42 – ਬੈਠਕ ਪੌਣ ਦੀ ਸਲਾਹ ਤੇ ਪਾਤਸ਼ਾਹ ਦਾ ਘੋੜਾ ਚੋਰੀ ਹੋਣਾ – JANAMSAKHI 42

ਬੈਠਕ ਪੌਣ  ਦੀ  ਸਲਾਹ ਤੇ ਪਾਤਸ਼ਾਹ ਦਾ ਘੋੜਾ ਚੋਰੀ ਹੋਣਾ

      ਗੁਜਰ  ਸਿੰਘ ਤੇ ਚੇਤ ਸਿੰਘ  ਨੇ  ਇਕ ਦਿਨ ਸਲਾਹ ਕੀਤੀ  ਕਿ  ਹਵੇਲੀ ਵਿਚ ਇਕ 

ਬੈਠਕ ਪਾਈਏ ਪੱਕੀ  ।  ਜਿਸ ਵਿਚ  ਸੱਚੇ  ਪਾਤਸ਼ਾਹ ਤੇ ਸੰਗਤ ਬੈਠਿਆ ਕਰੇ । ਸਾਰੀ ਸੰਗਤ ੫  ਜੇਠ ਮੇਲੇ ਤੇ ਆਈ ਸੀ । ਸਾਰਿਆਂ ਸਲਾਹ ਕਰ ਕੇ  ਪਾਤਸ਼ਾਹ ਅੱਗੇ  ਬੇਨੰਤੀ ਕੀਤੀ   ਕਿ  ਪਾਤਸ਼ਾਹ ਦਇਆ ਕਰਕੇ ਬਲ ਬਖ਼ਸ਼ੋ ਤੇ  ਆਪ ਦੇ ਲਈ  ਤੇ ਤੁਹਾਡੀ ਸੰਗਤ ਲਈ  ਹਵੇਲੀ ਵਿਚ  ਬੈਠਕ ਬਣਾਈਏ ।   ਸੱਚੇ  ਪਾਤਸ਼ਾਹ ਆਖਣ ਲੱਗੇ   ਕਿ  ਸਾਨੂੰ  ਤਾਂ  ਕੋਈ ਲੋੜ ਨਹੀਂ ਬੈਠਕਾਂ ਦੀ  ।  ਪੁਰਾਣੇ ਸਿਖ ਵੀ ਆਖਣ ਲੱਗੇ, ਸੱਚੇ  ਪਾਤਸ਼ਾਹ ਤੁਹਾਡਾ  ਤਾਂ   ਬਚਨ  ਹੈ  ਕਿ  ਕੋਠੇ ਨਾ ਪਾਓ, ਦਿੱਲੀ ਜਾਣਾ ਹੈ  ਤੇ ਬੈਠਕਾਂ ਕੀ ਕਰਨੀਆਂ ਹਨ ।  ਪਾਤਸ਼ਾਹ ਆਖਣ ਲੱਗੇ ਬਾਬਾ ਅਸੀਂ ਕਦੋਂ ਆਂਦੇ ਆ ਬੈਠਕਾਂ ਪਾਓ, ਇਹ ਨਵੇਂ ਸਿਖ ਨੇ,  ਇਹਨਾਂ ਨੂੰ ਅਜੇ ਪਤਾ ਨਹੀਂ । ਸਾਰੇ ਸਿਖਾਂ ਆਖਿਆ, ਚਲੋ ਭਰਾਵੋ ਜੇ ਤੁਹਾਡਾ ਦਿਲ ਕਰਦਾ ਪਾਤਸ਼ਾਹ ਲਈ ਬੈਠਕ ਪੌਣ ਨੂੰ ,  ਤੇ ਅਸੀਂ ਵੀ ਜਿੰਨੀ ਸੇਵਾ  ਪੁਜੂ  ਕਰਾਂਗੇ ||

