Granth 17 Likhat 004 ੨੧ ਜੇਠ ੨੦੨੧ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਮਲਕ ਕੈਂਪ

 

੨੧ ਜੇਠ ੨੦੨੧ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਮਲਕ ਕੈਂਪ

   ਜੁਗ ਜੁਗ ਪ੍ਰਭ ਕਿਰਪਾ ਕਰਦਾ ਆਪ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਲੱਖ ਚੁਰਾਸੀ ਥਾਪਣ ਥਾਪ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸਾਚੀ ਜੋਤ ਕਰ ਪਰਕਾਸ਼, ਘਟ ਘਟ ਦੀਆ ਬਾਤੀ ਡਗਮਗਾਇੰਦਾ। ਸ਼ਬਦ ਅਨਾਦੀ ਦੇ ਜਾਪ, ਸਾਚੀ ਸਿਖਿਆ ਇਕ ਸਮਝਾਇੰਦਾ। ਆਤਮ ਪਰਮਾਤਮ ਬੰਨ੍ਹ ਕੇ ਨਾਤ, ਧੁਰ ਦਾ ਨਾਤਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਹੋ ਕੇ ਸਾਥ, ਸਗਲਾ ਸੰਗ ਨਿਭਾਇੰਦਾ । ਰੂਹ ਬੁੱਤ ਕਰ ਕੇ ਪਾਕ, ਮਨ ਵਾਸਨਾ ਮੇਟ ਮਿਟਾਇੰਦਾ। ਬੁਧ ਬਿਬੇਕੀ ਦੇ ਕੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਜਗਤ ਅੰਧੇਰੀ ਮੇਟ ਰਾਤ, ਸੱਚਾ ਚੰਦ ਨੂਰ ਰੁਸ਼ਨਾਇੰਦਾ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਸਿਰ ਸਿਰ ਆਪਣਾ ਰੰਗ ਰੰਗਾਇੰਦਾ। ਨਿਤ ਨਵਿਤ ਸਾਚੀ ਗਾਥ, ਸੋਹਣਾ ਰਾਗ ਸੁਣਾਇੰਦਾ। ਵੇਖ ਵਖਾਏ ਲਹਿਣਾ ਮਸਤਕ ਮਾਥ, ਪੂਰਬ ਕਰਮਾਂ ਖੋਜ ਖੋਜਾਇੰਦਾ। ਭੇਵ ਚੁਕਾਏ ਸਾਚੇ ਹਾਟ, ਮੰਦਰ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਜੁਗ ਚੌਕੜੀ ਦੇਵੇ ਨਾਮ, ਹਰਿ ਕਰਤਾ ਸਿਫ਼ਤ ਸਾਲਾਹੀਆ। ਭੇਵ ਖੁਲ੍ਹਾਏ ਨਿਰਗੁਣ ਰਾਮ, ਸਰਗੁਣ ਕਰੇ ਪੜ੍ਹਾਈਆ। ਅੰਮ੍ਰਿਤ ਪਿਆਏ ਠਾਂਡਾ ਜਾਮ, ਝਿਰਨਾ ਇਕ ਝਿਰਾਈਆ। ਭਾਗ ਲਗਾਏ ਕਾਇਆ ਗਰਾਮ, ਨਗਰ ਖੇੜਾ ਇਕ ਵਸਾਈਆ। ਸਚ ਸੰਦੇਸਾ ਦਏ ਪੈਗਾਮ, ਧੁਰ ਦੀ ਧਾਰ ਜਣਾਈਆ। ਕੂੜੀ ਕਿਰਿਆ ਕੱਢੇ ਮੁਕਾਣ, ਸਚ ਸੁੱਚ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਈਆ। ਜੁਗ ਚੌਕੜੀ ਨਾਮ ਅਪਾਰ, ਹਰਿ ਕਰਤਾ ਆਪ ਵਰਤਾਇੰਦਾ। ਸੇਵਾ ਲਾ ਗੁਰੂ ਅਵਤਾਰ, ਧੁਰ ਦੀ ਸਿਖਿਆ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਆਇਆ ਵਾਰੋ ਵਾਰ, ਨਿਤ ਨਵਿਤ ਵੇਸ ਵਟਾਇੰਦਾ। ਕਾਗਜ਼ ਕਲਮ ਬਣ ਲਿਖਾਰ, ਸ਼ਾਹੀ ਧੁਰ ਦਾ ਰੰਗ ਚੜ੍ਹਾਇੰਦਾ। ਰਸਨਾ ਜਿਹਵਾ ਬੋਲ ਜੈਕਾਰ, ਸਿਫ਼ਤੀ ਢੋਲਾ ਰਾਗ ਅਲਾਇੰਦਾ। ਨਾਦਾਂ ਵਿਚ ਕਰ ਸ਼ੁਮਾਰ, ਬ੍ਰਹਿਮਾਦਾਂ ਵਿਚ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚਾ ਨਾਮ ਲੋਕਮਾਤ, ਹਰਿ ਕਰਤਾ ਆਪ ਪਰਗਟਾਈਆ । ਆਦਿ ਜੁਗਾਦਿ ਸਾਚੀ ਦਾਤ, ਅਗੰਮ ਅਥਾਹ ਵਰਤਾਈਆ। ਨਿਰਗੁਣ ਸਰਗੁਣ ਦਏ ਨਜਾਤ, ਹੋਵੇ ਅੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਮ ਕਹੇ ਮੈਂ ਧੁਰ ਦਾ ਮਿਤ, ਪ੍ਰਭ ਦੇਵੇ ਮਾਣ ਵਡਿਆਈਆ। ਜੁਗ ਚੌਕੜੀ ਆਵਾਂ ਨਿਤ, ਰੂਪ ਅਨੂਪ ਧਰਾਈਆ। ਗੁਰ ਅਵਤਾਰੀ ਮੇਰਾ ਹਿਤ, ਪ੍ਰੀਤੀ ਪ੍ਰੇਮ ਵਧਾਈਆ। ਘਟ ਸਵਾਮੀ ਹੋ ਕੇ ਵਸਾਂ ਚਿਤ, ਗ੍ਰਹਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਬਣਤ ਬਣਾਈਆ। ਨਾਮ ਕਹੇ ਮੇਰੀ ਬਣਤ ਅਵੱਲੀ, ਸੋ ਪੁਰਖ ਨਿਰੰਜਣ ਆਪ ਬਣਾਈਆ। ਮੈਂ ਹੋਕਾ ਦੇਵਾਂ ਗਲੀਓ ਗਲੀ, ਲੱਖ ਚੁਰਾਸੀ ਕਾਇਆ ਅੰਦਰ ਵੜ ਵੜ ਆਪ ਸੁਣਾਈਆ। ਸਾਚੀ ਸੇਜਾ ਸਦਾ ਸਦ ਇਕੋ ਮੱਲੀ, ਘਰ ਬੈਠਾ ਡੇਰਾ ਲਾਈਆ। ਬਣਿਆ ਰਹਾਂ ਵਲੀ ਛਲੀ, ਅਛਲ ਛਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਰਚਾਈਆ। ਨਾਮ ਕਹੇ ਮੈਂ ਜੁਗ ਜੁਗ ਚੇਲਾ, ਪੁਰਖ ਅਕਾਲ ਦਿਤੀ ਵਡਿਆਈਆ। ਆਤਮ ਪਰਮਾਤਮ ਕਰ ਕਰ ਮੇਲਾ, ਮਿਲਣੀ ਜਗਦੀਸ ਕਰਾਈਆ। ਗੁਰ ਸਤਿਗੁਰ ਸੁਹਾਵਾਂ ਸੁਹੰਜਣਾ ਵੇਲਾ, ਸੋਹਣੀ ਖ਼ੁਸ਼ੀ ਮਨਾਈਆ। ਸਦਾ ਵਸਾਂ ਧਾਮ ਨਵੇਲਾ, ਨਜ਼ਰ ਕਿਸੇ ਨਾ ਆਈਆ। ਮਿਤਰਾਂ ਵਿਚੋਂ ਸੱਜਣ ਸੁਹੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਬਣਾਈਆ। ਨਾਮ ਕਹੇ ਮੈਂ ਜੁਗ ਚੌਕੜ, ਚਾਰੋਂ ਕੁੰਟ ਵੇਖ ਵਖਾਇੰਦਾ। ਬਿਨ ਮੇਰੇ ਲੱਖ ਚੁਰਾਸੀ ਜਾਏ ਔਤਰ, ਸਾਚੀ ਰੀਤ ਨਾ ਕੋਏ ਬੰਧਾਇੰਦਾ। ਮੈਂ ਸਦਾ ਸਦਾ ਸਦ ਕੱਟਣਹਾਰਾ ਔਕੜ, ਦੁਖੀਆਂ ਦਰਦ ਦਰਦ ਵੰਡਾਇੰਦਾ। ਮੇਰਾ ਲੇਖ ਲਿਖੇ ਨਾ ਕੋਈ ਦੁਲਾਈ ਔਂਕੜ, ਹੋੜਾ ਹੋਕਾ ਦੇ ਕੇ ਸਰਬ ਸੁਣਾਇੰਦਾ। ਕੋਟਨ ਕੋਟਾਂ ਵਿਚੋਂ ਜਨ ਭਗਤ ਮੇਰੇ ਪਿਆਰ ਤਕ ਪਹੁੰਚਣ, ਬਾਕੀ ਪ੍ਰੇਮ ਨਾ ਕੋਏ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਵੰਡ ਵੰਡਾਇੰਦਾ। ਨਾਮ ਕਹੇ ਮੇਰੀ ਸੋਹਣੀ ਵੰਡ, ਹਰਿ ਕਰਤੇ ਆਪ ਬਣਾਈਆ। ਲੇਖ ਚੁਕਾ ਬ੍ਰਹਿਮੰਡ ਖੰਡ, ਪੁਰੀ ਲੋਅ ਅੰਗ ਨਾ ਕੋਏ ਲਗਾਈਆ। ਧੋਖਾ ਦੇ ਕੇ ਜੇਰਜ ਅੰਡ, ਉਤਭੁਜ ਸੇਤਜ ਆਪਣੀ ਕਾਰ ਕਮਾਈਆ। ਗੁਰ ਅਵਤਾਰ ਸੁਣਾ ਕੇ ਛੰਦ, ਪੀਰ ਪੈਗੰਬਰ ਕਰ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਕੇ ਕਲਮ ਬੰਦ, ਰਾਗਾਂ ਨਾਦਾਂ ਵਿਚ ਗਾਈਆ। ਮੇਰਾ ਅਗਲਾ ਪਿਛਲਾ ਕਿਸੇ ਨਾ ਜਾਤਾ ਪੰਧ, ਪੈਂਡਾ ਸਕੇ ਨਾ ਕੋਇ ਮੁਕਾਈਆ। ਮੇਰਾ ਸਚ ਸਤਿ ਨਾ ਸਮਝੇ ਕੋਈ ਅਨੰਦ, ਅਨੰਦ ਵਿਚ ਨਾ ਕੋਇ ਸਮਾਈਆ। ਕਿਰਪਾ ਕਰ ਪ੍ਰਭੂ ਬਖ਼ਸ਼ੰਦ, ਬਖ਼ਸ਼ਿਸ਼ ਮੇਰੀ ਝੋਲੀ ਪਾਈਆ। ਮੈਂ ਦੀਨ ਦਿਆਲ ਹੋ ਕੇ ਜੁਗ ਚੌਕੜੀ ਪਿਛੋਂ ਜਨ ਭਗਤਾਂ ਦੇਵਾਂ ਵੰਡ, ਆਪਣਾ ਹਿੱਸਾ ਥੋੜ੍ਹਾ ਥੋੜ੍ਹਾ ਵਰਤਾਈਆ। ਓਨ੍ਹਾਂ ਗੁਰਮੁਖਾਂ ਪਏ ਠੰਡ, ਅਗਨੀ ਤਤ ਨਾ ਕੋਇ ਜਲਾਈਆ। ਟੁੱਟੀ ਵਾਸਨਾ ਦੇਵਾਂ ਗੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਵਖਾਈਆ। ਨਾਮ ਕਹੇ ਮੇਰਾ ਰੂਪ ਸੋਹੰ ਸੋ, ਸੋ ਪੁਰਖ ਨਿਰੰਜਣ ਬਣਤ ਬਣਾਈਆ। ਜਨ ਭਗਤਾਂ ਸੰਗ ਕਰਾਂ ਸਦ ਮੋਹ, ਗੁਰ ਅਵਤਾਰ ਦੇਣ ਗਵਾਹੀਆ। ਧੁਰਦਾ ਲੈ ਕੇ ਢੋਆ ਢੋ, ਵਸਤ ਅਮੋਲਕ ਇਕ ਵਰਤਾਈਆ। ਅੰਮ੍ਰਿਤ ਆਤਮ ਰਸ ਚੋ, ਸਵਾਂਤੀ ਬੂੰਦ ਇਕ ਵਖਾਈਆ। ਕਰ ਪਰਕਾਸ਼ ਅੰਧੇਰੇ ਲੋ, ਸਾਚਾ ਨੂਰ ਕਰਾਂ ਰੁਸ਼ਨਾਈਆ। ਕੂੜੀ ਕਿਰਿਆ ਅੰਤ ਖੋਹ, ਸ਼ੌਹ ਦਰਿਆਏ ਦਿਆਂ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਸਮਝਾਈਆ। ਨਾਮ ਕਹੇ ਮੇਰਾ ਰੂਪ ਸੋਹੰ ਸੋਊ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਦੂਜਾ ਅਵਰ ਨਾ ਜਾਣੇ ਕੋਊ, ਭੇਵ ਅਭੇਦ ਨਾ ਕੋਏ ਖੁਲ੍ਹਾਇੰਦਾ। ਆਤਮ ਪਰਮਾਤਮ ਮੇਲਾ ਦੋਊ, ਏਕਾ ਧਾਰਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਆਪੇ ਹੋਊ, ਹੋਕਾ ਦੇ ਕੇ ਹਰਿ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਨਾਮ ਕਹੇ ਮੈਂ ਸੋਹੰ ਸਚ, ਸਚ ਦਿਆਂ ਵਡਿਆਈਆ । ਮੇਲ ਮਿਲਾ ਕੇ ਕਾਇਆ ਮਾਟੀ ਕਚ, ਕਾਚੀ ਗਗਰੀਆ ਸੋਭਾ ਪਾਈਆ। ਸਾਢੇ ਤਿੰਨ ਕਰੋੜ ਅੰਦਰ ਰਚ, ਲੂੰ ਲੂੰ ਕਰਾਂ ਰੁਸ਼ਨਾਈਆ। ਜਗਤ ਵਿਕਾਰ ਕੋਲੋਂ ਬਚ, ਸਾਚਾ ਮੰਦਰ ਦਿਆਂ ਸੁਹਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ, ਉਚ ਮਹੱਲ ਬੈਠਾ ਡੇਰਾ ਲਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਜਨ ਭਗਤ ਲਵਾਂ ਜਗਾਈਆ। ਸਾਚਾ ਮਾਰਗ ਧੁਰ ਦਾ ਦੱਸ, ਕਰਾਂ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਨਾਮ ਕਹੇ ਮੈਂ ਧੁਰ ਦੀ ਕਰਾਂ ਸੇਵਾ, ਸੇਵਕ ਰੂਪ ਵਟਾਈਆ। ਕਿਰਪਾ ਨਿਧਾਨ ਠਾਕਰ ਮੇਰਾ ਅਲਖ ਅਭੇਵਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਰੂਪ ਸੁਹਾਇਆ ਵਡ ਦੇਵੀ ਦੇਵਾ, ਦੇਵ ਆਤਮ ਵੇਖ ਵਖਾਈਆ। ਸੋ ਵਸੇ ਨਿਹਚਲ ਧਾਮ ਸਦਾ ਨਿਹਕੇਵਾ, ਨਿਹਕਰਮੀ ਕਰਮ ਕਾਂਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਨਾਮ ਕਹੇ ਮੇਰੀ ਸਾਚੀ ਸਿਖਿਆ, ਬਿਨ ਭਗਤਾਂ ਸਮਝ ਕਿਸੇ ਨਾ ਆਈਆ। ਸਾਚੇ ਸੰਤਾਂ ਉਤੇ ਕਰ ਕੇ ਰਛਿਆ, ਰਹਿਮਤ ਅਪਣੀ ਇਕ ਕਮਾਈਆ। ਗੁਰਮੁਖਾਂ ਕਾਇਆ ਮੰਦਰ ਅੰਦਰ ਦਿਸਿਆ, ਬਾਹਰ ਖੋਜਣ ਕੋਇ ਨਾ ਜਾਈਆ। ਗੁਰਸਿਖਾਂ ਵੰਡਿਆ ਸਾਚਾ ਹਿੱਸਿਆ, ਘਰ ਮਿਲਿਆ ਬੇਪਰਵਾਹੀਆ। ਲੇਖਾ ਚੁਕਿਆ ਨੌਂ ਰਸ ਫਿਕਿਆ, ਅੰਮ੍ਰਿਤ ਰਸ ਇਕ ਚਖਾਈਆ। ਜਗਤ ਹਟ ਕਿਸੇ ਨਾ ਵਿਕਿਆ, ਚੌਦਾਂ ਲੋਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੋਹਣਾ ਰੰਗ ਵਖਾਈਆ। ਨਾਮ ਕਹੇ ਮੈਂ ਰੰਗ ਰੰਗੀਲਾ, ਰੰਗ ਰਤੜਾ ਇਕ ਅਖਵਾਇੰਦਾ। ਬਿਨ ਮੇਰੇ ਪ੍ਰਭ ਮਿਲਣ ਦਾ ਨਹੀਂ ਵਸੀਲਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਫੜ ਬਾਹੋਂ ਨਾ ਕੋਇ ਮਿਲਾਇੰਦਾ। ਮੈਂ ਆਦਿ ਜੁਗਾਦੀ ਧੁਰ ਦਾ ਬਣਾਂ ਸਚ ਵਕੀਲਾ, ਅਗਲੀ ਪਿਛਲੀ ਮਿਸਲ ਵੇਖ ਵਖਾਇੰਦਾ। ਮੈਂ ਕਿਸੇ ਹੱਥ ਨਾ ਆਵਾਂ ਨਾਲ ਦਲੀਲਾਂ, ਮਨ ਮਤ ਬੁਧ ਬਾਂਹੋ ਫੜ ਕੋਲ ਨਾ ਕੋਇ ਬਹਾਇੰਦਾ। ਮੈਂ ਜੋਬਨ ਵੰਤਾ ਛੈਲ ਛਬੀਲਾ, ਮਰਦ ਮਰਦਾਨਾ ਵੇਸ ਵਟਾਇੰਦਾ। ਮੈਂ ਵਸਾਂ ਉਚ ਅਗੰਮ ਅਥਾਹ ਸਾਚੇ ਟੀਲਾ, ਚੋਟੀ ਪਰਬਤ ਚਰਨਾਂ ਹੇਠ ਦਬਾਇੰਦਾ। ਮੇਰੀ ਸਮਝ ਨਾ ਪਾਏ ਅੰਬਰ ਧਾਰ ਨੀਲਾ, ਪੁਰੀਆਂ ਲੋਆਂ ਬਾਹਰ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚਾ ਇਕ ਸੁਹਾਇੰਦਾ। ਨਾਮ ਕਹੇ ਮੇਰਾ ਖੇਲ ਸੁਹੰਜਣਾ, ਖ਼ਾਲਕ ਖ਼ਲਕ ਰਿਹਾ ਵਖਾਈਆ। ਮੇਰਾ ਮੇਲਾ ਆਦਿ ਨਿਰੰਜਣਾ, ਜੋਤ ਨਿਰੰਜਣ ਡਗਮਗਾਈਆ। ਮੇਰਾ ਦਾਤਾ ਦਰਦ ਦੁੱਖ ਭੈ ਭੰਜਨਾ, ਪਾਰਬ੍ਰਹਮ ਬੇਅੰਤ ਬੇਪਰਵਾਹ ਅਖਵਾਈਆ। ਮੈਂ ਓਸ ਦੀ ਕਿਰਪਾ ਜਨ ਭਗਤਾਂ ਬਣਾਂ ਸੱਜਣਾ, ਲੋਕਮਾਤ ਨਾਤਾ ਜੋੜ ਜੁੜਾਈਆ। ਨੇਤਰ ਪਾਵਾਂ ਆਪਣਾ ਕਜਲਾ, ਨੈਣ ਅੱਖ ਇਕ ਖੁਲ੍ਹਾਈਆ। ਅੰਮ੍ਰਿਤ ਧਾਰ ਕਰਾਵਾਂ ਮਜਨਾ, ਦੁਰਮਤ ਮੈਲ ਧਵਾਈਆ। ਸਚ ਨਗਾਰਾ ਹੋ ਕੇ ਵੱਜਣਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਨਾਮ ਕਹੇ ਮੈਂ ਸਦਾ ਬੇਅੰਤ, ਬੇਪਰਵਾਹੀ ਵਿਚ ਸਮਾਇੰਦਾ। ਖੇਲਾਂ ਖੇਲ ਜੁਗਾ ਜੁਗੰਤ, ਜੁਗ ਚੌਕੜੀ ਫੇਰਾ ਪਾਇੰਦਾ। ਜਨ ਭਗਤਾਂ ਲੱਭਾਂ ਆਦਿ ਅੰਤ, ਨਿਤ ਨਵਿਤ ਵੇਖ ਵਖਾਇੰਦਾ। ਕਰਾਂ ਪਿਆਰ ਜਿਉਂ ਨਾਰ ਕੰਤ, ਆਤਮ ਸੇਜਾ ਡੇਰਾ ਲਾਇੰਦਾ । ਸਚ ਸੰਦੇਸਾ ਮਣੀਆਂ ਮੰਤ, ਅਨਮੋਲਾ ਰਾਗ ਅਲਾਇੰਦਾ। ਦੇ ਵਡਿਆਈ ਵਿਚ ਜੀਵ ਜੰਤ, ਜਾਗਰਤ ਦਿਸ਼ਾ ਇਕ ਵਖਾਇੰਦਾ। ਮੇਰੀ ਸਮਝ ਨਾ ਪਾਏ ਕੋਈ ਵਿਦਵਾਨੀ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਮੈਨੂੰ ਲੱਭ ਲੱਭ ਥੱਕੇ ਜੇਰਜ ਅੰਡਜ, ਉਤਭੁਜ ਸੇਤਜ ਭਰਮ ਨਾ ਕੋਇ ਮਿਟਾਇੰਦਾ। ਜਦ ਮਿਲਾਂ ਗੁਰਮੁਖਾਂ ਦੀ ਸਾਚੀ ਸੰਗਤ, ਜਿਨ੍ਹਾਂ ਗੁਰਮੁਖਾਂ ਅੰਦਰ ਹਰਿ ਜੂ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਧੁਰ ਦਾ ਸੰਗ ਨਿਭਾਇੰਦਾ। ਨਾਮ ਕਹੇ ਮੈਂ ਸੱਚਾ ਸੰਗੀ, ਸੋ ਪੁਰਖ ਨਿਰੰਜਣ ਰੂਪ ਵਟਾਈਆ। ਹੰ ਬ੍ਰਹਮ ਰੰਗ ਇਕੋ ਰੰਗੀ, ਰੰਗ ਰੱਤਾ ਦਏ ਚੜ੍ਹਾਈਆ। ਮਿਲਿਆ ਮੇਲ ਵਿਚ ਵਰਭੰਡੀ, ਬ੍ਰਹਿਮੰਡੀ ਡੇਰਾ ਢਾਹੀਆ। ਦੋਹਾਂ ਮਿਲਕੇ ਸੋਹੰ ਬਣਿਆ ਛੰਦੀ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਨਾ ਹੋਏ ਜੁਦਾਈਆ। ਏਹੋ ਖੇਲ ਲਗੀ ਚੰਗੀ ਪੁਰਖ ਅਕਾਲ ਜਨ ਭਗਤਾਂ ਨਾਲ ਮਿਲ ਕੇ ਖ਼ੁਸ਼ੀ ਮਨਾਈਆ । ਖ਼ੁਸ਼ੀ ਵਿਚੋਂ ਧਾਰ ਨਿਕਲੀ ਠੰਡੀ, ਅੰਮ੍ਰਿਤ ਰਸ ਰਹੀ ਚਖਾਈਆ। ਅੰਮ੍ਰਿਤ ਰਸ ਵਿਚੋਂ ਵਾਸਨਾ ਕੋਈ ਨਾ ਆਵੇ ਗੰਦੀ, ਸਚ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਬਣਾਈਆ। ਨਾਮ ਕਹੇ ਮੈਂ ਸਚ ਦੋਸ਼ਾਲਾ, ਜਨ ਭਗਤਾਂ ਓਢਣ ਨਜ਼ਰੀ ਆਈਆ। ਏਥੇ ਓਥੇ ਬਣਾ ਰਖਵਾਲਾ, ਅੱਗੇ ਪਿਛੇ ਸੇਵ ਕਮਾਈਆ। ਨਾਤਾ ਤੋੜ ਕਾਲ ਮਹਾਂਕਾਲਾ, ਦੀਨ ਦਿਆਲ ਦਿਆਂ ਮਿਲਾਈਆ। ਲਹਿਣਾ ਚੁਕਾਵਾਂ ਤ੍ਰੈਗੁਣ ਮਾਇਆ ਜਗਤ ਜੰਜਾਲਾ, ਜੀਵਣ ਜੁਗਤ ਦਿਆਂ ਸਮਝਾਈਆ। ਆਤਮ ਪਰਮਾਤਮ ਅੰਦਰੇ ਅੰਦਰ ਪਾ ਕੇ ਮਾਲਾ, ਮਨ ਕਾ ਮਣਕਾ ਦਿਆਂ ਭਵਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸੋਹੰ ਦੱਸਿਆ ਰਾਹ ਸੁਖਾਲਾ, ਬਿਨ ਪੜ੍ਹਿਆਂ ਪਾਰ ਲੰਘਾਈਆ। ਏਥੇ ਓਥੇ ਲੇਖਾ ਚੁਕੇ ਸ਼ਾਹ ਕੰਗਾਲਾ, ਊਚ ਨੀਚ ਇਕੋ ਰੰਗ ਸਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਦੇਂਦੇ ਰਹੇ ਹਵਾਲਾ, ਸੋ ਅਹਿਵਾਲ ਵੇਖਣ ਆਪੇ ਆਈਆ। ਜਨ ਭਗਤ ਗੁਰਮੁਖ ਗੁਰ ਧਾਰ ਵਿਚੋਂ ਭਾਲਾ, ਸੰਸਾਰ ਵਿਚੋਂ ਖੋਜ ਖੋਜਾਈਆ। ਸਭ ਤੋਂ ਚੰਗਾ ਸਭ ਤੋਂ ਅੱਛਾ ਲੱਖ ਚੁਰਾਸੀ ਨਾਪਣ ਵਾਲਾ ਆਲਾ, ਨਾਮ ਰੂਪ ਵਟਾਈਆ। ਜਿਸ ਦਾ ਜਗਤ ਵਿਦਿਆ ਵਿਚ ਨਾ ਕੋਇ ਨਿਸ਼ਾਨਾ, ਸਮਝ ਸੋਚ ਸਕੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਸਮਝਾਈਆ। ਨਾਮ ਕਹੇ ਮੈਂ ਭਗਤਾਂ ਜੋਗਾ, ਭਗਵਨ ਮੇਰੀ ਬਣਤ ਬਣਾਈਆ। ਸਦ ਵਸਾਂ ਓਹਲੇ ਕਾਇਆ ਚੋਗਾ, ਆਪਣਾ ਮੁਖ ਛੁਪਾਈਆ। ਭਰਮ ਭੁਲੇਖਾ ਦੇ ਕੇ ਸ੍ਰਿਸ਼ਟ ਸਬਾਈ ਲੋਕਾਂ, ਲੁਕਵੀਂ ਖੇਲ ਰਚਾਈਆ। ਜੁਗ ਚੌਕੜੀ ਆਪਣੇ ਹੁਕਮ ਦਾ ਦੇ ਕੇ ਹੋਕਾ, ਕਰਾਂ ਸਤਿ ਪੜ੍ਹਾਈਆ। ਗੁਰਮੁਖਾਂ ਬਖ਼ਸ਼ਿਸ਼ ਕਰਕੇ ਸਾਚਾ ਮੌਕਾ, ਲੱਖ ਚੁਰਾਸੀ ਵਿਚੋਂ ਮੁਖੀਏ ਦੇਵਾਂ ਉਪਜਾਈਆ। ਬੇਸ਼ਕ ਘਟ ਘਟ ਕਹਿੰਦੇ ਜਗਦੀਆਂ ਜੋਤਾਂ, ਬਿਨ ਸਤਿਗੁਰ ਜੋਤ ਹੋਵੇ ਨਾ ਕਿਤੇ ਰੁਸ਼ਨਾਈਆ। ਕਲਜੁਗ ਅੰਤ ਜਨ ਭਗਤਾਂ ਦਿਤਾ ਨਾਮ ਨਿਧਾਨ ਗਿਆਨ ਸਭ ਤੋਂ ਸੌਖਾ, ਸੋਹੰ ਕਰੀ ਸਚ ਪੜ੍ਹਾਈਆ। ਗੁਰਮੁਖਾਂ ਪੈਰ ਚੁੰਮਦੀ ਫਿਰੇ ਮੁਕਤੀ ਮੋਖਾ, ਮੋਕਸ਼ ਬੈਠੀ ਸੀਸ ਨਿਵਾਈਆ। ਜਿਨ੍ਹਾਂ ਪਾਰਬ੍ਰਹਮ ਪ੍ਰਭ ਬਖ਼ਸ਼ੀ ਆਪਣੀ ਓਟਾ, ਸ਼ਬਦ ਨਾਮ ਪੱਟੀ ਇਕ ਸਮਝਾਈਆ। ਸੋ ਗੁਰਸਿਖ ਕਦੇ ਨਾ ਹੋਵੇ ਖੋਟਾ, ਖੋਟਿਆਂ ਵਿਚੋਂ ਖਰਾ, ਖਰਿਆਂ ਵਿਚੋਂ ਪਾਰਸ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਗਾਹਬਾਨ ਹੋ ਕੇ ਹਰਿਜਨ ਰਿਹਾ ਤਰਾਈਆ।