23 – ਰਾਮਪੁਰੇ ਦੇ ਬੁੱਢਾ ਸਿੰਘ ਸਿਖ ਦਾ ਪ੍ਰੇਮ ਤੇ ਦੇਹ ਛੱਡਣਾ – JANAMSAKHI 23

ਰਾਮਪੁਰੇ ਦੇ ਬੁੱਢਾ ਸਿੰਘ ਸਿਖ ਦਾ ਪ੍ਰੇਮ ਤੇ ਦੇਹ ਛੱਡਣਾ 

 ਰਾਮਪੁਰੇ ਦਾ  ਬੁੱਢਾ ਜ਼ਿਮੀਦਾਰ ਸੀ  ।  ਬੋਲੀ ਵਿਚ ਬੜਾ ਹਸੀਲਾ

ਰਸੀਲਾ ਸੀ । ਘਰ ਵਿਚ  ਬੜੀ  ਗਰੀਬੀ ਸੀ । ਮਨ ਭੌਂਦੀ ਸੇਵਾ ਨਹੀਂ ਸੀ ਕਰ ਸਕਦਾ ।  ਸੱਚੇ  ਪਾਤਸ਼ਾਹ ਰਾਮ ਪੁਰੇ ਬੁੱਢਾ ਸਿੰਘ ਦੇ ਘਰ  ਚਲੇ  ਗਏ ਹਨ । ਕੱਤੇ ਦਾ ਮਹੀਨਾ ਸੀ । ਪੈਲੀ ਉਸ  ਦੀ  ਵਤ ਆਈ ਸੀ । ਕਿਸੇ ਕੋਲੋਂ ਉਧਾਰਾ ਪੈਲੀ ਵਿਚ ਬੀਅ ਪੌਣ ਵਾਸਤੇ ਕਣਕ ਦਾ ਆਂਦਾ ਹੈ  ।  ਗਲੀ ਵਿਚ ਬੀਅ ਚੁਕ ਕੇ ਤੁਰਿਆ ਜਾਂਦਾ ਹੈ  ਅਗੇ ਪਾਤਸ਼ਾਹ  ਸਿਖਾਂ ਸਮੇਤ  ਮਿਲ ਪਏ ਹਨ ਜੀ । ਬੀਅ ਗਲੀ ਵਿਚ ਰੱਖ ਕੇ  ਸੱਚੇ  ਪਿਤਾ  ਦੀ  ਚਰਨੀ ਢੈਹ ਕੇ ਪੈ ਗਿਆ ਹੈ । ਸਾਰੇ ਸਿਖਾਂ ਦਾ ਧੰਨਵਾਦ ਕੀਤਾ ਹੈ ।  ਦਰਸ਼ਨ ਕਰਕੇ ਐਨਾ ਖ਼ੁਸ਼ ਹੈ  ਕਿ ਧੰਨ ਦਿਹਾੜਾ ਅੱਜ ਹੈ  ਸੱਚੇ  ਪਿਤਾ ਦੇ ਦਰਸ਼ਨ  ਹੋਏ  ਹਨ ਜੀ ।  ਗਰੀਬ  ਦੀ  ਗ਼ਮੀ ਚਿੰਤਾ ਸਾਰੀ ਉਡ ਗਈ ਹੈ ।  ਜਿਸ ਤਰ੍ਹਾਂ ਸੌਣ ਦੇ ਮਹੀਨੇ ਘਟਾਂ ਵੇਖ ਕੇ ਮੋਰ ਖ਼ੁਸ਼ ਹੁੰਦਾ ਹੈ  ਤੇ ਚੰਦਰਮਾ ਨੂੰ ਵੇਖ ਕੇ  ਚਕੋਰ ਖ਼ੁਸ਼ ਹੁੰਦਾ ਹੈ  ਏਸ  ਤਰ੍ਹਾਂ  ਮੇਰੇ ਅੰਤਰਜਾਮੀ ਦੀਨ ਦਿਆਲ ਦੇ ਦਰਸ਼ਨ ਕਰ ਕੇ  ਸਿਖ ਖ਼ੁਸ਼ ਹੋਇਆ ਹੈ ।  