39 – ਮਹਾਰਾਜ ਜੀ ਦੀ ਸ਼ਾਦੀ ਦੀ ਸਾਖੀ – JANAMSAKHI 39

ਮਹਾਰਾਜ ਜੀ  ਦੀ  ਸ਼ਾਦੀ ਦੀ  ਸਾਖੀ

     ਮਾਝੇ ਦੇ ਸਿਖ  ਮਹਾਰਾਜ ਆਇਆ ਨੂੰ ਸੁਣ ਕੇ ਦਰਸ਼ਨ ਕਰਨ ਆਏ ਹਨ । ਤੇ ਦਰਸ਼ਨ ਕਰ ਕੇ

ਸ਼ੁਕਰ ਗੁਜਾਰਦੇ ਹਨ ।  ਬਾਬੇ ਮਨੀ ਸਿੰਘ ਦਾ ਜੇਲ ਵਿਚ ਹੋਣਾ ਸੁਣ ਕੇ ਬਹੁਤ ਹਿਰਖ ਕਰਦੇ ਹਨ । ਪਾਤਸ਼ਾਹ ਆਂਦੇ ਹਨ, ਫੇਰ ਕੀ ਹੋਇਆ, ਸਾਡੇ ਹੁਕਮ ਵਿਚ  ਏਹ  ਸਾਰੀ ਖੇਡ ਹੈ । ਬਾਬੇ  ਦੀ  ਸੇਵਾ ਬਾਬੇ ਮਨੀ ਸਿੰਘ ਹੀ ਕਰਨੀ ਹੈ । ਹੋਰ ਕੋਈ ਨਹੀਂ ਕਰ ਸਕਦਾ ਜੀ ।  ਮਾਝੇ    ਦੀ  ਸਿਖੀ ਸਚੇ ਪਾਤਸ਼ਾਹ  ਦੀ  ਸੇਵਾ ਵਿਚ ਤਨੋਂ ਮਨੋਂ ਹਾਜਰ ਹੈ । ਗੁਜਰ ਸਿੰਘ ਸੇਵਾ ਵਿਚ ਹਰ ਵਕਤ ਰਹਿਣ ਲਗ ਪਿਆ  ।  ਆਸਾ ਸਿੰਘ ਮਜ਼੍ਹਬੀ ਸਿੰਘ ਵੀ ਸੇਵਾ ਵਿਚ ਹਾਜਰ ਰੈਹਦਾ  ਹੈ,  ਤੇ ਘਰਾਂ ਦੇ ਵਿਹਾਰ ਵੀ ਕਰਦਾ ਹੈ  । ਦੂਸਰੇ ਸਿਖ ਵੀ ਮਹੀਨੇ  ਦੋ  ਜਾਂ ਇਕ ਜਰੂਰ ਆਣ ਕੇ ਸੇਵਾ ਵਿਚ ਹਾਜਰ ਹੁੰਦੇ ਹਨ ।  ਲਾਭ ਸਿੰਘ ਮਜ਼੍ਹਬੀ ਸਿੰਘ  ਹਰ ਵਕਤ ਸੇਵਾ ਵਿਚ ਹਾਜਰ ਸੀ, ਜਾਂ ਘਾਹ ਘੋੜਿਆਂ ਨੂੰ ਲਿਆ ਕੇ ਪੌਣਾ ਤੇ ਜਾਂ ਲੰਗਰ ਵਿਚ ਬਾਲਣ ਲਿਔਣਾ ।  ਏਹ  ਸੇਵਾ ਉਸ  ਦੀ  ਸੀ  ਜਿਸ ਵਕਤ ਪਾਤਸ਼ਾਹ ਹੁਕਮ ਕਰਨਾ, ਓਸੇ ਵਕਤ ਛਾਲਾਂ ਮਾਰ ਕੇ ਖ਼ੁਸ਼ੀ ਨਾਲ ਸੇਵਾ ਨੂੰ ਲੱਗ ਪੈਣਾ । ਰਾਤ ਜਿਸ ਵਕਤ ਪਾਤਸ਼ਾਹ ਪਲੰਘ  ਤੇ ਬਿਰਾਜਮਾਨ ਹੁੰਦੇ ਸਨ, ਲਾਭ ਸਿੰਘ ਚਰਨਾਂ ਵਲ ਬੈਠ ਕੇ ਸਾਰੀ ਰਾਤ ਸ਼ਬਦ ਪੜ੍ਹਦਾ ਰੈਂਹਦਾ ਸੀ ਤੇ  ਸੱਚੇ  ਪਿਤਾ ਦਾ ਜਸ ਕਰਦਾ ਸੀ । ਸੇਵਾ ਵਿਚ ਬਹੁਤ ਖ਼ੁਸ਼ ਰਹਿੰਦਾ ਸੀ । ਜਿਸ ਵਕਤ  ਸੱਚੇ  ਪਿਤਾ ਖਲੋ ਕੇ ਕੇਸ ਵੌਹਦੇ  ਹੁੰਦੇ ਸੀ,  ਲਾਭ ਸਿੰਘ  ਨੇ  ਹੇਠਾਂ ਬੁਕ ਕਰ ਛੱਡਣਾ   ਤੇ ਕੇਸ ਜੇਹੜੇ ਝੜ ਕੇ ਬੁੱਕ ਵਿਚ ਡਿਗਣੇ ਓਸ  ਨੇ  ਕੱਠੇ ਕਰ ਕੇ ਪੱਗ ਪੱਲੇ ਬੰਨ੍ਹ ਲੈਣੇ ਤੇ ਨਹਿਰ ਵਿਚ ਜਾ ਪੌਣੇ ਜੀ । ਦਿਲ ਵਿਚ ਇਹ ਖਿਆਲ ਕਰਨਾ,  ਕਿ  ਮੇਰੇ ਪਾਤਸ਼ਾਹ ਦੇ ਵਾਲ ਕਿਸੇ ਦੇ ਪੈਰ ਹੇਠਾਂ ਨਾਂ ਆ ਜਾਣ ।।

     ਗੁਜਰ ਸਿੰਘ ਤੋੜੇ ਵਾਲੇ  ਨੇ  ਵੀ  ਹੱਥਾਂ  ਦੀ  ਸੇਵਾ ਬਹੁਤ ਕਰਨੀ  । ਪਾਤਸ਼ਾਹ  ਦੀ  ਦਇਆ ਨਾਲ ਏਸੇ ਤਰ੍ਹਾਂ ਸਿਖ ਆਣ ਕੇ ਬੜੇ ਪ੍ਰੇਮ ਨਾਲ ਦਰਸ਼ਨ ਕਰਦੇ ਸੀ । ਫੇਰ ਦੂਸਰੇ ਹਾੜ ਵਿਚ ਸਾਲ ਪਿਛੋਂ ਕਲੀਆਂ ਵਾਲਿਆਂ ਪਾਤਸ਼ਾਹ ਦਾ ਵਿਆਹ ਮੁਕਰਰ ਕਰ ਦਿਤਾ । ਓਸ ਵਕਤ ਸਾਰੀ ਸਿਖੀ ਨੂੰ ਪਾਤਸ਼ਾਹ ਗੰਢਾਂ ਘੱਲੀਆਂ ਤੇ ਸਾਰੇ ਸਿਖ ਹੁਮ ਹੁਮਾ ਕੇ ਪਾਤਸ਼ਾਹ  ਦੀ  ਸ਼ਾਦੀ ਵਿਚ ਆਏ ਹਨ ਜੀ ।  ਗੁਜਰ ਸਿੰਘ  ਨੇ  ੮ ਪੀਪੇ ਘਿਓ ਦੇ ਆਂਦੇ ।  ਜਿਸ ਵਕਤ ਪਾਤਸ਼ਾਹ ਜੰਞ ਚੜ੍ਹਨ ਲਗੇ ਉਸ ਵਕਤ ਸਾਰੀ ਸਿਖੀ  ਨੇ  ਪੂਜਾ ਭੇਟਾ ਪਾਤਸ਼ਾਹ ਅੱਗੇ  ਰੱਖੀ ਹੈ ।  ਮਾਣਾ ਸਿੰਘ ਭੁਚਰ ਵਾਲੇ  ਨੇ  ਇਕ ਠੂਠੀ ਸੋਨੇ ਦੀ   ਤੇ ਮਾਇਆ ਵੀ ਪਾਤਸ਼ਾਹ ਅੱਗੇ  ਰੱਖੀ । ਸਾਰੀ ਸੰਗਤ  ਨੇ  ਪਰਾਤ ਭਰ ਕੇ ਰੁਪੈਆਂ  ਦੀ  ਤੇ ਸਾਰਾ ਮਾਤਾ  ਹੋਰਾਂ ਦਾ ਸੋਨੇ ਦਾ ਗਹਿਣਾ ਪਾਤਸ਼ਾਹ ਦੇ ਅੱਗੇ  ਰਖ ਕੇ ਨਿਮਸਕਾਰ ਕੀਤੀ ਤੇ ਪਰਕਰਮਾਂ ਕੀਤੀਆਂ ਹਨ ਜੀ । ਦਿੱਲੀ ਵਾਲੇ ਸਿੰਘ  ਨੇ  ਟਕਸਾਲ ਦੇ ਵਿਚੋਂ ਨਵੇਂ ਪੈਸੇ ਤੇ ਨਵੇਂ ਰੁਪੈ ਲਿਆ ਕੇ ਪਰਾਤ ਭਰ ਕੇ ਪਾਤਸ਼ਾਹ ਅੱਗੇ  ਰੱਖ ਦਿਤੀ ਤੇ ਆਖਣ ਲੱਗੇ  ਪਾਤਸ਼ਾਹ  ਏਹ  ਨਵੇ ਪੈਸੇ ਤੇ ਰੁਪਏ ਸੁੱਟ ਕਰਨ ਨੂੰ ਜੰਞ ਵਾਸਤੇ ਆਂਦੇ ਹਨ । ਜੰਞ ਚੜ੍ਹਨ ਲੱਗਿਆਂ ਪਾਤਸ਼ਾਹ  ਨੇ  ਗਰੀਬ ਗੁਰਬੇ ਨੂੰ ਬਹੁਤ ਧੰਨ ਵੰਡਿਆ ਹੈ ।  ਫੇਰ  ਸੱਚੇ  ਪਿਤਾ  ਨੇ  ਸਾਰਿਆਂ ਸਿਖਾਂ ਦੀਆਂ ਦਾਣਿਆਂ ਵਾਂਗਰ ਪੈਸਿਆਂ ਦੀਆਂ ਝੋਲੀਆਂ ਭਰ ਦਿਤੀਆਂ ਹਨ ।  ਜਿਸ ਵਕਤ ਜੰਞ ਤੁਰੇ ਹਨ ਤੇ ਨਵੇਂ ਰੁਪਏ  ਪਾਤਸ਼ਾਹ ਸੁੱਟ ਕਰੀ ਜਾਂਦੇ ਹਨ, ਮਗਰ ਸਿਖ ਸੁੱਟ  ਕਰੀ ਜਾਂਦੇ ਹਨ । ਗੱਲ ਕੀ ਮਾਇਆ ਨਾਲ ਗਲੀਆਂ ਚਿਟੀਆਂ ਕਰੀ ਜਾਂਦੇ ਹਨ । ਸਭ ਨਗਰ ਦੇ ਵਾਸੀ  ਤੇ ਰਾਹੀ ਪਾਂਧੀ ਵੀ  ਓਸ ਵਕਤ ਦੀਨ ਦਿਆਲਾਂ ਦੇ ਦਰਸ਼ਨ ਕਰਕੇ ਧੰਨ  ਧੰਨ ਕਰ  ਰਹੇ  ਹਨ ।  