ਤੇਜਾ ਸਿੰਘ ਤੇ ਝੰਡਾ ਸਿੰਘ ਤੇ ਦਇਆ ਕਰਨੀ
ਜਿਸ ਵਕਤ ਚੁਤਾਲਿਆਂ ਵਾਲਾ ਮੇਲਾ ਪੰਦਰਾਂ ਦਿਨ ਹੋਇਆ ਸੀ, ਜਲੋ ਦਿਉਂ ਸਟੇਸ਼ਣੋ ਦਿਲੀ ਤੇ
ਦੁਆਬੇ ਦੀਆਂ ਸੰਗਤਾਂ, ਗੱਡੀ ਚੜ੍ਹੀਆਂ ਹਨ । ਮਾਝੇ ਵਾਲੇ ਸਿਖ ਘਰੀਂ ਆ ਗਏ ਹਨ । ਤੇਜਾ ਸਿੰਘ ਦੇ ਮਾਪੇ ਵੀ ਘਰ ਆ ਗਏ । ਤੇਜਾ ਸਿੰਘ ਦੀ ਵਾਰੀ ਦਰਸ਼ਨਾ ਦੀ ਆ ਗਈ । ਇਕ ਅੰਬ ਦਾ ਬੂਟਾ ਸੀ ਉਸ ਦੇ ਹੇਠ ਸੱਚੇ ਪਿਤਾ ਬਰਾਜਮਾਨ ਹਨ ਜੀ । ਤੇਜਾ ਸਿੰਘ ਸਿਖ ਬੇਨੰਤੀ ਕੀਤੀ ਤੇ ਪਰਕਰਮਾਂ ਕੀਤੀਆਂ । ਪਾਤਸ਼ਾਹ ਉਠ ਕੇ ਦਾਤਰੀ ਫੜ ਕੇ ਪੱਠਿਆਂ ਨੂੰ ਤੁਰ ਪਏ ਹਨ ਜੀ । ਪਾਤਸ਼ਾਹ ਕੋਲ ਦਾਤਰੀ ਵੇਖ ਕੇ, ਤੇਜਾ ਸਿੰਘ ਵੀ ਪੱਠਿਆਂ ਨੂੰ ਤੁਰ ਪਿਆ ਹੈ । ਤੇਜਾ ਸਿੰਘ ਬੇਨੰਤੀ ਕਰ ਕੇ ਪਾਤਸ਼ਾਹ ਕੋਲੋਂ ਦਾਤਰੀ ਮੰਗੀ ਤੇ ਦਇਆ ਕਰ ਕੇ ਫੜਾ ਦਿਤੀ । ਆਪ ਅੰਬ ਥੱਲੇ ਆ ਗਏ ਜੀ । ਅਜੇ ਦੋ ਰੁਗ ਨਹੀਂ ਵੱਢੇ ਤੇ ਦੀਨ ਦਿਆਲ ਵਾਜ ਮਾਰ ਲਈ । ਹਾੜ ਦਾ ਮਹੀਨਾ ਸੀ । ਸੱਚੇ ਪਿਤਾ ਨੂੰ ਮੁੜਕਾ ਆ ਗਿਆ ਰੁਗੇ ਛਕੌਂਦਿਆਂ ਪਸੀਨਾ ਹੱਥਾਂ ਨਾਲ ਲੱਗਾ ਜੀ । ਫੇਰ ਤੇਜਾ ਸਿੰਘ ਹੱਥ ਆਪ ਦੇ ਮੂੰਹ ਤੇ ਫੇਰੇ ਤੇ ਹੱਥਾਂ ਵਿਚੋਂ ਵਾਸ਼ਨਾ ਆਈ ਜਿਸ ਤਰ੍ਹਾਂ ਅਤਰ ਦੀ ਤੇ ਸੁੱਚੇ ਫੁਲ ਦੀ ਹੈ । ਮੂੰਹ ਤੇ ਹੱਥ ਫੇਰਨ ਨਾਲ ਪਿਛਲਾ ਜਰਮ ਮੁਕ ਗਿਆ ਤੇ ਨਵੇਂ ਜਰਮ ਵਾਗੂੰ ਸੁਰਤੀ ਤੇ ਗਿਆਨ ਬਖ਼ਸ਼ਿਸ਼ ਹੋ ਗਿਆ ਹੈ । ਜੋ ਜੀਵ ਹਨ ਏਨ੍ਹਾਂ ਦੇ ਮੁੜਕੇ ਵਿਚੋਂ ਬੋ ਆਵੇਗੀ । ਜੇ ਬਿਲਕੁਲ ਵੀ ਸਿਧ ਪਧਰਾ ਹੋਵੇ ਤਾਂ ਵੀ ਏਹ ਤਾਂ ਪਛਾਣ ਕਰ ਸਕਦਾ ਹੈ ||