ਅੱਗੇ  ਅੱਗੇ ਲਗ ਕੇ ਸੰਗਤਾਂ ਸਮੇਤ  ਪਾਤਸ਼ਾਹ ਨੂੰ ਘਰ  ਲੈ  ਗਿਆ ਹੈ ਤੇ ਪਲੰਘ  ਡਾਹ ਕੇ ਪਾਤਸ਼ਾਹ ਨੂੰ ਉਤੇ ਬਿਠਾ ਦਿਤਾ ਹੈ । ਸਿਖਾਂ ਦਾ   ਬੜਾ   ਆਦਰ ਮਾਨ ਕੀਤਾ ਗਿਆ, ਮਹਾਰਾਜ ਹੋਰਾਂ ਨੂੰ ਤੇ ਸੰਗਤਾਂ ਨੂੰ ਘਰ ਬਹਾ ਕੇ ਓਹੋ ਬੀਅ ਵਾਲੀ ਕਣਕ  ਦੀ  ਪੰਡ  ਲੈ  ਕੇ ਹੱਟੀ ਚਲਾ ਗਿਆ ਹੈ । ਰਸਤ ਲਿਆ ਕੇ ਪਾਤਸ਼ਾਹ ਦਾ ਭੋਜਨ ਤਿਆਰ ਕੀਤਾ ਹੈ ।  ਬੜੀ  ਖ਼ੁਸ਼ੀ ਵਿਚ ਸ਼ਬਦ ਪੜ੍ਹਦਾ ਹੈ  ਕਿ  ਅੱਜ ਕੀੜੀ ਦੇ ਘਰ ਨਰੈਣ ਆਏ ਹਨ ਜੀ  ।  ਓਸ ਵਕਤ ਸਿਖ ਦੇ ਪ੍ਰੇਮ  ਦੀ   ਉਸਤਤ ਨਹੀਂ ਕੀਤੀ ਜਾਂਦੀ, ਐਨੀਆਂ ਖੁਸ਼ੀਆਂ ਚੜ੍ਹੀਆਂ ਹਨ ਜੀ ।  ਜੇਹੜੀ ਸਿਖ ਦੇ ਘਰੋਂ ਸਿਖਣੀ ਸੀ ਓਹ ਓਸ ਵਕਤ ਸੜ ਬਲ ਕੇ ਕੋਲਾ ਹੋ  ਗਈ ਹੈ ਜੀ । ਨਾਲੇ ਅੰਨ ਪਾਣੀ ਕਰਦੀ ਫਿਰਦੀ ਹੈ ਨਾਲੇ ਸੜੂੰ  ਬਲੂੰ ਕਰਦੀ ਹੈ ਜੀ ।  ਜੇਹੜਾ  ਕੰਮ ਸਿਖ ਦੱਸਦਾ ਹੈ ਓਹ ਮੰਨਦੀ ਨਹੀਂ ਜੀ ।  ਏਸ  ਤਰ੍ਹਾਂ ਕਰਦੀ  ਨੇ  ਪਾਤਸ਼ਾਹ ਦਾ ਪਰਸ਼ਾਦ ਤਿਆਰ ਕੀਤਾ ਹੈ ਜੀ । ਸਿਖ  ਨੇ  ਆਣ ਕੇ ਨਿਗਾਹ ਕੀਤੀ । ਪਰਸ਼ਾਦ ਪ੍ਰੇਮ ਨਾਲ ਨਹੀਂ ਹੋਇਆ । ਹੌਲੀ ਜਹੀ ਆਂਦਾ, ਭਲੀਏ ਲੋਕੇ, ਤੂੰ  ਅੰਨ ਪਾਣੀ ਪ੍ਰੇਮ ਨਾਲ ਨਹੀਂ ਕੀਤਾ ਦਾਲ ਬਹੁਤ ਪਤਲੀ ਹੈ ।  ਓਹ ਆਂਦੀ ਹੈ  ਮੇਰੇ ਸਿਰ ਵਿਚ ਪਾਂਦੇ,  ਦਾਲ ਪਤਲੀ ਆ । ਸਿਖ  ਨੇ  ਓਸ ਵਕਤ  ਸਤਿ ਬਚਨ  ਮੰਨ ਕੇ  ਦਾਨ ਸਿਰ ਵਿਚ ਤੱਤੀ ਤੱਤੀ ਪਾ ਦਿਤੀ ਹੈ ।  ਓਹ ਓਸੇ ਵਕਤ ਪਿਟਣ ਤੇ ਰੋਣ ਲਗ ਪਈ ਹੈ ਜੀ ।  ਸਿਖ ਆਖਣ ਲੱਗੇ ਬੁੱਢਾ ਸਿੰਘ ਬੜਾ ਮਾੜਾ ਕੀਤਾ ਹੈ । ਬੇਬੇ ਨੂੰ ਸਾੜ ਦਿਤਾ ਹੈ । ਓਹ ਆਂਦਾ ਹੈ,  ਸੱਚੇ  ਪਾਤਸ਼ਾਹ ਅਸਾਂ ਸਤਿ ਬਚਨ  ਮੰਨਣਾ  ਹੈ । ਮੈਂ ਆਖਿਆ ਸੀ ਦਾਲ ਪਤਲੀ ਹੈ  ਤੇ ਏਨ ਆਖਿਆ ਮੇਰੇ ਸਿਰ ਵਿਚ ਪਾ ਦੇ  ਅਸਾਂ ਪਾ ਦਿਤੀ । ਓਸ ਵਕਤ ਹੋਰ ਭਾਜੀਆਂ ਤਿਆਰ ਓਨ੍ਹਾਂ ਕਰਕੇ ਨਾਲ ਪਾਤਸ਼ਾਹ ਨੂੰ ਪਰਸ਼ਾਦ ਛਕਾਇਆ ਗਿਆ ਹੈ ਜੀ । ਪਰਸ਼ਾਦ ਛਕਾ ਕੇ ਪੁਜ ਆਈ ਮਾਇਆ  ਦੀ  ਸੇਵਾ ਕੀਤੀ ਹੈ ।  ਨਾਲੇ ਪਾਤਸ਼ਾਹ ਦੀਆਂ ਪਰਕਰਮਾਂ ਕਰਦਾ ਹੈ,  ਨਾਲੇ ਧੰਨ ਧੰਨ ਕਰਦਾ ਹੈ । ਸਿਖ ਆਂਦੇ ਹਨ, ਬੁੱਢਾ ਸਿੰਘ ਪੈਲੀ ਨਾਂ ਸੁੱਕ ਜਾਂਦੀ ਹੋਵੇ  ।  ਹੱਥ ਜੋੜ ਕੇ ਬੇਨੰਤੀ ਕਰਦਾ ਹੈ  ਕਿ  ਮੈਂ  ਤਾਂ  ਜੁਗਾਂ ਜੁਗੰਤਰ ਅੱਜ  ਦੀ  ਪੈਲੀ ਬੀਜੀ ਹੋਈ ਖਾਣੀ ਹੈ । ਆਂਦਾ ਹੈ ਸਿਖੋ ਏਹ  ਵੱਤ ਤਾਂ  ਅੱਗੇ  ਮੈਨੂੰ ਸਾਰੀ ਜਿੰਦਗੀ ਵਿਚ ਨਹੀਂ ਲੱਭਾ, ਜੇਹੜਾ  ਅੱਜ ਦਿਹਾੜਾ ਹੈ, ਧੰਨ ਹੈ ।  ਸੱਚੇ  ਪਿਤਾ ਅੰਤਰਜਾਮੀ ਦਿਲ ਦੀਆਂ ਜਾਨਣ ਵਾਲੇ ਦੇ  ਤੇ ਪਵਿੱਤਰ ਉਚੀ ਸੁੱਚੀ ਸੰਗਤ ਦੇ ਦਰਸ਼ਨ  ਹੋਏ  ਹਨ ਜੀ ।  ਸੱਚੇ  ਪਾਤਸ਼ਾਹ ਫੇਰ ਪਰਸ਼ਾਦ ਵਰਤਾ ਕੇ ਸਿਖ ਨੂੰ ਦੇ ਕੇ ਆ ਜਾਂਦੇ ਹਨ ।  ਸੱਚੇ  ਪਾਤਸ਼ਾਹ ਨੂੰ ਤੋਰਨ ਆਇਆ ਹੈ ਤੇ ਪਿਛਾਂਹ ਮੁੜਨ ਨੂੰ ਦਿਲ ਨਹੀਂ ਕੀਤਾ । ਤਿੰਨ ਮੀਲ ਪੈਂਡਾ ਘਵਿੰਡ ਤਕ ਨਾਲ ਹੀ ਆ ਗਿਆ ਹੈ । ਘਵਿੰਡ ਖ਼ੁਸ਼ੀ  ਲੈ  ਕੇ ਰਾਮ ਪੁਰੇ ਗਿਆ ਹੈ |

     ਕੋਈ ਦਿਨ ਪਾ ਕੇ  ਬੁੱਢਾ ਸਿੰਘ ਦਾ ਪੁੱਤਰ ਬਿਮਾਰ ਹੋ ਜਾਂਦਾ ਹੈ । ਐਸਾ ਬਿਮਾਰ ਹੈ  ਕਿ  ਸਰੀਰ ਦਾ ਕੋਈ ਪਤਾ ਨਹੀਂ, ਘੜੀ ਹੈ  ਕਿ  ਪਲ ਹੈ । ਨਗਰ ਦੇ ਲੋਕ ਬੜੇ ਵੇਖਣ ਵਾਲੇ ਆਂਦੇ ਹਨ  ਕਿ  ਬੁੱਢਾ ਸਿੰਘ ਦਾ ਪੁੱਤ ਬਹੁਤ ਔਖਾ ਹੈ । ਅੱਗ ਸਾਕ ਵੀ ਬੀਮਾਰ ਸੁਣਕੇ ਆਏ ਹਨ । ਬੁੱਢਾ ਸਿੰਘ  ਬਚਨ ਕਰਦਾ ਹੈ   ਕਿ  ਪਾਤਸ਼ਾਹ ਦਾ ਭਾਣਾ ਕੋਈ ਮੇਟ ਨਹੀਂ ਸਕਦਾ, ਜੋ  ਹੋਣਾ ਹੈ  ਹੋ  ਕੇ ਰਹਿਣਾ ਹੈ । ਓਸ ਵਕਤ ਬੁੱਢਾ ਸਿੰਘ  ਦੀ  ਜਨਾਨੀ ਮੇਹਣੇ ਮਾਰਦੀ ਹੈ  ਕਿ  ਅੱਜ ਮੈਂ ਤੇਰਾਂ ਮਹਾਰਾਜ ਵੇਖ ਲਵਾਂਗੀ, ਜੇ ਮੇਰੇ ਪੁੱਤ ਨੂੰ ਬਚਾਵੇਗਾ । ਅੱਗੋਂ ਬੁੱਢਾ ਸਿੰਘ ਆਂਦਾ ਹੈ ਮਾੜਿਆਂ ਭਾਗਾਂ ਵਾਲੀਏ ਮੇਰੇ ਤੇ ਪ੍ਰੀ ਪੂਰਨ ਸੋਲਾਂ ਕਲਾ ਸੰਪੂਰਨ ਤ੍ਰਿਲੋਕੀ ਨਾਥ  ਸੱਚੇ  ਪਿਤਾ ਹਨ ।  ਤੂੰ  ਜੇਹੜਾ ਬੋਲ ਕੱਢਿਆ ਹੈ ਮੈਥੋਂ ਸਹਾਰਾ ਨਹੀਂ ਜਾਂਦਾ  ।  