     ਇਕ ਘੋੜਾ  ਜਿਹੜਾ ਗੁਰਮੁਖ ਸਿੰਘ ਪਾਤਸ਼ਾਹ ਨੂੰ ਸੇਵਾ ਕੀਤੀ ਸੀ  ਇੰਦਰ ਸਿੰਘ ਸਿਖ ਘੋੜਾ ਨਵੌਣ ਨਹਿਰ ਤੇ ਗਿਆ ਹੈ । ਘੋੜਾ ਨੁਵਾ ਕੇ ਉਸਨੇ ਨਹਿਰ  ਦੀ  ਪਟੜੀ ਤੇ ਬੰਨ ਦਿਤਾ ਤੇ ਆਪ ਨਹਿਰ ਵਿਚ ਨੌਣ ਲਗ ਪਿਆ ।  ਸੱਚੇ  ਪਾਤਸ਼ਾਹ ਦੇ ਸਰੀਕੇ ਵਿਚੋਂ ਇਕ  ਦਲ ਸਿੰਘ ਨਾਮ ਦਾ ਕਾਰੀਗਰ ਸਿੰਘ ਸੀ । ਓਹ ਘੋੜਾ ਖੋਲ੍ਹ ਕੇ ਉਤੇ ਚੜ੍ਹ ਕੇ ਭਜਾ ਕੇ  ਲੈ  ਗਿਆ । ਇੰਦਰ ਸਿੰਘ ਪਿੰਡ ਆਣ ਕੇ ਆਖਿਆ,  ਸੱਚੇ  ਪਾਤਸ਼ਾਹ ਦਲ ਸਿੰਘ ਆਪਣਾ ਘੋੜਾ ਭਜਾ ਕੇ  ਲੈ  ਗਿਆ ਹੈ ।  ਪਾਤਸ਼ਾਹ ਸੁਣ ਕੇ ਓਸੇ ਵੇਲੇ ਮਗਰ ਘੋੜੀਆਂ  ਲੈ  ਕੇ ਭੱਜੇ, ਪਰ ਉਹ ਲੱਭਾ ਨਹੀਂ, ਕਿਤੇ ਦੂਰ ਜਾ ਲੁਕਿਆ । ਸਾਰੇ ਆਖਣ  ਕਿ  ਦਲ ਸਿੰਘ ਮਾੜਾ ਕੀਤਾ, ਤੁਹਾਡਾ ਘੋੜਾ  ਲੈ  ਗਿਆ ਹੈ ।  ਪਾਤਸ਼ਾਹ ਆਖਣ ਲਗੇ ਘੋੜਾ  ਤਾਂ   ਸਾਡਾ ਆਪੇ ਆ ਜਾਣਾ ਹੈ ।  ਜੇ ਦਲ ਸਿੰਘ ਇਹ ਕੰਮ ਨਾਂ ਕਰਦਾ ਤੇ ਉਸ ਦਾ ਬੂਟਾ ਕਿਸ ਤਰ੍ਹਾਂ ਪੁਟਿਆ ਜਾਂਦਾ ।  ਏਹ  ਬਚਨ  ਪਾਤਸ਼ਾਹ ਉਸ ਵਕਤ ਕੀਤਾ ਹੈ ।  ਦਲ ਸਿੰਘ ੧੦੦ ਮੀਲ ਤੇ  ਛਾਹੀਵਾਲ ਦੇ ਜ਼ਿਲੇ ਵਿਚ ਲੁਕਾ ਆਇਆ ਸੀ । ਛੀ ਕੁ ਮਹੀਨੇ ਦੇ ਬਾਅਦ ਆਣ ਕੇ ਇਕ ਆਦਮੀ ਦੱਸਿਆ ਕਿ  ਪਾਤਸ਼ਾਹ  ਮੈਂ ਤੁਹਾਡਾ ਘੋੜਾ ਫਡੌਨਾ ਹਾਂ ਓਥੋਂ ।  ਫਿਰ  ਖੁਛਾਲ ਸਿੰਘ ਭੰਗਾਲੀ  ਵਾਲਾ,  ਚੇਤ ਸਿੰਘ ਕਲਸੀਆਂ  ਵਾਲਾ,  ਰੰਗਾ ਸਿੰਘ ਪਾਤਸ਼ਾਹ ਦਾ ਚਾਚਾ, ਗੁਜਰ ਸਿੰਘ ਦਬੁਰਜੀ  ਵਾਲਾ,  ਚਾਰੇ  ਜਣੇ ਗਏ ਤੇ ਜਾ ਕੇ ਘੋੜਾ ਫੜ ਲਿਆ । ਖੱਤਰੀ ਦੇ ਘਰ ਘੋੜਾ ਬੱਧਾ ਸੀ ।  ਉਸਨੂੰ ਆਖਣ ਲੱਗੇ   ਕਿ   ਸਾਡਾ ਘੋੜਾ ਦੇ ਦੇ ਨਹੀਂ ਤੇ ਅਸੀਂ ਤੈਨੂੰ ਚੋਰ ਬਣਾਵਾਂਗੇ ।  ਤੇਰੇ ਘਰ  ਸਾਡਾ ਘੋੜਾ ਬੱਧਾ ਹੈ ।  ਓਨ  ਆਖਿਆ ਜੀ ਮੈਨੂੰ  ਤਾਂ  ਇਕ ਜ਼ਿਮੀਦਾਰ ਕਰਜ਼ੇ ਵਿਚ ਦੇ ਗਿਆ ਹੈ, ਜੇ ਤੁਹਾਡਾ ਹੈ ਤੇ ਤੁਸੀਂ  ਲੈ  ਜਾਉ ।  ਫੇਰ ਘੋੜਾ ਖੋਲ੍ਹ ਕੇ  ਲੈ  ਆਏ ਹਨ ਤੇ ਖੱਤਰੀ ਨੂੰ ਛੱਡ ਆਏ ਹਨ ।  ਪਿੰਡ ਆਉਣ ਤੇ ਪਾਤਸ਼ਾਹ ਆਖਿਆ, ਉਸਨੂੰ ਪੁਛੀਏ ।  ਲੋਕੀਂ ਆਖਣ ਲੱਗੇ ਪਾਤਸ਼ਾਹ ਤੁਸੀਂ ਦਿਆਲੂ ਜੇ,  ਦਇਆ ਕਰੋ, ਦਇਆ ਦੇ ਸਮੁੰਦਰ ਜੇ । ਉਸ ਪਾਪੀ ਨੂੰ ਜੇ ਸਮਝ ਹੁੰਦੀ ਤੇ ਤੁਹਾਡੇ ਘੋੜੇ ਨੂੰ ਹੱਥ ਨਾ ਲੌਂਦਾ ।  ਸੱਚੇ  ਪਾਤਸ਼ਾਹ  ਨੇ  ਠਾਣੇ ਤਾਂ  ਨਾ ਖੜਿਆ, ਪਰ ਸਰਾਫ ਹੋਣ ਕਰਕੇ ਆਪ ਦਾ ਬੂਟਾ ਪੁਟਾ ਲਿਆ । ੨੫(25) ਜਾ ੩੦(30)  ਸਾਲ ਦਾ ਉਸ ਦਾ ਇਕ ਪੁਤ ਸੀ । ਓਹ ਧੀਆਂ ਪੁਤਾਂ ਵਾਲਾ  ਹੋ  ਕੇ ਗੁਜਰ ਗਿਆ ਤੇ ਨੂੰਹ ਉਸ  ਦੀ  ਹੋਰ ਕਿਤੇ ਜਾ ਬੈਠੀ ।  ਓਹੋ ਦਲ ਸਿੰਘ  ਹੁਣ  ਖੋਲ੍ਹਿਆ ਵਿਚ ਧੱਕੇ ਖਾਂਦਾ ਫਿਰਦਾ ਹੈ ।  ਕਲਜੁਗ ਦੇ ਜੀਵ ਸੇਵਾ ਕਰਨ  ਦੀ  ਬਜਾਏ ਵੈਰ ਕਰਕੇ ਤੇ ਸਰਾਫ  ਲੈ  ਲੈਂਦੇ ਹਨ ।  ਅਵਤਾਰਾਂ ਕੋਲੋਂ ਕੋਈ ਵਿਰਲਾ ਲਾਭ ਉਠੌਂਦਾ ਹੈ । ਜਿਹੜਾ  ਬਚਨ  ਹੈ, “ ਅੰਮ੍ਰਿਤ ਗੁਰੂਆ ਤੇਰਾ, ਕੋਈ ਵਿਰਲਾ ਗੁਰਮੁਖ ਪੀਵੇ “,  ਜਿਸਨੂੰ  ਮੇਰਾ  ਸੱਚੇ  ਪਿਤਾ ਦਇਆ ਕਰਦਾ ਹੈ  ਉਸ ਨੂੰ ਆਪ ਦੇ ਚਰਨਾਂ ਦਾ ਪ੍ਰੇਮ ਬਖ਼ਸ਼ਦਾ ਹੈ ।  “ਜਿਸ ਜਣਾਵੇ ਸੋ ਜਨ ਜਾਣੇ ।”