27 – ਚੁਤਾਲਿਆਂ ਤੋਂ ਬਲਵੰਤ ਸਿੰਘ ਅਤੇ ਉਸ ਦੇ ਘਰੋਂ ਬੀਬੀ ਬਸੰਤ ਕੌਰ ਦੀ ਸਾਖੀ – JANAMSAKHI 27

ਚੁਤਾਲਿਆਂ ਤੋਂ ਬਲਵੰਤ ਸਿੰਘ ਅਤੇ ਉਸ ਦੇ ਘਰੋਂ ਬੀਬੀ ਬਸੰਤ ਕੌਰ ਦੀ  ਸਾਖੀ

     ਵਿਸਾਖੀ ਦਾ ਦਿਹਾੜਾ ਸੀ ਜਿਦਣ ਸੱਚੇ ਪਾਤਸ਼ਾਹ ਸ਼ਰਨ ਲਾਇਆ ਸੀ । ਪੰਜ ਜੇਠ ਦਾ

ਚਤਾਲੀਂ ਮੇਲਾ ਸੀ । ਲਾਭ ਸਿੰਘ ਚੁਤਾਲਿਆਂ ਦਾ ਜ਼ਿਮੀਂਦਾਰ ਸੀ । ਉਸ  ਦੀ  ਜਨਾਨੀ ਬਸੰਤ ਕੌਰ  ਦਾ ਮਾਲਵੇ ਵਿਚ ਭਾਈ ਕੀ ਡਰੋਲੀ ਦਾ ਜਰਮ ਸੀ ।  ਓਸ ਘਰ ਛੇਵੀਂ ਪਾਤਸ਼ਾਹੀ ਦਾ ਵਰ ਵਰੂਹੀ ਸਨ ਜੀ । ਲਾਭ ਸਿੰਘ  ਦੀ  ਜਨਾਨੀ ਨੂੰ ਕੁਝ ਪਕੜ ਰੈਂਦੀ ਸੀ  ।  ਬੇਹੋਸ਼ ਹੋ  ਜਾਂਦੀ ਸੀ,  ਤੇ ਲੋਕੀ ਆਖਣ  ਕਿ  ਕੁਝ ਚੰਬੜਿਆਂ ਹੋਇਆ ਹੈ ।  ਕਦੀ ਕਿਸੇ ਨੂੰ ਮੰਨਦੀ ਸੀ  ਤੇ ਕਦੀ ਕਿਸੇ ਨੂੰ  ।  ਏਸੇ ਤਰ੍ਹਾਂ ਤਰਲੇ ਲੈਂਦੀ ਬਿਰਧ  ਹੋ  ਗਈ ਹੈ ਜੀ । ਮੜੀਆਂ ਮਸਾਣਾਂ ਨੂੰ ਮੰਨਦੀ ਫਿਰਦੀ ਹੈ । ਭੁਚਰ ਵਾਲੇ ਬਾਜ ਸਿੰਘ  ਦੀ  ਓਹ ਮਾਈ ਸੱਸ ਲਗਦੀ ਸੀ ।  ਬਾਜ ਸਿੰਘ ਮਨੀ ਸਿੰਘ ਅਗੇ ਹੱਥ ਜੋੜ ਕੇ ਬੇਨੰਤੀ ਕਰਦਾ ਹੈ ।  ਕਿ  ਪਾਤਸ਼ਾਹ ਚਤਾਲੀ ਪਿੰਡ ਵਿਚ ਮੇਰੀ ਮਾਈ ਸੱਸ ਲਗਦੀ ਹੈ ਤੇ ਬੀਮਾਰ ਰੈਂਦੀ ਹੈ ।  ਸਾਰੀ ਉਮਰ ਦੁਖ ਵਿਚ ਗੁਜਾਰੀ ਹੈ । ਦਇਆ ਕਰਕੇ ਉਸ ਦੇ ਘਰ ਚਰਨ ਪਾਓ । ਬਾਬੇ ਮਨੀ ਸਿੰਘ ਨੂੰ ਬਾਜ ਸਿੰਘ ਬੇਨੰਤੀ ਕਰਕੇ ਚੁਤਾਲੀਂ ਪਿੰਡ ਵਿਚ  ਲੈ  ਗਿਆ ਹੈ ਤੇ ਓਨਾਂ ਵੀ ਜਾਦਿਆਂ ਦਾ ਆਦਰ  ਮਾਣ   ਬੜਾ   ਕੀਤਾ ਹੈ  ।  ਮਨੀ ਸਿੰਘ ਆਕਾਸ਼ ਬਾਣੀ  ਨਾਲ ਜੁੜਿਆ ਹੈ । ਤੇ ਪਾਤਸ਼ਾਹ  ਬਚਨ  ਕੀਤਾ ਕਿ  ਸੰਤਾਂ  ਏਸ  ਮਾਈ ਨੂੰ ਪਕੜ ਹੈ । ਸੰਤਾਂ  ਬਚਨ  ਕੀਤਾ  ਕਿ  ਬਾਜ ਸਿੰਘ   ਏਹ  ਬੇਬੇ ਪਾਤਸ਼ਾਹ ਨੂੰ ਪੂਜੇਗੀ ਤਾਂ  ਰਾਜੀ ਰਹੇਗੀ  ਤੇ ਪਾਤਸ਼ਾਹ ਏਹਦੀ ਸੁਰਤ ਵੀ ਖੋਲ੍ਹ ਦੇਣਗੇ । ਮਨੀ ਸਿੰਘ ਦਾ ਹੁਕਮ ਮਾਈ  ਨੇ  ਸਤਿ ਕਰਕੇ ਮੰਨ ਲਿਆ ਹੈ  ਤੇ ਉਸ  ਦੀ  ਸੁਰਤ ਖੁਲ੍ਹ ਗਈ ਹੈ । ਪਾਤਸ਼ਾਹ  ਬਚਨ  ਕਰਦੇ ਹਨ  ਕਿ  ਮਾਈ  ਦੀ  ਸੁਰਤ ਅਸਾਂ  ਤਾਂ  ਖੋਲ੍ਹੀ ਹੈ, ਏਥੇ ਅਸਾਂ ਵੱਡਾ ਭਾਰੀ ਧਾਮ ਬਣੌਣਾ ਹੈ  ।  