25 – ਸਾਖੀ ਸੱਚੇ ਪਾਤਸ਼ਾਹ ਜੋਤ ਸਰੂਪ ਬਾਬੇ ਮਨੀ ਸਿੰਘ ਨੂੰ ਹੁਕਮ ਦੇ ਕੇ ਕਲਜੁਗ ਦੇ ਵਰਤਮਾਨ ਬਚਨ ਲਿਖੌਂਣੇ – JANAMSAKHI 25

ਸਾਖੀ ਸੱਚੇ ਪਾਤਸ਼ਾਹ ਜੋਤ ਸਰੂਪ ਬਾਬੇ ਮਨੀ ਸਿੰਘ ਨੂੰ ਹੁਕਮ ਦੇ ਕੇ ਕਲਜੁਗ ਦੇ ਵਰਤਮਾਨ ਬਚਨ ਲਿਖੌਂਣੇ

     ਸੱਚੇ ਪਿਤਾ  ਦੀ  ਉਮਰ ਹੁਣ ੧੭ ਵਰੇ ਦੀ  ਹੈ । ਗੁਰਮੁਖ ਸਿੰਘ ਹਰ ਵਕਤ

ਪਾਤਸ਼ਾਹ ਦੇ ਨਾਲ ਸੇਵਾ ਵਿਚ  ਹਾਜ਼ਰ  ਹੈ । ਘੋੜੀਆਂ ਦੇ ਥਾਂ ਘੋੜੀਆਂ ਹਨ ।  ਜੇਹੜੀ ਚੀਜ  ਦੀ  ਲੋੜ  ਹੋਵੇ   ਉਸੇ ਵਕਤ ਸਿਖ ਹਾਜਰ ਕਰਦੇ ਹਨ ਜੀ ।  ਕੋਰੀਆਂ ਵਾਲਾ ਬੌਹਲ ਸਿੰਘ ਤੇ ਈਦਾ  ਦੋ  ਦੋ ਮਹੀਨੇ ਪਾਤਸ਼ਾਹ  ਦੀ  ਸੇਵਾ ਵਿਚ ਹਾਜਰ ਰਹਿੰਦੇ ਹਨ ਜੀ । ਸੱਚੇ ਪਿਤਾ ਜਵਾਨ ਹੋ ਕੇ ਹੁਣ ਜੋਰ ਕਰਨ ਘੁਲਣ ਵਾਲੇ ਖਿਆਲ ਰਖਦੇ ਹਨ ਜੀ ।  ਘਵਿੰਡ ਦਾ ਸਰੈਣ ਸਿੰਘ ਜ਼ਿਮੀਦਾਰ ਘੁਲਦਾ ਹੁੰਦਾ ਸੀ  ਤੇ ਪਾਤਸ਼ਾਹ ਓਹਦੇ ਨਾਲ ਮੁਹੱਬਤ ਬੜੀ  ਕਰਦੇ ਸੀ  ।  ਸਰੈਣ ਸਿੰਘ ਨਾਲ ਐਡਾ ਪ੍ਰੇਮ ਕਰਦੇ ਸੀ   ਕਿ  ਉਸਨੂੰ ਖ਼ੁਰਾਕ ਵੀ ਆਪਣੇ ਕੋਲੋਂ ਖੁਵੌਂਦੇ ਹੁੰਦੇ ਸਨ । ਪੀਪੇ ਘਿਓ ਦੇ ਖਰੀਦ ਦੇਣੇ ਜਿਸ ਤਰ੍ਹਾਂ ਆਪ ਬਦਾਮ ਪੀਣੇ ਓਸੇ ਤਰ੍ਹਾਂ ਉਸਨੂੰ ਛਕੌਣੇ ।   ਸੱਚੇ  ਪਾਤਸ਼ਾਹ ਉਸ ਵਕਤ ਤੇਲ ਮਲਣ ਕਰਕੇ ਕਪੜੇ ਤੇਲ ਨਾਲ ਕੁਛ ਮੈਲੇ ਰਖਦੇ ਹਨ । ਜਿਸ ਤਰ੍ਹਾਂ ਭਲਵਾਨ ਰੱਖਦੇ ਹਨ  ।  ਸਿਖਾਂ ਤੋਂ ਬਗੈਰ ਕਿਸੇ ਪਤਾ ਨਹੀਂ ਸੀ  ਕਿ ਏਹ ਪ੍ਰੀ  ਪੂਰਨ ਪਰਮੇਸ਼ਵਰ  ਸੋਲਾਂ  ਕਲਾਂ ਸਮਰੱਥ ਹਨ । ਸਿਖਾਂ ਤੇ ਪਾਤਸ਼ਾਹ ਦਇਆ ਕੀਤੀ ਆਪ  ਸੱਚੇ  ਪਿਤਾ ਖੇਡ ਮਲ  ਰਹੇ  ਹਨ ||

     ਸੰਤਾਂ ਨੂੰ ਆਕਾਸ਼ ਬਾਣੀ  ਰਾਤ ਦਿਨ  ਹੋ  ਰਹੀ ਹੈ । ਬਾਬੇ ਮਨੀ ਸਿੰਘ ਨੂੰ ਲਿਖਾ  ਰਹੇ  ਹਨ  ਕਿ  ਸੰਤਾਂ ਦਿਲੀਓ ਤਿੰਨ ਮੀਲ ਰਕਾਬ ਗੰਜ ਹੈ । ( ਜਿਥੇ ਤੇਗ ਬਹਾਦਰ ਦੇ ਧੜ ਦਾ ਸਸਕਾਰ ਹੋਇਆ ਸੀ ) ਰਕਾਬ ਗੰਜ ਕੋਲ ਸੁਞੀ ਜਗਾ ਪਈ ਹੈ । ਸੰਤ ਨੂੰ  ਬਚਨ  ਹੋਇਆ  ਕਿ  ਸੰਤਾਂ ਕਰਮਾਂ ਮਾਰਕੇ ਨਿਸ਼ਾਨੀਆਂ ਲਾ ਦੇ । ਪਾਤਸ਼ਾਹ ਦੇਹ ਕਰਕੇ ਘਵਿੰਡ ਬੈਠੇ ਹਨ ।  ਜੋਤ ਕਰਕੇ  ਏਹ  ਵਿਹਾਰ ਦਿਲੀ ਬਾਬੇ ਮਨੀ ਸਿੰਘ ਥਾਣੀਂ ਭੁਗਤਾ  ਰਹੇ  ਹਨ ।   ਜੋ  ਆਕਾਸ਼ ਬਾਣੀ  ਦਾ ਹੁਕਮ ਹੋਇਆ ਹੈ,  ਉਸੇ ਤਰ੍ਹਾਂ  ਸੰਤਾਂ ਨਿਸ਼ਾਨੀਆਂ ਲਾ ਦਿਤੀਆਂ ਹਨ ਜੀ । ਉਥੇ ਸੰਤਾਂ ਲਿਖਾਈ ਕਿਤੀ ਕਿ    ਬੜਾ   ਭਾਰੀ ਕਿਲਾ ਪੱਥਰ ਦਾ ਬਣੇਗਾ ।  ਤੇ ਅਠ ਅਰਬ ਰੁਪੈਯਾ ਲਗੇਗਾ ।  ਏਸ  ਕਿਲੇ ਵਿਚ  ਸੱਚੇ  ਪਾਤਸ਼ਾਹ ਅੰਤਰਜਾਮੀ ਰਿਹਾ ਕਰਨਗੇ ਤੇ ਨਾਲ  ਸੱਚੇ  ਪਾਤਸ਼ਾਹ ਦੇ ਸਿਖ ਰਿਹਾ ਕਰਨਗੇ । ਮੀਲ ਮੀਲ ਤੇ ਸਿਖਾਂ ਦੀਆਂ ਕੋਠੀਆਂ ਪੈ ਜਾਣਗੀਆਂ ।  