ਸੱਚੇ ਪਿਤਾ ਦੀ ਭੈਣ ਠਾਕਰੀ ਦੀ ਸਾਖੀ
ਇਕ ਦਿਨ ਦੀ ਗਲ ਹੈ ਬਾਬਾ ਮਨੀ ਸਿੰਘ ਗਾਗੇ ਪਿੰਡ ਵਿਚ ਜਾ ਕੇ ਲਿਖਾਈ
ਕਰ ਰਹੇ ਹਨ । ਬਾਬੇ ਮਨੀ ਸਿੰਘ ਸਿਖਾਂ ਨੂੰ ਉਪਦੇਸ਼ ਕੀਤਾ ਕਿ ਮਹਾਰਾਜ ਸ਼ੇਰ ਸਿੰਘ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ । ਏਨ੍ਹਾਂ ਦੇ ਦਰਸ਼ਨ ਅਠ ਸਠ ਤੀਰਥ ਹਨ । ਸਿਖ ਓਹ ਹਨ ਜੇਹੜੇ ਏਸ ਬਚਨ ਤੇ ਚਲਣ ਜੀ । ਬੇਬੇ ਠਾਕਰੀ ਦੇਹ ਕਰਕੇ ਪਾਤਸ਼ਾਹ ਦਾ ਬੜਾ ਪ੍ਰੇਮ ਕਰਦੀ ਸੀ । ਅਗਲੇ ਦਿਨ ਦੇਵੀ ਦਾ ਦਿਹਾੜਾ ਸੀ ਜੋਤ ਜਗੌਣ ਦਾ । ਬੀਬੀ ਠਾਕਰੀ ਦੇਵੀ ਦੇਵਤੇ ਵੀ ਮੰਨਦੀ ਤੇ ਪੂਜਦੀ ਸੀ । ਦਿਲ ਵਿਚ ਆਖਣ ਲੱਗੀ ਮੈਂ ਜੋਤ ਜਗੌਣੀ ਹੈ, ਬਾਬੇ ਮਨੀ ਸਿੰਘ ਘਰ ਆਏ ਹਨ । ਮੈਂ ਕਿਸ ਤਰ੍ਹਾਂ ਕਰਾਂ । ਬਾਬੇ ਮਨੀ ਸਿੰਘ ਨੂੰ ਇਕ ਅੰਦਰ ਪਲੰਘ ਡਾਹ ਦਿੱਤਾ ਤੇ ਆਪ ਚੌਕੇ ਵਿਚ ਲੱਗ ਪਈ ਜੀ । ਦਿਲ ਵਿਚ ਦਲੀਲ ਕੀਤੀ ਕਿ ਮੈਂ ਬਾਬੇ ਹੋਰਾਂ ਲਈ ਪਰਸ਼ਾਦ ਕਰਨਾ ਤਾਂ ਹੈ ਪਹਿਲੋਂ ਜੋਤ ਜਗਾ ਲਊਂ । ਏਧਰ ਸੱਚੇ ਪਿਤਾ ਅੰਤਰਜਾਮੀ ਦਿਲ ਦੀਆਂ ਜਾਨਣ ਵਾਲੇ ਘਵਿੰਡ ਗੁਰਮੁਖ ਸਿੰਘ ਨਾਲ ਬਚਨ ਕਰਦੇ ਹਨ ਕਿ ਗੁਰਮੁਖ ਸਿੰਘ ਚਲ ਘੋੜੇ ਤੇ ਕਾਠੀ ਪਾ, ਗਾਗੇ ਚਲਾਏ । ਬੀਬੀ ਠਾਕਰੀ ਦੀ ਤੈਨੂੰ ਅੱਜ ਚੋਰੀ ਫੜ ਕੇ ਵਖਾਈਏ । ਜਿਸ ਵਕਤ ਓਧਰ ਬੀਬੀ ਠਾਕਰੀ ਜੋਤ ਜਗਾ ਕੇ ਮੱਥਾ ਟੇਕ ਕੇ ਅੰਦਰੋਂ ਬਾਹਰ ਨਿਕਲੀ ਹੈ, ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਾਹਰਲੇ ਦਰਵਾਜੇ ਵਿਚ ਆ ਗਏ ਹਨ । ਬੇਬੇ ਠਾਕਰੀ ਛੇਤੀ ਛੇਤੀ ਅੰਦਰ ਪਰਾਤ ਥੱਲੇ ਜੋਤ ਵਾਲੀ ਥਾਲੀ ਲੁਕਾ ਦਿਤੀ ਹੈ ਜੀ । ਸੱਚੇ ਪਾਤਸ਼ਾਹ ਤੇ ਗੁਰਮੁਖ ਸਿੰਘ ਵੀ ਘੋੜਾ ਬੰਨ੍ਹ ਕੇ ਸਿੱਧੇ ਅੰਦਰ ਚਲੇ ਗਏ ਹਨ ਜੀ । ਬੇਬੇ ਠਾਕਰੀ ਉਠ ਕੇ ਨਿਮਸਕਾਰ ਕੀਤੀ ਤੇ ਬੜੀ ਖ਼ੁਸ਼ ਹੋਈ । ਆਖਣ ਲੱਗੀ ਬੜੀ ਦਇਆ ਕੀਤੀ ਜੇ, ਬਾਬੇ ਹੋਰੀਂ ਵੀ ਆਏ ਹਨ ਤੇ ਤੁਸਾਂ ਵੀ ਦਰਸ਼ਨ ਦਿਤੇ ਹਨ ਜੀ । ਮੈਂ ਪਰਸ਼ਾਦ ਬਾਬੇ ਹੋਰਾਂ ਲਈ ਕਰ ਕੇ ਰੱਖਿਆ ਹੈ, ਤੇ ਤੁਸੀਂ ਵੀ ਭੋਗ ਲਗਾਓ ਤੇ ਪਰਵਾਨ ਕਰੋ ਜੀ । ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਨਣ ਵਾਲੇ ਹੱਸ ਕੇ ਬਚਨ ਕਰਦੇ ਹਨ । ਠਾਕਰੀਏ ਅੱਜ ਜੋਤ ਤਾਂ ਨਹੀਂ ਜਗਾਈ । ਬੇਬੇ ਠਾਕਰੀ ਬਚਨ ਕਰਦੀ ਹੈ ਨਹੀਂ ਸੱਚੇ ਪਾਤਸ਼ਾਹ , ਮੈਂ ਤਾਂ ਬਾਬੇ ਹੋਰਾਂ ਲਈ ਪਰਸ਼ਾਦ ਕੀਤਾ ਹੈ । ਜੋਤ ਜਗਾ ਕੇ ਮੈਂ ਕੀ ਕਰਨੀ ਸੀ । ਸੱਚੇ ਪਿਤਾ ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ ਨੇ ਦਬਾ ਦਬ ਅੰਦਰ ਜਾ ਕੇ ਪਰਾਤ ਚੁਕ ਕੇ ਥਾਲੀ ਕੱਢ ਲਈ ਤੇ ਆਖਣ ਲੱਗੇ ਵੇਖ ਗੁਰਮੁਖ ਸਿੰਘ ਠਾਕਰੀ ਜੋਤ ਜਗਾ ਕੇ ਸਾਥੋਂ ਡਰਦੀ ਨੇ ਲੁਕਾ ਛੱਡੀ ਹੈ । ਗੁਰਮੁਖ ਸਿੰਘ ਉਠ ਕੇ ਨਿਮਸਕਾਰ ਕੀਤੀ ਤੇ ਕਿਹਾ ਸੱਚੇ ਪਿਤਾ ਸਹੰਸਰ ਮੁਖ ਸ਼ੇਸ਼ ਨਾਗ ਦੇ ਹਨ ਓਹ ਵੀ ਤੁਹਾਡੀ ਉਸਤਤ ਨਹੀਂ ਕਰ ਸਕਦੇ ਮੈਂ ਕੀ ਕਰ ਸਕਦਾ ਹਾਂ । ਤੁਸਾਂ ਤਾਂ ਘਰੋਂ ਤੁਰਨ ਲੱਗਿਆਂ ਬਚਨ ਕੀਤਾ ਸੀ ਕਿ ਅਸਾਂ ਠਾਕਰੀ ਦੀ ਚੋਰੀ ਫੜਨੀ ਹੈ । ਬੀਬੀ ਠਾਕਰੀ ਗਲ ਵਿਚ ਪੱਲਾ ਪਾ ਕੇ ਨਿਮਸਕਾਰ ਕਰ ਕੇ ਭੁੱਲ ਬਖ਼ਸ਼ੌਂਦੀ ਹੈ ਤੇ ਬੇਨੰਤੀ ਕਰਦੀ ਹੈ ਕਿ ਬਾਬੇ ਮਨੀ ਸਿੰਘ ਨੂੰ ਨਾਂ ਦੱਸਿਓ ਜੇ ਕਿਤੇ ਮੇਰੀ ਲਿਖਾਈ ਨਾ ਕਰ ਦੇਣ ਜੀ । ਪਾਤਸ਼ਾਹ ਬੇਨੰਤੀ ਮੰਨ ਲਈ । ਸੱਚੇ ਪਿਤਾ ਦਾ ਬਚਨ ਸਤਿ ਕਰ ਕੇ ਮੰਨਣਾ ਚਾਹੀਦਾ ਹੈ ਜੀ । ਸੱਚੇ ਪਾਤਸ਼ਾਹ ਦਾ ਥਾਲ ਲਗਾ ਕੇ ਪਰਸ਼ਾਦ ਛਕਾਇਆ ਗਿਆ ਜੀ । ਪਰਸ਼ਾਦ ਛਕ ਕੇ ਫੇਰ ਸੱਚੇ ਪਾਤਸ਼ਾਹ ਸੰਗਤ ਸਮੇਤ ਭੰਗਾਲੀ ਪਿੰਡ ਨੂੰ ਚਲੇ ਜਾਂਦੇ ਹਨ ||