32 – ਸਾਖੀ ਪਠਾਣਕਿਆਂ ਦੇ ਦੇਵਾ ਸਿੰਘ ਤੇ ਉਸ ਦੇ ਪੁੱਤਰ ਬਹਾਦਰ ਸਿੰਘ ਦੀ – JANAMSAKHI 32

ਸਾਖੀ  ਪਠਾਣਕਿਆਂ  ਦੇ ਦੇਵਾ ਸਿੰਘ  ਤੇ  ਉਸ ਦੇ ਪੁੱਤਰ ਬਹਾਦਰ ਸਿੰਘ  ਦੀ 

     ਇਕ ਦਿਨ ਦਾ  ਬਚਨ  ਹੈ   ਕਿ  ਦੇਵਾ ਸਿੰਘ  ਪਠਾਣਕਿਆਂ  ਦਾ ਸਿਖ ਸੀ । ਉਸ ਦਾ 

ਪੁੱਤਰ ਬਹਾਦਰ ਸਿੰਘ ਨੰਬਰਦਾਰ ਸੀ ਜੀ । ਪਠਾਣਕਿਆਂ  ਦਾ ਮਾਮਲਾ ਤਾਰਨ ਲਹੌਰ ਸ਼ਹਿਰ ਚਲਿਆ ਹੈ  ।  ਅੱਗੇ   ਰਸਤੇ  ਵਿਚ ਕਾਨੇ ਤੇ ਝਾੜੀਆਂ ਹਨ  ਤੇ ਓਥੇ ਚੋਰ ਲੁਕ ਕੇ ਬੈਠੇ ਹਨ ਜੀ ।  ਬਹਾਦਰ ਸਿੰਘ ਦੇ ਪਿਛੇ ਪੈ ਗਏ  ।  ਓਸ ਵਕਤ ਬਹਾਦਰ ਸਿੰਘ ਸਿਖ   ਸੱਚੇ  ਪਾਤਸ਼ਾਹ ਅੱਗੇ  ਬੇਨੰਤੀ ਕਰਦਾ ਹੈ   ਸੱਚੇ  ਪਿਤਾ ਐਸ ਵਕਤ ਮੇਰੇ ਗਰੀਬ ਤੇ ਦਇਆ ਕਰ ਕੇ ਮੈਨੂੰ ਬਚਾ ।  ਸੱਚੇ  ਪਾਤਸ਼ਾਹ  ਨੇ  ਸਿਖ  ਦੀ  ਅਖਿਆਈ ਵੇਖ ਕੇ, ਝੱਟ ਠਾਣੇਦਾਰ ਦਾ ਰੂਪ ਧਾਰ ਕੇ,   ਘੋੜੇ ਤੇ ਚੜ੍ਹੇ ਆ  ਰਹੇ  ਹਨ ।  ਚੋਰ ਉਨ੍ਹਾਂ ਨੂੰ ਵੇਖ ਕੇ ਭੱਜ  ਗਏ ਹਨ ਜੀ  ।  ਬਹਾਦਰ ਸਿੰਘ ਨਾਲ  ਦੋ  ਮੀਲ ਤੁਰੇ ਗਏ ਹਨ  ਤੇ ਫੇਰ ਝਾੜੀ ਦਾ ਓਹਲਾ ਕਰ ਕੇ  ਅਲੋਪ ਹੋ  ਗਏ ਹਨ  ।  ਬਹਾਦਰ ਸਿੰਘ ਮਾਮਲਾ ਤਾਰ ਕੇ  ਆਣ ਕੇ ਸਿਖਾਂ ਨਾਲ ਤੇ  ਸੱਚੇ  ਪਾਤਸ਼ਾਹ ਦੇ ਚਰਨਾਂ ਵਿਚ ਬੇਨੰਤੀ ਕਰ ਕੇ  ਬਚਨ  ਕਰਦਾ ਹੈ  ਕਿ  ਸਿਖੋ, ਧੰਨ ਹੈ ਮੇਰਾ ਪਿਤਾ  ਜੇਹੜਾ  ਜੂਹ ਜੰਗਲਾਂ ਤੇ ਪਹਾੜਾਂ ਤੇ ਉਜਾੜਾਂ ਵਿਚ ਵੀ ਸਿਖਾਂ ਦੇ ਅੰਗ ਸੰਗ ਹੋ  ਕੇ ਸਹਾਇਤਾ ਕਰਦਾ ਹੈ । ।

