28 – ਮਾਈ ਲਛਮੀ ਤੇ ਸੁੰਦਰ ਸਿੰਘ ਦੀ ਸਾਖੀ – JANAMSAKHI 28

ਮਾਈ ਲਛਮੀ ਤੇ ਸੁੰਦਰ ਸਿੰਘ  ਦੀ  ਸਾਖੀ

     ਅੱਗੇ ਸੰਗਤ ਗਗੋ ਬੂਏ ਆ ਪਹੁੰਚੀ ਹੈ । ਵੀਰ ਸਿੰਘ ਦੇ ਘਰ ਬਾਬੇ ਮਨੀ ਸਿੰਘ ਤੇ ਸੰਗਤਾਂ ਨੇ  

ਡੇਰੇ ਲਾਏ ਹਨ ਜੀ । ਰਾਤ ਪਰਸ਼ਾਦ ਵੀਰ ਸਿੰਘ ਦੇ ਘਰ ਤਿਆਰ ਹੋਇਆ ਹੈ ।  ਬੜੀ  ਮਹਿੰਮਾ   ਸੱਚੇ  ਪਿਤਾ  ਦੀ   ਹੋ  ਰਹੀ ਹੈ । ਮਸਤਾਨੇ ਖੇਡ ਰਹੇ  ਹਨ  ।  ਵੀਰ ਸਿੰਘ ਦਾ ਭਤੀਜਾ ਸੁੰਦਰ ਸਿੰਘ ਉਸ ਦੇ ਘਰੋਂ ਮਾਈ ਲਛਮੀ ਨਾਮ ਸੀ । ਗੁਰੂ ਸਾਹਿਬ ਬਾਬੇ ਮਨੀ ਸਿੰਘ  ਦੀ  ਦੋਵੇਂ ਜਣੇ ਸ਼ਰਨ ਪਏ ਹਨ  ।   ਸੱਚੇ  ਪਿਤਾ ਦਇਆ ਕਰ ਕੇ ਸ਼ਰਨ ਲਾ ਲਏ ਹਨ । ਇਕ ਝੰਡਾ ਸਿੰਘ ਮੌੜਾਂ ਦਾ ਨਾਈ ਸਿਖ ਸੀ ।  ਸੌਹਰੇ ਘਰ ਏਥੇ ਗਗੋ ਬੁਏ ਰਹਿੰਦਾ ਸੀ । ਪਿਛਲਾ ਜਨਮ ਉਸਦਾ ਸੈਨ ਭਗਤ ਦਾ ਸੀ । ਓਸ ਵੀ   ਬੜਾ   ਸੰਗਤਾਂ ਦਾ ਪ੍ਰੇਮ ਕੀਤਾ ਤੇ ਪਰਸ਼ਾਦ ਛਕਾਇਆ । ਸੁੰਦਰ ਸਿੰਘ ਵੀ ਦੂਸਰਿਆਂ ਸਿਖਾਂ ਵਲ ਵੇਖ ਕੇ ਬਾਬੇ ਮਨੀ ਸਿੰਘ ਅੱਗੇ  ਬੇਨੰਤੀ ਕੀਤੀ, ਬਾਬਾ ਜੀ ਪਰਸ਼ਾਦ ਸਾਡੇ ਘਰੋਂ ਸਵੇਰੇ ਛਕਿਓ ਜੇ  ।  ਗਰੀਬ  ਦੀ  ਕੁੱਲੀ ਚਰਨ ਪਾ ਕੇ ਪਵਿੱਤਰ ਕਰਿਓ ਜੇ । ਬਾਬੇ ਮਨੀ ਸਿੰਘ ਆਖਿਆ ਚੰਗਾ ਸੁੰਦਰ ਸਿੰਘ । ਘਰ ਆਣ ਕੇ ਲਛਮੀ ਨੂੰ ਆਖਿਆ  ਕਿ  ਕਰਮਾਂ ਵਾਲੀਏ ਮੈਂ  ਤਾਂ   ਸੱਚੇ  ਪਿਤਾ ਦੀਆਂ ਸੰਗਤਾਂ ਦਾ ਪਰਸ਼ਾਦ ਵਰਜ ਆਇਆ ਹਾਂ ਛੇਤੀ ਤਿਆਰ ਕਰ ਦੇ ।  ਓਹ ਆਖਣ ਲੱਗੀ ਸਤਿ ਬਚਨ  ਜੀ । ਮਾਈ ਲਛਮੀ ਸਾਰੇ ਨਗਰ ਵਿਚ ਘਰ ਘਰ ਫਿਰੀ ਹੈ । ਕਿਤੋਂ ਆਟਾ ਉਧਾਰਾ ਨਹੀਂ ਲੱਭਾ ।  ਬਹੁਤ ਚਿੰਤਾ ਕਰਦੀ ਹੈ ਤੇ ਆਪਣੇ ਪਤੀ ਨੂੰ ਉਡੀਕਦੀ ਹੈ  ਕਿ  ਆਵੇ ਆਖਾਂ ਕਿਤੋਂ ਉਧਾਰਾ ਨਹੀਂ ਲੱਭਾ । ਸੁੰਦਰ ਸਿੰਘ ਅਜੇ ਤੀਕ ਘਰ ਨਹੀਂ ਆਇਆ । ਮਾਈ ਲਛਮੀ ਜੀ ਭਿਆਣੀ ਭਾਂਡੇ ਟੋਂਹਦੀ ਫਿਰਦੀ ਹੈ ਜੀ  ।  ਇਕ ਭਾਂਡੇ ਵਿਚੋਂ ਅੱਧ ਕੁ ਸੇਰ ਕਣਕ ਲੱਭੀ  ਹੈ । ਇਕ ਟਾਕੀ ਪੱਲੇ ਚੌਲਾਂ ਦੇ ਵੰਡ ਇਕ  ਦੋ  ਮੁਠਾਂ ਬੱਧੇ  ਹਨ । ਮਾਈ  ਨੇ  ਓਹ ਸਵਾਰ ਕੇ ਖੀਰ ਰਿੰਨ ਲਈ । ਚੱਕੀ ਤੇ ਕਣਕ ਪੀਹ ਕੇ ੫ ਫੁਲਕੇ ਪਕਾ ਕੇ ਅੰਦਰ ਰੱਖ ਦਿਤੇ ਹਨ । ਅੰਦਰ ਕੱਜ ਕੇ ਆਪ ਕੋਲ ਬੈਠੀ ਹੈ । ਸੁੰਦਰ ਸਿੰਘ ਵਾਜ ਮਾਰੀ ਪਰਸ਼ਾਦ ਤਿਆਰ ਹੈ । ਮਾਈ ਲਛਮੀ ਆਖਿਆ ਜੀ ਤਿਆਰ ਹੈ ।  ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ  ਹੋਈ  ਕਿ  ਸਿਖਾ ਪਰਸ਼ਾਦ ਆਪ ਵਰਤੌਣਾ ਹੈ । ਬਾਬੇ ਮਨੀ ਸਿੰਘ  ਆਪ  ਪਰਸ਼ਾਦ ਵਰਤੌਣ ਨੂੰ ਤਿਆਰ ਹੋਏ  ਹਨ  ਤੇ ਚੌਕੇ ਨੂੰ ਸੰਗਤ ਸਮੇਤ ਤੁਰ ਪਏ ਹਨ । ਮਾਈ ਲਛਮੀ ਮਾਰੀ ਸ਼ਰਮ ਦੀ  ਖੁਰਲੀ ਵਿਚ ਲੰਮੀ ਜਾ ਪਈ ਹੈ । ਦਿਲ ਵਿਚ ਚਿੰਤਾ ਕਰਦੀ ਹੈ  ਕਿ  ਐਨੀਂ ਸੰਗਤ ਹੈ ਤੇ ੫ ਫੁਲਕਿਆਂ ਨੂੰ ਕੀ ਕਰਾਂਗੇ  ।   ਸੱਚੇ  ਪਾਤਸ਼ਾਹ ਅੱਜ ਸਾਡੀ ਇੱਜਤ ਰੱਖਿਓ ਜੇ । ਦਿਲ ਵਿਚ ਬੇਨੰਤੀਆਂ ਕਰਦੀ ਹੈ ।  ਓਧਰ ਬਾਬੇ ਮਨੀ ਸਿੰਘ ਪਰਸ਼ਾਦ ਵੇਖ ਕੇ ਤੇ ਆਪਣੀ ਚਾਦਰ ਲਾਹ ਕੇ ਉਤੇ ਪਾ ਦਿਤੀ ਹੈ । ਸੰਤਾਂ ਅੰਤਰ ਧਿਆਨ  ਹੋ  ਕੇ  ਸੱਚੇ  ਪਿਤਾ ਦੇ ਚਰਨਾਂ ਵਿਚ ਲਿਵ ਲਾ ਲਈ ਹੈ  ਤੇ ਥਿਰ ਘਰ ਦਾ  ਸ਼ਬਦ ਪੜ੍ਹਿਆ ਹੈ ।   ਸੱਚੇ  ਪਿਤਾ ਦੇ ਹੁਕਮ ਅਨੁਸਾਰ ਪਰਸ਼ਾਦ ਵਰਤਾਇਆ ਗਿਆ ਹੈ ।   ਸੱਚੇ  ਪਿਤਾ ਘਵਿੰਡ ਬੈਠੇ ਹਨ ਤੇ ਬਾਬੇ ਮਨੀ ਸਿੰਘ ਲੰਗਰ ਗਗੋ ਬੂਏ ਵਰਤਾ  ਰਹੇ  ਹਨ ਜੀ ।  ਸੰਗਤਾਂ ਅਨੰਦ ਪ੍ਰਸੰਨ ਹੋ  ਗਈਆਂ ਹਨ । ਗਰੀਬ ਗੁਰਬਾ ਜੋ ਕੋਈ ਮੰਗਤਾ ਹੈ ਸਾਰੇ ਛਕ ਰਹੇ ਹਨ ।  ਓਸ ਵਕਤ ਲਾਗੇ ਦਰਵੇਸ਼ ਬੈਠੇ ਸਨ । ਓਨ੍ਹਾਂ ਨੂੰ ਵੀ ਸੁੱਚੇ ਪਰਸ਼ਾਦੇ ਵਰਤਾਏ ਗਏ ਹਨ । ਸੁੰਦਰ ਸਿੰਘ ਤੇ ਉਸ ਦੇ ੫ ਪੁੱਤਰ  ਉਨ੍ਹਾਂ ਨੂੰ ਵੀ ਸੰਗਤ ਨਾਲ ਪਰਸ਼ਾਦ ਛਕਾਇਆ ਗਿਆ ਹੈ ਜੀ । ਮਾਈ ਲਛਮੀ ਨੂੰ ਅਵਾਜ਼ ਮਾਰੀ ਗਈ  ਕਿ  ਆਣ ਕੇ ਪਰਸ਼ਾਦ ਛਕ ਲਵੇ ।  ਸੱਚੇ  ਪਾਤਸ਼ਾਹ ਦਾ ਥਾਲ ਲੁਵਾਇਆ । ਬਾਬੇ ਮਨੀ ਸਿੰਘ ਸਾਰੀ ਸੰਗਤਾਂ ਨੂੰ ਰਜਾ ਕੇ ਤੇ ਆਪ ਛਕਦੇ ਹਨ  ।  ਮਾਈ ਲਛਮੀ ਨੂੰ ਸੰਤ ਬਚਨ ਕਰਦੇ ਕਿ ਬੇਬੇ ਜੀ ਆਪਣਾ ਲੰਗਰ ਸੰਭਾਲ ਲਓ  ।  ੫ ਪਰਸ਼ਾਦੇ ਤੇ ਚੌਲ ਓਸੇ ਤਰ੍ਹਾਂ ਪਏ  ਨੇ  ।  ਲੰਗਰ ਵਰਤਾ ਕੇ ਸੰਤ ਮਨੀ ਸਿੰਘ ਸੰਗਤ ਵਿਚ ਬੈਹ ਗਏ ਹਨ ।  ਮਸਤਾਨੇ ਬਹੁਤ ਖੇਡ ਰਹੇ  ਹਨ । ਓਸ ਵੇਲੇ ਮਸਤਾਨਿਆਂ ਦੀ  ਦ੍ਰਿਸ਼ਟ ਖੋਲ੍ਹੀ ਹੋਈ ਹੈ  ।   ਜੋ  ਕਲਜੁਗ ਵਿਚ ਵਰਤਣੀ ਹੈ ਮਸਤਾਨਿਆਂ ਨੂੰ  ਨਜ਼ਰ ਆ ਰਿਹਾ ਹੈ ||

     ਸੰਤਾਂ ਗਗੋ ਬੂਇਉਂ ਕੂਚ ਕਰ ਦਿਤਾ ਹੈ  ।  ਓਥੋਂ ਤਿੰਨ ਮੀਲ ਭੁਚਰ ਦਾ ਪੈਂਡਾ ਹੈ ਤੇ ਸੰਗਤਾਂ ਗਗੋ ਬੁਇਉ ਭੁਚਰ ਆ ਗਈਆਂ ਹਨ ਜੀ ।  ਦਿਨ ਥੋੜਾ ਜਿਹਾ ਹੈ  ਜਿਸ ਵਕਤ ਸੰਗਤਾਂ ਪਹੁੰਚੀਆਂ ਹਨ । ਐਸੀ  ਸੱਚੇ  ਪਾਤਸ਼ਾਹ ਦਇਆ ਕੀਤੀ ਸੀ   ਕਿ  ਸੰਗਤਾਂ ਵਿਚ ਨਿਰਾ ਸਤਿਜੁਗ ਲੱਗਾ ਹੋਇਆ ਸੀ । ਮਾਈ ਭਾਈ ਇਕ ਦੂਜੇ ਨੂੰ ਬੜਾ ਪ੍ਰੇਮ ਨਾਲ ਵੇਖਦੇ ਸਨ । ਸੰਗਤਾਂ ਭੁਚਰ ਖੂਹੇ ਤੇ ਅਸ਼ਨਾਨ ਕਰ ਰਹੀਆਂ ਹਨ  ।  ਕੋਈ ਜਲ  ਕੱਢਦਾ  ਹੈ ਕੋਈ ਅਸ਼ਨਾਨ ਕਰਦਾ ਹੈ । ਬੜਾ ਪ੍ਰੇਮ ਹੋ ਰਿਹਾ ਹੈ ਜੀ ।  ਸੱਚੇ  ਪਿਤਾ  ਦੀ  ਕਿਰਪਾ ਨਾਲ ਖੋਹ ਖੋਹ ਕੇ ਇਕ ਦੂਜੇ ਦਾ ਬਸਤਰ ਧੋ ਰਹੇ  ਸਨ ਜੀ ।  ਬੀਬੀਆਂ ਮਾਈਆਂ ਵੀ ਅਸ਼ਨਾਨ ਕਰ ਰਹੀਆਂ ਹਨ ।  ਭੁਚਰ ਦੇ ਲੋਕ ਵੇਖ ਕੇ ਹੈਰਾਨ ਪਰੇਸ਼ਾਨ ਹੋ ਰਹੇ ਹਨ ।  ਕਲਜੁਗ ਦੇ ਵਿਚ  ਐਨਾ ਪ੍ਰੇਮ ਸੰਗਤ ਦੇ ਵਿਚ ਹੋ ਰਿਹਾ ਹੈ  ਜੀ । ਸੰਗਤਾਂ ਅਸ਼ਨਾਨ ਕਰਕੇ ਘਰ ਨੂੰ ਜਾ ਰਹੀਆਂ ਹਨ ਜੀ ।  ਸੰਤ ਮਨੀ ਸਿੰਘ ਸੰਗਤਾਂ ਵਿਚ ਬੈਠੇ ਹਨ ਜੀ ਤੇ ਸੰਗਤਾਂ ਸ਼ਬਦ ਪੜ੍ਹ ਰਹੀਆਂ ਹਨ ਜੀ ।  ਮਸਤਾਨੇ ਛਾਲਾਂ ਮਾਰ  ਰਹੇ  ਹਨ ਜੀ ।  ਬੜੀ  ਮੰਗਲਾਚਾਰ  ਹੋ  ਰਹੀ ਹੈ । ਜਿੰਨੇ ਦਿਨ ਮੇਲਾ ਰਿਹਾ ਹੈ ਓਨ੍ਹਾਂ  ਚਿਰ ਬਹੁਤ ਸੋਹਣੀ ਠੰਡ ਰਹੀ ਹੈ । ਧੁਪ ਇਕ ਦਿਨ ਨਹੀਂ ਲੱਗੀ ।  ਸੰਤਾਂ ਨੂੰ ਆਕਾਸ਼ ਬਾਣੀ  ਹੋਈ   ਕਿ  ਸੰਤਾਂ ਅਸਾਂ ਚਾਨਣੀਆਂ ਨਹੀਂ ਲੌਣ ਦੇਂਦੇ, ਅਗੰਮੀ ਚਾਨਣੀਆਂ ਲਾਵਾਂਗੇ ਤੇ ਸੰਗਤਾਂ ਵਿਚ ਠੰਡ ਵਰਤਾਵਾਂਗੇ ।  ਓਸੇ ਤਰ੍ਹਾਂ  ਬਚਨ  ਸਤਿ ਹੋਇਆ ਹੈ । ਦਿਲੀ ਦਾ ਸਿਖ ਇਕ ਆਯੁਧਿਆ ਨਾਮ ਦਾ ਸੀ ।  ਖੂਹੇ ਤੇ ਅਸ਼ਨਾਨ ਕਰ ਰਿਹਾ ਸੀ । ਭੁਚਰ ਦੇ ਲੋਕ ਪੁਛਦੇ ਹਨ  ਕਿ   ਸਿਖਾ ਆਪ ਦਾ ਕੇਹੜਾ ਨਗਰ ਹੈ । ਓਹ  ਬਚਨ  ਕਰਦਾ ਹੈ ਜੀ ਮੇਰਾ ਪਿੰਡ ਦਿਲੀ ਹੈ  ।  ਭੁਚਰ ਦੇ ਲੋਕ ਪੁਛਦੇ ਹਨ  ਕਿ   ਤੁਸੀਂ ਕੀ ਵੇਖ ਕੇ ਸੰਤ ਦੇ ਮਗਰ ਲੱਗੇ ਜੇ  ।  ਓਹ ਦੱਸਦਾ ਹੈ ਮੇਰੇ ਸੌਹਰੇ ਮੰਨਦੇ ਨੇ  ।  ਮੈਨੂੰ ਕੋਈ ਪਤਾ ਨਹੀਂ,  ਮੈਂ ਨਹੀਂ ਕੁਛ ਵੇਖਿਆ ਜੀ । ਮੇਰੀ ਵੌਹਟੀ ਆਪ ਦੇ ਮਾਪਿਆਂ ਨਾਲ ਆਈ ਹੈ ।  ਮੈਂ ਨਾਲ ਰਾਖੀ ਵਾਸਤੇ ਆਇਆ ਹਾਂ ।  ਮੈਨੂੰ ਕੋਈ ਪਤਾ ਨਹੀਂ ਸੰਤਾਂ ਵਿਚ ਕੀ ਕਰਾਮਾਤ ਹੈ ਜੀ ।  ਏਹ   ਬਚਨ  ਕਰਦੇ ਕਰਦੇ ਅਸ਼ਨਾਨ ਵੀ ਕਰ ਲਿਆ ਹੈ ਫੇਰ ਆਣ ਕੇ ਸੰਗਤਾਂ ਵਿਚ ਬੈਠ ਗਿਆ ਹੈ ਜੀ  ।  ਦੀਵਾਨ ਵਿਚ ਬੈਠਣ ਦੀ  ਦੇਰ ਹੈ ਓਸੇ ਵੇਲੇ ਪਕੜ  ਹੋ  ਗਈ । ਪੰਡ ਵਾਗੂੰ ਬੱਧਾ ਭੋਂ ਤੋਂ ਉਚਾ ਜਾ ਜਾ ਕੇ ਫਿਰ ਡਿਗ ਪੈਂਦਾ ਹੈ । ਗੇਂਦ ਵਾਗੂੰ ਬੁੜਕਦਾ ਫਿਰਦਾ ਹੈ । ਰੋਂਦਾ ਤੇ ਕੁਰਲਾਂਦਾ ਬੌਹੜੀ ਬੌਹੜੀ ਕਰਦਾ ਹੈ ।  