ਸੱਚੇ ਪਾਤਸ਼ਾਹ ਦੀ ਗਿਰਫਤਾਰ ਹੋਣ ਦੀ ਸਾਖੀ
ਸੰਗਰੂਰ ਦੇ ਚਾਰ ਦਰਵਾਜੇ ਸਨ । ਸਾਰਿਆਂ ਤੇ ਚਾਰ ਗੁਰਦਵਾਰੇ ਬਣੇ ਹੋਏ ਸਨ ਜੀ । ਗੁਰਦਵਾਰਿਆਂ ਦੇ ਅੱਠ ਗ੍ਰੰਥੀ ਪੁਲਸ ਨੇ
ਹੁਕਮ ਨਾਲ ਕੱਠੇ ਕੀਤੇ ਹਨ । ਤੇ ਅਲਮਾਰੀ ਦਾ ਜੰਦਰਾ ਖੋਲ੍ਹ ਕੇ ੯ ਬਸਤੇ ਕੱਢ ਕੇ ਰੱਖ ਦਿਤੇ । ਇਕ ਇਕ ਬਸਤਾ ਖੋਲ੍ਹ ਕੇ ਵਜ਼ੀਰ ਸਾਹਿਬ ਨੇ ਬਾਣੀ ਪੜ੍ਹੌਣੀ ਸ਼ੁਰੂ ਕਰ ਦਿਤੀ । ਰਾਜਾ ਓਸ ਵਕਤ ਸਿਮਲੇ ਸੀ । ਹਾੜ ਦੇ ਮਹੀਨੇ ਦੀ ਗਰਮੀ ਕਰ ਕੇ । ਜਿਉਂ ਜਿਉਂ ਬਾਣੀ ਪੜ੍ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਂ ਉਤੇ ਲਿਖਿਆ ਆਵੇ ਮਾਝੇ ਦੇ ਸਿਖਾਂ ਦਾ ਨਾਂ ਵੀ ਉਤੇ ਬਹੁਤ ਲਿਖੇ ਹੋਏ ਸਨ । ਜੋ ਮਾਝੇ ਦੇਸ਼ ਵਿਚ ਭਾਣੇ ਵਰਤਣੇ ਸੀ, ਕਲਜੁਗ ਦੇ ਜੀਆਂ ਨਾਲ ਹੋਣੀ ਸੀ, ਸਭ ਲਿਖਿਆ ਹੋਇਆ ਸੀ । ਜੋ ਰਾਜਿਆਂ ਰਾਣਿਆਂ ਨਾਲ ਵਰਤਣੀ ਸੀ ਓਹ ਵੀ ਲਿਖਤ ਹੋਈ ਸੀ । ਗ੍ਰੰਥੀ ਐਸੇ ਬੇਈਮਾਨ ਸੀ ਜੋ ਅੰਗਰੇਜ਼ਾਂ ਦੇ ਵਿਰੁਧ ਬਚਨ ਸੀ ਓਹ ਕੱਢ ਲੈਣ ਤੇ ਜੇਹੜੇ ਦੂਸਰੇ ਬਚਨ ਹੋਣ ਓਹ ਰੱਖ ਦੇਣ । ਜੇਹੜੇ ਬਚਨ ਲਿਖੇ ਹੋਣ ਕਿ ਅੰਗਰੇਜ਼ਾਂ ਦਾ ਰਾਜ ਨਾ ਰਹੇਗਾ ਤੇ ਰਾਜਿਆਂ ਕੋਲ ਇਕ ਹਲ ਦੀ ਪੈਲੀ ਰਹਿ ਜਾਵੇਗੀ । ਏਹੋ ਜਹੇ ਬਚਨ ਜਾ ਕੇ ਵਜ਼ੀਰ ਸਾਹਿਬ ਨੂੰ ਸੁਣਾ ਦੇਣ । ਫੇਰ ਇਧਰ ਮਾਝੇ ਦੇਸ਼ ਵਿਚ ਸਿਖਾਂ ਦੀ ਪੜਚੋਲ ਹੋਣ ਲਗ ਪਈ । ਕਈ ਸਿਖ ਆਪੇ ਜਾ ਹਾਜਰ ਹੋਏ ਕਈ ਲੁਕ ਗਏ, ਕਈ ਫੜ ਕੇ ਖੜੇ ਗਏ । ਸੱਚੇ ਪਿਤਾ ਦੀਨ ਦੁਨੀ ਦੇ ਵਾਲੀ ਨੂੰ ਫੜਨ ਵਾਸਤੇ ਪੁਲਸ ਪਈ । ਓਸੇ ਦਿਨ ਸੱਚੇ ਪਾਤਸ਼ਾਹ ਦਾ ਛੁਹਾਰਾ ਪਿਆ ਸੀ । ਤਕਾਲਾਂ ਨੂੰ ਸੱਚੇ ਪਿਤਾ ਨੂੰ ਪੁਲਿਸ ਨੇ ਫੜ ਲਿਆ ਹੈ ਜੀ । ਪਾਤਸ਼ਾਹ ਨੂੰ ਕਹਿਣ ਲੱਗੇ ਹੱਥਕੜੀ ਲੌਣੀ ਹੈ । ਪਾਤਸ਼ਾਹ ਖੂੰਡੇ ਵਾਲੀ ਬਾਂਹ ਅੱਗੇ ਕਰ ਦਿਤੀ । ਪੁਲਿਸ ਵਾਲਿਆਂ ਕਿਹਾ ਗੌਰਮਿੰਟ ਦਾ ਗਦਾਰ ਹੋ ਕੇ ਵੀ ਖੂੰਡਾ ਅੱਗੇ ਕਰ ਕੇ ਵਖੌਂਦਾ ਹੈਂ । ਉਹਨਾਂ ਨੇ ਕਿਹਾ ਕਿ ਦੋਵੇਂ ਹੱਥਾਂ ਨੂੰ ਹੱਥਕੜੀ ਲੌਂਣੀ ਹੈ । ਪਾਤਸ਼ਾਹ ਕਿਹਾ ਦੋਹਾਂ ਨੂੰ ਲਾ ਲਓ । ਫਿਰ ਪੁਲਿਸ ਨੇ ਕਿਹਾ ਕਿ ਇਹਦੀਆਂ ਦੋਵੇਂ ਬਾਹਾਂ ਪਿਛੇ ਨੂੰ ਮੁਸ਼ਕਾਂ ਦੇ ਕੇ ਹੱਥਕੜੀ ਲਾਓ । ਏਸੇ ਤਰ੍ਹਾਂ ਹੀ ਪਾਤਸ਼ਾਹ ਦੀਆਂ ਦੋਨੋਂ ਬਾਹਾਂ ਪਿਛੇ ਕਰ ਕੇ ਹੱਥਕੜੀ ਲਾਈ ਗਈ । ਹੱਥਕੜੀ ਲਾ ਕੇ ਪਿਛੇ ਹਟੇ ਹੀ ਹਨ ਕਿ ਹੱਥਕੜੀ ਆਪੇ ਥੱਲੇ ਡਿਗ ਪਈ । ਹੌਲਦਾਰ ਕਿਹਾ ਕਿ ਚੰਗੀ ਤਰ੍ਹਾਂ ਨਹੀਂ ਲਾਈ, ਤਾਲਾ ਨਹੀਂ ਲਗਾ, ਫਿਰ ਲਾਓ । ਫਿਰ ਦੋਬਾਰਾ ਲਾਈ ਗਈ । ਪਰ ਫਿਰ ਵੀ ਉਸੇ ਤਰ੍ਹਾਂ ਹੀ ਆਪੇ ਖੁਲ੍ਹ ਕੇ ਡਿਗ ਪਈ । ਤੀਜੀ ਵਾਰ ਹੌਲਦਾਰ ਨੇ ਫਿਰ ਖ਼ੁਦ ਲਾਈ, ਤਸੱਲੀ ਨਾਲ ਖਿਚ ਕੇ ਵੇਖੀ ਤੇ ਕਿਹਾ ਕਿ ਚੰਗੀ ਤਰ੍ਹਾਂ ਚਾਬੀ ਨਹੀਂ ਸਨ ਲੌਂਦੇ । ਹੁਣ ਡਿਗ ਪਵੇ ਖਾ । ਜ਼ਰਾ ਪਿਛੇ ਹੀ ਹੌਲਦਾਰ ਹੋਇਆ ਹੈ ਤਾਂ ਹੱਥਕੜੀ ਫਿਰ ਡਿਗ ਪਈ । ਪਾਤਸ਼ਾਹ ਆਖਿਆ ਸਾਡੇ ਹੱਥਕੜੀ ਹੁਣ ਨਹੀਂ ਰਹਿ ਸਕਦੀ । ਜੇ ਇਕ ਹੱਥ ਨੂੰ ਪਹਿਲੋਂ ਲਾ ਲੈਂਦੇ ਤਾਂ ਰਹਿ ਜਾਣੀ ਸੀ । ਪਾਤਸ਼ਾਹ ਕਿਹਾ ਜਾਓ ਹੁਣ ਭਾਵੇਂ ਦੁਨੀਆਂ ਭਰ ਦੀਆਂ ਹੱਥਕੜੀਆਂ ਲੈ ਆਓ, ਸਾਡੇ ਨਹੀਂ ਲਗੇਗੀ । ਪੁਲੀਸ ਵਾਲੇ ਹੈਰਾਨ ਹੋ ਗਏ ਤੇ ਬੇਨੰਤੀ ਕੀਤੀ ਕਿ ਬਾਬਾ ਜੀ ਮੁਆਫ ਕਰਨਾ ਸਾਨੂੰ ਪਤਾ ਨਹੀਂ ਸੀ । ਅਸੀਂ ਤੇ ਸਰਕਾਰ ਦਾ ਹੁਕਮ ਮੰਨ ਕੇ ਆਏ ਸੀ । ਸਾਡੀ ਵੀ ਇੱਜਤ ਰੱਖਣੀ ਜੀ । ਐਸੇ ਤਰ੍ਹਾਂ ਹੀ ਸਾਡੇ ਨਾਲ ਚਲੋ ਜੀ । ਸਰਕਾਰ ਕੋਲ ਆਪ ਨੂੰ ਪੇਸ਼ ਕੀਤਾ ਜਾਣਾ ਹੈ ਜੀ । ਪਾਤਸ਼ਾਹ ਨਾਲ ਤੁਰ ਪੈਂਦੇ ਹਨ ਜੀ । ਜਿਸ ਵਕਤ ਪਾਤਸ਼ਾਹ ਨੂੰ ਫੜ ਕੇ ਲੈ ਗਏ ਹਨ ਤੇ ਪਿੰਡ ਦੇ ਲੋਕੀਂ ਬੜੇ ਖ਼ੁਸ਼ ਹਨ । ਭਈ, ਮਹਾਰਾਜ ਵੀ ਰੋਜ਼ ਕੜਾਹ ਖਾਂਦੇ ਸੀ ਹੁਣ ਨਹੀਂ ਜੀਉਂਦੇ ਮੁੜ ਕੇ ਔਂਦੇ, ਫਿਰ ਗਏ ਗਲੀਆਂ ਵਿਚ ਜੇਹੜਾ ਫਿਰਨਾ ਸੀ । ਸੱਚੇ ਪਿਤਾ ਜਾਣ ਲੱਗੇ ਆਪਣੀ ਭੈਣ ਠਾਕਰੀ ਨੂੰ ਆਖ ਗਏ ਕਿ ਅਸੀਂ ਅੱਜ ਦੇ ਦਿਨ ਵੀਰਵਾਰ ਅੱਠਾਂ ਦਿਨਾਂ ਨੂੰ ਆ ਜਾਵਾਂਗੇ, ਦਿਨ ਵਿਚ ਨਾ ਕੁਛ ਕਰਿਓ ਜੇ । ਇਕ ਜ਼ਿਮੀਂਦਾਰ ਨੇ ਸੱਚੇ ਪਿਤਾ ਤੋਂ ਮੰਗ ਕੇ ਸੋਨੇ ਦਾ ਕੈਂਠਾ ਖੜਿਆ ਹੋਇਆ ਸੀ । ਉਸਨੂੰ ਬੀਬੀ ਠਾਕਰੀ ਪੁਛਿਆ ਤੇ ਓਹ ਮੁਕਰ ਗਿਆ । ਹਲਵਾਈ ਐਵੇਂ ਆਖੇ ਮੈਂ ਪਾਤਸ਼ਾਹ ਕੋਲੋਂ ੧੦੦ ਰੁਪੈਆ ਲੈਣਾ ਹੈ । ਗਲ ਕੀ ਲੋਕਾਂ ਦੇ ਦਿਲ ਵਿਚ ਕਿ ਪਾਤਸ਼ਾਹ ਕੇਹੜਾ ਹੁਣ ਔਣਾ ਹੈ । ਜੋ ਦਾਅ ਵਜ ਜਾਏ ਓਹੋ ਚੰਗਾ ਹੈ । ਜਿਨ੍ਹਾਂ ਸਿਖਾਂ ਦੇ ਬਾਣੀ ਵਿਚ ਨਾਮ ਸਨ, ਓਹ ਵੀ ਦਿਲੀਉਂ ਫੜੇ ਆ ਗਏ । ਗੁਪਾਲ ਸਿੰਘ ਦਿਲੀਉਂ ਨਿਹੰਗ ਦਾ ਬਾਣਾ ਰਖਦਾ ਸੀ । ਓਹ ਵੀ ਫੜਿਆ ਆ ਗਿਆ । ਫਿਰ ਸਾਰੇ ਸਿਖਾਂ ਨੂੰ ਸੱਚੇ ਪਾਤਸ਼ਾਹ ਤੇ ਬਾਬੇ ਮਨੀ ਸਿੰਘ ਸਾਰਿਆਂ ਨੂੰ ਵਜ਼ੀਰ ਨੇ ਕੋਠੀ ਸੱਦ ਲਿਆ ਜੀ । ਜਿਸ ਵਕਤ ਵਜ਼ੀਰ ਸਾਹਿਬ ਦੀ ਕੋਠੀ ਗਏ ਤੇ ਓਨ੍ਹਾਂ ਪਾਤਸ਼ਾਹ ਤੇ ਬਾਬੇ ਮਨੀ ਸਿੰਘ ਨੂੰ ਕੁਰਸੀ ਡਾਹ ਦਿਤੀ । ਸਾਰੇ ਹਾਕਮ ਵੀ ਓਥੇ ਹਾਜਰ ਹਨ ਜੀ । ਸਿਖ ਵੀ ਸਾਰੇ ਬੈਠ ਗਏ । ਲਹੌਰੋਂ ਡਿਪਟੀ ਕਮਿਸ਼ਨਰ ਵੀ ਓਥੇ ਗਿਆ ਹੋਇਆ ਸੀ । ਜੇਹੜੀਆਂ ਫਰਦਾਂ ਲਿਖੀਆਂ ਸਨ ਓਹ ਵਜੀਰ ਕੋਲ ਸਨ । ਵਜੀਰ ਸੱਚੇ ਪਾਤਸ਼ਾਹ ਨਾਲ ਬਚਨ ਕਰਦਾ ਹੈ ਕਿ ਮਹਾਰਾਜ ਜੀ, ਸੰਤ ਬਚਨ ਕਰਦੇ ਹਨ ਕਿ ਮਹਾਰਾਜ ਬਾਣੀ ਲਿਖੌਂਦੇ ਹਨ ਤੇ ਅਸੀਂ ਲਿਖਣੇ ਹਾਂ, ਤੁਸੀਂ ਲਿਖੌਂਦੇ ਜੇ ? ਮਹਾਰਾਜ ਹੋਰੀਂ ਆਖਦੇ ਹਨ ਕਿ ਅਸੀਂ ਤਾਂ ਨਹੀਂ ਲਿਖੌਂਦੇ, ਨਾ ਅਸੀਂ ਪੜ੍ਹੇ ਹਾਂ । ਫਿਰ ਮਨੀ ਸਿੰਘ ਨੂੰ ਆਖਣ ਲੱਗੇ, ਸੰਤ ਜੀ, ਮਹਾਰਾਜ ਹੋਰੀਂ ਆਂਦੇ ਹਨ ਅਸੀਂ ਤਾਂ ਨਹੀਂ ਲਿਖੌਂਦੇ । ਮਨੀ ਸਿੰਘ ਆਖਿਆ, ਵਜੀਰ ਸਾਹਿਬ, ਮਹਾਰਾਜ ਹੋਰੀਂ ਦੇਹ ਕਰ ਕੇ ਨਹੀਂ ਲਿਖੌਂਦੇ, ਜੋਤ ਸਰੂਪੀ ਲਿਖੌਂਦੇ ਹਨ । ਫਿਰ ਵਜੀਰ ਸਾਹਿਬ ਆਖਿਆ, ਮਹਾਰਾਜ ਜੀ, ਬਾਬੇ ਮਨੀ ਸਿੰਘ ਹੋਰੀਂ ਆਂਦੇ ਹਨ, ਜੋਤ ਸਰੂਪੀ ਲਿਖੌਂਦੇ ਹੋ । ਮਹਾਰਾਜ ਹੋਰਾਂ ਆਖਿਆ, ਅਸੀਂ ਜਬਾਨੀ ਕੋਈ ਬਚਨ ਨਹੀਂ ਕਰਦੇ । ਅਸੀਂ ਬਿਲਕੁਲ ਅਨਪੜ੍ਹ ਹਾਂ ਤੇ ਅੰਗੂਠਾ ਲਾਉਂਦੇ ਹਾਂ । ਸਾਡੇ ਘਰ ਸੰਤ ਔਂਦੇ ਰਹੇ ਹਨ ਤੇ ਸਾਡੇ ਮਾਪੇ ਵੀ ਪਰਸ਼ਾਦ ਸੰਤਾਂ ਨੂੰ ਛਕੌਂਦੇ ਸੀ ਤੇ ਅਸੀਂ ਵੀ ਛਕਾਈ ਜਾਂਦੇ ਹਾਂ । ਵਜ਼ੀਰ ਸਾਹਿਬ ਫਿਰ ਮਨੀ ਸਿੰਘ ਨੂੰ ਪੁਛਿਆ ਕਿ ਸੰਤਾ ਸਾਢੇ ਤਿੰਨ ਮਣ ਪੱਕੀ ਤੇ ੭ ਛਟਾਂਕ ਕਾਗਜ ਲਿਖਿਆ ਹੈ, ਤੂੰ ਆਪਣੇ ਆਪ ਲਿਖਿਆ ਹੈ, ਮਹਾਰਾਜ ਤਾਂ ਪੜ੍ਹੇ ਹੋਏ ਨਹੀਂ ਹਨ । ਮਨੀ ਸਿੰਘ ਆਂਦਾ ਹੈ ਵਜ਼ੀਰ ਸਾਹਿਬ ਤੁਹਾਨੂੰ ਏਨ੍ਹਾਂ ਦਾ ਨਹੀਂ ਪਤਾ, ਏਹ ਪ੍ਰੀ ਪੂਰਨ ਪਰਮੇਸ਼ਵਰ ਹਨ । ਜੁਗ ਉਲਟਾਵਣ ਵਾਸਤੇ ਅਵਤਾਰ ਧਾਰਦੇ ਹਨ । ਸਤਿਜੁਗ ਵਿਚ ਹੰਸਾ ਅਵਤਾਰ ਸੀ, ਤ੍ਰੇਤੇ ਵਿਚ ਰਾਮ ਅਵਤਾਰ ਸਨ, ਜਿਨ੍ਹਾਂ ਨੇ ਅਵਤਾਰ ਲੈਣ ਤੋਂ ਸੈਕੜੇ ਬਰਸ ਪਹਿਲਾਂ ਬਾਲਮੀਕੀ ਰਮੈਣ ਲਿਖਾਈ ਸੀ । ਦੁਆਪਰ ਵਿਚ ਕ੍ਰਿਸ਼ਨ ਅਵਤਾਰ ਅਖਵਾਇਆ, ਜਿਨ੍ਹਾਂ ਨੇ ਬੇਅੰਤ ਲੀਲਾ ਸੰਸਾਰ ਵਿਚ ਕੀਤੀਆਂ ਹਨ ਜੀ । ਕਲਜੁਗ ਵਿਚ ਮਹਾਰਾਜ ਸ਼ੇਰ ਸਿੰਘ ਦਾ ਅਵਤਾਰ ਧਾਰਿਆ ਹੈ ਤੇ ਜੇ ਮੇਰੇ ਗਰੀਬ ਤੇ ਦਇਆ ਕਰ ਕੇ ਬਾਣੀ ਲਿਖਵਾਈ ਹੈ, ਕੋਈ ਵੱਡੀ ਗਲ ਨਹੀਂ । ਏਹ ਤਾਂ ਤਤਕਰੇ ਲਿਖੇ ਹਨ ਜਦੋ ਕਲਜੁਗ ਦਾ ਨਾਸ ਕਰ ਕੇ ਸੱਚੇ ਪਿਤਾ ਸਤਿਜੁਗ ਲਾਇਆ, ਓਦੋਂ ਤਾਂ ਗੱਡੇ ਦਾ ਵਿਸਥਾਰ ਬਾਣੀ ਬਣੇਗੀ । ਸ੍ਰੀ ਰਾਮ ਚੰਦਰ ਦੇ ਵਕਤ ਆਪਣੀ ਹੱਥੀਂ ਰਾਵਣ ਨੂੰ ਮਾਰਿਆ ਸੀ । ਕ੍ਰਿਸ਼ਨ ਮਹਾਰਾਜ ਦੇ ਵਕਤ ਪਾਂਡਵਾਂ ਦੀ ਜੈ ਕਰਾਈ ਸੀ । ਆਪ ਭਗਵਾਨ ਰਥਵਾਹੀ ਬਣਿਆ ਸੀ । ਹੁਣ ਮਹਾਰਾਜ ਸ਼ੇਰ ਸਿੰਘ ਨਾ ਆਪ ਲੜੇਗਾ, ਨਾ ਸਿਖ ਲੜਾਵੇਗਾ । ਸਭ ਕਲਜੁਗ ਦੇ ਰਾਜੇ ਆਪਸ ਮੇਂ ਭੇੜ ਭੇੜ ਕੇ ਮਾਰ ਦਏਗਾ । ਸੰਤਾਂ ਜਿਸ ਵਕਤ ਵਜ਼ੀਰ ਸਾਹਿਬ ਇਹ ਬਚਨ ਦੱਸੇ, ਵਜ਼ੀਰ ਸਾਹਿਬ ਬਚਨ ਸੁਣ ਕੇ ਚੁਪ ਹੋ ਗਏ ਸੱਚੇ ਪਾਤਸ਼ਾਹ ਮਨੀ ਸਿੰਘ ਨੂੰ ਹੌਲੀ ਜਹੀ ਕੰਨ ਵਿਚ ਆਖਿਆ ਬਾਬਾ ਤੂੰ ਸਾਨੂੰ ਹੁਣ ਏਥੇ ਪਰਮੇਸ਼ਵਰ ਨਾ ਆਖ, ਅਸੀਂ ਤੈਨੂੰ ਸਵੇਰੇ ਨਾਲ ਲੈ ਚਲਾਂਗੇ । ਮਨੀ ਸਿੰਘ ਉਚੀ ਸਾਰੀ ਆਖਣ ਲਗਾ, ਲਓ ਜੀ, ਸਾਡੇ ਕੋਲੋਂ ਹੁਣ ਝੂਠ ਅਖਵੌਂਦੇ ਜੇ । ਤੁਸੀਂ ਪ੍ਰੀ ਪੂਰਨ ਸੋਲਾਂ ਕਲ ਸੰਪੂਰਨ ਮਹਾਰਾਜ ਸ਼ੇਰ ਸਿੰਘ ਨਹੀਂ ਜੇ ? ਤੁਹਾਡੇ ਹੱਥ ਵਿਚ ਪ੍ਰਿਥਮੀ ਆ, ਜੀ ਕਰੇ ਤੇ ਘੁਟ ਲੋ, ਜੀ ਕਰੇ ਤੇ ਰਹਿਣ ਦਿਓ । ਸੱਚੇ ਪਿਤਾ ਮੈਂ ਤੇਰੀ ਸਾਢੇ ਤਿੰਨ ਮਣ ਪੱਕੀ ਬਾਣੀ ਹੱਥੀਂ ਲਿਖ ਕੇ ਤੇ ਹੁਣ ਝੂਠ ਆਖ ਦਿਆਂ, ਏਹ ਮਹਾਰਾਜ ਨਹੀਂ, ਕਦਾ ਚਿਤ ਏਹ ਬਚਨ ਨਹੀਂ ਹੋਵੇਗਾ । ਮੇਰੇ ਮੂੰਹੋਂ ਏਹ ਨਾ ਨਿਕਲੂ ਕਿ ਤੁਸੀਂ ਪਾਤਸ਼ਾਹ ਨਹੀਂ ਗੇ । ਫੇਰ ਪਾਤਸ਼ਾਹ ਆਖਣ ਲੱਗੇ ਚੰਗਾ ਬੈਠਾ ਰਹੁ । ਮਨੀ ਸਿੰਘ ਆਖਣ ਲੱਗਾ ਦੀਨ ਦਿਆਲ ਤੇਰੇ ਹੁਕਮ ਵਿਚ ਬੈਠਾ ਹਾਂ, ਫੇਰ ਕੀ ਹੋਇਆ । ਵਜ਼ੀਰ ਸਾਹਿਬ ਸਿਖਾਂ ਨੂੰ ਪੁੱਛਣ ਲਗੇ ਸਿਖੋ, ਤੁਸੀਂ ਦੱਸੋ ਤੁਸਾਂ ਕੀ ਮਹਾਰਾਜ ਦੀ ਕਣੀ ਵੇਖੀ ਹੈ । ਮਾਲਵੇ ਦੀ ਸਿਖੀ ਆਖਣ ਲਗੀ, ਜੀ ਅਸਾਂ ਤਾਂ ਨਾ ਮਹਾਰਾਜ ਹੋਰਾਂ ਦਾ ਕੁਛ ਵੇਖਿਆ ਤੇ ਨਾਂ ਸੰਤ ਮਨੀ ਸਿੰਘ ਦਾ । ਵਜ਼ੀਰ ਸਾਹਿਬ, ਆਖਣ ਲਗਾ ਜੇ ਤੁਸੀਂ ਮਨੀ ਸਿੰਘ ਦੇ ਸਿਖ ਨਹੀਂ ਤੇ ਤੁਸੀਂ ਕਿਸ ਤਰ੍ਹਾਂ ਫੜੇ ਗਏ । ਸਿਖ ਆਖਣ ਲਗੇ ਜੀ ਅਸੀਂ ਅਗੋਂ ਮੇਲਾ ਵੇਖਕੇ ਆਏ ਸਾਂ, ਸੰਤ ਕਰਕੇ ਰਸਤੇ ਵਿਚ ਕੋਲ ਬੈਹ ਗਏ ਤੇ ਨਾਲ ਫੜੇ ਗਏ ਹਾਂ । ਇਕ ਲੁਧਿਆਣੇ ਜ਼ਿਲਾ ਆਲਮਗੀਰ ਨਗਰ ਦਾ ਰਤਨ ਸਿੰਘ ਸਿਖ ਸੀ । ਓਸ ਆਖਿਆ ਜੀ ਮੈਂ ਮਨੀ ਸਿੰਘ ਨੂੰ ਗੁਰੂ ਧਾਰਨ ਕੀਤਾ ਹੈ । ਬੌਹਲ ਸਿੰਘ ਨੂੰ ਵਜ਼ੀਰ ਨੇ ਵਾਜ ਮਾਰੀ ਬੌਹਲ ਸਿੰਘ ਮਨੀ ਸਿੰਘ ਕੀ ਤੇਰਾ ਗੁਰੂ ਹੈ ? ਬਾਣੀ ਵਿਚ ਤੇਰਾ ਨਾਮ ਵੀ ਲਿਖਿਆ ਹੈ । ਓਸ ਆਖਿਆ ਜੀ ਮਨੀ ਸਿੰਘ ਸਾਡਾ ਗੁਰੂ ਹੈ, ਕਿਉਂਕਿ ਸੰਤਾਂ ਦੀ ਮਿਹਰ ਨਾਲ ਸਾਨੂੰ ਨਿਹਕਲੰਕ ਅਵਤਾਰ ਪ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਹੋਏ ਹਨ । ਕਾਹਨ ਸਿੰਘ ਵੀ ਆਖਿਆ ਜੀ ਅਸੀਂ ਸਿਖ ਹਾਂ ਸਾਡੇ ਤੇ ਏਨ੍ਹਾਂ ਦੀ ਬੜੀ ਕਿਰਪਾ ਹੈ, ਜਿਨ੍ਹਾਂ ਨੂੰ ਦੇਹ ਕਰਕੇ ਅਵਤਾਰ ਦੇ ਦਰਸ਼ਨ ਹੋਏ ਹਨ । ਏਸ ਦਰਸ਼ਨ ਨੂੰ , ਵਜ਼ੀਰ ਸਾਹਿਬ, ਦੇਵੀਆਂ ਦੇਵਤੇ ਤਰਸ ਰਹੇ ਹਨ । ਫੇਰ ਤੇਜਾ ਸਿੰਘ ਨੂੰ ਪੁਛਿਆ, ਤੇਜਾ ਸਿੰਘ ਤੂੰ ਦੱਸ । ਤੇਜਾ ਸਿੰਘ ਵੀ ਆਖਿਆ ਜੀ ਮੇਰਾ ਗੁਰੂ ਹੈ ਬਾਬਾ ਮਨੀ ਸਿੰਘ । ਗੁਰੂ ਐਸਾ ਚਾਹੀਏ, ਜਿਸ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸ਼ਰਨ ਪਾਇਆ ਹੈ । ਦਿੱਲੀ ਵਾਲੇ ਖੜ ਸਿੰਘ ਨੂੰ ਪੁਛਿਆ ਖੜ ਸਿੰਘ, ਮਨੀ ਸਿੰਘ ਤੇਰੇ ਕੀ ਲਗਦੇ ਹਨ ? ਓਸ ਵੀ ਆਖਿਆ ਜੀ ਮੇਰੇ ਗੁਰੂ ਹਨ । ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਮਹਾਰਾਜ ਦਾ ਜਾਮਾ ਹੈ ਤੇ ਏਨ੍ਹਾਂ ਦੇ ਦਰਸ ਨੂੰ ਤਾਂ ਰਿਖੀ ਮੁਨੀ ਵੀ ਤਰਸ ਰਹੇ ਹਨ । ਸਾਡੇ ਵੱਡੇ ਭਾਗ ਕਲਜੁਗ ਵਿਚ ਹਨ ਜਿਨ੍ਹਾਂ ਨੂੰ ਦਰਸ਼ਨ ਹੋਏ ਹਨ । ਦਿੱਲੀ ਵਾਲੇ ਗੁਪਾਲ ਸਿੰਘ ਨੂੰ ਪੁਛਦੇ ਹਨ । ਖੜ ਸਿੰਘ ਇਸ਼ਾਰਾ ਕੀਤਾ ਕਿ ਗੋਪਾਲ ਸਿੰਘ ਵੇਖੀਂ ਬਾਣੀਆਂ ਨਾ ਬਣ ਜੀ । ਗੋਪਾਲ ਸਿੰਘ ਵੀ ਆਖਿਆ ਜੀ ਮੇਰੇ ਗੁਰੂ ਹਨ । ਰੰਗਾ ਸਿੰਘ ਪਾਤਸ਼ਾਹ ਦੇ ਚਾਚੇ ਨੂੰ ਪੁਛਿਆ ਕਿ ਤੇਰੇ ਲਗਦੇ ਹਨ ? ਓਨ ਆਖਿਆ ਜੀ ਦੇਹ ਕਰਕੇ ਤਾਂ ਮੇਰੇ ਭਤੀਜੇ ਹਨ ਤੇ ਸੰਤ ਮਨੀ ਸਿੰਘ ਨੇ ਏਨ੍ਹਾਂ ਨੂੰ ਲੱਭਾ ਹੈ । ਓਸ ਦਿਨ ਤੋਂ ਮੈਂ ਵੀ ਏਨ੍ਹਾਂ ਦੇ ਚਰਨ ਪੂਜਦਾ ਹਾਂ, ਤੇ ਮੇਰੇ ਸੱਚੇ ਮਾਪੇ ਹਨ । ਫੇਰ ਵਜ਼ੀਰ ਸਾਹਿਬ ਆਖਿਆ, ਮੈਂ ਕਾਗਜ਼ ਲਿਖ ਕੇ ਅਫਸਰ ਨੂੰ ਭੇਜ ਦਿਆਂਗਾ । ਜੋ ਹੁਕਮ ਆਵੇਗਾ ਤੁਹਾਨੂੰ ਸੁਣਾਇਆ ਜਾਵੇਗਾ । ਮਹਾਰਾਜ ਜੀ ਤੁਸੀਂ ਸਵੇਰੇ ਚਲੇ ਜਾਣਾ, ਤੇ ਸੰਤ ਮਨੀ ਸਿੰਘ ਤੇ ਸੰਗਤ ਏਥੇ ਰਹੇਗੀ । ਅਗਲੇ ਦਿਨ ਮਹਾਰਾਜ ਹੋਰੀਂ ਗੱਡੀ ਚੜ੍ਹ ਆਏ । ਮਨੀ ਸਿੰਘ ਤੇ ਸੰਗਤ ਤਿੰਨ ਦਿਨ ਤੇ ੧ ਮਹੀਨਾ ਠਾਣੇ ਰਹੇ । ਫੇਰ ਮਹੀਨੇ ਪਿਛੋਂ ਕਾਗਜ ਆਏ ਤੇ ਹੁਕਮ ਹੋਇਆ ਕਿ ਮਹਰਾਜ ਸ਼ੇਰ ਸਿੰਘ ਹੋਰੀਂ ਕੁਛ ਨਹੀਂ ਲਿਖੌਂਦੇ ਤੇ ਨਾ ਪੜ੍ਹੇ ਹੋਏ ਹਨ । ਸੰਤ ਮਨੀ ਸਿੰਘ ਬਿਰਧ ਅਵਸਥਾ ਹੈ, ਸੁਖਾ ਸ਼ਰਦਾਈ ਛਕ ਕੇ ਵਧ ਘਟ ਲਿਖੀ ਜਾਂਦਾ ਹੈ, ਇਹਨੂੰ ਨਜ਼ਰਬੰਦ ਕੀਤਾ ਜਾਵੇ । ਬਾਣੀ ਵੀ ਨਜ਼ਰਬੰਦ ਕਰ ਕੇ ਪੈਹਰੇ ਲਗ ਜਾਣ । ਸਿਖਾਂ ਨੂੰ ਹੱਥ ਘੜੀਆਂ ਲਗਾ ਕੇ ਤੇ ਸਾਲ ਦੀਆਂ ਜਮਾਨਤਾਂ ਕਰ ਕੇ ਆਪੋ ਆਪਣੇ ਘਰੀਂ ਪੁਚਾਇਆ ਜਾਵੇ । ਸੰਤ ਫੁਮਣ ਸਿੰਘ ਨੂੰ ਵੀ ਮਨੀ ਸਿੰਘ ਦੇ ਨਾਲ ਹੀ ਨਜ਼ਰ ਬੰਦ ਕੀਤਾ ਜਾਵੇ । ਜਿਸ ਤਰ੍ਹਾਂ ਕਾਗਜ ਆਏ, ਓਸੇ ਤਰ੍ਹਾਂ ਕੀਤਾ ਗਿਆ ਜੀ ।।