43 – ਸੱਚੇ ਪਾਤਸ਼ਾਹ ਗੁਜਰ ਸਿੰਘ ਦੇ ਪਿੰਡ ਬਾਲੇ ਚੱਕ ਜਾਣਾ – JANAMSAKHI 43

ਸੱਚੇ  ਪਾਤਸ਼ਾਹ ਗੁਜਰ ਸਿੰਘ ਦੇ ਪਿੰਡ ਬਾਲੇ ਚੱਕ ਜਾਣਾ

     ਇਕ ਦਿਨ  ਬਾਲੇ ਚੱਕ ਵਾਲੇ ਗੁਜਰ ਸਿੰਘ  ਆ ਕੇ ਬੇਨੰਤੀ ਕੀਤੀ, ਕਿ   ਸੱਚੇ  ਪਾਤਸ਼ਾਹ  ਸਾਡੇ ਪਿੰਡ 

ਚਲ ਕੇ ਦਰਸ਼ਨ ਦਿਓ ਤੇ ਸਾਡੀ ਗਰੀਬ  ਦੀ  ਕੁੱਲੀ ਚਰਨ ਪਾ ਕੇ ਪਵਿੱਤਰ ਕਰੋ ।  ਸੱਚੇ  ਪਾਤਸ਼ਾਹ ਸਿਖ  ਦੀ  ਬੇਨੰਤੀ ਪਰਵਾਨ ਕਰ ਲਈ ਤੇ ਗੱਡੀ ਚੜ੍ਹ ਗਏ ਹਨ ।  ਓਸ ਸਮੇਂ ਐਸਾ ਖੇਲ ਹੋਇਆ, ਕਿ  ਸਟੇਸ਼ਨਾਂ ਨੂੰ ਅੱਗਾਂ ਲੱਗਣ ਲੱਗ ਪਈਆਂ ਤੇ ਹੜਤਾਲਾਂ   ਹੋ  ਗਈਆਂ । ਆਪਸ ਵਿਚ ਦੁਨੀਆਂ ਵੱਢਣ ਟੁੱਕਣ ਲਗ ਪਈ । ਰਾਤ  ਸੱਚੇ  ਪਾਤਸ਼ਾਹ ਰੇਲ ਤੇ ਨਾ ਚੜ੍ਹੇ ਕਸੂਰ ਸ਼ਹਿਰ ਇਕ ਗੁਰਦਵਾਰੇ ਸਿਖਾਂ ਸਮੇਤ ਰਾਤ ਕੱਟੀ ।  ਗੁਰਦਵਾਰੇ  ਜੇਹੜਾ  ਰਾਤ ਕੱਟਦਾ ਸੀ, ਗ੍ਰੰਥੀ ਉਸ ਦਾ ਨਾਮ ਲਿਖ ਲੈਂਦੇ ਸਨ ਜੀ । ਪਾਤਸ਼ਾਹ ਤੇ ਸਿਖਾਂ ਦਾ ਵੀ ਨਾਮ ਲਿਖ ਲਿਆ । ਓਸ ਵਕਤ ਪਾਤਸ਼ਾਹ ਦੇ ਨਾਲ ਸਿਖ, ਚੇਤ ਸਿੰਘ ਕਲਸਿਆਂ ਦਾ, ਬਾਲੇ ਚੱਕ ਵਾਲਾ ਬੁਧ ਸਿੰਘ, ਗੁਜਰ ਸਿੰਘ, ਇੰਦਰ ਸਿੰਘ ਚੁਬਾਲ ਵਾਲਾ ਸੀ ।  ਸਟੇਸ਼ਨ ਸੜੇ  ਹੋਏ  ਕਰ ਕੇ ਸਾਰੇ ਪਛਾਂਹ ਮੁੜ ਪਏ ਹਨ । ਇਕ ਜ਼ਿਮੀਦਾਰ ਹੰਦਾਲ ਦਾ, ਡੈਰੀਆਂ ਦੇਂਦਾ ਸੀ । ਓਸ  ਨੇ  ਪਾਤਸ਼ਾਹ ਦਾ ਨਾਂ ਵੀ ਲਿਖ ਕੇ ਘੱਲ ਦਿੱਤਾ  ਕਿ  ਗੁਰਦਵਾਰੇ  ਰਹੇ  ਹਨ, ਨਾਲ ਹੀ ਸਿਖ ਹਨ ਜੀ ।  ਜਿਨ੍ਹਾਂ ਦੇ ਨਾਂ ਲਿਖ ਕੇ ਘੱਲੇ ਸਨ, ਓਨ੍ਹਾਂ ਨੂੰ ਪੁਲਸ ਫੜ ਕੇ  ਲੈ  ਗਏ ਬੈਂਤ ਵਜਣੇ  ਸ਼ੁਰੂ  ਹੋ  ਗਏ ।  