ਓਥੇ ਫੇਰ ਲਿਖਤ ਹੁੰਦੀ ਹੈ ਤੇ ਸੰਤ ਮਨੀ ਸਿੰਘ ਓਥੇ ਰੈਂਹਦੇ ਹਨ ਜੀ । ਉਸ ਮਾਈ ਦੇ ਤਿੰਨ ਪੁੱਤਰ ਸਨ  ਦੋ  ਧੀਆਂ ਸੀ । ਇਕ ਧੀ ਭੁਚਰ ਸੀ ।  ਓਹ ਵੀ ਬਹੁਤ ਸੇਵਾ ਵਿਚ ਲਗ ਪਈ ਹੈ  ।   ਦੋ  ਪੁੱਤਰ ਵੀ ਸੇਵਾ ਵਿਚ ਲਗ ਪਏ ਹਨ । ਜਿਨ੍ਹਾਂ ਦੇ ਨਾਮ ਬੱਗਾ ਸਿੰਘ ਤੇ ਹਰਨਾਮ ਸਿੰਘ ਸੀ । ਭਾਵ ਉਸ ਮਾਈ ਦਾ ਸਾਰਾ ਬੰਸ ਸੇਵਾ ਵਿਚ ਲਗ ਪਿਆ ।  ਕੋਈ ਦਿਨ ਪਾ ਕੇ ਓਥੇ ਮੇਲਾ ਰਚਿਆ ਗਿਆ ।   ਜੋ  ਪਾਤਸ਼ਾਹ ਦਾ ਸਿਖ ਹੈ  ਸਾਰਿਆਂ ਨੂੰ ਚਿਠੀਆਂ ਪਾਈਆ ਗਈਆਂ   ਕਿ  ਚੁਤਾਲੀ ਸੱਚੇ  ਪਾਤਸ਼ਾਹ ਦਾ ਮੇਲਾ ਹੈ  । ੧੫ ਦਿਨ ਸੰਗਤ ਮੇਲੇ ਤੇ ਰਹੇਗੀ । ਜੇਠ ਦੇ ਮਹੀਨੇ ਵਿਚ ਮੇਲਾ ਹੈ । ਉਸ ਵਕਤ  ਸੱਚੇ  ਪਾਤਸ਼ਾਹ ਨੂੰ ਤੇਈਆਂ ਸਾਲ ਚੜ੍ਹਿਆ ਹੈ । ਜੇਠ ਦੇ ਮਹੀਨੇ ਵਿਚ ਦਿਲੀਓ ਸੰਗਤਾਂ ਵੀ ਆਈਆ ਹਨ । ਮਾਲਵੇ ਦੁਆਬੇ ਵਿਚੋਂ ਵੀ ਸੰਗਤਾਂ ਹੁਮ ਹੁਮਾ ਕੇ ਦਰਸ਼ਨਾ ਨੂੰ ਆਈਆ ਹਨ ਜੀ ।  ਸਾਰੀ ਸਿਖੀ ਆਈ ਹੈ । ਬੁਗੇ ਪਿੰਡ ਦਾ ਨੰਬਰਦਾਰ  ਸੁੰਦਰ ਸਿੰਘ  ਪਾਤਸ਼ਾਹ ਦਾ ਸਿਖ ਸੀ  ਓਹ ਵੀ ਗੁਰੂ ਸਾਹਿਬ  ਦੀ  ਮਹਿੰਮਾ  ਸੁਣ ਕੇ ਆ ਗਿਆ ।   ਬੜੀ  ਸਖਤ ਕਰਾਮਾਤ ਪਾਤਸ਼ਾਹ ਚੁਤਾਲੀ ਵਰਤੀ ਸੀ  ।   ਜੋ  ਜੂਠਾ ਝੂਠਾ ਪਾਤਸ਼ਾਹ ਦੇ ਦਰਬਾਰ ਤੇ ਜਾਂਦਾ ਸੀ  ਉਸੇ ਵਕਤ ਪਕੜ  ਹੋ  ਜਾਂਦੀ  ਸੀ ।  ਜੇ ਕੋਈ ਜੂਠਾ ਭਾਂਡਾ ਜਾ ਜੁਤੀ ਲੈ  ਕੇ ਪਾਤਸ਼ਾਹ ਦੇ ਦਰਬਾਰ  ਦੀ  ਛੱਤ ਉਤੇ ਜਾਂਦਾ  ਸੀ  ਓਸੇ  ਵਕਤ ਛੱਤ ਥਰ ਥਰ ਕੰਬਣ ਲਗ ਪੈਂਦੀ ਸੀ ਤੇ ਉਸਨੂੰ ਪਕੜ  ਹੋ  ਜਾਂਦੀ ਸੀ । ਉਸ ਮਾਈ ਨੂੰ ਹਰ ਵਕਤ ਜੋਤ ਪਕੜ ਰੱਖਦੀ ਸੀ  ।  ਘਵਿੰਡ   ਸੱਚੇ  ਪਾਤਸ਼ਾਹ  ਜੋ  ਕਾਰ ਵਿਹਾਰ ਕਰਦੇ ਸੀ, ਮਾਈ ਚੁਤਾਲੀਂ ਬੈਠੀ ਨੂੰ  ਨਜ਼ਰ ਔਂਦਾ ਸੀ । ਜਦੋਂ  ਏਸ  ਤਰ੍ਹਾਂ ਹੋਣ ਲਗ ਪਿਆ ਮਾਈ ਦੇ ਦਿਲ ਵਿਚ  ਮਾਣ  ਹੋ  ਗਿਆ  ।  