ਦਿਨੇ ਸਿਖ ਪਾਤਸ਼ਾਹ ਕੋਲ ਰਿਹਾ ਕਰਨਗੇ  ਤੇ ਰਾਤ ਨੂੰ ਆਪਦੀਆਂ ਕੋਠੀਆਂ ਵਿਚ  ਚਲੇ  ਜਾਇਆ ਕਰਨਗੇ  । ਬਵੰਜਾ ਸਾਲ   ਸੱਚੇ  ਪਾਤਸ਼ਾਹ ਘਵਿੰਡ ਪਿੰਡ ਵਿਚ ਰੈਹਣਗੇ ।  ਪਾਤਸ਼ਾਹ ਜੋਤ ਸਰੂਪੀ ਸਾਰੇ ਰਾਜੇ ਰਾਣਿਆਂ ਨੂੰ ਡੇਗ ਦੇਵੇਗਾ ਜੀ  ।  ਜੋਤ ਸਰੂਪ ਪਾਤਸ਼ਾਹ ਲਿਖੌਂਦੇ ਹਨ ਨਾ ਮੈਂ ਆਪ ਲੜਾਂਗਾ ਨਾ ਸਿਖ ਲੜਾਵਾਂਗਾ । ਚਾਰ ਕੁੰਟ ਧਰਤੀ ਸ਼ਬਦ ਨਾਲ ਸਾਧ ਲਵਾਂਗਾ ਜੀ ।  ਮੇਰੇ ਐਸੇ ਹਥਿਆਰ ਹਨ ਜਿਨ੍ਹਾਂ ਨੂੰ ਕੋਈ ਝੱਲ ਨਹੀਂ ਸਕਦਾ । ਮੈਂ ਜੋਤ ਰੂਪ ਰਾਜੇ ਭੇੜ ਭੇੜ ਕੇ ਮਾਰ ਦਿਆਂਗਾ । ਵੱਡੇ ਵੱਡੇ ਮੀਂਹ ਪਾ ਕੇ, ਹੜ ਲਿਆ ਕੇ, ਕਲਜੁਗ ਦੇ ਜੀਵ ਨਾਸ ਕਰ ਦਿਆਂਗਾ । ਬਵੰਜਾ ਸਾਲ ਘਵਿੰਡ ਵਿਚ ਰਹਿ ਕੇ  ਫੇਰ ਚਰਨ ਚੁਕ ਕੇ ਦਿਲੀ ਵਿਚ ਜਾਣਾ ਹੈ । ਐਸਾ ਸਾਂਗ ਪਾਤਸ਼ਾਹ ਹੈ ਕੋਈ ਪਛਾਣ ਨਹੀਂ ਸਕਦਾ |

     ਪ੍ਰੀ ਪੂਰਨ ਪਰਮੇਸ਼ਵਰ ਹੈ ਜਿਸ ਨੂੰ ਜਣਾਵੇ ਸੋਈ ਜਾਣਦਾ ਹੈ ।  ਸੰਤਾਂ  ਦੀ  ਕਲਮ ਨਾਲ ਸਭ ਕੁਛ ਕਰ ਦੇਣਾ ਹੈ ਜੀ । ਮੈਂ ਨਰ ਨਰਾਇਣ ਅਵਤਾਰ ਮਹਾਰਾਜ  ਸ਼ੇਰ  ਸਿੰਘ ਹਾਂ ਜੀ  ।  ਨਿਹਕਲੰਕ, ਅਮਾਮ ਮਹਿੰਦੀ ਵੀ ਅਸੀਂ ਹਾਂ ਜੀ । ਮੈਂ ਜੁਗੋ ਜੁਗ ਅਵਤਾਰ ਧਾਰਦਾ ਹਾਂ । ਚਾਰ ਜੁਗ ਹਨ । ਚਾਰ ਜਾਮੇ ਅਸੀਂ ਔਨੇ ਹਾਂ  ।  ਫੇਰ ਜਦੋਂ ਮੇਰੇ ਭਗਤਾਂ ਤੇ ਕੋਈ ਭੀੜ ਬਣੇ ਉਸ ਵਕਤ ਜੋਤ ਸਰੂਪੀ ਪਰਗਟ  ਹੋ  ਕੇ ਭੀੜ ਕੱਟ ਦੇਂਦੇ ਹਾਂ ।  ਸਤਿਜੁਗ ਵਿਚ ਅਸੀਂ ਹੰਸਾ ਅਵਤਾਰ ਸਾਂ  ।  ਰਾਵਣ ਨੂੰ  ਮਾਰਨ  ਵਾਸਤੇ ਅਸਾਂ ਰਾਮ ਜੀ ਅਖਵਾਇਆ । ਕ੍ਰਿਸ਼ਨ ਮਹਾਰਾਜ ਅਖਵਾਕੇ, ਅਸਾਂ ਬਹੁਤ ਲੀਲ੍ਹਾ ਕੀਤੀਆਂ ਹਨ ਜੀ । ਹੁਣ ਕਲਜੁਗ ਵਿਚ ਅਸੀਂ ਅਵਤਾਰ ਧਾਰਿਆ ਹੈ  ਤੇ ਮਹਾਰਾਜ  ਸ਼ੇਰ  ਸਿੰਘ ਨਾਮ ਰਖਾਇਆ ਹੈ ।  ਜੋਤ ਸਰੂਪ  ਏਹ  ਸਾਰੀ ਲਿਖਤ  ਹੋ  ਰਹੀ ਹੈ । ਦੇਹ ਕਰਕੇ ਕੋਈ  ਬਚਨ  ਨਹੀਂ ਕਰਦੇ, ਮਘਨ ਰੈਂਦੇ ਹਨ ।  ਮਨੀ ਸਿੰਘ ਨੂੰ ਲਿਖੌਂਦੇ ਹਨ  ਕਿ  ਸੰਤਾਂ ਘਵਿੰਡ ਪਿੰਡ ਵਿਚ ਸਾਨੂੰ ਕੋਈ ਪਛਾਣੇਗਾ ਨਹੀਂ  ।   ਏਹ   ਬਚਨ  ਪਾਤਸ਼ਾਹ ਪੰਜ ਸਾਲ ਦੇ ਕਰਦੇ ਸਨ  ਕੇ  ਪਿੰਡ ਘਵਿੰਡ ਦੇ ਸਾਡੇ ਨਾਲ ਵੈਰ ਕਰਨਗੇ । ਚੋਰੀਆਂ ਵੀ ਸਾਡੇ ਨਾਂ ਲੌਣਗੇ । ਸਾਨੂੰ ਕੋਈ ਪਛਾਣੂ ਨਾ । ਇੱਟਾਂ ਢੀਮਾਂ ਵੀ ਮਾਰਨਗੇ । ਸਾਨੂੰ ਲੁੱਟਣ ਠੱਗਣਗੇ ਵੀ |

     ਐਸ ਵਕਤ ਪਾਤਸ਼ਾਹ ੧੯ ਸਾਲ ਦੇ ਹਨ  ।  ਤੇ ਘਵਿੰਡ ਕੋਈ ਚੋਰੀ  ਹੋਵੇ  ਤੇ ਲੋਕੀ ਆਖਣ ਲੱਗ ਪੈਂਦੇ ਸਨ, ਪਾਤਸ਼ਾਹ ਨਾਲ ਹੋਣੇ  ਨੇ  ।  ਕਾਰਨ ਏਹ   ਕਿ  ਜੇ ਕੈਦ ਨਾ ਹੋਣਗੇ ਤੇ ਪੈਸੇ  ਤਾਂ  ਲੌਣਗੇ ਹੀ  ।  