ਸੰਸਾਰ ਤੇ ਜੰਮਣ ਮਰਨ ਤਾਂ  ਜਰੂਰ ਬਣਿਆ ਹੈ ਮੈਂ ਕਿਸ ਤਰ੍ਹਾਂ  ਸੱਚੇ  ਪਿਤਾ ਨੂੰ ਆਖਾਂ ਏਸ  ਭਾਣੇ ਨੂੰ ਡੱਕ ਦਿਓ  ।  ਓਸ ਵਕਤ ਸਿਖਣੀ  ਨੇ  ਹੋਰ ਵੀ  ਦੋ  ਚਾਰ  ਬਚਨ  ਕਠੋਰ ਬੋਲੇ ਹਨ ।  ਓਸ ਵੇਲੇ ਕਰੋਧ ਨਾਲ ਸਿਖ ਉਠ ਕੇ  ਘੜੇ ਵਿਚੋਂ ਜਲ   ਲੈ  ਕੇ  ਅਸ਼ਨਾਨ ਕਰਨ ਲਗ ਪਿਆ ਹੈ । ਅਸ਼ਨਾਨ ਕਰਕੇ ਚਾਦਰ ਤਾਣਕੇ ਲੰਮਾ ਪੈ ਗਿਆ ਹੈ ਤੇ  ਬਚਨ  ਕਰਦਾ ਹੈ  ਕਿ  ਨਿਭਾਗੀਏ ਤੂੰ  ਮੇਹਣੇ ਨਾ ਮਾਰ ।  ਪਾਤਸ਼ਾਹ ਅੱਗੇ  ਬੇਨੰਤੀ ਕਰਕੇ ਮੈਂ ਸਰੀਰ ਛਡ ਦੇਂਦਾ ਹਾਂ ਤੇ ਤੇਰਾਂ ਪੁਤ ਰਾਜੀ  ਹੋ  ਜਾਵੇਗਾ । ਕਲਜੁਗ ਦੇ ਜੀ ਮਾੜਿਆਂ ਭਾਗਾਂ ਵਾਲੇ ਹੱਥਾਂ ਤੇ ਸਰੋਂ ਜੰਮੌਂਦੇ ਨੇ ।   ਸੱਚੇ  ਪਿਤਾ ਬੁਢਾ ਸਿੰਘ ਸਿਖ  ਦੀ  ਬੇਨੰਤੀ ਪਰਵਾਨ ਕਰ ਲਈ । ਬੁਢਾ ਸਿੰਘ ਦਾ ਸਰੀਰ ਛੁਟ ਗਿਆ ਉਸ ਦਾ ਪੁੱਤਰ ਰਾਜੀ  ਹੋ  ਗਿਆ । ਸਿਖ ਕੋਲੋਂ ਪਾਤਸ਼ਾਹ ਨੂੰ ਮੇਹਣੇ ਵੱਜਦੇ ਸਹਾਰੇ ਨਹੀਂ ਗਏ ਤੇ ਸਰੀਰ ਛੱਡ ਦਿਤਾ ਹੈ ।  ਫੇਰ ਘਰ ਦਿਆਂ ਤੇ ਹੋਰ ਲੋਕਾਂ ਰਲ ਕੇ ਸਸਕਾਰ ਕਰ ਦਿਤਾ ਗਿਆ ਹੈ ਜੀ ।   ਸੱਚੇ  ਪਾਤਸ਼ਾਹ ਦੇ ਸਿਖ  ਹੋ  ਕੇ ਕੋਈ ਖੋਟਾ ਬਚਨ  ਨਹੀਂ ਕੱਢਣਾ  ਚਾਹੀਦਾ । ਹਰ ਵਕਤ  ਸੱਚੇ  ਪਿਤਾ ਦੀਨ ਦਿਆਲ ਕੋਲੋਂ ਮਿਹਰ ਮੰਗਣ  ਦੀ  ਲੋੜ ਹੈ ਜੀ । ।