ਸੰਗਤ ਨਾਲ ਮਾਈ  ਬਚਨ  ਕਰਨ ਲਗ ਪਈ,  ਕਿ   ਮੇਰੇ ਪੇਕਿਆਂ ਨੂੰ  ਛੇਵੀਂ ਪਾਤਸ਼ਾਹੀ ਦਾ ਵਰ ਸੀ । ਓਹ ਮੇਰੇ ਤੇ ਦਇਆ ਹੈ । ਛੇਵੀਂ ਪਾਤਸ਼ਾਹੀ ਦਾ ਜਸ ਗੌਂਦੀ ਸੀ,  ਸੱਚੇ  ਪਾਤਸ਼ਾਹ ਨੂੰ ਘਟ ਯਾਦ ਰਖਦੀ ਸੀ । ਸੰਗਤਾਂ ਸਾਰੀਆਂ ਪਾਤਸ਼ਾਹ ਦੇ ਹੁਕਮ ਅਨੁਸਾਰ ਦਰਸ਼ਨਾਂ ਨੂੰ ਆ ਗਈਆਂ ਹਨ ।  ਓਧਰੋਂ ਗੁਰਮੁਖ ਸਿੰਘ ਤੇ  ਸੱਚੇ  ਪਾਤਸ਼ਾਹ ਨਾਲ ਮਾਤਾ  ਹੋਰੀਂ ਵੀ ਗੱਡੀ ਚੜ੍ਹਨ ਲਈ  ਚਲ ਪਏ ਹਨ । ਸੰਗਤਾਂ  ਸੱਚੇ  ਪਿਤਾ ਨੂੰ ਅੱਗੋਂ ਵਾਂਡੀ ਲੈਣ ਲਈ ਤਿਆਰ ਹੋਈਆਂ ਹਨ  ।  ਪਾਤਸ਼ਾਹ ਗੱਡੀ ਪਛੜ ਗਏ ਸਨ  ।  ਮਾਈ  ਦੀ   ਸੱਚੇ  ਪਿਤਾ  ਐਸੀ ਸੁਰਤ ਖੋਲ੍ਹੀ ਸੀ, ਸਿਖਾਂ ਨੂੰ ਮਾਈ  ਬਚਨ  ਦੱਸੇ ਕਿ  ਸਿਖੋ ਅਜੇ ਅੱਗੋ ਵਾਡੀ ਨਾਂ ਜਾਓ, ਅਜੇ  ਸੱਚੇ  ਪਾਤਸ਼ਾਹ ਕਸੂਰੋਂ ਵੀ ਗੱਡੀ ਨਹੀਂ ਚੜ੍ਹੇ ਹਨ । ਓਸ ਦਿਨ ਪਾਤਸ਼ਾਹ ਠੀਕ ਨਹੀਂ ਚੜ੍ਹੇ ਹਨ । ਅਗਲੇ ਦਿਨ ਕੁਕੜ ਦੀ ਬਾਗ ਨਾਲ ਗੱਡੀ ਚੜ੍ਹਦੇ ਹਨ । ਜਿਸ ਵਕਤ ਗੱਡੀ ਚੜ੍ਹੇ ਹਨ  ਤੇ ਓਧਰ ਮਾਈ  ਬਚਨ  ਕੀਤਾ ਹੈ  ਕਿ ਸੱਚੇ ਪਾਤਸ਼ਾਹ ਹੁਣ ਗੱਡੀ ਚੜ੍ਹੇ ਹਨ ।  ਜਿਸ ਵਕਤ ਚੁਤਾਲਿਆਂ ਦੇ ਲਾਗੇ ਗੱਡੀ ਆਈ, ਓਸ ਵਕਤ  ਬਾਬੇ ਮਨੀ ਸਿੰਘ ਵੀ  ਬਚਨ  ਕੀਤਾ,  ਕਿ  ਸਿਖੋ  ਸੱਚੇ  ਪਾਤਸ਼ਾਹ ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਸੰਗਤਾਂ ਦੇ ਵਾਲੀ, ਐ ਗੱਡੀ ਵਿਚ ਆ  ਰਹੇ  ਹਨ । ਜਿਸ ਡੱਬੇ ਵਿਚ ਮੇਰੇ ਦੀਨ ਦਿਆਲ ਦੁਨੀਆਂ ਦੇ ਵਾਲੀ ਬੈਠੇ ਸਨ, ਓਹ ਡੱਬਾ ਜੋਤ ਦੇ ਪਰਕਾਸ਼ ਨਾਲ ਝਿਰਮਿਲ ਝਿਰਮਿਲ ਕਰ ਰਿਹਾ ਹੈ ਜੀ ।  ਸੰਤਾਂ  ਨੇ  ਆਖਿਆ 5 ਸਿਖ ਘੋੜੀਆਂ  ਲੈ  ਜਾਓ ਤੇ  ਸੱਚੇ  ਪਿਤਾ ਨੂੰ ਆਦਰ ਮਾਨ ਨਾਲ  ਲੈ  ਆਓ ਜੀ । ਸਿਖ ਸਤਿ ਬਚਨ  ਮੰਨ ਕੇ ਘੋੜੀਆਂ  ਲੈ  ਕੇ  ਚਲੇ  ਗਏ ਹਨ ।  