ਸੰਤ  ਬਚਨ  ਕਰਦੇ ਹਨ । ਵੇਖੋ ਸਿਖੋ, ਕਿਸ ਤਰ੍ਹਾਂ  ਸੱਚੇ  ਪਿਤਾ ਸਿਖ  ਦੀ  ਹਾਲਤ ਕਰ  ਰਹੇ  ਹਨ ਜੀ । ਓਸ ਵੇਲੇ ਮਨੀ ਸਿੰਘ ਉਸ ਦੇ ਸਿਰ ਤੇ ਹੱਥ ਧਰਿਆ ਹੈ ਤੇ ਓਹ ਜਮੀਨ ਤੇ ਵੱਜਣੋਂ ਹਟ ਗਿਆ ਹੈ । ਸੰਤਾਂ ਪੁਛਿਆ ਕਿ  ਭਾਈ ਸਿਖਾ  ਤੂੰ  ਕਿਸ ਕਾਰਨ ਫੜਿਆ ਗਿਆ ਹੈਂ, ਕੀ ਭੁਲਣਾ ਤੈਥੋਂ ਹੋ  ਗਈ ਹੈ ।  ਓਸ ਆਖਿਆ ਜੀ ਖੂਹੇ ਤੇ ਅਸ਼ਨਾਨ ਕਰਦਿਆਂ ਏਥੋਂ ਦੇ ਵਾਸੀ ਮੇਰੇ ਨਾਲ  ਬਚਨ  ਕਰਦੇ ਸਨ  ਤੇ ਮੈਂ ਪਾਤਸ਼ਾਹ  ਦੀ   ਨਿੰਦਿਆ ਕੀਤੀ, ਓਸ ਭੁਲਣਾ ਵਿਚ ਮੈਂ ਫੜਿਆ ਗਿਆ ਹਾਂ ਜੀ ।  ਮੈਨੂੰ ਬਖ਼ਸ਼ ਲਓ । ਕੋਈ ਸਿਖ ਵੀ ਬਾਹਰ ਜਾ ਕੇ ਨਿੰਦਿਆ ਚੁਗਲੀ ਨਹੀਂ ਸੀ ਕਰਦਾ, ਜੇਹੜਾ  ਕੋਈ ਕਰਦਾ ਸੀ ਓਸੇ ਵੇਲੇ ਫੜਿਆ ਜਾਂਦਾ ਸੀ ਜੀ ||

     ਦਿਨ ਥੋੜਾ ਰਿਹਾ ਹੈ ਤੇ ਪਰਸ਼ਾਦ ਤਿਆਰ ਹੋ  ਗਏ ਹਨ ।  ਦੀਵਾਨ ਹਟ ਗਿਆ ਹੈ ਤੇ ਸੰਗਤਾਂ ਨੂੰ ਲੰਗਰ ਵਰਤੀਦਾ ਹੈ ਜੀ  ।  ਪਰਸ਼ਾਦ ਵਰਤ ਕੇ ਫੇਰ ਸੰਗਤਾਂ ਸ਼ਬਦ ਕੀਰਤਨ ਕਰ ਰਹੀਆਂ ਹਨ ਜੀ ।  ਬੜੀ  ਸੋਹਣੀ ਰਚਨਾ ਬਦੀ ਹੈ  ।  ੫ ਮੱਠੀਆਂ   ਤੇ ਘਿਉ ਦੀ  ਭਿਜੀ ਹੋਈ ਖੰਡ ਇਕ ਇਕ ਮੁੱਠ ਸਾਰੀ ਸੰਗਤ ਨੂੰ ਰੋਜ਼ ਵਰਤਾਈ ਸੀ ।  ਤੇ ਫੇਰ ਬਦਾਮਾਂ ਦੀ  ਸ਼ਰਦਾਈ ਵਰਤੀ ਜਾਂਦੀ ਸੀ । ਏਸ ਤਰ੍ਹਾਂ ਸੰਗਤਾਂ ਵਿਚ ਅਨੰਦ ਬਣਿਆ ਰਹਿੰਦਾ ਸੀ । ਫੇਰ ਸਵੇਰੇ ਪਰਸ਼ਾਦ ਛਕ ਕੇ ਸੰਗਤਾਂ ਘਵਿੰਡ ਆ ਰਹੀਆਂ ਹਨ ਜੀ । ਨਾਲ ਸੰਗਤਾਂ ਦੇ ਮਾਣਾ ਸਿੰਘ ਤੇ ਬਾਜ ਸਿੰਘ ਦਾ ਬੰਸ ਵੀ ਆ ਰਿਹਾ ਹੈ ।  ਰੰਗਾ ਸਿੰਘ ਪਾਤਸ਼ਾਹ ਦਾ ਚਾਚਾ  ਸੱਚੇ  ਪਿਤਾ ਖਜਾਨਚੀ  ਬਣਾਇਆ ਹੋਇਆ ਸੀ । ੧੫ ਸੌ ਰੁਪੈਆ ਭੇਟਾ ਜੇਹੜੀ ਸੀ ਓਹ ਰੰਗਾ ਸਿੰਘ ਨੂੰ ਫੜਾਈ ਗਈ ਸੀ ।  ਘਵਿੰਡ ਸੰਗਤਾਂ   ਸੱਚੇ  ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਹਨ  ।   ਸੱਚੇ  ਪਾਤਸ਼ਾਹ ਆਪਣੇ ਤੋਸ਼ੇਖਾਨੇ ਵਿਚੋਂ ਲੰਗਰ ਤਿਆਰ ਕਰ  ਰਹੇ  ਸਨ । ਰੰਗਾ ਸਿੰਘ ਸੰਗਤਾਂ ਨੂੰ ਦਾਲ ਰੋਟੀ  ਛਕਣ   ਵਾਸਤੇ ਦਿਤੀ ਹੈ ।  ਬਾਬੇ ਮਨੀ ਸਿੰਘ ਲਿਖਾਈ ਕਰ ਦਿਤੀ  ਕਿ   ਸੱਚੇ  ਪਾਤਸ਼ਾਹ ਦਾ ਖਜਾਨਚੀ  ਸ਼ੂਮ ਹੈ ।  