ਗੁਰਮੁਖ ਸਿੰਘ ਮਗਰੋਂ ਚੇਤ ਸਿੰਘ ਦਾ ਸੇਵਾ ਵਿਚ ਹਾਜਰ ਹੋਣਾ
ਗੁਰਮੁਖ ਸਿੰਘ ਜੇਹੜਾ ਸੀ ਰਾਤ ਦਿਨ ਪਾਤਸ਼ਾਹ ਦੀ ਸੇਵਾ ਵਿਚ ਗੁਜਾਰਦਾ ਸੀ । ਇਕ ਮਿਨਟ ਵੀ
ਨਹੀਂ ਸੀ ਵਿਛੜਦਾ ਤੇ ਜਦੋਂ ਉਸ ਨੇ ਦੇਹ ਛੱਡ ਦਿਤੀ, ਉਸ ਦਿਨ ਤੋਂ ਚੇਤ ਸਿੰਘ ਕਲਸੀਆਂ ਵਾਲਾ ਸਿਖ ਓਥੇ ਰਾਤ ਦਿਨ ਦੀ ਸੇਵਾ ਵਿਚ ਹਾਜਰ ਹੋ ਗਿਆ ਸੀ । ਗੁਰਮੁਖ ਸਿੰਘ ਵਿਚ ਇਕ ਗੁਣ ਬੜਾ ਸੀ । ਜਦੋਂ ਪਾਤਸ਼ਾਹ ਕਿਤੇ ਵੀ ਜਾਂਦੇ ਹਨ ਤੇ ਜਾ ਕੇ ਗੁਰਮੁਖ ਸਿੰਘ ਕਿਸੇ ਨੂੰ ਸ਼ਫ਼ਾਰਸ਼ ਨਹੀਂ ਸੀ ਪੌਂਦਾ, ਆਪ ਘੋੜੇ ਦੀ ਤੇ ਮਹਾਰਾਜ ਦੀ ਸੇਵਾ ਕਰਦਾ ਸੀ । ਇਕ ਦਿਨ ਸੱਚੇ ਪਾਤਸ਼ਾਹ ਚੁਤਾਲਿਆਂ ਨੂੰ ਤਿਆਰ ਹੋਏ ਹਨ । ਚੇਤ ਸਿੰਘ ਨੂੰ ਕਲਸੀਂ ਸਨੇਹਾ ਘੱਲਿਆ ਤੇ ਚੇਤ ਸਿੰਘ ਦੇ ਘਰੋਂ ਤੇਜ ਕੌਰ ਓਸ ਵਕਤ ਸਖ਼ਤ ਬੀਮਾਰ ਸੀ । ਚੇਤ ਸਿੰਘ ਪੁੱਛਣ ਲੱਗਾ ਕਿ ਮੈਨੂੰ ਤਾਂ ਪਾਤਸ਼ਾਹ ਸਨਾਹ ਘਲਿਆ ਹੈ । ਓਹਨਾਂ ਚੁਤਾਲੀ ਜਾਣਾ ਹੈ ਤੇ ਤੂੰ ਸਖ਼ਤ ਬਿਮਾਰ ਹੈ, ਕਿਸ ਤਰ੍ਹਾਂ ਕਰੀਏ । ਓਹ ਆਖਣ ਲੱਗੀ ਜੀ ਤੁਸੀਂ ਪਾਤਸ਼ਾਹ ਦਾ ਸਤਿ ਬਚਨ ਮੰਨ ਕੇ ਜਾਓ । ਬਚਨ ਨਾਂ ਮੋੜੇ, ਜੇ ਮੇਰੀ ਦੇਹ ਵੀ ਛੁੱਟ ਜਾਏਗੀ ਤੇ ਆਪੇ ਵਿਹਾਰ ਭੁਗਤਾਇਆ ਜਾਊ । ਚੇਤ ਸਿੰਘ ਓਸੇ ਵਕਤ ਤੁਰ ਪਿਆ ਤੇ ਸੱਚੇ ਪਿਤਾ ਦੇ ਚਰਨਾਂ ਵਿਚ ਹਾਜ਼ਰ ਹੋ ਗਿਆ ਹੈ । ਪਾਤਸ਼ਾਹ ਪੁਛਿਆ ਚੇਤ ਸਿੰਘ ਚਿਰ ਲਾਇਆ ਜੇ, ਕੀ ਗਲ ਹੈ । ਓਸ ਆਖਿਆ ਜੀ ਤੇਜੋ ਸਖ਼ਤ ਬਿਮਾਰ ਸੀ, ਇਸ ਕਰਕੇ ਕੁਛ ਦੇਰੀ ਹੋ ਗਈ ਹੈ । ਪਾਤਸ਼ਾਹ ਆਖਣ ਲਗੇ ਦਸ ਫੇਰ ਤੂੰ ਸਾਡੇ ਨਾਲ ਜਾਣਾ ਹੈ, ਕਿ ਤੇਜੋ ਕੋਲ ਰਹਿਣਾ ਹੈ । ਚੇਤ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ ਦੀਨ ਦੁਨੀ ਦੇ ਵਾਲੀ ਮੇਰੇ ਸੱਚੇ ਪਿਤਾ, ਤੇਜੋ ਦੇ ਸਹਾਈ ਤੁਸਾਂ ਹੋਣਾ ਹੈ ਤੇ ਮੈਂ ਕੀ ਓਥੇ ਰਹਿ ਕੇ ਬਨੌਣਾ ਹੈ । ਮੈਂ ਆਪਣੀ ਸੇਵਾ ਵਿਚ ਰਵਾਂਗਾ ਤੇ ਦਇਆ ਕਰਕੇ ਰੱਖਿਓ ਜੇ । ਸੱਚੇ ਪਿਤਾ ਅਜੇ ਤਿਆਰ ਹੁੰਦੇ ਸਨ ਬੇਨੰਤੀ ਕਰਨ ਨਾਲ ਬੇਬੇ ਤੇਜੋ ਨੂੰ ਓਸੇ ਵਕਤ ਸਾਹ ਸੌਖਾ ਔਣ ਲਗ ਪਿਆ । ਕਲਸੀਆਂ ਤੇ ਘਵਿੰਡ ਦਾ ੧ ਮੀਲ ਪੈਂਡਾ ਸੀ । ਬੇਬੇ ਤੇਜੋ ਬੰਦਾ ਘਲ ਦਿੱਤਾ ਕਿ ਮੈਨੂੰ ਰਮਾਨ ਹੈ । ਹੁਣ ਪਾਤਸ਼ਾਹ ਦੀ ਸੇਵਾ ਵਿਚ ਹਾਜਰ ਰਹਿਣਾ ਕਿਸੇ ਗਲ ਦਾ ਫਿਕਰ ਨਹੀਂ ਕਰਨਾ ਜੀ । ਸੱਚੇ ਪਾਤਸ਼ਾਹ ਤੁਰ ਪਏ ਹਨ । ਰਸਤੇ ਵਿਚ ਜੀਉ ਬਾਲੇ ਲਾਗੇ ਖੁਲ੍ਹੀ ਜਗਾ ਹੈ । ਗਰਮੀ ਦਾ ਦਿਹਾੜਾ ਸੀ । ਬੰਦਾ ਪ੍ਰਿੰਦਾ ਕੋਈ ਨਜ਼ਰ ਨਹੀਂ ਔਂਦਾ । ਓਸ ਵਕਤ ਚੇਤ ਸਿੰਘ ਹੱਸ ਕੇ ਬਚਨ ਕੀਤਾ, ਕਿ ਮੈਂ ਤੁਹਾਨੂੰ ਸ਼ਹਿਰੋਂ ਸਾਰਿਆਂ ਨੂੰ ਰਜਾ ਕੇ ਮਠਿਆਈ ਛਕਾਵਾਂਗਾ ਜੇ ਇਸ ਵਕਤ ਮੈਨੂੰ ਕੋਈ ਲਾਗੇ ਬੰਦਾ ਵਖਾ ਵਿਓ । ਪਾਤਸ਼ਾਹ ਆਖਿਆ ਜੇ ਅਸੀਂ ਬੰਦਾ ਵਖਾਤਾ ਤੇ ਫੇਰ ਮਠਿਆਈ ਛਕੌਂਣੀ ਪਊਗੀ । ਸਾਰੇ ਸਿਖ ਵੀ ਆਖਣ ਲੱਗੇ, ਪਾਤਸ਼ਾਹ ਏਥੇ ਤਾਂ ਚਾਰ ਚੁਫੇਰੇ ਕੋਈ ਨਜ਼ਰ ਨਹੀਂ ਔਂਦਾ ਕਿਥੋਂ ਵਖਾਓਗੇ ? ਪਾਤਸ਼ਾਹ ਹੱਸ ਕੇ ਆਖਣ ਲਗੇ ਕਿ ਭਾਵੇਂ ਅਸੀਂ ਭੂਤਨਾ ਵਖਾ ਦਈਏ, ਸ਼ਰਤ ਜਿਤ ਲੈਣੀ ਹੈ । ਘੋੜਾ ਖਲਾਰ ਕੇ ਆਖਣ ਲੱਗੇ ਚੇਤ ਸਿੰਘ ਔਹ ਵੇਖ ਲਾ ਬੰਦਾ ਤੁਰਿਆ ਜਾਂਦਾ । ਦੂਰ ਵੀ ਨਹੀਂ ਇਕ ਪੈਲੀ ਦੀ ਵਿਥ ਹੈ । ਚੇਤ ਸਿੰਘ ਢਹਿ ਕੇ ਚਰਨੀ ਪੈ ਗਿਆ । ਆਖਣ ਲਗਾ ਸੱਚੇ ਪਿਤਾ ਤੁਸੀਂ ਤਾਂ ਮਾਲਕ ਜੇ, ੧ ਬੰਦਾ ਛੱਡ ਕੇ ਭਾਵੇਂ ਫੌਜਾਂ ਵਖਾ ਦਿਓ । ਹੱਸਣ ਲਗ ਪਏ ਸਾਰੇ ਕਿ ਚਲੋ ਹੁਣ ਸਾਡੀ ਸ਼ਰਤ ਜਿਤੀ ਗਈ ਹੈ ਜੀ । ਫਿਰ ਸੱਚੇ ਪਾਤਸ਼ਾਹ ਚੁਤਾਲੀਂ ਚਲੇ ਗਏ ਹਨ । ਅੱਗੇ ਜਾਦਿਆਂ ਨੂੰ ਸੰਗਤਾਂ ਉਡੀਕ ਰਹੀਆਂ ਸਨ । ਓਥੇ ਚਾਰ ਪਹਿਰ ਰਹਿ ਕੇ ਸੱਚੇ ਪਾਤਸ਼ਾਹ ਖੁਸ਼ੀਆਂ ਦੇ ਕੇ ਬੁਗੀਂ ਆ ਗਏ ਹਨ । ਓਥੇ ਸੁੰਦਰ ਸਿੰਘ ਤੇ ਹਰ ਕੌਰ ਬੇਬੇ ਨੇ ਬੜੀ ਸੇਵਾ ਕੀਤੀ । ਨਾਲੇ ਸੁੰਦਰ ਸਿੰਘ ਹੱਸਦਾ ਫਿਰਦਾ ਤੇ ਨਾਲੇ ਘੋੜਿਆਂ ਦੀ ਸੇਵਾ ਵਿਚ ਫਿਰਦਾ ਹੈ । ਨਾਲੇ ਪ੍ਰੇਮ ਨਾਲ ਸ਼ਬਦ ਪੜ੍ਹਦਾ ਹੈ, “ਅੱਜ ਦੀ ਸੁਲੱਖਣੀ ਘੜੀ ਗੁਰਾਂ ਦੇ ਦਰਸ਼ਨ ਹੋਏ” । ਬੜੇ ਪਦਾਰਥ ਸੱਚੇ ਪਿਤਾ ਤੇ ਸੰਗਤਾਂ ਲਈ ਤਿਆਰ ਹੋ ਰਹੇ ਹਨ ਜੀ । ਲਾਲ ਰੰਗ ਦੀ ਘੋੜੀ ਸੁੰਦਰ ਸਿੰਘ ਨੇ ਪਾਤਸ਼ਾਹ ਦੀ ਸੇਵਾ ਕੀਤੀ ਹੈ । ਹਰ ਕੌਰ ਨੂੰ ਮਸਤਾਨੀ ਬਿਰਤੀ ਦਾ ਦਾਨ ਦਿਤਾ ਸੀ । ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦੇ ਕੇ ਫਿਰ ਘਵਿੰਡ ਆ ਗਏ ਹਨ ਜੀ । ਸੱਚੇ ਪਿਤਾ ਸੰਗਤਾਂ ਨੂੰ ਦਰਸ਼ਨ ਦੇ ਕੇ ਅੱਠੇ ਪਹਿਰ ਨਿਹਾਲ ਕਰੀ ਰਖਦੇ ਹਨ । ।