     ਬਹਾਦਰ ਸਿੰਘ ਦਾ ਬਾਪ ਦੇਵਾ ਸਿੰਘ ਪਾਤਸ਼ਾਹ ਦਾ ਬੜਾ ਪ੍ਰੇਮੀ ਸਿਖ ਸੀ । ਕਿਸੇ ਦੇ ਹੱਥ ਦਾ ਜਲ  ਪਾਣੀ ਨਹੀਂ ਸੀ ਪੀਂਦਾ । ਆਪਣੀ ਹੱਥੀਂ ਨਹਿਰ ਤੋਂ ਜਲ  ਲਿਆ ਕੇ ਛਕਣਾ ਸੀ । ਆਈ ਚੀਜ  ਦੀ  ਖ਼ੁਸ਼ੀ ਨਹੀਂ, ਤੇ ਗਈ ਦਾ ਸੋਗ ਨਹੀਂ ।  ਇਕ ਦਿਨ ਬਾਬੇ ਮਨੀ ਸਿੰਘ ਹੁਰੀਂ ਸਿਖਾਂ ਸਮੇਤ ਪਠਾਣਕੀਂ ਗਏ ਹਨ ਤੇ ਬਾਬਾ ਦੇਵਾ ਸਿੰਘ ਛੱਲੀਆਂ ਦਾ ਰਾਖਾ ਸੀ ।  ਬਹਾਦਰ ਸਿੰਘ ਬਾਬੇ ਮਨੀ ਸਿੰਘ ਨੂੰ ਮਕਈ ਦਾ ਪਰਸ਼ਾਦ ਕੀਤਾ ।  ਬਾਬੇ ਮਨੀ ਸਿੰਘ ਪਰਸ਼ਾਦ ਛੱਕਣ ਲਗੇ ਆਖਣ ਲਗੇ ਦੇਵਾ ਸਿੰਘ ਆ ਪਰਸ਼ਾਦ ਛਕ  ਲੈ  । ਦੇਵਾ ਸਿੰਘ ਆਖਣ ਲੱਗਾ, ਬਾਬਾ ਜੀ  ਅਸੀਂ ਏਨ੍ਹਾਂ ਦੇ ਘਰੋਂ ਨਹੀਂ ਪਰਸ਼ਾਦ ਛਕਣਾ  ।  ਏਹ  ਸਾਰੇ ਭਿਟੜ ਹਨ ਤੇ ਤੁਸੀਂ ਵੀ ਏਨ੍ਹਾਂ ਨਾਲ ਲੱਗ ਕੇ ਭਿਟੜ ਹੋ  ਗਏ ਜੇ  ਸਿਖ ਆਖਣ ਲੱਗੇ ਬਾਬਾ ਜੀ, ਦੇਵਾ ਸਿੰਘ ਕੀ  ਬਚਨ  ਕਰਦਾ ਹੈ । ਮਨੀ ਸਿੰਘ ਆਖਣ ਲੱਗਾ ਸਿਖੋ ਏਹਨੂੰ ਸੱਚੇ  ਪਾਤਸ਼ਾਹ  ਏਸੇ ਤਰ੍ਹਾਂ ਵਖੌਂਦੇ ਹਨ । ਪਰਸ਼ਾਦ ਪਾਣੀ ਛਕ ਕੇ ਸਿੱਖ ਸ਼ਬਦ ਬਾਣੀ  ਕਰ  ਰਹੇ  ਹਨ ਜੀ । ਥੋੜੇ ਜਹੇ ਦਿਨ ਰੈਂਹਦੇ ਨਾਲ  ਬਾਬਾ ਮਨੀ ਸਿੰਘ ਜੰਗਲ ਗਏ ਹਨ  ਤੇ ਫੇਰ ਦੇਵਾ ਸਿੰਘ ਕੋਲ ਆ ਬੈਠੇ ਹਨ ਜੀ ।  