ਜਿਸ ਵਕਤ ਰੰਗਾ ਸਿੰਘ  ਨੇ  ਫਰਦ ਪੜ੍ਹੀ ਹੈ ਓਸ ਵਕਤ ਗਲ ਵਿਚ ਪੱਲਾ ਪਾ ਕੇ  ਦੋ  ਸੌ ਰੁਪੈਆ ਅੱਗੇ  ਰਖ ਦਿਤਾ ਤੇ  ਬਚਨ  ਕੀਤਾ  ਕਿ   ਸੱਚੇ  ਪਿਤਾ  ਮੇਰਾ ਨਾਮ ਲਿਖਤ ਵਿਚ ਸੂਮ ਲਿਖਿਆ ਹੈ ਤੇ ਮੇਰੇ ਤੇ ਦਇਆ ਕਰੋ  ਏਸ  ਤਰ੍ਹਾਂ ਨਾਲ ਚਾਰ ਜੁਗ ਮੇਰਾ ਮੂੰਹ ਕਾਲਾ ਹੁੰਦਾ ਹੈ । ਪਾਤਸ਼ਾਹ ਆਖਿਆ ਚਾਚਾ  ਤੂੰ  ਸੰਗਤਾਂ ਨੂੰ ਮਨ ਭੌਂਦੇ ਪਦਾਰਥ ਛਕੌਣੇ ਸੀ ਤੇ ਜਾ ਹੁਣ ਬਾਬੇ ਮਨੀ ਸਿੰਘ ਅਗੇ ਬੇਨੰਤੀ ਕਰਕੇ ਆਪਣੀ ਲਿਖਤ ਸਿਧੀ ਕਰਾ ਲਾ । ਸੰਤਾਂ  ਨੇ  ਓਹ ਲਿਖਿਆ ਹੋਇਆ ਕਾਗਤ ਪਾੜ  ਦਿਤਾ ਤੇ ਆਖਿਆ  ਜਿਸ ਤਰ੍ਹਾਂ ਦਾ ਪਰਸ਼ਾਦ ਛਕਾਵੇਂਗਾ ਓਸੇ ਤਰ੍ਹਾਂ  ਦੀ  ਲਿਖਤ ਹੋਜੂ । ਫੇਰ ਓਥੇ ਧਿਔਲੇ ਦੇ ਪਰਸ਼ਾਦ ਤੇ ਤਸਮਈਆਂ ਤਿਆਰ ਹੋ  ਗਈਆਂ । ਅਨੇਕ ਪਰਕਾਰ ਦੇ ਭੋਜਨ ਤਿਆਰ ਹੋ ਰਹੇ ਹਨ ਜੀ । ਸੰਗਤਾਂ ਵਿਚ ਸੰਤ ਬੜੇ ਮਾਇਲ ਹੋ  ਕੇ ਬੈਠੇ ਹਨ ।  ਸੰਗਤਾਂ ਮਸਤਾਨੀਆਂ ਹੋਇਆ ਖੇਡ ਰਹੀਆਂ ਹਨ ਜੀ । ਘਵਿੰਡ ਦੇ ਲੋਕ ਬੜੇ ਹੈਰਾਨ ਪਰੇਸ਼ਾਨ ਹੋ   ਰਹੇ  ਹਨ  ਤੇ  ਬਚਨ  ਕਰਦੇ ਹਨ  ਕਿ  ਏਥੇ  ਤਾਂ  ਸਤਿਜੁਗ ਵਰਤ ਰਿਹਾ ਹੈ । ਚਾਰ ਕੁੰਟ  ਦੀ  ਸੰਗਤ ਹੈ ਤੇ  ਏਸ  ਤਰ੍ਹਾਂ ਜਾਪਦੇ ਹਨ ਜਿਸ ਤਰ੍ਹਾਂ ਇਕ ਮਾਂ ਦੇ ਪੁਤ ਹਨ ||

     ਏਥੋਂ ਸੰਗਤ ਫੇਰ ਗਾਗੇ ਚਲੀ ਗਈ ਹੈ । ਓਥੇ ਬੀਬੀ ਠਾਕਰੀ  ਦੇ ਘਰ ਸੰਗਤਾਂ ਚਲੀਆਂ ਗਈਆਂ ਹਨ ਜੀ,  ਤੇ ਨਾਲ ਬਾਬਾ ਮਨੀ ਸਿੰਘ ਵੀ ਹਨ । ਬੀਬੀ ਠਾਕਰੀ  ਸੰਤਾਂ ਅੱਗੇ  ਬੇਨੰਤੀ ਕੀਤੀ   ਕਿ  ਬਾਬਾ ਜੀ   ਸੱਚੇ  ਸਾਹਿਬ ਜਿਸ ਤਰ੍ਹਾਂ ਹੁਕਮ ਦੇਂਦੇ ਹਨ ਓਸੇ ਤਰ੍ਹਾਂ ਪਰਸ਼ਾਦ ਤਿਆਰ ਕੀਤਾ  ਜਾਵੇ  ।  ਮੈਂ ਪੈਸੇ ਦੇਣ ਨੂੰ ਤਿਆਰ ਹਾਂ ।  ਸੱਚੇ  ਪਿਤਾ ਦੇ ਹੁਕਮ ਅਨੁਸਾਰ ਲੰਗਰ ਤਿਆਰ ਕੀਤਾ ਗਿਆ ਹੈ ਜੀ ।  ਸੰਗਤਾਂ ਸ਼ਬਦ ਪੜ੍ਹ ਰਹੀਆਂ ਹਨ ਤੇ ਮਸਤਾਨੇ ਵਰ ਵਰੂਹੀ ਦੇ  ਰਹੇ  ਹਨ ।  ਰਾਤ ਦਾ ਪਰਸ਼ਾਦ ਛਕ ਕੇ ਫੇਰ ਸ਼ਬਦ ਕੀਰਤਨ  ਹੋ  ਰਿਹਾ ਹੈ ।  ਅਗਲੇ ਦਿਨ ਸੰਗਤਾਂ ਭੰਗਾਲੀ ਪਿੰਡ ਨੂੰ ਤਿਆਰ ਹੋ  ਗਈਆਂ ਹਨ । ਜਿਸ ਵਕਤ ਤਿਆਰ ਹੋਏ  ਹਨ  ਬੀਬੀ ਠਾਕਰੀ  ਬਾਬੇ ਜੀ ਅੱਗੇ  ਬੇਨੰਤੀ ਕਰਦੀ ਹੈ  ਕਿ  ਬਾਬਾ ਜੀ ਜਦੋਂ ਦਾ ਮੇਰਾ ਕਾਕਾ ਗੁਜਰ ਗਿਆ ਹੈ  ਮੁੜ ਕੇ ਪਾਤਸ਼ਾਹ ਦਾਤ ਨਹੀਂ ਦਿਤੀ । ਬਾਬਾ ਜੀ ਤੁਸੀਂ ਬਖ਼ਸ਼ਣਹਾਰ ਗੁਰੂ ਜੇ ।  ਸੱਚੇ  ਪਾਤਸ਼ਾਹ ਕੋਲੋਂ ਮੇਰੀ ਭੁੱਲ ਬਖ਼ਸ਼ਾ ਦਿਉ  ਸੰਤ ਆਕਾਸ਼ ਬਾਣੀ  ਨਾਲ ਜੁੜੇ  ਤੇ ਪਾਤਸ਼ਾਹ ਅੱਗੇ  ਬੇਨੰਤੀ ਕੀਤੀ   ਕਿ   ਸੱਚੇ  ਪਿਤਾ ਬੀਬੀ ਠਾਕਰੀ  ਬੇਨੰਤੀ ਕਰ ਰਹੀ ਹੈ ਤੇ ਆਂਦੀ ਹੈ  ਜੇ ਪੁੱਤਰ ਨਹੀਂ  ਤਾਂ  ਧੀ ਹੀ ਦੇ ਦੇਣ ।  ਉਸ ਵਕਤ  ਸੱਚੇ  ਪਿਤਾ ਦਿਆਲੂ ਕਿਰਪਾਲੂ ਬੇਨੰਤੀ ਪਰਵਾਨ ਕਰਕੇ ਧੀ ਦਾ ਵਰ ਦੇ ਦਿਤਾ ਹੈ । ਸੰਗਤਾਂ ਵਿਚ ਮੂੰਹੋਂ  ਮੰਗੀਆਂ ਮੁਰਾਦਾਂ ਮਿਲਦੀਆਂ ਸਨ ਜੀ ||

