ਸੁੰਦਰ ਸਿੰਘ ਤੇ ਉਸ ਦੇ ਕੁੜਮ ਦਬੁਰਜੀ ਵਾਲੇ ਦੀ ਸਾਖੀ
ਵਿਸਾਖ ਮਹੀਨੇ ਵਿਚ ਸੁੰਦਰ ਸਿੰਘ ਬੁਗਿਆਂ ਵਾਲਾ ਸੱਚੇ ਪਾਤਸ਼ਾਹ ਦੇ
ਦਰਸ਼ਨਾਂ ਨੂੰ ਤਿਆਰ ਹੋਇਆ ਹੈ । ਸੁੰਦਰ ਸਿੰਘ ਦੀ ਧੀ ਦਬੁਰਜੀ ਵਿਆਹੀ ਹੋਈ ਸੀ ਤੇ ਉਸ ਬੀਬੀ ਦਾ ਸੌਹਰਾ ਬੁੱਗੀਂ ਆਇਆ ਸੀ । ਬਚਨ ਸੁਣ ਕੇ ਸੁੰਦਰ ਸਿੰਘ ਨੂੰ ਆਖਣ ਲਗਾ, ਭਾਈਆ ਮੈਨੂੰ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾ ਦੇ । ਸੁੰਦਰ ਸਿੰਘ ਆਖਿਆ ਚੰਗਾ ਜੀ । ਫੇਰ ਦੋਵੇਂ ਜਣੇ ਤੁਰ ਪਏ ਹਨ ਜੀ । ਸੁੰਦਰ ਸਿੰਘ ਦੇ ਕੁੜਮ ਦੀ ਅੱਸੀ ਸਾਲ ਦੀ ਉਮਰ ਸੀ । ਸੁੰਦਰ ਸਿੰਘ ਘੋੜੀ ਤੇ ਚੜ੍ਹਾ ਕੇ ਪਿੰਡ ਘਵਿੰਡ ਲਿਆਇਆ ਹੈ । ਔਂਦਿਆਂ ਨੂੰ ਘਰ ਦੁਪੈਹਰ ਆ ਗਈ । ਸੱਚੇ ਪਾਤਸ਼ਾਹ ਖੇਤ ਗਏ ਹੋਏ ਸਨ । ਤੇ ਓਹ ਘਰੋਂ ਹੋ ਕੇ ਸਿਧੇ ਖੇਤ ਆ ਗਏ ਹਨ ਜੀ । ਅੱਗੇ ਔਂਦਿਆਂ ਨੂੰ ਸਿਖ ਵਾਢੀ ਕਰ ਰਹੇ ਹਨ । ਸੱਚੇ ਪਾਤਸ਼ਾਹ ਸੂਏ ਤੇ ਅਸ਼ਨਾਨ ਕਰਕੇ ਬੈਠੇ ਹਨ ਸੁੰਦਰ ਸਿੰਘ ਤੇ ਉਸ ਦੇ ਕੁੜਮ ਨੇ ਪਰਕਰਮਾਂ ਕੀਤੀਆਂ ਨਿਮਸਕਾਰ ਕੀਤੀ ਤੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਏ ਜੀ । ਸੁੰਦਰ ਸਿੰਘ ਵੀ ਸੇਵਾ ਵਿਚ ਲਗ ਪਿਆ ਤੇ ਉਸ ਦਾ ਕੁੜਮ ਵੀ ਦਾਤਰੀ ਫੜ ਕੇ ਸੇਵਾ ਵਿਚ ਲਗ ਪਿਆ ਜੀ । ਬਿਰਧ ਬਹੁਤ ਹੈ । ਵਾਡੀ ਨਹੀਂ ਹੁੰਦੀ, ਲਗ ਪਿਆ ਹੈ । ਸਿਖ ਸਾਰੇ ਆਂਦੇ ਹਨ ਬਾਬਾ ਤੂੰ ਬੈਠ ਜਾ ਬਿਰਧ ਹੈਂ । ਓਹ ਸਿਖ ਅੱਗੋਂ ਬਚਨ ਕਰਦਾ ਹੈ, ਸਿਖੋ ਮੇਰੀ ਸਾਰੀ ਉਮਰ ਐਵੇਂ ਬਿਰਥਾ ਜਾਂਦੀ ਰਹੀ ਹੈ । ਹੁਣ ਸੱਚੇ ਪਾਤਸ਼ਾਹ ਪ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਹੋਏ ਹਨ ਜੀ । ਥੋੜਾ ਚਿਰ ਲੱਗਾ ਰਿਹਾ ਤੇ ਫੇਰ ਸੱਚੇ ਪਾਤਸ਼ਾਹ ਦਇਆ ਕੀਤੀ ਤੇ ਵਾਜ ਮਾਰ ਲਈ । ਆਖਣ ਲੱਗੇ, ਬਾਬਾ, ਆ ਜਾ ਤੇਰੀ ਸੇਵਾ ਪਰਵਾਨ ਕਰ ਲਈ ਹੈ । ਥੋੜੇ ਦਿਨ ਸੇਵਾ ਕਰ ਕੇ ਫੇਰ ਘਰ ਨੂੰ ਵਾਪਸ ਚਲੇ ਗਏ ਹਨ । ਉਸ ਬੁਢੜੇ ਦੇ ਪੁੱਤਾਂ ਪੋਤਿਆਂ ਨੇ ਗਵਾਲੀਅਰ ਪੈਲੀ ਲਈ ਹੋਈ ਸੀ । ਬੁਢੜਾ ਵੀ ਥੋੜੇ ਦਿਨ ਬਾਅਦ ਗਵਾਲੀਅਰ ਚਲਾ ਗਿਆ । ਓਥੇ ਜਾ ਕੇ ਆਪਣੇ ਬੰਸ ਨਾਲ ਬਚਨ ਕਰਦਾ ਹੈ, ਕਿ ਮੈਂ ਤਾਂ ਨਿਹਕਲੰਕ ਪ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਕਰ ਕੇ ਆਇਆ ਹਾਂ । ਤੁਸੀਂ ਵੀ ਜਾਓ ਤੇ ਜਾ ਕੇ ਸੁੰਦਰ ਸਿੰਘ ਨੂੰ ਬੁਗਿਆਂ ਤੋਂ ਨਾਲ ਲੈ ਕੇ ਪ੍ਰੀ ਪੂਰਨ ਦੇ ਦਰਸ਼ਨ ਕਰੋ ਤੇ ਆਪਣਾ ਜਨਮ ਸੁਫਲਾ ਕਰੋ ਜੀ । ਫੇਰ ਉਸ ਦਾ ਪੋਤਰਾ ਗੁਜਰ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ ਹੈ । ਹਾੜ ਦਾ ਮਹੀਨਾ ਹੈ ਤੇ ਔਂਦਾ ਹੋਇਆ ਚਾਰ ਪੀਪੇ ਘੀਉ ਦੇ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਲਿਆਇਆ ਹੈ ਜੀ । ਆਣ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ ਤੇ ਆਪਣਾ ਜਨਮ ਸੁਫਲਾ ਕੀਤਾ ਹੈ ਜੀ । ਦਰਸ਼ਨ ਕਰ ਕੇ ਘਵਿੰਡ ਸੱਚੇ ਪਾਤਸ਼ਾਹ ਦਾ, ਫੇਰ ਬੜੁਖੀਂ ਬਾਬੇ ਮਨੀ ਸਿੰਘ ਦੇ ਦਰਸ਼ਨ ਕਰਨ ਤੁਰ ਪਿਆ ਹੈ ਜੀ । ਜਿਸ ਵਕਤ ਬੜੁਖੀਂ ਗਿਆ ਹੈ ਤੇ ਜਾਦਿਆਂ ਨੂੰ ਸੱਚੇ ਪਾਤਸ਼ਾਹ ਦੀ ਸੰਗਤ ਤੇ ਬਾਬਾ ਮਨੀ ਸਿੰਘ ਸ਼ਬਦ ਬਾਣੀ ਕਰ ਰਹੇ ਹਨ । ਮਸਤਾਨੇ ਖੇਡ ਰਹੇ ਹਨ । ਜਿਸ ਵਕਤ ਗੁਜਰ ਸਿੰਘ ਸੰਗਤ ਵਿਚ ਜਾ ਕੇ ਅਜੇ ਬੈਠਾ ਸੀ ਉਸ ਨੂੰ ਪਕੜ ਹੋ ਗਈ । ਮੱਛੀ ਵਾਗੂੰ ਭੌਂ ਤੇ ਤੜਫਣ ਲਗ ਪਿਆ । ਮਹਾਰਾਜ ਹੋਰੀਂ ਮਾਝੇ ਦੇਸ ਵਿਚ ਘਵਿੰਡ ਬੈਠੇ ਹਨ । ਤੇ ਬੜੁਖੀਂ ਸੰਗਰੂਰ ਰਿਆਸਤ ਵਿਚ ਸਿਖ ਨੂੰ ਪਕੜ ਹੋ ਗਈ ਹੈ । ਫੇਰ ਬਾਬੇ ਮਨੀ ਸਿੰਘ ਨੂੰ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਵਖਾਇਆ, ਸਿਖ ਨੂੰ ਬਚਨ ਦੱਸਦੇ ਹਨ ਕਿ ਸਿਖਾ ਸੰਗਤ ਦੇ ਜੋੜਿਆਂ ਵਿਚ ਖਲੋ ਜਾ ਤੇ ਭੁਲਾਂ ਬਖ਼ਸ਼ਾਂ ਲਾ । ਸੱਚੇ ਪਾਤਸ਼ਾਹ ਤੇਰੇ ਸਿਰ ਤੇ ਟੋਕਰਾ ਬੱਕਰਿਆਂ ਦੇ ਸਿਰਾਂ ਦਾ ਵਖੌਂਦੇ ਹਨ, ਜੇਹੜਾ ਤੂੰ ਪਾਪ ਕਰਦਾ ਰਿਹਾ ਹੈਂ । ਸੱਚੇ ਪਾਤਸ਼ਾਹ ਮਾਸੀ ਸ਼ਰਾਬੀ ਨੂੰ ਸੰਗਤ ਵਿਚ ਨਹੀਂ ਬੈਹਣ ਦੇਂਦੇ । ਗੁਜਰ ਸਿੰਘ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਦਾ ਹੈ ਬਾਬਾ ਜੀ, ਮੈਨੂੰ ਬਖ਼ਸ਼ ਲੌ । ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ ਹੋਈ ਕਿ ਸੰਤਾ ਏਹਨੇ ਜਿੰਨੇ ਬਕਰਿਆਂ ਦਾ ਲਹੂ ਕੱਢਿਆ ਹੈ ਓਨਾਂ ਏਹਦਾ ਲਹੂ ਨਚੋੜ ਕੇ ਏਨੂੰ ਛਡਾਂਗੇ । ਉਸ ਨੂੰ ਦਸਤ ਤੇ ਉਲਟੀਆਂ ਸ਼ੁਰੂ ਹੋ ਗਈਆਂ ਸੁਕ ਕੇ ਤੀਲੇ ਵਾਗੂੰ ਹੋ ਗਿਆ ਜੀ । ਫੇਰ ਸੱਚੇ ਪਾਤਸ਼ਾਹ ਨੇ ਪਿਛਲੀਆਂ ਭੁਲਾਂ ਬਖ਼ਸ਼ ਦਿਤੀਆਂ ਤੇ ਅੱਗੇ ਮਾਰਗ ਪਾ ਲਿਆ ਹੈ ਜੀ । ਇਹ ਗੁਜਰ ਸਿੰਘ ਦਬੁਰਜੀ ਪਿੰਡ ਦਾ ਸੀ ਤੇ ਬਾਲੇ ਚੱਕ ਨਾਨਕਿਆਂ ਦੇ ਘਰ ਰੈਂਹਦਾ ਸੀ । ਉਸ ਆਣ ਕੇ ਬਾਲੇ ਚੱਕ ਪੱਲਾ ਫੇਰਿਆ ਕਿ ਮੈਂ ਪ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਕਰ ਕੇ ਆਇਆ ਹਾਂ ।।