ਬਾਬਾ ਮਨੀ ਸਿੰਘ ਦੇਵਾ ਸਿੰਘ ਨੂੰ ਆਖਦੇ ਹਨ   ਕਿ  ਸਾਨੂੰ ਛੱਲੀਆਂ ਚਬਾ ।  ਦੇਵਾ ਸਿੰਘ ਆਖਿਆ  ਬਾਬਾ ਜੀ ਛੱਲੀਆਂ ਮੇਰੀਆਂ ਨਹੀਂ, ਮੇਰੇ ਪੁੱਤਾਂ ਦੀਆਂ ਹਨ ਮੈਂ ਨਹੀਂ ਦੇ ਸਕਦਾ । ਮੇਰੇ ਪੁਤਾਂ ਦੀ  ਕਮਾਈ ਆ । ਮੇਰੀ ਕਮਾਈ  ਹੋਵੇ   ਤੇ ਮੈਂ ਦੇ ਦਿਆਂ  ।  ਬਾਬੇ ਮਨੀ ਸਿੰਘ ਹੱਸ ਕੇ  ਬਚਨ  ਕਰਦੇ ਹਨ  ਕਿ  ਦੇਵਾ ਸਿੰਘ  ਤੂੰ  ਕਾਂ ਨਹੀਂ ਉਡੌਂਦਾ । ਆਖਣ ਲਗਾ ਬਾਬਾ ਜੀ ਮੈਂ ਬੰਦਿਆਂ ਦਾ ਰਾਖਾ ਹਾਂ ਜਾਨਵਰਾਂ ਦਾ ਨਹੀਂ ।  ਏਹ  ਕਰ ਕੁਛ ਨਹੀਂ ਸਕਦੇ ਤੇ ਖਾਣ ਕਿਥੋਂ ।  ਏਸੇ ਤਰ੍ਹਾਂ ਬਾਬੇ ਮਨੀ ਸਿੰਘ ਹੋਰੀਂ ਹੱਸ ਕੇ  ਬਚਨ  ਬਲਾਸ ਕਰਦੇ ਹਨ ।  ਦੇਵਾ ਸਿੰਘ ਮਸਤਾਨਾ ਸੀ ਤੇ ਉਸਨੂੰ ਸਚਿਆਈ ਨਜ਼ਰ ਔਂਦੀ ਸੀ । ਜਿਸ ਕਰਕੇ ਕੋਰੇ ਬਚਨ  ਕਰਦਾ ਸੀ ।

     ਇਕ ਦਿਨ ਦਾ  ਬਚਨ  ਹੈ  ਕਿ  ਬਹਾਦਰ ਸਿੰਘ ਦੇ ਘਰ ਪੁੱਤਰ ਹੋਇਆ ਹੈ ।  ਬਹਾਦਰ ਸਿੰਘ ਜਾ ਕੇ ਦੇਵਾ ਸਿੰਘ ਨੂੰ ਵਾਜ ਮਾਰ ਕੇ ਆਖਿਆ, ਬਾਪੂ ਤੇਰੇ ਘਰ ਪੋਤਰਾ ਹੋਇਆ ਹੈ । ਉਠ ਕੇ ਪਾਤਸ਼ਾਹ ਅੱਗੇ  ਬੇਨੰਤੀ ਕਰ, ਰਾਜੀ ਖ਼ੁਸ਼ੀ ਰੱਖਣ । ਦੇਵਾ ਸਿੰਘ ਉਠ ਕੇ ਗਲ ਵਿਚ ਪੱਲਾ ਪਾ ਕੇ ਪਾਤਸ਼ਾਹ ਅੱਗੇ  ਬੇਨੰਤੀ ਕੀਤੀ  ।   