ਏਹੀ ਬੇਈਮਾਨੀ ਦੁਨੀਆਂ ਦੀ  ਸੀ । ਪਿੰਡ ਵਿਚ ਇਕ ਲਹਿੰਦੇ ਪਾਸੇ ਚੋਰੀ ਹੋਈ ਸੀ ।  ਉਸ ਵਿਚ  ਸੱਚੇ  ਪਿਤਾ ਦਾ ਨਾਮ ਵੀ ਲਗਦਾ ਹੈ  ।  ਚੋਰ  ਤਾਂ  ਆਖਣ ਪਾਤਸ਼ਾਹ ਸਾਡੇ ਨਾਲ ਨਹੀਂ ਹਨ ਤੇ ਲੋਕੀਂ ਆਖੀਂ ਜਾਣ ਨਾਲ  ਨੇ  । ਸਿਖਾਂ ਨੂੰ ਪਤਾ ਲੱਗਾ ਤੇ ਸੁਣ ਕੇ ਉਸੇ ਵਕਤ ਆਏ ਹਨ ਜੀ । ਸਿਖਾਂ  ਨੇ  ਆਖਿਆ ਠਾਣੇਦਾਰਾਂ ਸੋਚ ਕੇ ਹੱਥ ਪਾਈਂ, ਅਸੀਂ ਵੀ ਹੈਂਗੇ ਹਾਂ ।  ਕੋਈ  ਬਚਨ  ਵਧ ਘਟ ਹੋਇਆ ਤੇ ਆਪ ਜਾਣੇਗਾ ।  ਠਾਣੇਦਾਰ ਝਿਝਕ ਕੇ ਪਿਛਾਂਹ ਹਟ ਗਿਆ ।  ਸਿਖਾਂ ਦੇ ਗਲ ਨਹੀਂ ਪਿਆ ਜੀ ।  ਸਿਖਾਂ  ਨੇ  ੩੦ ਰੁਪੈ ਠਾਣੇਦਾਰ ਨੂੰ ਬੁਕਲ ਵਿਚ ਦੇ ਦਿਤੇ ਹਨ ਜੀ ।  ਠਾਣੇਦਾਰ ਫੇਰ ਪਿੰਡ ਦਿਆਂ ਲੋਕਾਂ ਨੂੰ ਗਾਲਾਂ ਕੱਢਣਾ ਹੈ ਕਿ ਸੱਚੇ ਪਾਤਸ਼ਾਹ ਚੋਰ ਨਹੀਂ ਹਨ ਜੀ, ਜਿਨ੍ਹਾਂ ਨੂੰ ਸਾਰੀ ਦੁਨੀਆਂ ਮੰਨਦੀ ਹੈ ।  ਏਸੇ ਤਰ੍ਹਾਂ  ਸੱਚੇ  ਪਾਤਸ਼ਾਹ ਗਬਰੂਆਂ ਨਾਲ ਫਿਰਦੇ ਹਨ ਤੇ ਲੋਕ ਵੇਖ ਨਹੀਂ ਸਖਾਦੇ ।  ਪਾਤਸ਼ਾਹ  ਦੀ  ਦੇਹ ਐਡੀ ਜਵਾਨ ਹੈ  ਕਿ  ੧੯ ਹੱਥ ਛਾਲ ਮਾਰ ਜਾਂਦੇ ਹਨ ਜੀ  ।   ਜੋ  ਜੋਤ ਨਾਲ  ਬਚਨ  ਲਿਖਾਏ ਹਨ  ਓਹੋ ਭੁਗਤਦੇ ਹਨ ਜੀ ।   ਏਹ  ਸਾਰੇ  ਬਚਨ  ਮੇਰੇ ਅੱਖੀਂ ਵੇਖੇ ਨਹੀਂ ਹਨ ਜੀ,  ਪੁਰਾਣੇ ਸਿਖਾਂ ਤੋਂ ਸੁਣੇ ਹਨ ਜੀ ||