ਦਬਥੂ ਦਾ ਇਕ ਸੁਨਿਆਰਾ ਸਿਖ ਸੀ । ਸੱਚੇ ਪਿਤਾ ਤੇ ਮਨੀ ਸਿੰਘ ਦੇ ਚਰਨਾਂ ਦਾ ਬੜਾ ਪ੍ਰੇਮੀ ਸੀ । ਪਾਤਸ਼ਾਹ ਦਾ ਕੈਂਠਾ ਤੇ ਇਕ ਸੋਟੀ ਪਾਤਸ਼ਾਹ ਦੀ ਭੇਟਾ ਆਂਦੀ ਸੀ । ਇਕ ਪਾਂਡੋ-ਕਿਆਂ ਦਾ ਝੰਡਾ ਸਿੰਘ ਜ਼ਿਮੀਂਦਾਰ ਸੀ । ਸੁਨਿਆਰੇ ਰਾਮ ਸਿੰਘ ਨਾਲ ਉਸਦੀ ਬੜੀ ਮਿਤਰਤਾਈ ਸੀ । ਝੰਡਾ ਸਿੰਘ ਸੁਨਿਆਰੇ ਨੂੰ ਮਾਸ ਸ਼ਰਾਬ ਦੀ ਸੁਲਾ ਮਾਰੀ । ਰਾਮ ਸਿੰਘ ਆਖਿਆ, ਮੈਂ ਸੱਚੇ ਪਿਤਾ ਦੀ ਸ਼ਰਨ ਲੱਗਾ ਹਾਂ । ਝੰਡਾ ਸਿੰਘ ਆਖਿਆ ਮੈਨੂੰ ਵੀ ਨਿਹਕਲੰਕ ਅਵਤਾਰ ਦੇ ਦਰਸ਼ਨ ਕਰਾ । ਮਨੀ ਸਿੰਘ ਬੜੁਖੀ ਤੇ ਮਸਤੂਆਣੇ ਓਸ ਵਕਤ ਲਿਖਾਈ ਕਰ ਰਹੇ ਸਨ । ਉਸ ਝੰਡਾ ਸਿੰਘ ਨੂੰ ਆਖਿਆ ਜਦੋ ਬਾਬੇ ਹੋਰੀਂ ਔਣਗੇ ਤੈਨੂੰ ਵੀ ਸ਼ਰਨ ਪਵਾਂ ਦਿਆਂਗੇ । ਝੰਡਾ ਸਿੰਘ ਦੀਆਂ ਤਿੰਨ ਧੀਆਂ ਸਨ ਇਕ ਧੀ ਜਨਜਾਤੀ ਸੀ । ਓਸ ਦੇ ਘਰ ਕਾਕੀ ਹੋਈ ਹੈ । ਤਕਰੀਬਨ ੮ ਕੁ ਮਹੀਨਿਆਂ ਦੀ ਹੋ ਗਈ ਸੀ । ਉਸ ਨੂੰ ਨਵੌਣ ਲੱਗੇ ਤੇ ਵੇਖਿਆ ਸਰੀਰ ਸਪਸ਼ਟ ਨਹੀਂ ਹੈ । ਏਹ ਵੇਖ ਕੇ ਬੜਾ ਦਿਲ ਵਿਚ ਗ਼ਮ ਪੈਦਾ ਹੋਇਆ ਕਿ ਕੀ ਗਲ ਬਣੀ । ਸਾਡੀ ਧੀ ਨੂੰ ਹੁਣ ਖੁਸਰੇ ਲੈ ਜਾਣਗੇ । ਡਾਕਟਰਾਂ ਨੂੰ ਵਖਾਇਆ ਗਿਆ । ਓਨ੍ਹਾਂ ਵੀ ਆਖਿਆ ਏਹ ਕੁਦਰਤ ਦੀ ਗਲ ਹੈ, ਏਥੇ ਅਸੀਂ ਨਹੀਂ ਕੁਛ ਕਰ ਸਕਦੇ । ਬੀਬੀ ਆਪ ਦੇ ਪੇਕੇ ਦਬਥੂ ਕਾਕੀ ਨੂੰ ਲੈ ਕੇ ਚੱਲੀ ਤੇ ਜਾ ਕੇ ਬਚਨ ਕੀਤਾ ਜੀ । ਰਾਮ ਸਿੰਘ ਨਾਲ ਝੰਡਾ ਸਿੰਘ ਬਚਨ ਕੀਤੇ । ਰਾਮ ਸਿੰਘ ਆਖਿਆ ਓਹ ਤਾਂ ਪ੍ਰੀ ਪੂਰਨ ਪਰਮੇਸ਼ਵਰ ਹਨ, ਯਾਦ ਕਰਦਿਆਂ ਹੀ ਕਾਰਜ ਕਰ ਦੇਂਦੇ ਹਨ । ਰਾਮ ਸਿੰਘ ਝੰਡਾ ਸਿੰਘ ਤੇ ਨਾਲ ਬੀਬੀ ਲੈ ਕੇ ਮਨੀ ਸਿੰਘ ਕੋਲ ਚਲੇ ਗਏ ਹਨ । ਰਾਮ ਸਿੰਘ ਆਖਿਆ ਬਾਬਾ ਮਨੀ ਸਿੰਘ ਜੀ ਅਸੀਂ ਬੇਨੰਤੀ ਕਰਨ ਆਏ ਹਾਂ । ਜਿਸ ਤਰ੍ਹਾਂ ਸਪਸ਼ਟ ਬਚਨ ਸੀ ਦੱਸ ਦਿੱਤਾ ਤੇ ਆਖਿਆ ਪਿਤਾ ਜੀ ਨਹੀਂ ਏਸ ਬੀਬੀ ਦੀ ਦੇਹ ਛਡਾ ਦਿਓ । ਸਾਨੂੰ ਬੜੀ ਤਕਲੀਫ ਹੈ । ਮਨੀ ਸਿੰਘ ਆਖਿਆ ਦੇਹ ਛੁਡੌਣੀ ਕਿਉਂ ਹੈ । ਸੱਚੇ ਪਿਤਾ ਮਹਾਰਾਜ ਸ਼ੇਰ ਸਿੰਘ ਅੱਗੇ ਇਹ ਕੇਹੜੀ ਗਲ ਹੈ । ਓਹ ਇਕ ਛਿਨ ਵਿਚ ਦਇਆ ਕਰ ਦੇਣਗੇ । ਓਹਨਾਂ ਦੇ ਚਰਨਾਂ ਵਿਚ ਬੀਬੀ ਨੂੰ ਲੈ ਜਾਓ । ਫੇਰ ਓਹ ਜਨਜਾਤੀ ਬੀਬੀ ਨੂੰ ਲੈ ਕੇ ਆ ਗਏ ਹਨ ਜੀ । ਘਰਦਿਆਂ ਸਾਰਿਆਂ ਨੂੰ ਬਾਬੇ ਹੋਰਾਂ ਦੇ ਬਚਨ ਸੁਣਾਏ ਤੇ ਬਿਲਕੁਲ ਦਿਲੋਂ ਤਿਆਰ ਹੋ ਪਏ ਕਿ ਸਵੇਰੇ ਘਵਿੰਡ ਜਾਣਾ ਹੈ । ਸਵੇਰੇ ਉਠ ਕੇ ਘੋੜੀਆਂ ਕਸ ਲਈਆਂ ਹਨ ਜੀ । ਬੀਬੀਆਂ ਕਪੜੇ ਪੌਂਦੀਆਂ ਹਨ । ਬੀਬੀ ਆਪ ਆਪਣੇ ਕਪੜੇ ਪਾ ਕੇ ਕਾਕੀ ਨੂੰ ਪੌਣ ਲਗੀ ਹੈ, ਤੇ ਸਰੀਰ ਸਪਸ਼ਟ ਬਣਿਆ ਹੈ ਜੀ । ਵੇਖ ਕੇ ਹੈਰਾਨ ਪਰੇਸ਼ਾਨ ਹੋ ਗਏ ਹਨ । ਸਾਰੇ ਵੇਖਦੇ ਹਨ ਜੀ ਤੇ ਆਖਣ ਲੱਗੇ ਛੇਤੀ ਜਾਓ ਪਾਤਸ਼ਾਹ ਤਾਂ ਸਾਡੀ ਘਰ ਬੈਠਿਆਂ ਦੀ ਬੇਨੰਤੀ ਪਰਵਾਨ ਕਰ ਲਈ ਹੈ ਜੀ । ਫੇਰ ਪਾਤਸ਼ਾਹ ਕੋਲ ਘਵਿੰਡ ਆ ਗਏ ਹਨ ਤੇ ਬਚਨ ਕੀਤਾ । ਪਾਤਸ਼ਾਹ ਆਖਣ ਲੱਗੇ, ਮਨੀ ਸਿੰਘ ਨੂੰ ਆਖਣਾ ਸੀ ਦਇਆ ਕਰ ਦੇਂਦੇ । ਅਸਾਂ ਓਨ੍ਹਾਂ ਦੇ ਹੱਥ ਵਿਚ ਕਲਮ ਫੜਾਈ ਹੈ । ਏਹ ਕੇਹੜੀ ਵੱਡੀ ਗੱਲ ਸੀ, ਕੋਈ ਵੱਡੀ ਮੰਗ ਮੰਗਿਆ ਕਰੋ ||