ਹੋਰ ਸੰਗਤਾਂ ਵੀ ਸੇਵਾ ਬੜੇ ਪ੍ਰੇਮ ਨਾਲ ਕਰ ਰਹੀਆਂ ਹਨ ਜੀ ।  ਅਨੇਕ ਪਰਕਾਰ ਦੇ ਭੋਜਨ ਤੇ  ਸੱਚੇ  ਪਿਤਾ ਦੇ ਥਾਲ ਦਾ ਪਰਸ਼ਾਦ ਤਿਆਰ ਹੋ  ਰਿਹਾ ਹੈ ਜੀ ।  ਸੱਚੇ  ਪਾਤਸ਼ਾਹ ਸ਼ਹਿਰ ਵਿਚ ਘੁੰਮਣ ਕਰ ਕੇ ੧ ਦਾ ਟਾਈਮ ਕਰ ਦਿਤਾ ਹੈ   ।  ਤੇ ਫੇਰ ਚੁਤਾਲੇ ਪਿੰਡ ਵਿਚ ਆਏ ਹਨ ।

 ਹੁਮ ਹੁਮਾ ਕੇ ਪਿੰਡ ਦਰਸ਼ਨ ਕਰਨ ਆਇਆ ਹੈ ।  ਛੋਟੇ ਛੋਟੇ ਬੱਚੇ ਕੋਠੇ ਤੇ ਖੇਡ ਰਹੇ  ਹਨ ਤੇ ਇਕ ਬੱਚਾ ਕੋਠੇ ਤੋਂ  ਥੱਲੇ  ਡਿਗ ਪਿਆ ਹੈ । ਸਾਰੀ ਦੁਨੀਆਂ ਭੱਜ ਕੇ ਓਸ ਮੁੰਡੇ ਵਲ  ਹੋ  ਗਈ ਹੈ  ।  ਤੇ ਪਾਤਸ਼ਾਹ  ਦੀ  ਕਿਸੇ ਨੂੰ ਸੁਰਤ ਨਹੀਂ ਰਹੀ ।   ਸੱਚੇ  ਪਿਤਾ ਮੇਰੇ ਦੀਨ ਦਿਆਲ ਅਛਲ ਛਲਨ ਛਲ ਕਰਕੇ ਤੇ ਆਪ ਘੋੜੇ ਤੋਂ ਉਤਰ ਕੇ  ਸਿਖ ਦੇ ਘਰ  ਦਬਾ ਦਬ  ਚਲੇ  ਗਏ ਹਨ ਜੀ । ਸੰਗਤਾਂ ਪਰਦੇਸ਼ਾਂ ਵਿਚੋਂ ਦਰਸ਼ਨਾਂ ਨੂੰ ਆਈਆਂ ਸਨ  ਤੇ ਦਬਾ ਦਬ ਸੇਵਾ ਵਿਚ ਲਗ ਪਈਆਂ ਹਨ । ਦੀਨ ਦਿਆਲ ਦੀਆਂ ਪਰਕਰਮਾਂ ਕਰ ਕੇ ਆਪਣਾ ਜਨਮ ਸੁਫਲਾ ਕਰਦੀਆਂ ਹਨ  ਤੇ ਨਾਲੇ ਪ੍ਰੇਮ ਨਾਲ  ਸ਼ਬਦ ਪੜ੍ਹਦੀਆਂ ਹਨ   ਕਿ  ਅੱਜ  ਦੀ  ਸੁਲੱਖਣੀ ਘੜੀ ਗੁਰਾਂ ਦੇ ਦਰਸ਼ਨ  ਹੋਏ  ।  ਸੰਗਤਾਂ ਨੂੰ ਬਹੁਤ ਉਤਮ ਦਿਹਾੜਾ ਹੱਥ ਆਇਆ ਹੈ ਜੀ ।   ਸੱਚੇ  ਪਿਤਾ ਦਾ ਥਾਲ ਲੁਵਾ  ਕੇ ਤੇ ਲੰਗਰ ਵਰਤੀ ਦਾ ਹੈ । ਸੰਗਤਾਂ ਛਕ ਛਕ ਕੇ ਅਨੰਦ  ਪਰਸੰਨ   ਹੋ  ਰਹੀਆਂ ਹਨ ।  ਜੇਹੜਾ  ਮੁੰਡਾ ਕੋਠੇ ਤੋਂ ਡਿਗਾ ਹੈ  ਉਸ ਨੂੰ ਚੁੱਕ ਕੇ    ਸੱਚੇ  ਪਿਤਾ ਦੇ ਧਾਮ ਤੇ ਮੱਥਾ ਟਿਕਾਇਆ ਤੇ ਓਹ ਖੇਡਣ ਲਗ ਪਿਆ ਹੈ ।   ਸੱਚੇ  ਪਿਤਾ ਮੁੰਡੇ ਦਾ ਬਹਾਨਾ  ਬਣਾ  ਕੇ  ਕਿਸੇ ਪਿੰਡ ਦੇ ਨੂੰ ਪਾਤਸ਼ਾਹ ਆਪ ਦੇ ਚਰਨਾਂ ਤੇ ਨਿਮਸਕਾਰ ਨਹੀਂ ਕਰਨ ਦਿਤੀ । ਲੋਕੀ ਆਖਣ ਲਗ ਪਏ   ਕਿ  ਚੰਗਾ ਮਹਾਰਾਜ ਆਇਆ ਓਨ੍ਹਾਂ ਦਾ ਮੁੰਡਾ ਮਰ ਚਲਿਆ ਸੀ  ।   ਏਸ  ਤਰ੍ਹਾਂ   ਸੱਚੇ  ਪਿਤਾ ਦਿਆਲੂ ਕਿਰਪਾਲੂ ਆਪਣੀ ਸੰਸਾਰ ਕੋਲੋਂ ਨਿੰਦਿਆ  ਕਰਾ   ਰਹੇ  ਸਨ ।  ਸੰਗਤਾਂ ਪਰਸ਼ਾਦ ਛਕ ਕੇ  ਸੱਚੇ  ਪਿਤਾ  ਦੀ  ਸੇਵਾ ਵਿਚ  ਹਾਜ਼ਰ  ਹਨ  ।  ਪਾਤਸ਼ਾਹ ਪਲੰਘ  ਤੇ ਹਨ ਤੇ ਸੰਗਤਾਂ ਰੁੱਗੇ ਛਕਾ ਰਹੀਆਂ ਹਨ ।   ਸੱਚੇ  ਪਿਤਾ ਐਸ ਤਰ੍ਹਾਂ ਸੰਗਤਾਂ ਵਿਚ ਸੋਂਹਦੇ ਹਨ  ਕਿ  ਜਿਸ ਤਰ੍ਹਾਂ ਤਾਰਿਆਂ ਵਿਚ ਚੰਦਰਮਾ ਸੋਭਾ ਪਾ ਰਿਹਾ ਹੈ ਜੀ । ਧੰਨ ਓਹ ਧਰਤੀ ਹੈ ਜਿਥੇ ਮੇਰੇ ਦੀਨ ਦਿਆਲ ਚਰਨ ਪਾਏ ਹਨ ||

     ਸੱਚੇ ਪਿਤਾ ਦੇ ਪੱਟ ਉਤੇ ਉਪਰ ਚਾਰ ਫੋੜੇ ਸਨ । ਸੰਗਤਾਂ ਰੁੱਗੇ ਛਕਾ ਰਹੀਆਂ ਸਨ । ਫੋੜੇ ਸਾਰੇ ਫਿਸ ਗਏ ।  ਸਾਰੀ ਚਾਦਰ ਤੇ ਲੱਤ ਖੂਨ ਨਾਲ ਭਰ ਗਈ ਹੈ । ਅਠ ਦਿਨ ਮੇਲਾ ਰਿਹਾ ਹੈ  ਤੇ ਪਾਤਸ਼ਾਹ ਜੀ ਸੰਗਤ ਵਿਚ ਅਠ ਦਿਨ  ਰਹੇ  ਹਨ ਜੀ । ਜਿਸ ਦਿਨ ਪਾਤਸ਼ਾਹ ਨੂੰ ਗਿਆਂ ਨੂੰ ਚਾਰ ਦਿਨ  ਹੋਏ  ਸਨ, ਸੰਤਾਂ ਨੂੰ ਪਾਤਸ਼ਾਹ  ਬਚਨ  ਦਿਤਾ ਅਸੀਂ ੨੧ ਸਾਲ ਗਰੀਬੀ ਵਾਲਾ ਬਾਣਾ ਪਹਿਨਿਆਂ ਹੈ ।  ਕਿਸੇ ਨੂੰ ਜਤਾਇਆ ਨਹੀਂ ।  ਹੁਣ ਅਸੀਂ ਅੱਜ ਤੋਂ ਮਾੜਾ ਕਪੜਾ ਨਹੀਂ ਪਹਿਨਣਾ ਤੇ ਅੱਠੀਂ  ਪਹਿਰੀਂ ਜਰੂਰ ਵਰਦੀ ਸਾਫ ਕਰਿਆ ਕਰਾਂਗੇ  ।  ਬਾਵੀਵੇਂ ਸਾਲ ਵਿਚ ਸਤਿਜੁਗੀ ਚਿੱਟਾ ਬਾਣਾ ਰਾਜਧਾਨੀ ਪਹਿਨਣਾ ਹੈ । ਛੋਟੇ ਭੁਚਰੋਂ ਮਾਣਾ ਸਿੰਘ ਸਿਖ ਹੈ । ਉਸ  ਨੇ  ਉਠ ਕੇ ਗੱਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ, ਕਿ   ਸੱਚੇ  ਪਿਤਾ ਦੀਨ ਦਿਆਲ  ਮੈਂ ਆਪ  ਦੀ  ਪੁਸ਼ਾਕ ਸੁਵਾ ਕੇ ਲਿਔਂਦਾ ਹਾਂ, ਮੇਰੇ ਤੇ ਦਇਆ ਕਰੋ ਜੀ ।   ਸੱਚੇ  ਪਿਤਾ ਸਿਖ  ਦੀ  ਬੇਨੰਤੀ ਮਨਜ਼ੂਰ ਕਰ ਲਈ ਹੈ । ਸਿਖ  ਨੇ  ਤਰਨ ਤਾਰਨ ਜਾ ਕੇ ਬਨਾਰਸੀ ਪੱਗ, ਰੇਸ਼ਮੀ ਵਧੀਆ ਚਾਦਰ ਕੁੜਤਾ ਤੇ ਤਿਲੇ ਦਾ ਸਾਰਾ ਕੱਡਿਆ ਜੋੜਾ ਲੈ  ਆਇਆ ਹੈ । ਅਗਲੇ ਦਿਨ ਪਾਤਸ਼ਾਹ ਅਸ਼ਨਾਨ ਕਰ ਕੇ ਪੁਸ਼ਾਕ ਪਹਿਨ ਕੇ ਪਲੰਘ  ਤੇ ਬੈਠ ਗਏ ਹਨ ਜੀ । ਓਸ ਵਕਤ ਬੁਗਿਆਂ  ਵਾਲੇ ਸੁੰਦਰ ਸਿੰਘ  ਨੇ  ਘੋੜੀ ਸੱਚੇ  ਪਾਤਸ਼ਾਹ  ਦੀ  ਸੇਵਾ ਵਿਚ ਭੇਟ ਕੀਤੀ । ਹੋਰ ਸੰਗਤ  ਨੇ  ਵੀ ਸੇਵਾ ਪੁਜਦੀ ਸਰਦੀ ਕੀਤੀ ਹੈ ਜੀ ।  ੧੪ ਸੌ ਰੁਪੈਆ ਓਸ ਵਕਤ  ਸੱਚੇ  ਪਿਤਾ ਨੂੰ ਭੇਟਾ ਹੋਈ ਹੈ ਜੀ । ਪਰਾਤਾਂ ਮਠਿਆਈ ਦੀਆਂ ਅੱਗੇ ਰੱਖੀਆਂ ਹਨ ਜੀ । ਫੁਲਾਂ ਦੇ ਹਾਰ  ਸੱਚੇ  ਪਾਤਸ਼ਾਹ ਦੇ ਗੱਲ ਵਿਚ ਪਾਏ ਹਨ ।  ਸੰਗਤਾਂ ਦਰਸ਼ਨ ਕਰ ਕੇ ਨਿਹਾਲ  ਹੋ  ਰਹੀਆਂ ਹਨ ਜੀ । ਸੰਗਤਾਂ  ਫੇਰ ਲੰਗਰ ਵਰਤੌਣ ਲਗ ਪਈਆਂ ਹਨ ਜੀ ।  

     ਚੁਤਾਲਿਆਂ ਵਾਲਿਆਂ ਸਿਖਾਂ ਦੇ ਖਰਬੂਜੇ ਪੱਕੇ ਸਨ ਤੇ ਲਿਆ ਕੇ ਪ੍ਰੇਮ ਨਾਲ ਫਾੜੀਆਂ ਕਰ ਕੇ ਪਰਾਤ ਭਰ ਕੇ ਪਾਤਸ਼ਾਹ ਅੱਗੇ  ਰੱਖੀ ਹੈ ਤੇ ਸੰਗਤਾਂ ਨੂੰ ਵਰਤਾ  ਰਹੇ  ਹਨ । ਫੇਰ ਬਾਹਰ ਨੂੰ  ਸੱਚੇ  ਪਿਤਾ  ਚਲੇ  ਗਏ ਹਨ । ਖਰਬੂਜਿਆਂ ਦੀਆਂ ਫਾੜੀਆਂ ਵਾਲੀ ਪਰਾਤ  ਸੱਚੇ  ਪਾਤਸ਼ਾਹ ਪਲੰਘ  ਤੇ ਰੱਖ ਗਏ ਹਨ ਜੀ । ਮਾਹਵਿਓ ਇਕ ਘੁਮਿਆਰੀ ਸੀ  ਸਿਧ ਪਧਰੀ, ਉਸ  ਨੇ  ਪਲੰਘ  ਉਤੋਂ ਖਰਬੂਜੇ  ਦੀ  ਫਾੜੀ ਫੜ ਕੇ ਖਾ ਲਈ  ।  ਓਸੇ ਵੇਲੇ ਜੂੜੀ ਗਈ  ਤੇ ਤੜਫਣ ਲਗ ਪਈ ।  ਮੱਛੀ ਵਾਗੂੰ ਤੜਫੇ ਤੇ ਨਾਲੇ ਸੱਪ ਦਾ ਭੈ ਪਾਤਸ਼ਾਹ ਦੇ  ਰਹੇ  ਹਨ । ਸਾਰੀ ਸੰਗਤ ਹੈਰਾਨ ਪਰੇਸ਼ਾਨ ਹੋ  ਰਹੀ  ਹੋ   ।  ਬਾਬੇ ਮਨੀ ਸਿੰਘ  ਪੁਛਿਆ ਬੇਬੇ ਜੀ ਤੈਨੂੰ ਕੀ ਗਲ ਹੈ ।  ਓਹ ਆਪਣੀ ਜਬਾਨੀ ਦੱਸਦੀ ਹੈ   ਕਿ  ਮੈਂ ਪਾਤਸ਼ਾਹ ਦੇ ਪਲੰਘ  ਤੋਂ ਚੋਰੀ ਖਰਬੂਜੇ ਦਾ ਪਰਸ਼ਾਦ ਖਾ ਲਿਆ ਹੈ ।  ਮਾਈ ਓਥੇ ਜੂੜੀ ਪਈ ਸੀ । ਪਾਤਸ਼ਾਹ ਕੋਲ ਨਹੀਂ ਜਾ ਸਕਦੀ ਸੀ । ਬਾਬੇ ਮਨੀ ਸਿੰਘ  ਬਚਨ  ਕੀਤਾ ਕਿ  ਸੰਗਤੇ ਤੁਸੀਂ ਪਾਤਸ਼ਾਹ ਅੱਗੇ  ਬੇਨੰਤੀ ਕਰ ਕੇ ਸਾਧ ਨੂੰ ਭੁੱਲ ਬਖ਼ਸ਼ਾਂ ਦਿਓ ।   ਸੱਚੇ  ਪਿਤਾ  ਓਨੇ    ਚਿਰ ਨੂੰ ਬਾਹਰੋਂ ਆ ਗਏ ਹਨ । ਸਿਖਾਂ ਰਲ ਕੇ ਗੱਲ ਵਿਚ ਪੱਲੇ ਪਾ ਕੇ ਬੇਨੰਤੀ ਕੀਤੀ, ਪਾਤਸ਼ਾਹ ਦਇਆ ਕਰੋ  ।  ਮਾਈ ਗਰੀਬਣੀ ਨੂੰ ਬਖ਼ਸ਼ ਦਿਓ, ਬੜੀ  ਔਖੀ ਹੈ  ।  ਜੀਵ ਹਰ ਵਕਤ ਭੁਲਣਹਾਰ ਹਨ ਤੇ ਆਪ ਬਖ਼ਸ਼ਣਜੋਗ ਜੋ   ।  ਪਾਤਸ਼ਾਹ  ਬਚਨ  ਕਰਦੇ ਹਨ   ਕਿ  ਬਾਬਾ ਅਸੀਂ ਓਹੋ ਖਰਬੂਜੇ  ਦੀ  ਫਾੜੀ ਲੈਣੀ ਹੈ । ਸਿਖ ਬੇਨੰਤੀ ਕਰਦੇ ਹਨ  ਕਿ  ਅਸੀਂ ਚੰਗੇ ਚੰਗੇ ਖਰਬੂਜਿਆਂ ਦੀ  ਪੰਡ ਲਿਆ ਦਿੰਦੇ ਹਾਂ ।  ਪਾਤਸ਼ਾਹ ਆਖਦੇ ਹਨ ਅਸਾਂ ਬਹੁਤੇ ਲੈਣੇ ਨਹੀਂ, ਓਹੋ ਫਾੜੀ ਲੈਣੀ ਹੈ ।  ਤਰਲੇ ਮਿੰਨਤਾਂ ਕੱਢ ਕੇ, ਸਿਖਾਂ  ਨੇ  ਪਾਤਸ਼ਾਹ ਮਨਾਏ ਹਨ ||

     ਬੁਗਿਆਂ ਵਾਲਾ ਸੁੰਦਰ ਸਿੰਘ ਜਦੋਂ ਪੰਜਵੇਂ ਦਿਨ ਮੁੜ ਕੇ ਵਾਪਸ ਆਪਣੇ ਘਰ ਨੂੰ ਗਿਆ ਹੈ ।  ਉਸ  ਦੀ  ਭਰਜਾਈ ਗੁੱਸੇ ਹੁੰਦੀ ਹੈ  ਕਿ  ਐਨੇ ਦਿਨ  ਤੂੰ  ਕਿਥੇ ਲਾ ਕੇ ਆਇਆ  ਹੈਂ  । ਤੈਨੂੰ ਪਿਛਲਾ ਫਿਕਰ ਨਹੀਂ । ਸੁੰਦਰ ਸਿੰਘ  ਬਚਨ  ਕਰਦਾ ਹੈ  ਕਿ  ਭਾਗਾਂ ਵਾਲੀਏ  ਮੈਂ  ਪ੍ਰੀ   ਪੂਰਨ  ਸੋਲਾਂ  ਕਲਾ ਸੰਪੂਰਨ ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ  ਦੇ ਦਰਸ਼ਨ ਕਰ ਕੇ  ਆਇਆ  ਹਾਂ  ।  ਓਹ ਆਖਣ ਲੱਗੀ  ਕੇਹੜਾ ਤੇਰਾ ਪਿਓ ਐਡਾ ਕਰਾਮਾਤੀ ਹੈ,  ਮੈਂ ਭਲਕੇ ਜਾ ਕੇ ਵੇਖ ਲਵਾਂਗੀ । ਅਗਲੇ ਦਿਨ ਗਈ ਤੇ ਓਹ ਭੀ ਜੂੜੀ ਗਈ ।  ਕੱਟੇ ਵਾਗੂੰ ਅੜਿੰਗ ਰਹੀ ਹੈ । ਫੇਰ ਉਠ ਕੇ ਪਾਤਸ਼ਾਹ ਅੱਗੇ  ਬੇਨੰਤੀ ਕੀਤੀ । ਮਾੜਾ  ਬਚਨ  ਬੋਲਣ ਵਾਲੀ ਭੁਲ ਬਖ਼ਸ਼ਾਈ ।   ਸੱਚੇ  ਪਿਤਾ ਬੜੇ ਦਇਆ ਦੇ ਸਮੁੰਦਰ ਸਨ ਤੇ ਸਿਖਾਂ ਤੇ  ਬੜੀ  ਦਇਆ ਕਰਦੇ ਸਨ ।  ਮਾਈ ਨੂੰ ਬਖ਼ਸ਼ ਕੇ ਆਪਣੀ ਚਰਨੀ ਲਾ ਲਿਆ ||

     ਅੱਠ  ਦਿਨ ਪਾਤਸ਼ਾਹ ਚੁਤਾਲੀ  ਰਹੇ  ਸਨ ।  ਅੱਠ ਦਿਨ ਸ਼ਬਦ ਬਾਣੀ   ਦੀ  ਘਨਘੋਰ ਹੋ  ਰਹੀ ਸੀ ।  ਇਕ ਮਾਈ  ਘੁਮਿਆਰੀਵਾਂ ਪਿੰਡ  ਦੀ  ਸੀ ਤੇ ਵੀਰ ਸਿੰਘ  ਗਗੋ ਬੂਏ ਵਾਲਾ   ਏਹ  ਦੋਵੇਂ  ਨਾਮਧਾਰੀਆਂ ਦੀ   ਸਿਖੀ ਵਿਚ ਸਨ, ਫੇਰ   ਸੱਚੇ  ਪਿਤਾ  ਦੀ   ਸ਼ਰਨ ਲੱਗੇ ਹਨ ਜੀ ।  