ਗੁਜਰ ਸਿੰਘ ਦੀ ਮਾਈ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਆਇਆ । ਓਹ ਵੀ ਭੁਲਾਂ ਬਖ਼ਸ਼ਾਂ ਕੇ ਚਰਨੀਂ ਲੱਗ ਪਈ । ਬੁਧ ਸਿੰਘ ਬਾਲੇ ਚੱਕ ਦਾ ਸੀ ਤੇ ਉਸ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ । ਚੇਤ ਸਿੰਘ ਨੂੰ ਬੜਾ ਪ੍ਰੇਮ ਜਾਗਿਆ, ਸੱਚੇ ਪਾਤਸ਼ਾਹ ਦੀ ਉਸਤਤ ਸੁਣ ਕੇ ਲਛਮਣ ਸਿੰਘ ਬਾਲੇ ਚੱਕ ਦਾ ਸੀ, ਉਸ ਨੂੰ ਵੀ ਬੜਾ ਪ੍ਰੇਮ ਜਾਗਿਆ । ਆਸਾ ਸਿੰਘ ਵੀ ਬਾਲੇ ਚੱਕ ਵਾਲਾ ਮਜ਼੍ਹਬੀ ਸਿਖ ਪਾਤਸ਼ਾਹ ਦੀ ਸ਼ਰਨ ਆ ਗਿਆ ਹੈ ਜੀ । ਆਸਾ ਸਿੰਘ ਦਾ ਭਣੇਂਵਾ ਗੁਜਰ ਸਿੰਘ ਤੋੜੇ ਵਾਲਾ ਵੀ ਬਾਲੇ ਚੱਕ ਰਹਿੰਦਾ ਸੀ ਉਸ ਨੂੰ ਵੀ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ । ਲਾਭ ਸਿੰਘ ਤੋੜੇ ਦਾ ਸੀ, ਉਸ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ । ਸਾਰੇ ਗਭਰੂ ਸਨ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਤਨੋਂ ਮਨੋਂ ਹੋ ਕੇ ਲੱਗ ਪਏ ਹਨ । ਘਵਿੰਡ ਸੱਚੇ ਪਾਤਸ਼ਾਹ ਨੇ ਮਕਾਨਾਂ ਦੀ ਉਸਾਰੀ ਲਾਈ ਸੀ । ਸਾਰੇ ਜਿਨ੍ਹਾਂ ਸਿਖਾਂ ਦੇ ਭਾਗ ਚੰਗੇ ਸਨ ਕੋਈ ਮਾਇਆ ਦੀ ਸੇਵਾ, ਕੋਈ ਹੱਥਾਂ ਦੀ, ਕੋਈ ਗੱਡੇ ਜੋਹ ਕੇ ਇੱਟਾਂ ਢੋਈ ਜਾਂਦਾ ਹੈ । ਗੱਲ ਕੀ ਸਿਖ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਲਗ ਗਏ ਹਨ । ਪਾਤਸ਼ਾਹ ਦੀ ਐਡੀ ਦਇਆ, ਸਿਖ ਰੱਤੀ ਵੀ ਕਿਤੇ ਅੱਕਦੇ ਥੱਕਦੇ ਨਹੀਂ । ਇਕ ਕੋਠੜੀ ਪਾਤਸ਼ਾਹ ਦਾ ਧਾਮ ਬਣਾ ਲਿਆ ਤੇ ਦੂਸਰੇ ਮਕਾਨ ਸੰਗਤ ਦੇ ਬੈਹਣ ਵਾਸਤੇ ਬਣਾਏ ਗਏ । ਚੇਤ ਸਿੰਘ ਕਲਸੀਆਂ ਦਾ ਸਿਖ ਸੀ । ਉਸ ਨੇ ਵੀ ਗੱਡਾ ਤੇ ਬਲਦ ਖੜ ਕੇ ਬੜੀ ਸੇਵਾ ਕੀਤੀ ਹੈ । ਗੁਰਮੁਖ ਸਿੰਘ ਭੰਗਾਲੀ ਵਾਲਾ ਤੇ ਪਾਤਸ਼ਾਹ ਦੀ ਭੈਣ ਬੀਬੀ ਨਾਮੋ ਤਾਊਨ ਦੀ ਬੀਮਾਰੀ ਨਾਲ ਚਾਰ ਦਿਨ ਦੀ ਵਿਥ ਤੇ ਸਰੀਰ ਛੱਡ ਦਿਤਾ ਹੈ । ਜਿਸ ਤਰ੍ਹਾਂ ਗੁਰਮੁਖ ਸਿੰਘ ਸੇਵਾ ਵਿਚ ਹਾਜਰ ਰਹਿੰਦਾ ਸੀ, ਓਸੇ ਤਰ੍ਹਾਂ ਚੇਤ ਸਿੰਘ ਕਲਸੀਆਂ ਵਾਲਾ ਅੱਠੇ ਪਹਿਰ ਸੇਵਾ ਵਿਚ ਲਗ ਪਿਆ ਹੈ । ਗੁਜਰ ਸਿੰਘ ਬਾਲੇ ਚਕ ਵਾਲੇ ਨੇ ਨਵਾਰੀ ਪਲੰਘ ਬਣਾ ਕੇ ਸੱਚੇ ਪਾਤਸ਼ਾਹ ਵਾਲੀ ਕੋਠੜੀ ਵਿਚ ਡਾਹ ਦਿਤਾ ਹੈ । ਸੋਹਣਾ ਰੇਸ਼ਮ ਦਾ ਕੱਢਿਆ ਹੋਇਆ ਬਾਗ ਚੰਦੋਆ ਤਾਣ ਦਿਤਾ ਹੈ । ਸ਼ਹਿਰੋਂ ਲਿਆ ਕੇ ਲਾਟੂ ਬਹੁਤ ਵਧੀਆ ਚੰਦੋਏ ਨਾਲ ਲਟਕਾ ਦਿਤੇ ਹਨ । ਸੁੰਦਰ ਬਿਸਤਰਾ ਪਾਤਸ਼ਾਹ ਦੇ ਬਿਰਾਜਮਾਨ ਹੋਣ ਵਾਸਤੇ ਵਿਛਾ ਦਿਤਾ ਹੈ । ਸੱਚੇ ਪਾਤਸ਼ਾਹ ਦਾ ਧਾਮ ਐਸ ਤਰ੍ਹਾਂ ਸੋਭਾ ਪਾ ਰਿਹਾ ਹੈ ਜਿਸ ਤਰ੍ਹਾਂ ਸਚਖੰਡ ਦੀ ਪੁਰੀ ਸੋਭਾ ਪਾ ਰਹੀ ਹੈ । ਕੋਈ ਸਿਖ ਆ ਜਾਂਦਾ, ਕੋਈ ਦੋ ਮਹੀਨੇ ਰਹਿ ਕੇ ਚਲਿਆ ਜਾਂਦਾ । ਏਸੇ ਤਰ੍ਹਾਂ ਸੱਚੇ ਪਾਤਸ਼ਾਹ ਸੇਵਾ ਵਿਚ ਪੰਜ ਜਾਂ ਛੇ ਸਿਖ ਹਰ ਵਕਤ ਰਹਿੰਦੇ ਸਨ ਜੀ । ਮਾਤਾ ਹੋਰਾਂ ਦੇ ਨਾਲ ਕਈ ਬੀਬੀਆਂ ਮਾਈਆਂ ਵੀ ਲੰਗਰ ਵਿਚ ਸੇਵਾ ਕਰਨ ਲਈ ਹਨ ।।