      ਅੱਗੇ  ਸੰਗਤਾਂ ਸਮੇਤ ਭੰਗਾਲੀ ਪਿੰਡ  ਚਲੇ  ਗਏ ਹਨ ।  ਚਾਰ ਦਿਨ ਭੰਗਾਲੀ  ਰਹੇ  ਹਨ ।  ਉਥੇ ਗੁਰਮੁਖ ਸਿੰਘ ਖੁਛਾਲ ਸਿੰਘ ਦੇ ਘਰ ਬੜੇ ਵਰ ਦਿਤੇ ਹਨ । ਗੁਰਮੁਖ ਸਿੰਘ  ਦੀ  ਹਵੇਲੀ ਵਿਚ ਲਿਖਾਈ  ਹੋ  ਰਹੀ ਹੈ  ਕਿ  ਏਥੇ  ਸੱਚੇ  ਪਿਤਾ ਦਾ ਧਾਮ ਬਣੇਗਾ ਤੇ  ਜੋ  ਫਿਮਣੀ, ਫੋੜਾ, ਲੂਤ, ਚੰਬਲ, ਜੋ  ਸਰੀਰ ਫੁੱਟੇ  ਵਾਲਾ ਏਥੇ ਇਸ਼ਨਾਨ ਕਰੇਗਾ ਸੋ ਰਾਜੀ ਹੋਵੇਗਾ ।  ਖੁਛਾਲ ਸਿੰਘ ਹੋਰਾਂ  ਦੀ  ਲਿਖਤ  ਹੋ  ਗਈ  ਕਿ  ਤੁਸੀਂ  ਸੰਧੂਆਂ  ਦੇ ਗੁਰ ਹੋਵੋਗੇ, ਤੇ  ਜੋ  ਪੁਰਾਣੀ ਸਿਖੀ ਹੈ ਉਸ  ਦੀ  ਸੇਵਾ ਬੰਦ  ਹੋ  ਗਈ ਹੈ ।  ਚੁਤਾਲਿਆਂ ਵਾਲੇ ਧਾਮ ਤੇ ਮਸਿਆ ਪੁਨਿਆਂ ਨੂੰ ਸੰਗਤ ਆਇਆ ਕਰੇਗੀ ।  ਸੱਚੇ  ਪਾਤਸ਼ਾਹ ਸੰਗਤ ਸਮੇਤ ਤਿੰਨ  ਵਾਰ ਚੁਤਾਲੀਂ ਗਏ ਹਨ ਜੀ । ਜਦੋਂ ਪੰਦਰਾਂ ਦਿਨਾਂ ਪਿਛੋਂ ਸੰਗਤ ਜਾਣ ਲੱਗ ਪਈ, ਬਾਬੇ ਮਨੀ ਸਿੰਘ ਹੋਰੀਂ  ਓਥੇ ਲਿਖਾਈ ਕਰਿਆ ਕਰਨ ਜੀ  ।  ਚੁਤਾਲਿਆਂ ਵਾਲਿਆਂ ਹੱਥ ਜੋੜ ਕੇ ਬੇਨੰਤੀ ਕੀਤੀ  ਕਿ  ਬਾਬਾ ਜੀ ੧੫ ਦਿਨੀ ਏਥੇ ਸੰਗਤਾਂ  ਔਣ  ਲਗ ਪਈਆਂ ਹਨ ਜੀ ਤੇ ਸਾਡੀ ਇਕ ਜੋਗ ਦੀ  ਵਾਹੀ ਹੈ । ਸਿਖੀ ਦਾ   ਬੜਾ   ਖਰਚ ਹੈ, ਕਿਸ ਤਰ੍ਹਾਂ ਪੂਰਾ ਹੋਵੇਗਾ ।  ਸਿਖਾਂ ਨੇ ਸਗੋਂ ਬੇਨੰਤੀ ਕਰ ਕੇ ਸੰਗਤਾਂ ਦੇ ਦਰਸ਼ਨ ਦੀਦਾਰ ਮੰਗਣੇ ਸਨ, ਲੰਗਰ  ਦੀ  ਸੋਚ ਕਰ ਕੇ  ਉਲਟੀ ਬੇਨੰਤੀ ਸ਼ੁਰੂ ਕਰ ਦਿਤੀ ਜੀ  ।   ਸੱਚੇ  ਪਿਤਾ ਐਡੇ ਸਮਰੱਥ ਸਨ  ਜਿਨਾਂ ਨੇ ੫ ਫੁਲਕੇ ਗਗੋ ਬੂਏ ਵਰਤਾ ਕੇ ਸੰਗਤਾਂ ਨਿਹਾਲ ਕਰ ਦਿਤੀਆਂ ਹਨ ਤੇ ਫੁਲਕੇ ਜਿਉਂ ਦੇ ਤਿਉਂ ਪਏ  ਰਹੇ  ਹਨ ਜੀ । ਮਾਈ ਚੁਤਾਲਿਆਂ ਵਾਲੀ ਨੂੰ ਏਡਾ  ਮਾਣ  ਹੋ  ਗਿਆ  ਕਿ  ਸੰਤਾਂ ਨੂੰ ਆਖਣ ਲੱਗੀ ਬਾਬਾ ਜੀ ਕੁਛ ਕਰਾਮਾਤ ਪਾਤਸ਼ਾਹ ਨੂੰ ਤੁਸੀਂ ਦਿਓ ਤੇ ਬਾਕੀ ਮੈਂ ਦੇਵਾਂਗੀ ।  ਮੈਨੂੰ ਛੇਵੀਂ ਪਾਤਸ਼ਾਹੀ ਦਾ ਵਰ ਹੈ । ਫੇਰ  ਸੱਚੇ  ਪਾਤਸ਼ਾਹ ਕੁਛ ਉਡਣ ਲਗ ਪੈਣਗੇ ।  ਸੰਤ ਨਰਾਜ਼ ਹੋ  ਕੇ ਆਖਣ ਲੱਗੇ, ਬੇਬੇ  ਤੂੰ  ਇਹ ਕੀ  ਬਚਨ  ਆਖਿਆ  ।  