ਸੱਚੇ  ਪਾਤਸ਼ਾਹ ਕਾਕੇ  ਨੇ  ਤੁਹਾਡੇ ਹੁਕਮ ਅਨੁਸਾਰ  ਜਨਮ ਲਿਆ ਹੈ  ਤੇ  ਹੇ ਦੀਨ ਦਿਆਲ  ਜੇ ਤੇ ਤੇਰਾ ਭਗਤ ਹੈ,  ਗੁਰ ਘਰ ਦਾ ਪ੍ਰੇਮੀ ਹੈ  ਤੇ ਰਾਜ਼ੀ ਖ਼ੁਸ਼ੀ ਰਹੇ, ਤੇ ਵੱਡੀ ਸਾਰੀ ਉਮਰ  ਹੋਵੇ  । ਜੇ ਚੋਰ ਠੱਗ ਹੈ ਤੇ ਹੁਣੇ ਮਰ  ਜਾਵੇ  ।  ਏਸ  ਬਚਨ  ਦਾ ਘਰ ਦਿਆਂ ਨੂੰ   ਬੜਾ   ਗੁੱਸਾ ਲੱਗਾ ਤੇ ਬਹਾਦਰ ਸਿੰਘ ਆਖਣ ਲੱਗਾ ਬਾਪੂ ਚੰਗੀ ਬੇਨੰਤੀ ਕੀਤੀ ਹੈ । ਦੇਵਾ ਸਿੰਘ ਆਖਣ ਲਗਾ ਮੈਨੂੰ  ਤਾਂ  ਭਗਤਾਂ ਤੇ  ਸੱਚੇ  ਸਿਖਾਂ ਦਾ ਪਿਆਰ ਹੈ । ।

      ਇਕ ਦਿਨ ਦਾ ਬਚਨ ਹੈ ਕਿ ਦੇਵਾ ਸਿੰਘ ਮਾਮਲਾ ਲੈ ਕੇ ਤਾਰਨ ਚਲਿਆ ਸੀ ਸ਼ਹਿਰ ਨੂੰ । ਜਿਸ ਵਕਤ ਤੁਰਨ ਲੱਗਾ, ਆਖਣ ਲੱਗਾ ਬਹਾਦਰ ਸਿੰਘ ਮੈਂ  ਤਾਂ ਸੱਚੇ  ਪਾਤਸ਼ਾਹ ਸੱਚੀ ਸਰਕਾਰ ਨੂੰ ਮਾਮਲਾ ਦੇਣਾ ਹੈ ।  ਝੂਠੀ ਸਰਕਾਰ ਨੂੰ ਨਹੀਂ ਦੇਣਾ ਜੀ ।  ਜਿਸ ਵਕਤ ਰੁਪੈ ਲੈ  ਕੇ ਦੇਵਾ ਸਿੰਘ ਘਵਿੰਡ ਨੂੰ ਤੁਰ ਪਿਆ ਤੇ ਸਾਰੇ ਆਖਣ ਲੱਗੇ ਏਹਨੇ ਤਾਂ  ਰੁਪਈਏ ਘਵਿੰਡ ਦੇ ਔਂਣੇ  ਨੇ  ਤੇ ਤੁਸੀਂ ਮਾਮਲਾ ਕਿਥੋਂ ਤਾਰੋਗੇ ।  ਮਗਰ ਮੋੜਨ ਵਾਸਤੇ ਗਏ ਤੇ ਦੇਵਾ ਸਿੰਘ ਨਰਾਜ਼ ਹੋ  ਕੇ ਸਾਰੇ ਰੁਪੈ ਵਾਹਣ ਵਿਚ ਖਲਾਰ ਦਿਤੇ ।  ਕੁਛ ਚੁਗੇ ਤੇ ਕੁਛ ਗਵਾਚ ਗਏ ।  ਏਸ  ਤਰ੍ਹਾਂ  ਸੱਚੇ  ਪਾਤਸ਼ਾਹ  ਨੇ  ਦੇਵਾ ਸਿੰਘ ਨੂੰ ਮਸਤਾਨਾ ਕੀਤਾ ਸੀ । ਓਹ ਸੱਚਾ  ਬਚਨ  ਕਰਦਾ ਸੀ ਤੇ ਲੋਕੀਂ ਕਮਲਾ  ਆਂਦੇ ਸੀ । ।