ਮਹਾਰਾਜ ਸ਼ੇਰ ਸਿੰਘ ਦੇ ਘਰ ਸਾਹਿਬਜਾਦੇ ਨੇ ਜਨਮ ਲੈਣਾ
ਦੂਸਰੀ ਸੌਣ ਦੀ ਦੇਸੀ ਤਰੀਕ ਮਾਤਾ ਨੈਣੋ ਦੇ ਘਰ ਸਾਹਿਬਜਾਦੇ ਨੇ ਜਨਮ ਧਾਰਿਆ ਹੈ ।
ਜੋ ਪਿੰਡ ਦੇ ਵਾਸੀ ਵੀ ਹਨ ਸਭ ਵਧਾਈਆਂ ਦੇ ਰਹੇ ਹਨ ਤੇ ਪਾਤਸ਼ਾਹ ਮਾਇਆ ਵੰਡੀ ਜਾਂਦੇ ਹਨ । ਸਭ ਸਿਖੀ ਵਿਚ ਖ਼ਬਰ ਕੀਤੀ ਗਈ ਕਿ ਪਾਤਸ਼ਾਹ ਦੇ ਘਰ ਸਾਹਿਬਜਾਦੇ ਨੇ ਜਨਮ ਧਾਰਿਆ ਹੈ । ਸਾਰੀ ਸਿਖੀ ਬਚਨ ਸੁਣ ਕੇ ਪਾਤਸ਼ਾਹ ਨੂੰ ਵਧਾਈ ਦੇਣ ਤੇ ਸਾਹਿਬਜਾਦੇ ਦੇ ਦਰਸ਼ਨ ਕਰਨ ਆਏ ਹਨ । ਸੱਚੇ ਪਿਤਾ ਖ਼ੁਸ਼ੀ ਨਾਲ ਪਲੰਘ ਤੇ ਬੈਠੇ ਹਨ । ਗੁਜਰ ਸਿੰਘ ਨੂੰ ਹੁਕਮ ਕੀਤਾ, ਗੁਜਰ ਸਿੰਘ ਜਾਹ ਸਾਹਿਬਜਾਦੇ ਨੂੰ ਸਾਡੇ ਕੋਲ ਲਿਆ । ਗੁਜਰ ਸਿੰਘ ਸੁੱਚੇ ਕਪੜੇ ਵਿਚ ਵਲੇਟ ਕੇ ਲੈ ਆਂਦਾ ਤੇ ਪਾਤਸ਼ਾਹ ਦੇ ਚਰਨਾਂ ਵਿਚ ਲਿਆ ਪਾਇਆ ਜੀ । ਸੱਚੇ ਪਾਤਸ਼ਾਹ ਚੇਹਰੇ ਉਤੇ ਹੱਥ ਫੇਰ ਕੇ ਬਹੁਤ ਖ਼ੁਸ਼ ਹੋ ਰਹੇ ਹਨ ਤੇ ਪਲੰਘ ਤੇ ਲਿਟਾ ਰਹੇ ਹਨ । ਪਾਤਸ਼ਾਹ ਖ਼ੁਸ਼ੀ ਨਾਲ ਸਾਹਿਬਜਾਦੇ ਦੇ ਪਿੰਡੇ ਤੇ ਥਾਪੀਆਂ ਮਾਰ ਰਹੇ ਹਨ ਤੇ ਖੜਾਕ ਹੁੰਦਾ ਹੈ । ਗੁਜਰ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ, ਸੱਚੇ ਪਾਤਸ਼ਾਹ ਸਾਹਿਬਜਾਦੇ ਦਾ ਕੋਮਲ ਸ਼ਰੀਰ ਹੈ ਸੱਟ ਨਾ ਲੱਗੇ । ਪਾਤਸ਼ਾਹ ਹੱਸ ਕੇ ਬਚਨ ਕੀਤਾ, ਗੁਜਰ ਸਿੰਘ ਤੈਨੂੰ ਨਿੱਕੇ ਜਾਪਦੇ ਨੇ । ਏਨ੍ਹਾਂ ਵਿਚ ੧੦੦ ਗਡ ਜੋਰ ਦੀ ਆ । ਏਨੇ ਬਚਨ ਕਰ ਕੇ ਆਖਣ ਲਗੇ ਗੁਜਰ ਸਿੰਘ ਲੈ ਹੁਣ ਸਾਹਿਬਜਾਦੇ ਨੂੰ ਚੁਕ ਲੌ । ਸਾਹਿਬਜਾਦੇ ਦੇ ਬਾਹਰ ਵਧਣ ਤੋਂ ਪਹਿਲਾਂ ਪਹਿਲਾਂ ਸਾਰੀ ਸੰਗਤ ਦਰਸ਼ਨਾਂ ਨੂੰ ਆ ਗਈ ਹੈ ਜੀ । ।