24 – ਸੱਚੇ ਪਾਤਸ਼ਾਹ ਦੀ ਭੈਣ ਬੇਬੇ ਠਾਕਰੀ – JANAMSAKHI 24

ਸੱਚੇ  ਪਾਤਸ਼ਾਹ  ਦੀ  ਭੈਣ ਬੇਬੇ ਠਾਕਰੀ 

     ਅੱਗੇ ਸਾਖੀ ਹੋਰ ਚਲੀ ਹੈ  ।   ਸੱਚੇ  ਪਿਤਾ ਦਿਆਲੂ ਕਿਰਪਾਲੂ ਦੀ

 ਵੱਡੀ ਭੈਣ ਠਾਕਰੀ  ਸੀ ।  ਓਹ ਗਾਗੇ ਪਿੰਡ ਵਿਆਹੀ ਹੋਈ ਸੀ  ।  ਪ੍ਰੇਮ ਪਾਤਸ਼ਾਹ ਦਾ ਬਹੁਤ ਕਰਦੀ ਸੀ ਪਰ ਫੇਰ ਵੀ ਘਰ ਵਿਚ ਅਵਤਾਰ  ਦੀ  ਸਾਰ ਨਹੀਂ ਪਾਈ ਜਾਂਦੀ ਜੀ ।  ਉਸ ਦੇ ਘਰ ਪੁੱਤਰ ਸੀ  ਦੋ  ਢਾਈ ਸਾਲ ਦਾ । ਉਸ ਨੂੰ  ਲੈ  ਕੇ ਆਪਣੇ ਪੇਕੇ ਘਵਿੰਡ ਪਿੰਡ ਆਈ ਹੋਈ ਹੈ  ਪਾਤਸ਼ਾਹ ਕੋਲ । ਉਸ ਵਕਤ ਬੱਚਿਆਂ ਨੂੰ ਸਿਰ ਗੁੰਦ ਕੇ ਛੱਬੇ ਬਹੁਤ ਲੋਕੀ ਪੌਂਦੇ ਸਨ ।   ਸੱਚੇ  ਪਾਤਸ਼ਾਹ  ਨੇ   ਆਪਣੀ ਭੈਣ ਨੂੰ  ਛੱਬਾ ਬਣਵਾ ਕੇ ਦਿੱਤਾ  ਤੇ  ਬਚਨ  ਕੀਤਾ ਠਾਕਰੀਏ ਜਿਦਣ ਅਸੀਂ ਆਖਾਂਗੇ  ਓਸ ਦਿਨ ਕਾਕੇ ਦੇ ਸਿਰ ਪਾਵੀਂ ।  ਸੱਚੇ  ਪਾਤਸ਼ਾਹ  ਏਹ   ਬਚਨ  ਕਰਕੇ ਬਾਹਰ  ਚਲੇ  ਗਏ ਹਨ ।  ਬੀਬੀ ਠਾਕਰੀ  ਓਸੇ ਵਕਤ ਬੱਚੇ ਨੂੰ ਨੁਹਾ ਕੇ ਸਿਰ ਗੁੰਦਣ ਲਗ ਪਈ ਹੈ । ਮੁੰਡਾ ਓਸ ਵਕਤ ਬਹੁਤ ਰੋਂਦਾ ਹੈ । ਲੱਤਾਂ ਵਿਚ ਘੁਟ ਕੇ ਦਬਾ ਦਬ ਮੀਡੀਆਂ ਗੁੰਦ ਰਹੀ ਹੈ ਜੀ । ਜਿਸ ਵਕਤ ਬੱਚਾ ਹਿਲਦਾ ਹੈ ਓਸ ਵਕਤ  ਦੋ  ਚਾਰ ਧੱਫੇ ਵੀ ਮਾਰੇ ਹਨ ।  ਓਨੇ ਚਿਰ ਨੂੰ  ਸੱਚੇ  ਪਿਤਾ ਜਾਣੀ ਅੰਤਰਜਾਮੀ ਬਾਹਰੋਂ ਆ ਗਏ ਹਨ ਤੇ  ਬਚਨ  ਕਰਦੇ ਹਨ, ਠਾਕਰੀਏ ਅਸਾਂ ਆਖਿਆ ਸੀ ਜਿਦਣ ਅਸੀਂ ਆਖਾਂਗੇ ਓਦਣ ਪਾਵੀਂ ਤੂੰ  ਹੁਣੇ ਲਗ ਪਈ  ਹੈਂ  ।  