲੋਕਾਂ ਨੂੰ ਜਾਪਦਾ ਹੈ  ਕਿ  ਐਵੇਂ ਬੱਚੇ ਖੇਡਦੇ ਹਨ ਖਰਬੂਜੇ ਸੁੱਟ ਸੁੱਟ ਕੇ ।    ਸੱਚੇ  ਪਿਤਾ ਵਲੈਤ ਫਨਾਹ ਕਰ ਦਿਤੀ ਹੈ ਜੀ  ।  ਸੰਤਾਂ ਨੂੰ ਲਖੌਂਦੇ ਹਨ, ਅੰਗਰੇਜ਼ਾਂ ਦਾ ਦਾਰੂ ਸਿਕਾ ਸਭ ਮਿਟੀ ਕਰ ਦਿਤਾ ਹੈ  ।  ਏਨ੍ਹਾਂ ਨੂੰ ਚਲੌਣਾ ਨਾ ਮਿਲੇਗਾ ।  ਏਸ   ਮਾਝੇ   ਵਿਚੋਂ ਕੱਢ ਦਿਤੇ ਹਨ ।  ਸਖਣੀ ਹੱਥੀਂ ਤੁਰ ਜਾਣਗੇ ਤੇ  ਜੋ  ਰਜਵਾੜੇ ਹਨ, ਸਾਰਿਆਂ ਦੇ ਰਾਜ ਖ਼ੁਸ਼ ਜਾਣਗੇ । ਇਕ ਹਲ  ਦੀ  ਪੈਲੀ ਹਰ ਇਕ ਕੋਲ ਰਹਿ ਜਾਵੇਗੀ ।  ਮਹਾਰਾਜ ਸੰਤਾਂ ਤੋਂ ਲਿਖਾਈ ਕਰਵਾ  ਰਹੇ  ਹਨ  ਕਿ  ਅਸਾਂ ਗਊਆਂ ਗਰੀਬਾਂ ਦਾ ਉਧਾਰ ਕਰਨ ਵਾਸਤੇ ਤੇ ਪਾਪੀਆਂ ਦਾ ਨਾਸ ਕਰਨ ਵਾਸਤੇ ਅਵਤਾਰ ਧਾਰਿਆ ਹੈ । ਕਲਜੁਗ ਦਾ ਨਾਸ ਕਰ ਕੇ ਸਤਿਜੁਗ ਲਿਔਣਾ ਹੈ । ਅਸੀਂ  ਏਸ  ਧਰਤੀ ਉਤੇ ਪਾਪੀ ਰਾਜਾ ਕੋਈ ਨਹੀਂ ਰਹਿਣ ਦੇਣਾ ।  ਐਸਾ ਜੋਤ ਸਰੂਪੀ ਕਹਿਰ ਵਰਤਾਵਾਂਗੇ ਤੇ ਵੈਰ  ਵਿਰੋਧ  ਵਧਾਵਾਂਗੇ ਸਭ  ਆਪੇ ਹੀ ਲੜ ਲੜ ਮਰ ਜਾਣਗੇ  ।  ਸੰਤਾਂ ਨੂੰ  ਬਚਨ  ਲਿਖਾ  ਰਹੇ  ਹਨ  ਕਿ  ਕਲਜੁਗ ਦੀਆਂ ਜੜਾਂ ਪੁੱਟ ਦਿਤੀਆਂ ਹਨ । ਅੱਗੇ  ਅਸੀਂ ਜੁਗੋ ਜੁਗ ਹੱਥੀਂ ਲੜਦੇ  ਰਹੇ ਹਾਂ, ਤੇ ਹੁਣ ਅਸਾਂ ਸ਼ਬਦ  ਦੀ  ਮਾਰ ਨਾਲ ਧਰਤੀ ਸੋਧਣੀ  ਹੈ  ।  ਮੈਂ ਨਰ ਅਵਤਾਰ  ਹਾਂ  ।  ਮੈਂ ਜੋਤ ਨਾਲ ਬੰਨ ਕੇ ਰਾਜੇ ਰਾਣੇ ਮਾਰ ਦੇਣੇ ਹਨ ਜੀ । ਸ਼ਬਦ ਵਿਚ ਪਾਤਸ਼ਾਹ ਕਲਜੁਗ  ਦੀ  ਅਲਖ ਮੁਕਾ ਦਿਤੀ ਹੈ ਜੀ ।  ਸੰਤ ਮਨੀ ਸਿੰਘ ਲਿਖੇ ਬਚਨ  ਸਿਖਾਂ ਨੂੰ ਸੁਣਾ  ਰਹੇ  ਹਨ ਜੀ  ।  ਸੰਸਾਰ ਨੂੰ  ਏਸ  ਖੇਡ ਦੀ  ਕੋਈ ਸਾਰ ਨਹੀਂ ਜਿਸ ਨੂੰ ਜਣੌਂਦੇ ਹਨ ਓਹੋ ਜਾਣਦਾ ਹੈ ।।