Granth 01 Likhat 078: 3 chet 2008 bikarmi gurcharan singh de greh ahmedpur

੩ ਚੇਤ ੨੦੦੮ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਅਹਿਮਦਪੁਰ:
ਪਰਗਟ ਭਏ ਪ੍ਰਭ ਬੇਅੰਤ। ਆਤਮ ਦੇ ਗਿਆਨ ਸੋਹੰ ਸ਼ਬਦ ਪ੍ਰਭ ਚਾੜ੍ਹੇ ਰੰਗਤ। ਗੁਰ ਸਾਚਾ ਕਲ ਸਾਚਾ ਦਰਬਾਰ, ਗੁਰਸਿਖ ਦਾਨ ਗੁਰ ਦਰ ਤੇ ਮੰਗਤ। ਪਰਗਟੀ ਜੋਤ ਪ੍ਰਭ ਨਿਰੰਕਾਰ ਮਹਾਰਾਜ ਸ਼ੇਰ ਸਿੰਘ ਮਿਲ ਭਗਤ ਭਗਵੰਤ। ਗੁਰਸਿਖ ਮਾਣ ਗੁਰ ਦਰ ਤੇ ਪਾਏ। ਅਗਿਆਨ ਮਤ ਤੋੜ ਸਾਚਾ ਪ੍ਰਭ ਦਰਸ ਦਿਖਾਏ। ਲਾਗ ਚਰਨ ਸੰਗ ਦੋਵੇਂ ਜੋੜ, ਜੋਤ ਸਰੂਪ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਆਦਿ ਅੰਤ ਸਰਬ ਰਿਹਾ ਸਮਾਏ। ਸਾਧ ਸੰਗਤ ਪ੍ਰਭ ਸਾਚਾ ਸੂਝਿਆ। ਗੁਰਮੁਖ ਤਾਰਨਹਾਰ, ਪ੍ਰਭ ਗੁਰਸਿਖਾਂ ਬੂਝਿਆ। ਗੁਰਮੁਖ ਕੀਏ ਦਰਸ ਕਲ ਦਰਸ ਕਰ ਚਰਨ ਸੰਗ ਲੂਝਿਆ। ਮਹਾਰਾਜ ਸ਼ੇਰ ਸਿੰਘ ਕਿਰਪਾ ਨਿਧ, ਦੇ ਆਤਮ ਗਿਆਨ ਭੇਦ ਖੁਲ੍ਹਾਵੇ ਗੂਝਿਆ । ਮਹਾਰਾਜ ਸ਼ੇਰ ਸਿੰਘ ਜੋਤ ਅਪਾਰ। ਦੇ ਦਰਸ ਦੇਵੇ ਤਾਰ। ਗੁਰਚਰਨ ਸੱਚਾ ਦਰਬਾਰ। ਕਰ ਸੇਵਾ ਗੁਰਸਿਖ ਉਤਰੇ ਪਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ। ਗੁਰਸਿਖ ਸੋਹੰ ਰਸਨਾ ਗਾਵੇ। ਆਤਮ ਜੋਤ ਪ੍ਰਭ ਵਿਚ ਦੇਹ ਜਗਾਵੇ। ਕਰ ਕਿਰਪਾ ਆਪ ਕਿਰਪਾਲ ਅੰਧੇਰ ਮਿਟਾਵੇ। ਸਚ ਸਰੂਪ ਦੀਨਾ ਨਾਥ ਗੁਰੂ ਗੋਪਾਲ ਗੁਰਸਿਖ ਪਰਗਟਾਵੇ। ਵਿਚ ਲਲਾਟ ਜੋਤ ਜਗਾਵੇ। ਭਗਤ ਵਛਲ ਆਪ ਪ੍ਰਿਤਪਾਲਾ ਦਰਸ ਦਿਖਾਵੇ। ਦੇਵੇ ਦਰਸ ਦੇਰ ਨਾ ਲਾਵੇ। ਪ੍ਰਭ ਅਬਿਨਾਸ਼ੀ ਆਤਮ ਜੋਤ ਜਗਾਵੇ। ਜੋਤ ਜਗਾਵੇ ਦਰਸ ਦਿਖਾਵੇ ਪਰਮਗਤ ਪਾਵੇ, ਗੁਰਚਰਨ ਸੇਵ ਕਮਾਵੇ। ਲੱਖ ਚੁਰਾਸੀ ਗੇੜ ਨਾ ਪਾਵੇ, ਅੰਤ ਕਾਲ ਜਮ ਨੇੜ ਨਾ ਆਵੇ। ਅੰਤਕਾਲ ਪ੍ਰਭ ਖੰਡ ਸਚ ਲੈ ਜਾਵੇ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸੁਹਾਏ ਦਰਸ ਦਿਖਾਏ, ਸਾਚੀ ਜੋਤ ਸਚ ਧਾਮ ਪਹੁੰਚਾਵੇ। ਗੋਪੀ ਨਾਥ ਅਨਾਥ ਅਨਾਥੇ। ਦੀਨਾ ਨਾਥ ਸਗਲ ਪ੍ਰਭ ਸਾਥੇ। ਵਾਸਦੇਵ ਨਿਰੰਜਣ ਦਾਤੇ। ਕਰ ਦਰਸ ਦੁੱਖ ਸਗਲੇ ਨਾਸੇ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜੀਵ ਨਾ ਜਾਣੇ ਤੇਰੀ ਗਾਥੇ। ਪ੍ਰਭ ਕੀ ਮਹਿੰਮਾ ਕੋਈ ਜੀਵ ਨਾ ਜਾਣੇ। ਬੇਮੁਖ ਜੀਵ ਕਲ ਭਏ ਅੰਞਾਣੇ। ਕਲਜੁਗ ਭੁੰਨੇ ਜਿਉਂ ਭਠਿਆਲੇ ਦਾਣੇ। ਗੁਰਚਰਨ ਲਾਗ ਮਿਲੇ ਵਡਿਆਈ, ਪਤਤ ਪਾਪੀ ਹੋਏ ਸੁਘੜ ਸਿਆਣੇ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਕਲ ਜੀਵ ਨਾ ਤੇਰੀ ਗਤ ਜਾਣੇ। ਗੁਰਮੁਖ ਜਾਣੇ ਪ੍ਰਭ ਕਾ ਭੇਉ। ਕਲਜੁਗ ਪਰਗਟ ਦਰਸ ਜਨ ਦੀਓ। ਚਰਨ ਲਾਗ ਮਿਲੇ ਵਡਿਆਈ, ਅੰਮਿਤ ਨਾਮ ਅੰਮਿਉਂ ਰਸ ਪੀਓ। ਮਹਾਰਾਜ ਸ਼ੇਰ ਸਿੰਘ ਸਰਨ ਜੋ ਆਏ, ਨਾਮ ਨਿਧਾਨ ਭਗਤ ਜਨ ਦੀਓ। ਭਗਤ ਜਨਾਂ ਦੇਵੇ ਪ੍ਰਭ ਸਾਚਾ ਨਾਮ ਨਿਰਵੈਰ। ਬੇਮੁਖਾਂ ਵਰਤੇ ਸ੍ਰਿਸ਼ਟ ਵਿਚ ਕਹਿਰ। ਸੋਹੰ ਸ਼ਬਦ ਬੇਮੁਖਾਂ ਜਿਉਂ ਜੇਠ ਦੁਪਹਿਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਦੇਵੇ ਦਰਸ ਕਰ ਮਿਹਰ। ਜੋਤ ਸਰੂਪ ਪ੍ਰਭ ਖੇਲ ਰਚਾਇਆ। ਨਿਰਾਹਾਰੀ ਨਿਰਵੈਰ ਆਦਿ ਅੰਤ ਸਮਾਇਆ। ਸਦਾ ਜੋਤ ਆਕਾਰ, ਨਾ ਪ੍ਰਭ ਮਰੇ ਨਾ ਜਾਇਆ। ਜੁਗੋ ਜੁਗ ਲੈ ਅਵਤਾਰ, ਚੌਥੇ ਜੁਗ ਇਕ ਖੇਲ ਰਚਾਇਆ । ਛੱਡ ਦੇਹ ਅਪਾਰ, ਜੋਤ ਸਰੂਪ ਵਿਚ ਦੇਹ ਮਿਲਾਇਆ। ਸਤਿਜੁਗ ਪਰਗਟ ਸਦ ਮਿਹਰਵਾਨ, ਤ੍ਰੇਤਾ ਰਾਮ ਨਾਮ ਅਖਵਾਇਆ। ਦੁਆਪਰ ਕ੍ਰਿਸ਼ਨ ਮੁਰਾਰ, ਅਰਜਨ ਦੇ ਗਿਆਨ ਹੰਕਾਰ ਗਵਾਇਆ। ਕਲਜੁਗ ਲੈ ਅਵਤਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਸੋਹੰ ਸ਼ਬਦ ਅਪਾਰ, ਸਤਿਜੁਗ ਸਾਚਾ ਰਾਹ ਬਤਾਇਆ। ਕਿਰਪਾ ਕਰ ਅਪਾਰ, ਵਿਛੜਿਆਂ ਪ੍ਰਭ ਮੇਲ ਮਿਲਾਇਆ । ਸਰਬ ਕਲਾ ਸਮਰਥ, ਜੋਤ ਸਰੂਪ ਪ੍ਰਭ ਘਰ ਆਇਆ। ਘਾਲ ਪਾਏ ਥਾਏਂ, ਪ੍ਰਭ ਗੁਰਸਿਖ ਵਡਿਆਏ, ਗੁਰਬਚਨ ਸਿੰਘ ਘਰ ਆਣ ਤਰਾਇਆ । ਭਗਤ ਜਨ ਪ੍ਰਭ ਦਰ ਮੰਗਤ, ਸੋਹੰ ਸ਼ਬਦ ਪ੍ਰਭ ਗਿਆਨ ਦਵਾਇਆ। ਆਤਮ ਦੀਪ ਜੋਤ ਉਜਿਆਰ, ਸਾਚਾ ਦੀਪ ਸੰਗ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਸਚ ਹੋਵੇ ਦਰਬਾਰ, ਸਤਿਜੁਗ ਇਹ ਥਾਨ ਸੁਹਾਇਆ। ਸਾਚਾ ਧਾਮ ਉਤਮ ਨਿਰਾਲਾ। ਗੁਰਚਰਨ ਪ੍ਰੀਤ ਸਚ ਪ੍ਰੇਮ ਪਿਆਲਾ। ਘਰ ਸਿੱਖ ਸਾਚਾ ਸ਼ਾਹੋ ਪ੍ਰਭ ਜਗਾਵੇ ਜੋਤ, ਪ੍ਰਭ ਮਧਨ ਗੋਪਾਲਾ। ਮਹਾਰਾਜ ਸ਼ੇਰ ਸਿੰਘ ਸਚ ਘਰ ਵਸਿਆ, ਸਚ ਘਰ ਵਸਣੇ ਵਾਲਾ। ਸਚ ਘਰ ਹੋਵੇ ਪ੍ਰਭ ਕਾ ਵਾਸ। ਪ੍ਰਭ ਕੀ ਜੋਤ ਸਦ ਅਬਿਨਾਸ਼ । ਨਿਰਮਲ ਜੋਤ ਪ੍ਰਭ ਵਿਚ ਆਕਾਸ਼। ਗੁਰਸਿਖ ਪ੍ਰਭ ਘਰ ਤੇਰੇ ਪਰਗਟਿਆ, ਜਿਉਂ ਚੰਦਨ ਪਰਭਾਸ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਸੋਹੰ ਜਪਣਾ ਸਵਾਸ ਸਵਾਸ। ਪ੍ਰਭ ਕੀ ਜੋਤ ਅਟੱਲ, ਪ੍ਰਭ ਕਰੇ ਬੈਕੁੰਠ, ਜਗਤ ਬੇਸੰਗ ਨਾ ਰਲ। ਗੁਰਸਿਖਾਂ ਨਾਉਂ ਨਾਮ ਭਗਵਾਨ, ਪ੍ਰਭ ਸਾਚਾ ਦਰ ਮਲ। ਪੂਰਬ ਲਿਖਾਏ ਲੇਖ ਪ੍ਰਭ ਮਿਲਿਆ ਸੰਗ ਸੰਗਤ ਜਾਓ ਰਲ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ, ਵਿਚ ਜੁਗ ਕਲ। ਗੁਰ ਪੂਰੇ ਅੰਮ੍ਰਿਤ ਸਾਂਚਿਆ, ਗੁਰਸਿਖ ਮਨ ਤਨ ਹਰਿਆਵਲਾ । ਗੁਰ ਅੰਜਨ ਸਚ ਬਖ਼ਸ਼ਿਆ, ਦਰਸ ਧੂੜ ਨੇਤਰ ਪਾਵਣਾ। ਜੋਤ ਸਰੂਪ ਸਿੱਖ ਘਰ ਵਸਿਆ, ਪੂਰੀ ਕੀਤੀ ਸਤਿਗੁਰ ਭਾਵਨਾ। ਬੇਮੁਖ ਗੁਰ ਦਰ ਤੋਂ ਨੱਸਿਆ, ਗੁਰਸਿਖ ਚਰਨ ਲਾਗ ਤਰ ਜਾਵਣਾ। ਪ੍ਰਭ ਪੂਰਾ ਹਿਰਦੇ ਵਸਿਆ, ਸੋਹੰ ਸ਼ਬਦ ਦੇਵੇ ਮਨ ਭਾਵਨਾ। ਬੇਮੁਖਾਂ ਨਾਮ ਵਿਸਾਰਿਆ, ਦਰ ਆਏ ਸਾਰ ਨਾ ਪਾਵਣਾ। ਗੁਰਸਿਖ ਸਚ ਸ਼ਬਦ ਘਰ ਦੀਪਕ, ਸੋਹੰ ਨਾਮ ਰਸਨਾ ਗਾਵਣਾ। ਮਹਾਰਾਜ ਸ਼ੇਰ ਸਿੰਘ ਘਟ ਘਟ ਵਸਿਆ, ਗੁਰਸਿਖਾਂ ਹੋਵੇ ਨਾ ਆਵਣ ਜਾਵਣਾ। ਆਤਮ ਅੰਮ੍ਰਿਤ ਰਸ ਪ੍ਰਭ ਮੁਖ ਚੁਆਵੇ। ਅੰਮ੍ਰਿਤ ਮੇਘ ਬਰਸ ਕੇ, ਕਲਜੁਗ ਅਗਨ ਪ੍ਰਭ ਬੁਝਾਵੇ। ਦੇਹ ਦੀਪਕ ਸਾਚੀ ਜੋਤ ਜਗਾ ਕੇ, ਅਗਿਆਨ ਅੰਧੇਰ ਮਿਟਾਵੇ। ਗੁਰਸਿਖਾਂ ਆਪਣਾ ਆਪ ਨਿਜਾਨੰਦ ਪ੍ਰਭ ਦਰਸਾਵੇ। ਬੇਮੁਖਾਂ ਮੁਖ ਛੁਪਾਇਕੇ, ਵਿਚ ਬੈਠਾ ਪ੍ਰਭ ਦਿਸ ਨਾ ਆਵੇ। ਪ੍ਰਭ ਪੂਰਾ ਜੋਤ ਪਰਗਟਾਇਕੇ, ਭਗਤ ਜਨਾਂ ਆਣ ਤਰਾਵੇ। ਅੰਮ੍ਰਿਤ ਅਮਰ ਕਰ ਪ੍ਰਭ, ਮਹਾਰਾਜ ਸ਼ੇਰ ਸਿੰਘ ਸਭ ਦੁੱਖੜੇ ਲਾਹਵੇ। ਸ਼ਬਦ ਸੁਰਤ ਪ੍ਰਭ ਗਿਆਨ ਦਵਾਏ। ਸੁਰਤ ਸ਼ਬਦ ਪ੍ਰਭ ਆਤਮ ਬੂਝ ਬੁਝਾਵੇ। ਸ਼ਬਦ ਸੁਰਤ ਸਚ ਜੋਤ ਜਗਾਵੇ। ਸੁਰਤ ਸ਼ਬਦ ਦਸਮ ਦਵਾਰ ਖੁਲ੍ਹਾਵੇ। ਸੁਰਤ ਸ਼ਬਦ ਅਨਹਦ ਧੁਨ ਵਜਾਵੇ। ਸੁਰਤ ਸ਼ਬਦ ਪ੍ਰਭ ਅਬਿਨਾਸ਼ੀ ਸਚ ਮੇਲ ਕਰਾਵੇ। ਸੁਰਤ ਸ਼ਬਦ ਈਸ਼ ਜੀਵ ਦਾ ਭੇਤ ਮਿਟਾਵੇ। ਸੁਰਤ ਸ਼ਬਦ ਜੋਤ ਵਿਚ ਜੋਤ ਮਿਲਾਵੇ। ਸੁਰਤ ਸ਼ਬਦ ਜੋ ਜਨ ਪਾਵੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਗੁਰਚਰਨ ਲਾਗ ਘਰ ਮੰਗਲਾ। ਨਿਗਮ ਕਰ ਵਿਚਾਰ, ਘਰ ਆਇਆ ਪ੍ਰਭ ਰੰਗਲਾ। ਬੇੜਾ ਕਰ ਜਾਏ ਪਾਰ, ਮੰਗ ਜੋ ਦਰ ਤੇ ਮੰਗਣਾ। ਨਿਹਕਲੰਕ ਆਏ ਅਵਤਾਰ ਦਰ ਨਾ ਸੰਗਣਾ। ਹੋਏ ਸ਼ਬਦ ਅਟੱਲ ਸਾਚਾ ਦਰਬਾਰ, ਗੁਰਸਿਖ ਦਾਨ ਨਾਮ ਮੰਗਣਾ। ਸੋਹੰ ਸ਼ਬਦ ਚਲੇ ਅਪਾਰ, ਰਸਨਾ ਜਪ ਜੀਵ ਕਲ ਪਾਰ ਲੰਘਣਾ। ਮਹਾਰਾਜ ਸ਼ੇਰ ਸਿੰਘ ਕਰਮ ਵਿਚਾਰ, ਪਰਗਟੀ ਜੋਤ ਸਰਬ ਦੁੱਖ ਭੰਜਨਾ । ਪਤਤ ਉਧਾਰਨ ਦੁੱਖ ਭੈ ਭੰਜਨ। ਹੰਕਾਰ ਨਿਵਾਰ ਪਰਗਟੇ ਤ੍ਰੈਲੋਕੀ ਨੰਦਨ। ਗੁਰਸਿਖ ਘਰ ਆਏ, ਅੰਤਕਾਲ ਤੋੜੇ ਪ੍ਰਭ ਬੰਧਨ। ਮਹਾਰਾਜ ਸ਼ੇਰ ਸਿੰਘ ਗੁਰਸਿਖ ਕਲਜੁਗ ਪਰਭਾਸ ਜਿਉਂ ਚੰਦਨ। ਗੁਰਸਿਖ ਤੇਰੀ ਵਡਿਆਈ । ਬੇਮੁਖ ਸੰਗਤ ਮਿਲ ਮੈਲ ਗਵਾਏ, ਚੰਦਨ ਵਾਸ ਜਿਉਂ ਨਿਮ ਮਹਿਕਾਈ । ਪਸੂ ਪ੍ਰੇਤੋਂ ਕਰੇ ਦੇਵ, ਸਾਚੀ ਹੋਵੇ ਤੇਰੀ ਵਡਿਆਈ। ਮਹਾਰਾਜ ਸ਼ੇਰ ਸਿੰਘ ਚਰਨ ਘਰ ਸੇਵੋ, ਜੋਤ ਸਰੂਪ ਪ੍ਰਭ ਭਏ ਸਹਾਈ। ਝੁੱਗੀ ਪੈਰ ਪਸਾਰਨ ਸੁੱਤਾ ਪ੍ਰਭ ਅਪਰ ਅਪਾਰੇ। ਝੁੱਗੀ ਰਸਨਾ ਨਾਉਂ ਉਚਾਰਨ, ਸਤਿਜੁਗ ਹੋਏ ਸਚ ਦਵਾਰੇ। ਦੁਆਬਾ ਸਰਬ ਸੁਧਾਰਨ, ਸਾਚਾ ਭਗਤ ਵੱਜੇ ਸ਼ਬਦ ਨਗਾਰੇ। ਜੋਤ ਸਰੂਪ ਜਗਤ ਅਕਾਰਨ, ਜਗਾਵੇ ਜੋਤ ਆਪ ਗਿਰਧਾਰੇ। ਰੱਖੇ ਲਾਜ ਜਿਉਂ ਦਰੋਪਦੀ ਘਰ ਆਏ ਕ੍ਰਿਸ਼ਨ ਮੁਰਾਰੇ। ਵਾਂਗ ਬਿਦਰ ਪੈਜ ਸਵਾਰਦਾ, ਭੋਗ ਲਗਾਵੇ ਜਿਉਂ ਸਾਗ ਨਿਮਾਰੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਲਾਏ ਸਰਨ ਭਗਤ ਜਨ ਤਾਰੇ। ਦੇਵੇ ਪ੍ਰਭ ਨਿਮਾਣਿਆਂ ਮਾਣ। ਬੇਮੁਖ ਮਾਰੇ ਕਲ ਪਕੜ ਪਛਾਣ। ਗੁਰਮੁਖ ਪ੍ਰਭ ਚਰਨ ਧਿਆਨ। ਗੁਰ ਪੂਰੇ ਨਾ ਬੇਮੁਖ ਕਰਨ ਪਛਾਣ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਕਲਜੁਗ ਪਰਗਟੇ ਜਾਣੀ ਜਾਣ। ਸਰਬ ਜੀਵ ਹਿਰਦੇ ਵਸੇ, ਪ੍ਰਭ ਆਪ ਭਗਵੰਤਾ। ਗੁਰਮੁਖ ਉਜਲ ਕਲ ਸਾਧਨ ਸੰਤਾ। ਸੋਹੰ ਸ਼ਬਦ ਪ੍ਰਭ ਦੇਵੇ ਬੇਅੰਤ ਬੇਅੰਤਾ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸਰਬ ਵਿਚ ਰਹੰਤਾ। ਪਰਗਟੇ ਜੋਤ ਕਲਜੁਗ ਪ੍ਰਭ ਤਰਨੀ ਤਰਨਾ । ਮੁਕੰਦ ਮਨੋਹਰ ਲਖਮੀ ਨਰਾਇਣ ਜੋਤ ਸਰੂਪ ਪ੍ਰਭ ਸਵਲਾ । ਮਹਾਰਾਜ ਸ਼ੇਰ ਸਿੰਘ ਚਰਨ ਲੱਗ ਜਾਣ, ਕਲ ਸਾਚੇ ਚਰਨ ਕਵਲਾ। ਚਰਨ ਕਵਲ ਜੋ ਜਨ ਨਿਮਸਕਾਰੇ। ਪ੍ਰਭ ਭਗਵੰਤ ਜਗ ਦੁਤਰ ਤਾਰੇ। ਗੁਰਸਿਖ ਸੋਹਣ ਗੁਰਚਰਨ ਦਵਾਰੇ। ਬੇਮੁਖ ਰਸਨਾ ਸੋਹੰ ਨਾ ਉਚਾਰੇ। ਨਰਕ ਨਿਵਾਸ ਡੁੱਬਾ ਮੰਝਧਾਰੇ। ਕਲਜੁਗ ਪੈਜ ਜੀਵ ਕੋਈ ਨਾ ਸਵਾਰੇ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ ਹੈ, ਚਰਨ ਆਏ ਦੀ ਪੈਜ ਸਵਾਰੇ । ਸਰਨ ਪੜੇ ਜੋ ਜਨ ਅੰਤਰਜਾਮੀ। ਕਲਜੁਗ ਪਰਗਟੇ ਪ੍ਰਭ ਨਿਹਕਾਮੀ। ਕਰ ਦਰਸ ਜੀਵ ਪ੍ਰਭ ਸਚ ਸਵਾਮੀ। ਮਹਾਰਾਜ ਸ਼ੇਰ ਸਿੰਘ ਸਰਬ ਰੰਗ ਰਾਤਾ ਕਲਜੁਗ ਅੰਤਰਜਾਮੀ। ਤੀਨ ਲੋਕ ਪ੍ਰਭ ਵਸਣੇਹਾਰਾ। ਆਦਿ ਅੰਤ ਪ੍ਰਭ ਅਵਤਾਰਾ । ਪਤਾਲ ਆਕਾਸ਼ ਪ੍ਰਭ ਜੋਤ ਆਕਾਰਾ। ਸ਼ਬਦ ਨਾਮ ਗੁਰ ਸਚ ਮਾਤ ਲੈ ਅਵਤਾਰਾ। ਮਾਤਲੋਕ ਸਿੱਖ ਘਰ ਆਏ, ਪੂਰੇ ਸਤਿਗੁਰ ਸਚ ਸਿੱਖ ਤਾਰਾ। ਜੋਤ ਪ੍ਰਭ ਕੀ ਅਪਰ ਅਪਾਰਾ। ਕਲਜੁਗ ਕਰੇ ਜੋਤ ਚਮਤਕਾਰਾ। ਆਪਣੇ ਰੰਗ ਰਵੇ ਕਰਤਾਰਾ। ਕੋਇ ਨਾ ਜਾਣੇ ਪ੍ਰਭ ਕੀ ਸਾਰਾ। ਸੋਹੰ ਸ਼ਬਦ ਚਲੇ ਖੰਡਾ ਦੋ ਧਾਰਾ । ਜਗਤ ਪਕੜ ਪਛਾੜਿਆ ਜਿਉਂ ਲਕੜੀ ਆਰਾ। ਸੋਹੰ ਸ਼ਬਦ ਜੋ ਰਸਨਾ ਨਾ ਗਾਇੰਦਾ, ਦੁਰਮਤ ਦੁਸ਼ਟ ਹੋਏ ਦੁਰਾਚਾਰਾ । ਦਰਗਾਹ ਥਾਏਂ ਨਾ ਪਾਇੰਦਾ, ਧਰਮ ਰਾਏ ਕਰੇ ਖੁਆਰਾ। ਬੇਮੁਖ ਸਦਾ ਬਿਲਲਾਇਨ, ਅੰਤਕਾਲ ਨਰਕ ਨਿਵਾਰਾ। ਗੁਰਸਿਖ ਗੁਰਚਰਨ ਤਰ ਜਾਏ, ਮਹਾਰਾਜ ਸ਼ੇਰ ਸਿੰਘ ਮਿਲੇ ਅਗੰਮ ਅਪਾਰਾ। ਅਲਖ ਅਗੋਚਰ ਪ੍ਰਭ ਅਗੰਮ ਅਪਾਰ। ਸੋਹੰ ਦੇਵੇ ਸਿੱਖ ਨਾਮ ਆਧਾਰ। ਬਾਂਹੋਂ ਪਕੜ ਤਾਰੇ ਗੁਰ ਪਾਰ ਉਤਾਰਨਹਾਰ। ਪ੍ਰਭ ਜੋਤੀ ਜੋਤ ਮਿਲਾਇਣ, ਸਚ ਜੋਤ ਮਿਲਾਵਣਹਾਰ। ਮਹਾਰਾਜ ਸ਼ੇਰ ਸਿੰਘ ਦਰ ਸੁੱਖ ਪਾਇਣ, ਦੋਏ ਜੋੜ ਕਰੇ ਨਿਮਸਕਾਰ। ਗੁਰਚਰਨ ਨਿਮਸਕਾਰ ਮਿਲੇ ਭੈ ਭੀਤਾ। ਗੁਰਸਿਖ ਨਿਰਮਲ ਹੋਏ ਜਗਤ ਅਤੀਤਾ। ਗੁਰ ਚਰਨ ਨਿਮਸਕਾਰ, ਗੁਰਸਿਖ ਪੱਤਤ ਪੁਨੀਤਾ। ਮਹਾਰਾਜ ਸ਼ੇਰ ਸਿੰਘ ਸਦ ਰਾਖੋ ਚੀਤਾ। ਪ੍ਰਭ ਆਇਆ ਭੇਸ ਵਟਾ ਕੇ, ਜਨ ਭਗਤਾਂ ਤਾਰੇ। ਜੋਤ ਸਰੂਪ ਜੋਤ ਜਗਾ ਕੇ, ਧ੍ਰੂ ਜੋਤ ਚਮਤਕਾਰੇ। ਪ੍ਰਹਿਲਾਦ ਤਰਾਇਆ, ਨਰ ਸਿੰਘ ਰੂਪ ਆਪ ਪ੍ਰਭ ਧਾਰੇ। ਭਿਛਿਆ ਮੰਗੇ ਜਾਇਕੇ, ਬਾਵਨ ਰੂਪ ਬਲ ਦਵਾਰੇ। ਭਗਤ ਅੰਬਰੀਕ ਪ੍ਰਭ ਤਾਰਿਆ, ਚੱਕਰ ਸੁਦਰਸ਼ਨ ਬਾਣ ਦੁਰਬਾਸ਼ਾ ਮਾਰੇ। ਜਨਕ ਜੋਤ ਮਿਲਾ ਲਿਆ, ਨਰਕ ਅਠਾਰਾਂ ਜਿਸ ਪਾਰ ਉਤਾਰੇ। ਜੋੜ ਖੜਾਏ ਵਖਾ ਲਈ, ਤਾਰਾ ਰਾਣੀ ਸਾਧ ਸੰਗਤ ਵਿਚਘਾਰੇ। ਦਰੋਪਦੀ ਪੈਜ ਰੱਖਾ ਲਈ, ਉਤਰੇ ਚੀਰ ਨਾ ਕੋਟ ਉਤਾਰੇ। ਝੁੱਗੀ ਬਿਦਰ ਸੁਹਾ ਲੀ, ਸੁੱਤੇ ਪ੍ਰਭ ਪੈਰ ਪਸਾਰੇ। ਸੁਦਾਮਾ ਲੈ ਪਰਦੱਖਣਾ ਦੇਵੇ ਦਾਨ ਸੋਹਣ ਅਸਥਲ ਮਹਿਲ ਮੁਨਾਰੇ। ਜੈਦੇਉ ਘਰ ਆਇਕੇ, ਲਿਖੇ ਲੇਖ ਪ੍ਰਭ ਅਪਰ ਅਪਾਰੇ। ਗੁਰਮੁਖ ਬੇਣੀ ਟੇਕ ਇਕ ਬੈਠਾ ਇਕਾਂਤ ਛੱਡ ਘਰ ਬਾਹਰੇ। ਨਾਮ ਦੇਵ ਘਰ ਭੋਗ ਲਗਾਏ, ਆਪ ਪ੍ਰਭ ਗੋਬਿੰਦ ਮੁਰਾਰੇ। ਧੰਨਾ ਆਪ ਤਰਾਇਣ, ਗਾਈਆਂ ਚਾਰੇ ਮੋੜ ਕਿਆਰੇ। ਕਬੀਰ ਜੋਤ ਮਿਲਾਇਣ, ਰਸਨਾ ਨਾਮ ਨਿਰੰਜਣ ਚਿਤਾਰੇ। ਗਨਕਾ ਪਾਰ ਪਰਾਇਣ, ਗੁਰਮਤ ਗਿਆਨ ਤੋਤਾ ਉਚਾਰੇ । ਪੂਤਨਾ ਪਾਪਣ ਪ੍ਰਭ ਤਰਾਇਣ, ਮੋਹਨ ਮੁੰਮੇ ਪਾਇਆ ਕ੍ਰਿਸ਼ਨ ਮੁਰਾਰੇ । ਸੈਨ ਰੂਪ ਹਰਿ ਹੋਇ ਕੇ, ਗਿਆ ਆਪ ਰਾਜ ਦਵਾਰੇ। ਬੱਧਕ ਆਪ ਤਾਰਿਆ, ਚਰਨ ਕਵਲ ਵਿਚ ਤੀਰ ਜੋ ਮਾਰੇ। ਜੁਗੋ ਜੁਗ ਲੈ ਅਵਤਾਰ ਜਨ ਭਗਤਾਂ ਤਾਰੇ। ਕਲਜੁਗ ਦੁਸ਼ਟ ਸੰਘਾਰ, ਬਹੱਤਰ ਜਾਮੇ ਰਸਨਾ ਗੁਰਸਿਖ ਉਚਾਰੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਚਾਰ ਕੁੰਟ ਹੋਏ ਜੈ ਜੈ ਜੈਕਾਰੇ। ਜੈ ਜੈ ਜੈਕਾਰ ਭਇਓ ਜਗ ਅੰਤਰ। ਸੋਹੰ ਜਪ ਰਸਨਾ, ਚੌਥੇ ਜੁਗ ਦੇ ਸਾਚਾ ਮੰਤਰ। ਆਤਮ ਪ੍ਰਭ ਗਿਆਨ ਕੁੰਜੀ, ਨਾਉਂ ਖੋਲ੍ਹ ਮਨ ਕਾ ਜੰਦਰ। ਜੀਵ ਕੋਈ ਭੇਵ ਨਾ ਜਾਣੇ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦੇਹ ਅੰਦਰ। ਬ੍ਰਹਮਾ ਬ੍ਰਹਮ ਸਰੂਪ ਹੋ, ਦਰਸ ਪ੍ਰਭ ਕਾ ਲੋੜੇ। ਸ਼ਿਵ ਸ਼ੰਕਰ ਪ੍ਰਭ ਰੂਪ ਅਨੂਪ ਹੋ, ਕਰੇ ਆਸ ਮਿਲੇ ਚਰਨ ਧੂੜੇ। ਵਿਚ ਬ੍ਰਹਿਮੰਡ ਨਜ਼ਰ ਨਾ ਆਵਈ, ਗੁਰਮੁਖਾਂ ਬਚਨ ਨਾ ਮੋੜੇ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ, ਬੇਮੁਖਾਂ ਕਲਜੁਗ ਰੋੜ੍ਹੇ। ਕਲਜੁਗ ਮਾਣ ਗੁਰਸਿਖਾਂ ਦੀਆ। ਜਪ ਸੋਹੰ ਨਾਮ ਹੋਏ ਨਿਰਮਲ ਜੀਆ। ਭੁੱਲ ਨਾ ਜਾਣਾ ਪ੍ਰਭ ਕਾ ਦਰ, ਦੇਵੇ ਦਾਨ ਪੁੱਤਰ ਧੀਆਂ। ਡੁਲ ਨਾ ਜਾਓ ਪਾਓ ਆਪਣਾ ਕੀਆ। ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਨਾਮ ਜਿਸ ਰਸਨਾ ਲੀਆ। ਰਸਨਾ ਨਾਮ ਨਰਾਇਣ ਜੋ ਪੀਵੇ। ਜੋਤ ਸਰੂਪ ਥਿਰ ਘਰ ਰਹੀਵੇ। ਬਿਨਾ ਨਾਮ ਨਾ ਜਗ ਜੀਵੇ। ਬਿਨ ਬਾਤੀ ਬਿਨ ਤੇਲ ਮਹਾਰਾਜ ਸ਼ੇਰ ਸਿੰਘ ਦੀਪਕ ਦੇ ਜਗੀਵੇ। ਮੇਲ ਮੇਲ ਚਰਨ ਲਾਗ ਸਦਾ ਸੁਖ ਪਾਈਏ। ਚਰਨ ਲਾਗ ਪ੍ਰਭ ਚਤੁਰਭੁਜ ਦਰਸਾਈਏ। ਚਰਨ ਲਾਗ ਮਾਨਸ ਜਨਮ ਸੁਫਲ ਕਰਾਈਏ। ਚਰਨ ਲਾਗ ਵਡ ਭਾਗ ਸਾਧ ਸੰਗਤ ਮਿਲ ਜਾਈਏ। ਮਹਾਰਾਜ ਸ਼ੇਰ ਸਿੰਘ ਸਦਾ ਹੈ, ਸੁੱਤੀ ਆਤਮ ਫੇਰ ਜਗਾਈਏ। ਆਤਮ ਸੋਏ ਨਾ ਦਿਵਸ ਰੈਣਾ। ਝੂਠੀ ਕਾਇਆ ਸੌਂ ਨਹੀਂ ਰਹਿਣਾ। ਕਲਜੁਗ ਮਾਇਆ ਬੇਮੁਖਾਂ ਮੋਹਿਆ, ਗੁਰਸਿਖ ਮਿਲ ਪ੍ਰਭ ਪੇਖੇ ਨੈਣਾਂ। ਸਾਧ ਸੰਗਤ ਦਇਆ ਪ੍ਰਭ ਕਰੇ, ਪੱਤਤ ਪਾਪੀ ਅਪਰਾਧੀ ਕੋਈ ਨਾ ਰਹਿਣਾ। ਸਤਿਗੁਰ ਸਾਚਾ ਸਤਿਜੁਗ ਵਰਤੇ, ਸੋਹੰ ਸ਼ਬਦ ਨਾਮ ਨਿਸ਼ਾਨ ਦੇਹ ਦਾ ਗਹਿਣਾ। ਉਤਮ ਇਹ ਗਿਆਨ, ਸਤਿਜੁਗ ਵਿਚ ਰਹਿਣਾ। ਬੇਮੁਖਾਂ ਨਰਕ ਨਿਵਾਰ, ਉਲਟੇ ਵਹਿਣ ਜਗਤ ਹੈ ਵਹਿਣਾ । ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਪੂਰਬ ਜਨਮ ਦਾ ਦੇਵੇ ਲਹਿਣਾ। ਜਨਮ ਜਨਮ ਪ੍ਰਭ ਜੀਵ ਭਰਮਾਇਆ। ਲੱਖ ਚੁਰਾਸੀ ਗੇੜ ਚਲਾਇਆ। ਉਲਟਾਏ ਸ੍ਰਿਸ਼ਟ ਵਿਚ ਮਾਤ ਦੇ ਆਇਆ। ਸਾਚਾ ਨਾਮ ਨਾਉਂ ਸਰਬ ਕੋ ਦੀਆ, ਸੋਹੰ ਸ਼ਬਦ ਸਚ ਚਲਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਤੇਰਾ ਅੰਤ ਕਿਨੇ ਨਾ ਪਾਇਆ। ਕੋਈ ਨਾ ਜਾਣੇ ਪ੍ਰਭ ਪਰਵਰ। ਊਚੋ ਊਚ ਪ੍ਰਭ ਕਾ ਦਰ। ਜੋਤ ਸਰੂਪ ਅਵਤਾਰ ਨਰ ਧਰ। ਗੁਰਸਿਖ ਸਾਚਾ ਸਵੱਛ ਸਰੂਪ, ਅੰਤਕਾਲ ਨਾ ਹੋਏ ਜਮ ਕਾ ਡਰ। ਨਿਹਕਲੰਕ ਜੋਤ ਪਰਗਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਰਨੀ ਧਰ।