ਮਾਈ ਗੁਲਾਬੀ ਤੇ ਉਸ ਦੇ ਪਰਵਾਰ ਦੀ ਸਾਖੀ
ਸੰਤਨੀ (ਮਾਈ ਗੁਲਾਬੀ) ਦਾ ਸੱਚੇ ਪਿਤਾ ਦੇ ਚਰਨਾਂ ਵਿਚ ਬੜਾ ਪ੍ਰੇਮ ਰਹਿੰਦਾ ਸੀ । ਮਾਇਆ ਵੀ ਸੰਤਨੀ
ਕੋਲ ਬਹੁਤ ਸੀ । ਮਾਇਆ ਕਰ ਕੇ ਮਨ ਭੌਂਦੀ ਸੇਵਾ ਪਾਤਸ਼ਾਹ ਤੇ ਸਿਖਾਂ ਦੀ ਕਰਦੀ ਸੀ । ਸੰਤ ਮਨੀ ਸਿੰਘ ਵੀ ਲਿਖਾਈ ਬਹੁਤੀ ਰਾਮਪੁਰੇ ਸੰਤਨੀ ਕੋਲ ਕਰਦੇ ਸਨ । ਮਾਈ ਸੰਤਨੀ ਦੇ ਦੋ ਪੁੱਤਰ ਸਨ । ਇਕ ਦਾ ਨਾਮ ਬੁਧ ਦਾਸ ਤੇ ਇਕ ਦਾ ਨਾਮ ਸੁਧ ਦਾਸ । ਓਹ ਗੈਰਤ ਕਰਨ ਲਗ ਪਏ ਕਿ ਸਾਰਾ ਪੈਸਾ ਸੰਤ ਨੂੰ ਖੁਵਾਈ ਜਾਂਦੀ ਹੈ । ਸੰਤਨੀ ਦਾ ਮਾਲਕ ਪ੍ਰਾਗਦਾਸ ਸਾਧੂ ਹੁੰਦਾ ਸੀ । ਓਹ ਗੁਜਰ ਗਿਆ ਸੀ । ਉਸ ਦੇ ਪੁੱਤਰ ਐਸੇ ਪਾਪੀ ਸਨ ਕਿ ਓਨਾਂ ਗਲ ਘੁਟ ਕੇ ਮਾਈ ਗੁਲਾਬੀ ਨੂੰ ਮਾਰ ਦਿਤਾ । ਜਿਸ ਮਾਇਆ ਤੋਂ ਲੜ ਕੇ ਓਨ੍ਹਾਂ ਆਪ ਦੀ ਮਾਤਾ ਨੂੰ ਮਾਰਿਆ ਸੀ ਓਸੇ ਮਾਇਆ ਨੇ ਫੇਰ ਡੰਗ ਮਾਰੇ । ਸੁਧ ਦਾਸ ਨੂੰ ਬੁਧ ਦਾਸ ਨੇ ਮਾਰ ਦਿਤਾ । ਬੁਧ ਦਾਸ ਨੂੰ ਅਦਾਲਤ ਨੇ ਫਾਹੇ ਲਾ ਦਿਤਾ । ਓਹੋ ਮਾਇਆ ਭਰਾਵਾਂ ਨੂੰ ਸੱਪ ਵਾਗੂੰ ਲੜ ਗਈ ਹੈ । ਜੇਹੜੀਆਂ ਓਨ੍ਹਾਂ ਦੀ ਘਰੀਂ ਸਾਧਨੀਆਂ ਸਨ, ਓਹ ਜ਼ਿਮੀਦਾਰਾਂ ਦੇ ਘਰੀਂ ਜਾ ਬੈਠੀਆਂ ਹਨ । ਓਸ ਗੁਰਦਵਾਰੇ ਵਿਚ ਸੰਤਨੀ ਦੇ ਮਾਰਨ ਦਾ ਪਾਪ ਕਰਕੇ ਉਜਾੜ ਹੋ ਗਈ । ਸੰਗਤਾਂ ਦਾ ਪ੍ਰੇਮ ਕਰ ਕੇ ਏਹ ਮਹਿੰਮਾ ਸੱਚੇ ਪਿਤਾ ਦੀ ਲਿਖੀ ਜਾ ਰਹੀ ਹੈ । ਪਾਤਸ਼ਾਹ ਤੇ ਸੰਗਤ ਦੀ ਮਿਹਰ ਨਾਲ ।