ਐਸਾ ਪਾਪੀ ਪਾਪ ਕਮਾਇਆ, ਪਾਤਸ਼ਾਹ ਤੇ ਸਿਖਾਂ ਨੂੰ ਵੀ ਪੁਲਸ ਫੜ ਕੇ ਕਸੂਰ  ਲੈ  ਗਈ । ਮਹਾਰਾਜ ਹੋਰੀਂ ਸਿਖਾਂ ਸਮੇਤ ਅਦਾਲਤ ਵਿਚ ਲੰਘ ਗਏ ਹਨ ।  ਅਦਾਲਤ ਵਾਲੇ  ਨੇ  ਪੁਛਿਆ ਕਿ  ਮਹਾਰਾਜ ਤੁਸੀਂ ਓਸ ਦਿਨ ਏਥੇ ਸੋ ਜਦੋਂ ਸਟੇਸ਼ਨ ਸੜਿਆ ਹੈ । ਪਾਤਸ਼ਾਹ  ਆਖਿਆ  ਜੀ ਅਸੀਂ ਸ਼ਹਿਰ ਵਿਚ ਆਏ ਸੀ  ਸਟੇਸ਼ਨ ਨੂੰ ਅੱਗ ਲੱਗੀ ਹੋਈ ਸੀ । ਅਸੀਂ ਗੁਰਦਵਾਰੇ ਰਾਤ ਕੱਟ ਕੇ ਤੇ ਸਵੇਰੇ ਨਾਂ ਲਿਖਾ ਕੇ ਪਿੰਡ ਨੂੰ  ਚਲੇ  ਗਏ ਹਾਂ ਜੀ । ਜਿਸ  ਨੇ  ਨਾਂ ਲਿਖਾਇਆ ਉਸ ਨੂੰ ਅਸੀਂ  ਤਾਂ  ਜਾਣਦੇ ਨਹੀਂ । ਅਦਾਲਤ ਵਾਲਿਆਂ ਜਿਸ  ਨੇ  ਡੈਰੀ ਦਿਤੀ ਸੀ ਉਸ ਨੂੰ ਪੁਛਿਆ ਕਿ  ਜਦੋਂ ਘਵਿੰਡ ਵਾਲੇ ਪਾਤਸ਼ਾਹ ਔਣਗੇ ਤੇ  ਤੂੰ  ਪਛਾਣ ਲਏਂਗਾ ? ਉਹ ਆਖਣ ਲੱਗਾ ਕਿ  ਜੀ ਮੈਂ ਜਦੋਂ ਔਣਗੇ ਤੁਹਾਨੂੰ ਦੱਸ ਦਿਆਂਗਾ । ਫੇਰ ਅਦਾਲਤ ਵਾਲੇ ਆਖਿਆ ਉਠ ਕੇ ਵੇਖ  ਤਾਂ  ਐਨਾ ਬੰਦਿਆਂ ਵਿਚ ਮਹਾਰਾਜ ਹੋਰੀਂ ਹੈਗੇ ਨੇ   ਕਿ  ਨਹੀਂ । ਓਹ ਆਖਣ ਲੱਗਾ ਏਥੇ ਮਹਾਰਾਜ ਹੋਰੀਂ ਨਹੀਂ ਹਨ । ਪਾਤਸ਼ਾਹ ਕੋਲ ਬੈਠੇ ਸੀ ।  ਦੋ  ਚਾਰ ਬੰਦੇ ਹੋਰ ਅਦਾਲਤ ਵਾਲਿਆਂ ਸੱਦੇ ।  ਓਹ ਆਖਣ ਲੱਗੇ ਜੀ  ਏਹ  ਘਵਿੰਡ ਵਾਲੇ ਮਹਾਰਾਜ ਹਨ । ਓਨ੍ਹਾਂ ਮਹਾਰਾਜ ਦਾ ਨਾਂ  ਲੈ  ਦਿਤਾ । ਪਾਤਸ਼ਾਹ ਜਿਸ ਵਕਤ ਨਾਂ ਦੇਣ ਵਾਲੇ ਤੋਂ ਪਛਾਣੇ ਨਹੀਂ ਗਏ, ਅਦਾਲਤ ਵਾਲੇ ਆਖਿਆ,  ਏਹ  ਝੂਠ ਮਾਰਦਾ ਹੈ ਤੇ ਗੁਰਦਵਾਰੇ ਵਿਚੋਂ ਲਿਖੇ ਨਾਂ ਵੇਖ ਕੇ ਲੋਕਾਂ ਨੂੰ ਫੜਾਈ ਜਾਂਦਾ ਹੈ ।   ਜੋ ਉਸ  ਨੇ  ਆਦਮੀ ਫੜਾਏ ਸਨ, ਓਹ ਸਾਰੇ ਬਰੀ ਕਰ ਦਿਤੇ ਤੇ ਉਸ ਨੂੰ  ੧੦(10)  ਸਾਲ  ਦੀ  ਕੈਦ  ਤੇ ੧੦੦(100) ਬੈਂਤ ਦਾ ਹੁਕਮ ਦਿਤਾ ਗਿਆ ਹੈ ।   ਸੱਚੇ  ਪਾਤਸ਼ਾਹ ਦੇ ਅਦਾਲਤ ਜਾਣ ਨਾਲ  ਕਈਆਂ ਸ਼ਰੀਰਾਂ ਦੇ ਬੰਧਨ ਕੱਟੇ ਗਏ ਹਨ ਜੀ । ।