ਤੇ  ਸੱਚੇ  ਪਿਤਾ ਤੇਰੀ ਮੇਰੀ ਕਰਾਮਾਤ ਨਾਲ ਮਹਾਰਾਜ ਅਖਵੌਣਗੇ  ? ਸਾਨੂੰ ਕਰਾਮਾਤਾਂ ਕਿਥੋਂ ਮਿਲੀਆਂ ਹਨ ? ਬਹੁਤ ਸੰਤ ਮਨੀ ਸਿੰਘ ਓਸ ਵਕਤ ਖਫ਼ੇ ਹੋ  ਗਏ  ਕਿ  ਮਹਾਰਾਜ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਤੇ ਦੀਨ ਦੁਨੀ ਵਾਲੀ ਤੇਰੀ ਕਰਾਮਾਤ ਨੂੰ ਉਡੀਕਦੇ ਹਨ । ਪਾਤਸ਼ਾਹ ਤੇ ਸੰਗਤਾਂ ਦੇ ਜਾਣ ਕਰ ਕੇ  ਚੁਤਾਲਿਆਂ ਵਾਲੇ ਨਰਾਜ਼ ਹੋਣ ਲਗ ਪਏ  ।  ਏਹ   ਬਚਨ  ਸੁਣ ਕੇ  ਪਾਤਸ਼ਾਹ ਆਕਾਸ਼ ਬਾਣੀ  ਵਿਚ ਲਿਖਾ ਦਿੱਤਾ   ਕਿ  ਸੰਤਾ ਅੱਜ ਤੋਂ ਏਥੇ ਸੰਗਤਾਂ ਨਾ ਆਉਣਗੀਆਂ । ਜੇ ਕੋਈ ਆਵੇਗਾ ਤੇ ਸੇਰ ਆਟਾ ਪੱਲੇ  ਲੈ  ਕੇ ਆਵੇਗਾ ਤੇ  ਪਰਸ਼ਾਦਾ ਪਕਾ ਕੇ ਛਕ ਜਾਇਆ ਕਰੇਗਾ । ਲਿਖਤ ਦੇ  ਏਹ   ਬਚਨ  ਸੁਣ ਕੇ ਸੰਗਤਾਂ ਵੀ ਜਾਣੋਂ ਹਟ ਗਈਆਂ ਹਨ । ਜਿਥੇ ਮਾਈ ਨੂੰ  ਅੱਠੇ ਪਹਿਰ ਦਰਸ਼ਨ ਸਪਸ਼ਟ ਹੁੰਦੇ ਸੀ,  ਓਥੇ ਡਰ ਔਣ ਲਗ ਪਏ ।  ਸ਼ੇਰ ਦਾ ਭੈ ਆਣ ਲਗ ਪਿਆ । ਐਸ ਤਰ੍ਹਾਂ ਜਾਪੇ ਕਿ  ਜਿਸ ਤਰ੍ਹਾਂ ਮੈਂ ਜੰਗਲਾਂ ਵਿਚ ਹਾਂ ਤੇ ਮੈਨੂੰ ਸ਼ੇਰ ਪੈਂਦੇ ਹਨ ਜੀ । ਦਿਨੇ ਬੈਠੀ ਨੂੰ  ਏਸ  ਤਰ੍ਹਾਂ ਜਾਪੇ ਕਿ  ਮੈਂ ਪਹਾੜ ਤੋਂ ਹੇਠਾਂ ਡਿਗਦੀ ਹਾਂ ।  ਰਾਤ ਦਿਨੇ ਭੈ ਔਣ ਕਰਕੇ  ਬੜੀ ਅਤ ਦੁਖੀ ਹੋਈ ਹੈ ਜੀ ||

     ਸੰਤਾਂ ਨੂੰ ਆਕਾਸ਼ ਬਾਣੀ  ਹੋਈ  ਕਿ  ਸੰਤਾ ਏਥੇ ਹੁਣ ਚਾਰ ਜਤੀ ਕੱਢਣੇ ਹਨ ਜੀ  ।   ਜੇਹੜਾ  ਗਰਿਸਤ ਵਿਚੋਂ ਛੇ ਮਹੀਨੇ ਪਰਹੇਜ ਕਰੇਗਾ, ਉਸਨੂੰ ਜਤੀਆਂ ਵਿਚ ਪਰਵਾਨ ਕਰ ਲਵਾਂਗੇ  ।  ਮਾਈ ਚੁਤਾਲਿਆਂ ਵਾਲੀ ਦਾ ਪੁਤ ਹਰਨਾਮ ਸਿੰਘ ਸੀ  ।  ਉਸ  ਦੀ  ਤੇ  ਦੋ  ਸਿਖ ਹੋਰ ਸਨ, ਏਨ੍ਹਾਂ  ਦੀ  ਖ਼ੁਸ਼ੀ ਨਾਲ ਜਤੀਆਂ ਵਿਚ ਲਿਖਤ ਪਾਈ । ਗਗੋ ਬੂਹੋ ਦਾ ਸੁੰਦਰ ਸਿੰਘ, ਓਸ ਬੇਨੰਤੀ ਕੀਤੀ  ਬਾਬਾ ਜੀ ਮੇਰੇ ਤੇ ਵੀ ਦਇਆ ਕਰੋ  ਤੇ ਜਤੀਆਂ ਵਿਚ ਦਾਖਲ ਕਰ ਲਓ । ਸੰਤਾਂ ਆਖਿਆ ਸਿਖਾ, ਅਸੀਂ  ਸੱਚੇ  ਪਿਤਾ ਦੇ ਹੁਕਮ ਅਨੁਸਾਰ ਹਾਂ । ਸੁੰਦਰ ਸਿੰਘ ਬਦੋ ਬਦੀ ਆਪਣਾ ਨਾਮ ਵੀ ਲਿਖਾ  ਦਿਤਾ ਤੇ ਆਖਿਆ ਬਾਬਾ ਜੀ ਛੇ ਮਹੀਨੇ ਕੀ ਹਨ ਮੈਂ  ਤਾਂ  ਸਾਲਾਂ ਬਦੀ ਸਿਦਕ ਕਰ ਸਕਦਾ ਹਾਂ । ਦੂਸਰੇ ਤਿੰਨਾਂ ਦਾ  ਸੱਚੇ  ਪਾਤਸ਼ਾਹ  ਦੀ  ਦਇਆ ਨਾਲ  ਸਿਦਕ ਰਹਿ ਗਿਆ ਤੇ ਸੁੰਦਰ ਸਿੰਘ ਦਾ ਸਿਦਕ ਟੁੱਟ ਗਿਆ  ।  