ਮਾਈ ਮਸਤਾਨੀ ਤੇ ਦਿਲੀ ਦੀਆਂ ਬੀਬੀਆਂ ਗੋਪੀਆਂ ਦਾ ਵੇਸ ਕਰ ਕੇ  ਪਾਤਸ਼ਾਹ ਦੇ ਪਲੰਘ  ਦੇ ਚਾਰ ਚੁਫੇਰੇ ਰਾਸ ਮੰਡਲ ਪੌਂਦੀਆਂ  ਹੁੰਦੀਆਂ ਸਨ  ਤੇ ਪ੍ਰੇਮ ਨਾਲ ਬਿਸ਼ਨ ਪੱਤੇ ਪੜ੍ਹਦੀਆਂ ਹੁੰਦੀਆਂ ਸਨ, ਪਲੰਘ  ਦੀਆਂ ਪਰਕਰਮਾਂ ਕਰਦੀਆਂ ਹੁੰਦੀਆਂ ਸਨ । ਅੱਠ ਦਿਨ  ਏਸ  ਤਰ੍ਹਾਂ ਚੁਤਾਲੀ ਰੌਣਕ ਰਹੀ ਸੀ ।  ਫੇਰ ਪਾਤਸ਼ਾਹ ਸਿਖਾਂ ਨੂੰ ਖੁਸ਼ੀਆਂ ਦੇ ਕੇ  ਆਪ ਨਾਲ ਮਾਤਾ ਨੈਣੋਂ ਤੇ ਗੁਰਮੁਖ ਸਿੰਘ ਘਵਿੰਡ ਆ ਗਏ ਹਨ । ਮਗਰੋਂ ਸੰਤਾਂ ਨੂੰ ਆਕਾਸ਼ ਬਾਣੀ  ਨਾਲ ਪਾਤਸ਼ਾਹ ਲਿਖੌਂਦੇ  ਹਨ, ਸੰਤਾਂ ਏਥੇ ਚੁਤਾਲੀਂ ੧੫ ਦਿਨਾਂ ਪਿਛੋਂ ਸੰਗਤ ਕੱਠੀ ਹੋਇਆ ਕਰੇਗੀ, ਮਸਿਆ ਤੇ ਪੁਨਿਆ ਵਾਲੇ ਦਿਨ । ਲਿਖਾਈ ਵਿਚ ਚੁਤਾਲਿਆਂ ਵਾਲੇ ਧਾਮ ਦਾ ਨਾਮ ਹਜ਼ੂਰ ਸਾਹਿਬ ਰੱਖਿਆ ਹੈ ||

     ਬਾਬਾ ਮਨੀ ਸਿੰਘ  ਸੰਗਤਾਂ ਨੂੰ  ਲੈ  ਕੇ  ਘਵਿੰਡ ਪਿੰਡ ਨੂੰ ਤੁਰ ਪਿਆ ਹੈ । ਜਿਸ ਵਕਤ ਤੁਰੇ  ਔਂਦੇ  ਹਨ, ਤੇ  ਰਸਤੇ  ਵਿਚ “ ਤੇਜਾ ਸਿੰਘ ਵਾਲਾ ” ਪਿੰਡ ਆਇਆ ਹੈ । ਸੰਗਤਾਂ ਪੈਦਲ ਅੱਗੇ  ਪਿਛੇ ਤੁਰੀਆਂ ਆ ਰਹੀਆਂ ਹਨ ।  ਰਸਤੇ  ਵਿਚ ਇਕ ਡੰਡੀ ਉਤੇ   ਬੜਾ ਭਾਰਾ ਰੇਰੂ ਦਾ ਪੇੜ ਸੀ । ਸੰਗਤਾਂ ਛਾਂ ਵੇਖ ਕੇ ਹੇਠਾਂ ਬੈਹ ਗਈਆਂ ਹਨ ।  ਬਾਬੇ ਮਨੀ ਸਿੰਘ ਨੂੰ ਪਾਤਸ਼ਾਹ ਆਕਾਸ਼ ਬਾਣੀ  ਦਿਤੀ   ਕਿ  ਸੰਤਾ ਰੇਰੂ ਹੇਠੋਂ ਸੰਗਤ ਉਠਾ ਦੇ,  ਸਾਧ  ਦੀ ਉਮਰ ਮੁੱਕੀ ਹੋਈ ਹੈ ।  ਸੰਤਾਂ ਨੇ ਸੰਗਤਾਂ ਉਠਾ ਕੇ ੧੦ ਕਰਮਾਂ ਆਂਦਾ ਹੈ  ਤੇ ਰੇਰੂ ਗੜ ਗੜਾ ਕੇ ਡਿਗ ਪਿਆ, ਜੜਾਂ ਤੋਂ ਪੁੱਟਿਆ ਗਿਆ ਹੈ  ।   ਏਹ  ਕੌਤਕ ਵੇਖ ਕੇ ਸੰਗਤਾਂ ਧੰਨ ਧੰਨ ਕਰ ਰਹੀਆਂ ਹਨ ।   ਸੱਚੇ  ਪਿਤਾ ਦੇ ਨਾਮ ਦਾ ਜਸ ਗਾ ਰਹੀਆਂ ਹਨ ਜੀ । ਧੰਨ ਹੈ ਮੇਰਾ ਪਿਤਾ  ਜੇਹੜਾ  ਜੰਗਲਾਂ ਪਹਾੜਾਂ ਨਦੀਆਂ  ਦਰਿਆਵਾਂ ਵਿਚ ਵੀ ਹਰ ਵਕਤ ਅੰਗ ਸੰਗ ਹੋ  ਕੇ ਸਿਖਾਂ ਤੇ ਦਇਆ ਕਰਦਾ ਹੈ ਜੀ । ਏਸੇ ਤਰ੍ਹਾਂ  ਸੱਚੇ  ਪਾਤਸ਼ਾਹ ਗਰੀਬ ਸਿਖਾਂ ਤੇ ਦਇਆ ਕਰਨ ||