ਪਾਤਸ਼ਾਹ ਨੂੰ ਵੇਖ ਕੇ ਕਾਕੇ ਸਗੋਂ ਜਿਆਦਾ ਰੌਲਾ ਪਾਇਆ ਹੈ  ਕਿ  ਪਾਤਸ਼ਾਹ ਮੈਨੂੰ ਛੁੜਾ ਲੈਣਗੇ । ਪਾਤਸ਼ਾਹ ਕੋਲੋਂ ਰੋਂਦਾ ਵੇਖ ਕੇ ਸਹਾਰਿਆ ਨਹੀਂ ਗਿਆ । ਕਾਕੇ ਨੂੰ ਗੋਦ ਵਿਚ ਬੈਠੇ ਨੂੰ ਦੋਵਾਂ ਬਾਹਾਂ ਤੋਂ ਫੜ ਕੇ ਆਖਦੇ ਹਨ ।  ਠਾਕਰੀਏ ਛੱਡਦੇ ਰੁਵਾ ਨਾ, ਫੇਰ ਸਿਰ ਕਰ ਲਵਾਂਗੇ । ਓਸ ਵਕਤ ਠਾਕਰੀ  ਪਾਤਸ਼ਾਹ ਨੂੰ ਭੱਜ ਕੇ ਪਈ, ਤੁਹਾਨੂੰ ਕੀ ਮਹਾਰਾਜ ਜੀ ਏਨ੍ਹਾਂ ਗੱਲਾਂ ਨਾਲ, ਕਿਤੇ ਨਹੀਂ ਏਹਦਾ ਕੁਛ ਵਿਗੜ ਚਲਿਆ ।  ਤੁਸਾਂ   ਸਗੋਂ ਏਨੂੰ ਵਿਗਾੜ ਛੱਡਿਆ ਹੈ ।  ਮੇਰਾ ਮੁੰਡਾ ਹੈ ਤੁਹਾਨੂੰ ਕੀ ।  ਰੋਂਦਾ ਤੇ ਰੋਣ ਦਿਓ । ਏਨੇ ਬਚਨ  ਕਰ ਕੇ ਪਾਤਸ਼ਾਹ ਦੇ ਹੱਥੋਂ ਮੁੰਡਾ ਖੋਹ ਲਿਆ ਹੈ ਜੀ । ਪਾਤਸ਼ਾਹ ਓਸ ਵਕਤ ਗੁੱਸੇ ਨਾਲ  ਬਚਨ  ਕੀਤਾ ।  ਚੰਗਾ ਹੁਣ  ਤਾਂ  ਮੁੰਡਾ ਰੋਂਦਾ ਹੈ ਤੇ ਘੜੀ ਪਲ ਤਾਈਂ  ਤੂੰ  ਰੋਵੇਂਗੀ ।  ਪਾਤਸ਼ਾਹ ਦਾ ਕਰੋਧ ਨਾਲ  ਬਚਨ  ਕੀਤਾ ਓਸ ਬੱਚੇ ਨੂੰ ਕਾਲੇ ਨਾਗ ਵਾਗੂੰ ਲੜ ਗਿਆ ਹੈ । ਏਨ੍ਹਾਂ  ਬਚਨ  ਕਰਕੇ ਪਾਤਸ਼ਾਹ ਬਾਹਰ  ਚਲੇ  ਗਏ ਹਨ  ।  ਠਾਕਰੀ  ਭਰਾ ਵਾਲਾ ਸਾਕ ਜਾਣ ਕੇ ਪਾਤਸ਼ਾਹ ਦੇ ਹੱਥ ਛਿਣਕ ਦਿਤੇ ਹਨ ਜੀ ।  ਜੇ ਪਰਮੇਸ਼ਵਰ ਕਰ ਕੇ ਸਾਰ ਹੁੰਦੀ ਤੇ ਗਲ ਵਿਚ ਪੱਲਾ ਪਾ ਕੇ ਢੈਹ ਕੇ ਚਰਨੀ ਪੈ ਜਾਂਦੀ ਤੇ ਭੁੱਲਾਂ ਬਖ਼ਸ਼ਾਂ ਲੈਂਦੀ । ਬੱਚਾ ਰੋਣੋਂ ਚੁਪ ਕਰ ਗਿਆ ਹੈ ਅੱਖਾਂ ਮੀਟ ਲਈਆਂ  ਤੇ ਗੋਡੇ ਤੇ ਧੌਣ ਸੁਟ  ਦਿਤੀ । ਠਾਕਰੀ  ਦੇ ਦਿਲ ਵਿਚ ਕਿ ਸੌਂ ਗਿਆ ਹੈ  ।  ਦਬਾ ਦਬ ਸਿਰ ਕਰੀ ਜਾਂਦੀ ਹੈ । ਛੇਤੀ ਛੇਤੀ ਸਿਰ ਕਰ ਰਹੀ ਹੈ ਕਿ ਹੁਣ ਸੁੱਤਾ ਹੈ ਫੇਰ ਜਾਗ ਪਿਆ ਤੇ ਰੋਵੇਗਾ ।  ਸਿਰ ਕਰਕੇ  ਤੇ ਫੇਰ ਸੁੱਤੇ ਪਏ ਨੂੰ  ਮੋਢੇ ਲਾ ਲਿਆ ਹੈ ਤੇ ਖ਼ੁਸ਼ੀ ਨਾਲ  ਤਾਈਆਂ ਚਾਚੀਆਂ ਨੂੰ ਵਖੌਂਦੀ ਹੈ   ਕਿ  ਮੈਂ ਅਜ ਕਾਕੇ ਦਾ ਸਿਰ ਗੁੰਦਿਆਂ ਹੈ ਛੱਬਾ ਪਾ ਕੇ, ਨਾਲੇ ਪਤਾਸੇ ਵੰਡਦੀ ਹੈ । ਜਦ ਜਨਾਨੀਆਂ ਉਠ ਕੇ ਪਿਆਰ ਦੇਣ ਲਗੀਆਂ ਹਨ ਤੇ ਕਾਕੇ ਦੀ ਧੌਣ ਕਦੀ ਏਧਰ ਡਿਗ ਪਏ ਕਦੇ ਓਦਰ ਡਿਗ ਪਏ । ਪ੍ਰਾਣ ਨਹੀਂ ਹਨ । ਗੁਜਰੇ ਹੋਏ  ਨੂੰ ਮੋਢੇ ਲਾਈ ਫਿਰਦੀ ਹੈ ।  ਵੇਖ ਕੇ ਸਾਰੀਆਂ ਜਨਾਨੀਆਂ  ਰੋਣ ਲਗ ਪਈਆਂ ਹਨ ।  ਰੌਲਾ ਪੈ ਗਿਆ  ਕਿ  ਕੀ  ਹੋ  ਗਿਆ । ਰੌਲਾ ਸੁਣ ਕੇ ਪਾਤਸ਼ਾਹ ਵੀ ਘਰ ਨੂੰ ਆ ਗਏ ਹਨ ਜੀ ।  ਘਰ ਘਰ ਏਸ  ਗਲ  ਦੀ   ਬੜੀ  ਚਰਚਾ ਹੋਈ  ਕਿ  ਭਈ ਜੇ  ਸੱਚੇ  ਪਾਤਸ਼ਾਹ  ਐਡੇ ਸਮਰੱਥ ਨਾ ਹੋਣ ਤੇ ਸਿਖ ਕਿਉਂ ਮੱਥੇ ਟੇਕਣ ।  ਮਾਈ ਭੰਗਾਲੀਉਂ ਸੱਤਾਂ ਕੋਹਾਂ ਤੋਂ ਪਰਸ਼ਾਦ ਲਿਆ ਕੇ ਛਕੌਂਦੀ ਹੈ । ਘਵਿੰਡ ਦੇ ਲੋਕ ਬਚਨ  ਕਰਦੇ ਹਨ  ਕਿ  ਭਾਈ ਭੰਗਾਲੀ ਵਾਲੇ ਅੰਞਾਣੇ  ਨਹੀਂ ਜਿਨ੍ਹਾਂ ਇਕ ਪੁੱਤਰ ਆਪਣਾ  ਗੁਰਮੁਖ ਸਿੰਘ ਅੱਠੇ ਪਹਿਰ ਪਾਤਸ਼ਾਹ  ਦੀ  ਸੇਵਾ ਵਿਚ ਦਿਤਾ ਹੈ । ਨਾਲੇ ਮਾਈ ਗੁਲਾਬੀ ਸੰਤਨੀ ਰਾਮ ਪੁਰੇ ਵਾਲੀ  ਰੋਜ਼  ਸੱਚੇ  ਪਾਤਸ਼ਾਹ ਦਾ ਥਾਲ ਲੁਵਾ ਕੇ ਲਿਔਂਦੀ ਹੈ ।   ਸੱਚੇ  ਪਿਤਾ ਦੇ ਨਾਮ  ਦੀ  ਧੰਨ ਧੰਨ ਹੋ  ਰਹੀ ਹੈ । ਸਮਰੱਥ ਦੇ ਅਗੇ  ਜੇਹੜਾ   ਬਚਨ  ਮੋੜਨਾ ਹੈ  ਬਹੁਤ ਮਾੜਾ ਹੈ ।  ਫੇਰ ਬੀਬੀ ਠਾਕਰੀ  ਪਾਤਸ਼ਾਹ ਅੱਗੇ  ਬਹੁਤ ਬੇਨੰਤੀਆਂ ਤੇ ਮਿੰਨਤਾਂ ਕਰ ਰਹੀ ਹੈ । ਪਾਤਸ਼ਾਹ ਮਗਨ ਬੈਠੇ ਹਨ ।  ਗਾਗੇ ਵੀ ਬੰਦਾ ਚਲਿਆ ਗਿਆ ਹੈ  ਕਿ  ਕਾਕਾ ਗੁਜਰ ਗਿਆ ਹੈ ।  ਅਗਲੇ ਦਿਨ ਸਸਕਾਰ ਕੀਤਾ ਗਿਆ ਹੈ । ਸਮਰੱਥ ਦੇ ਕੋਲ ਰਹਿਣਾ ਵੀ ਇਕ  ਬੜੀ  ਕਠਨ ਤਪਸਿਆ ਹੈ  ।   ਸੱਚੇ  ਪਿਤਾ ਦੇ ਕੋਲ ਧੰਨ ਧੰਨ ਤੇ ਸਤਿ ਸਤਿ ਕਰਨ  ਦੀ  ਲੋੜ ਹੈ ।  ਛੋਟੇ ਭੈਣ ਭਰਾ ਕਰ ਕੇ  ਬੀਬੀ ਠਾਕਰੀ  ਪ੍ਰੇਮ ਬਹੁਤ ਕਰਦੀ ਸੀ  ।  ਮਹੀਨੇ ਵਿਚ  ਦੋ  ਚਾਰ ਵੇਰਾਂ ਆਣ ਕੇ ਦਰਸ਼ਨ ਜਰੂਰ ਕਰਦੀ ਸੀ ।  ਸੱਚੇ  ਪਿਤਾ ਵੀ ਭੈਣ ਨਾਲ ਬਹੁਤ ਪ੍ਰੇਮ ਕਰਦੇ ਸੀ । ਕੋਈ ਵਿਹਾਰ ਕਰਨਾ  ਹੋਵੇ  ਬਿਨਾਂ ਪੁਛਿਆਂ ਭੈਣ ਤੋਂ ਨਹੀਂ ਸੀ ਕਰਦੇ ।  ਗੁਰ ਨਾਨਕ ਸਾਹਿਬ ਦੇ ਵਕਤ ਬੀਬੀ ਨਾਨਕੀ ਦਾ ਜਾਮਾ ਸੀ  ਬੀਬੀ ਠਾਕਰੀ  ਦਾ ।  ਏਹ   ਸੱਚੇ  ਪਿਤਾ ਪ੍ਰੀ ਪੂਰਨ ਸਨ ।  ਓਸ ਵਕਤ ਦੇ ਪ੍ਰੇਮ ਨਾਲ ਫੇਰ ਪਾਤਸ਼ਾਹ  ਦੀ  ਭੈਣ ਬਣੀ ਹੈ ਜੀ ।  ਪਿਛਲਾ ਪ੍ਰੇਮ ਕਰ ਕੇ ਪਾਤਸ਼ਾਹ ਭੈਣ ਨਾਲ ਪ੍ਰੇਮ ਕਰੀ  ਔਂਦੇ  ਹਨ ਜੀ  ।  ਬੀਬੀ ਵਿਚ ਗੁੱਸਾ ਬਹੁਤ ਸੀ ਓਸ ਗੁੱਸੇ ਕਾਰਨ ਏਹ ਵਿਹਾਰ ਭੁਗਤਾਇਆ ਸੀ ।  ਗੁੱਸਾ ਤੇ  ਮਾਣ ਵਾਲਾ ਪਾਤਸ਼ਾਹ ਕੋਲੋਂ ਕੁਛ ਖੱਟ ਨਹੀਂ ਸਕਦਾ । ਏਥੇ ਨਿਰਮਾਣ ਰਹਿਣ  ਦੀ  ਲੋੜ ਹੈ ਜੀ ..