ਦੂਸਰੇ ਜਤੀਆਂ ਵਿਚ ਪਰਵਾਨ  ਹੋ  ਗਏ ਸੁੰਦਰ ਸਿੰਘ ਫੜਿਆ ਗਿਆ । ਐਸੀ ਪਾਤਸ਼ਾਹ ਪਕੜ ਕੀਤੀ ਮੜੀਆਂ ਮਸਾਣਾਂ ਵਿਚ ਤੁਰਿਆ ਫਿਰੇ ਤੇ ਕੰਧਾਂ ਨਾਲ ਟੱਕਰਾਂ ਮਾਰੇ ।  ਨਾ ਪਾਤਸ਼ਾਹ ਪਰਸ਼ਾਦਾ  ਛਕਣ ਦੇਣ ਨਾ ਜਲ  ਪੀਣ ਦੇਣ । ਰਾਤ ਦਿਨ ਭੌਂਦਾ  ਫਿਰੇ ਮਾਈ ਲਛਮੀ ਨੂੰ ਵੀ ਪਕੜ  ਹੋ  ਗਈ ਹੈ । ਬਹੁਤ ਚੰਦਰੇ ਭੈ ਔਣ ਲਗ ਪਏ ਜੀ । ਰਾਤ ਦਿਨੇ ਬੇਨੰਤੀਆਂ ਕਰਨ । ਮਾਈ  ਤਾਂ  ਬੇਨੰਤੀਆਂ ਸੁਣ ਕੇ ਪਾਤਸ਼ਾਹ ਛੱਡ ਦਿਤੀ, ਸੁੰਦਰ ਸਿੰਘ ਨੂੰ ਨਹੀਂ ਛੱਡਿਆ । ਰਾਤ ਦਿਨ ਭੁੱਖਾ ਤਿਹਾਇਆ ਰਹਿਣ ਨਾਲ ਸਰੀਰ ਸੁੱਕ ਗਿਆ ਤੇ ਉਸ  ਦੀ  ਦੇਹ ਛੁਟ ਗਈ ਹੈ । ਸੁੰਦਰ ਸਿੰਘ ਦਾ ਵੱਡਾ ਪੁੱਤਰ ਬਾਹਰ ਭਰਤੀ ਹੋ  ਗਿਆ  ਤੇ ਤੋਪ ਦੇ ਗੋਲੇ ਨਾਲ  ਉਡਾਇਆ  ਗਿਆ ਜੀ  ।  ਸੱਚੇ  ਪਾਤਸ਼ਾਹ ਸੰਤਾਂ ਨੂੰ ਆਕਾਸ਼ ਬਾਣੀ  ਦਿਤੀ   ਕਿ  ਸੰਤਾਂ  ਏਹ   ਜੇਹੜਾ  ਮਾਈ ਦਾ ਪੁੱਤਰ ਸੀ ਏਸਦਾ ਪਿਛਲਾ ਜਾਮਾ ਗੰਗੂ ਨਮਕ ਹਰਾਮੀ ਦਾ ਸੀ ।  ਏਸ  ਕਰ ਕੇ  ਤੋਪ ਦੇ ਗੋਲੇ ਨਾਲ  ਉਡਾਇਆ  ਗਿਆ ਹੈ  ।  ਅਸੀਂ ਜਨਮ ਜਨਮਾਂਤਰ  ਲੇਖਾ  ਨਹੀਂ ਛੱਡਦੇ ।  ਏਸ  ਪਾਪੀ ਨੇ  ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦੇ ਨੀਆਂ ਵਿਚ ਚਣਾਏ ਸਨ ||

     ਜੇਹੜਾ ਵੱਡਾ ਮੇਲਾ ਚੁਤਾਲੀ ਸੀ  ਉਸ ਤੋਂ ਅੱਗੇ ੧੫ ਹਾੜ ਨੂੰ ਫੇਰ ਚੁਤਾਲੀ ਮੇਲਾ ਸੀ ।  ਓਸ ਮੇਲੇ ਤੇ ਫੇਰ ਪਾਤਸ਼ਾਹ ਵੀ ਗਏ ਤੇ ਸੰਗਤਾਂ ਵੀ ਗਈਆਂ ਹਨ ।  ਓਥੇ ਆਕਾਸ਼ ਬਾਣੀ  ਸੰਤਾਂ ਨੂੰ ਹੋਈ  ਕਿ  ਸੰਤਾ ਅਸਾਂ ਹੁਣ ਜੁਧ ਨੂੰ ਚੜ੍ਹਨਾ ਹੈ ।  ਬਾਬੇ ਹੋਰੀਂ ਓਥੇ ਪ੍ਰੋਹਤ ਬਣੇ ਹਨ ।  ਮਹਾਰਾਜ  ਸ਼ੇਰ  ਸਿੰਘ ਨੂੰ ਬਾਬੇ ਹੋਰਾਂ ਜੁਧ ਦਾ ਗਾਨਾ ਬੱਧਾ ਹੈ ਸੱਜੇ ਹੱਥ ਨੂੰ । ਫੇਰ ਆਕਾਸ਼ ਬਾਣੀ ਨਾਲ ਲਿਖਤ ਕਰ  ਰਹੇ  ਹਨ ।   ਮਹਾਰਾਜ ਹੁਕਮ ਦੇ ਕੇ ਲਿਖਾ  ਰਹੇ  ਹਨ   ਕਿ  ਸਮੁੰਦਰਾਂ ਤੋਂ ਪਾਰ ਹੁਣ ਅਸਾਂ ਜੰਗ ਲਾ ਦੇਣਾ ਹੈ ।  ਜੋ  ਸਭ ਰਾਜੇ ਟੋਪੀਆਂ ਵਾਲੇ ਹਨ ਲੜ ਲੜ ਕੇ ਘਾਇਲ ਹੋ  ਜਾਣਗੇ ।  ਜੋ  ਅਸਾਂ ਨਹਿਰ ਉਤੇ ਖਲੋ ਕੇ ਖਰਬੂਜੇ ਸੁੱਟ  ਕੇ ਗੋਲੇ ਚਲਾਏ ਸਨ  ਓਹ ਹੁਣ ਭੁਗਤੇਗੀ ।  ਜੋ  ਭੂਤ ਪ੍ਰੇਤ ਕਲਜੋਗਨਾਂ ਹਨ  ਸਭ ਦਰਿਆਉਂ ਪਾਰ ਚਲੇ  ਜਾਣਗੇ ਅਤੇ ਦੇਵੀਆਂ ਵੀ ਪਾਰ  ਸਮੁੰਦਰੋਂ  ਚਲੀਆਂ ਜਾਣਗੀਆਂ ਜੀ । ਲਿਖਤ ਪੈਣ  ਦੀ  ਡੇਰ ਹੈ ਹਾੜ ਦੇ ਮਹੀਨੇ ਵਿਚ ਹੀ ਜਰਮਨ ਦਾ ਜੰਗ ਸ਼ੁਰੂ  ਹੋ  ਗਿਆ ਹੈ ।।