ਜੋ ਵੇਦਾਂ ਦੇ ਜਾਨਣ ਵਾਲੇ ਪੰਡਤ ਸਨ  ਓ  ਬਚਨ  ਕਰਦੇ ਹਨ   ਕਿ  ਜਾਂ ਕ੍ਰਿਸ਼ਨ ਮਹਾਰਾਜ  ਵਿਔਣ ਗਏ ਸਨ  ਏਸ  ਤਰ੍ਹਾਂ, ਤੇ ਜਾਂ ਅੱਜ ਮਹਾਰਾਜ  ਸ਼ੇਰ  ਸਿੰਘ ਓਸ ਤਰ੍ਹਾਂ ਸੋਭਾ ਪਾ  ਰਹੇ  ਹਨ ।  ਕਈ ਆਖਦੇ ਹਨ ਕੇ  ਭਾਈ ਜਾਂ ਰਾਮ ਜੀ ਸੀਤਾ ਨੂੰ ਵਿਔਣ ਗਏ  ਏਸ  ਤਰ੍ਹਾਂ ਸੁਹਾਏਮਾਨ ਹੋਏ  ਸਨ ਜੀ । ਕਈ ਸਿਆਣੇ ਆਖਦੇ ਹਨ ਕੇ ਭਾਈ ਓਹੋ ਕ੍ਰਿਸ਼ਨ ਮਹਾਰਾਜ ਅਵਤਾਰ ਧਾਰਿਆ ਹੈ ।  ਬਿਨਾਂ  ਪ੍ਰੀ   ਪੂਰਨ  ਸੋਲਾਂ  ਕਲਾ ਸੰਪੂਰਨ ਤੋਂ ਇਹ ਸੋਭਾ ਨਹੀਂ  ਹੋ  ਸਕਦੀ ।  ਦਿਨ ਹੁੰਦੇ ਜਾ ਕੇ ਕਲੀਂ ਅਪੜੇ ਹਨ ਜੀ  ।  ਕਲੀਆਂ ਤੋਂ ਮੀਲ ਉਰਾਂ ਆਣ ਕੇ  ਦੁਨੀਆਂ ਖਲੋਤੀ ਹੈ   ਕਿ  ਪਾਤਸ਼ਾਹ  ਨੇ  ਆਣ ਕੇ ਢੁਕਣਾ ਹੈ । ਮੀਲ ਪੈਂਡੇ  ਉਤੋਂ ਪਾਤਸ਼ਾਹ  ਸੁਟ  ਕਰਨ ਲੱਗੇ ਹਨ । ਗਰੀਬ ਗੁਰਬਾ ਮਾਇਆ ਚੁਗ ਕੇ ਅਨੰਦ ਪ੍ਰਸੰਨ ਹੋ   ਰਹੇ  ਹਨ ਜੀ । ਤੇ ਜਿਸ ਵਕਤ ਘਰ ਗਏ ਹਨ, ਨਗਰ ਦੇ ਵਾਸੀਆਂ  ਬੜੀ  ਸੇਵਾ ਕੀਤੀ ਹੈ । ਅਗਲੇ ਦਿਨ ਪਾਤਸ਼ਾਹ ਫੇਰੇ ਕਰ ਕੇ  ਵਾਪਸ  ਓਸੇ ਤਰ੍ਹਾਂ  ਸੁਟ  ਕਰਦੇ ਖੁਸ਼ੀਆਂ ਕਰਦੇ ਘਰਾਂ ਨੂੰ ਆ ਗਏ ਹਨ ਜੀ । ਘਵਿੰਡ ਆਣ ਕੇ ਵੀ   ਬੜਾ   ਗਰੀਬਾਂ ਨੂੰ ਅੰਨ ਪਾਣੀ ਵੰਡਿਆ ਹੈ । ਧੰਨ ਧੰਨ ਹੋ  ਰਹੀ ਹੈ । ਅਗਲੇ ਦਿਨ ਪਾਤਸ਼ਾਹ ਕੋਲੋਂ ਬੇਨੰਤੀਆਂ ਕਰ ਕੇ ਸਿਖ ਖੁਸ਼ੀਆਂ ਮੰਗ  ਰਹੇ  ਹਨ । ਸਿਖ ਘਰੋਂ ਆ ਗਏ ਹਨ । ਕਈ ਸਿਖ ਏਥੇ ਸੇਵਾ ਵਿਚ ਹਾਜਰ ਰਹੇ  ਹਨ ।।