     ਫੇਰ ਘੋੜਿਆਂ ਤੇ ਚੜ੍ਹ ਕੇ   ਸੱਚੇ  ਪਾਤਸ਼ਾਹ ਬਾਲੇ ਚੱਕ ਨੂੰ ਗਏ ਹਨ ਜੀ ।  ਅੱਠ ਦਿਨ ਬਾਲੇ ਚੱਕ ਸੰਗਤਾਂ ਵਿਚ  ਰਹੇ  ਹਨ ।  ਹੋਰ ਸੰਗਤ ਵੀ ਨਾਲ ਬਹੁਤ ਦਰਸ਼ਨ ਕਰ ਕੇ ਜਨਮ ਸਫਲਾ ਕਰ ਰਹੀ ਹੈ । ਰਾਤ ਫੇਰ  ਸੱਚੇ  ਪਾਤਸ਼ਾਹ ਗੱਡਾ ਜੋਅ ਕੇ  ਨਾਲ ਸੰਗਤਾਂ  ਲੈ  ਕੇ  ਘਵਿੰਡ ਨੂੰ  ਆ  ਰਹੇ  ਹਨ ਜੀ । ਨੈਹਰੇ ਨੈਹਰ ਗੱਡਾ ਔਂਦਾ ਹੈ,  ਤੇ ਪਾਤਸ਼ਾਹ ਹੱਸ ਕੇ   ਬਚਨ  ਬਲਾਸ ਕਰਦੇ ਹਨ, ਆਸਾ ਸਿੰਘ ਮੰਗ  ਜੋ ਜੀ ਕਰਦਾ ਈ, ਅਸੀਂ ਤੈਨੂੰ ਦੇਈਏ । ਆਸਾ ਸਿੰਘ ਆਖਿਆ,   ਸੱਚੇ  ਪਾਤਸ਼ਾਹ  ਮੈਨੂੰ  ਤਾਂ  ਮੰਗਣ  ਦੀ  ਜਾਚ ਨਹੀਂ । ਬੁਧ ਸਿੰਘ ਨਾਲ ਸਲਾਹ ਕਰਕੇ ਮੈਂ ਤੁਹਾਥੋਂ ਮੰਗੂ, ਜੋ ਮੇਰਾ ਜੀ ਕੀਤਾ ।  ਸੱਚੇ  ਪਾਤਸ਼ਾਹ ਸਿਖ ਦੇ ਨਾਲ ਹਾਸੇ ਪਏ ਹਨ  ਕਿ  ਆਸਾ ਸਿੰਘ ਤੀਸਰਾ ਬਚਨ  ਹੈ, ਮੰਗ  ਜੋ ਮੰਗਣਾ ਹੈ ।  ਸਿਖ ਭੋਲਾ ਭਾਲਾ ਹੈਗਾ ਹੈ  ਤੇ ਉਸ ਆਖਿਆ ਜੀ ਸਲਾਹ ਕਰਕੇ ਮੈਂ ਤੁਹਾਥੋਂ ਮੰਗੂ ।  ਇਕ ਦਿਨ  ਸੱਚੇ  ਪਾਤਸ਼ਾਹ ਗੱਡੇ ਦੇ ਉਤੇ ਬੈਠ ਖੇਤੋਂ ਆਏ ਹਨ । ਨੈਹਰੋ ਨੈਹਰ ਗੱਡਾ ਆ ਰਿਹਾ ਹੈ । ਤੇ  ਸੱਚੇ  ਪਾਤਸ਼ਾਹ ਖ਼ੁਸ਼ ਹੋ  ਕੇ ਹੱਸ ਕੇ ਆਕੜ ਲੈ  ਕੇ ਲੱਤਾਂ ਸਿਧੀਆਂ ਕਰ ਕੇ  ਬਚਨ  ਕੀਤਾ, ਕਿ  ਬੁਧ ਸਿੰਘ ਜੇ  ਤੂੰ  ਆਖੇ  ਤੇ ਐਸ ਪਾਸਿਓ ਨੈਹਰ ਦੇ ਦੂਸਰੇ ਪਾਸੇ ਲੱਤ ਲੰਘਾ ਕੇ ਵਖਾ ਦੇਈਏ ।  ਬੁਧ ਸਿੰਘ  ਹੱਥ ਜੋੜ ਕੇ ਬੇਨੰਤੀ ਕੀਤੀ   ਸੱਚੇ  ਪਿਤਾ  ਦਿਆਲੂ ਕਿਰਪਾਲੂ ਤੁਹਾਡੇ ਅੱਗੇ   ਕਿਹੜੀ ਵੱਡੀ ਗਲ ਆ  ।  ਤੁਸੀਂ  ਜੋ ਚਾਹੋ ਕਰ ਸਕਦੇ ਜੇ  ।  ਤੁਸੀਂ  ਓਹ  ਸੱਚੇ  ਪਿਤਾ ਜੇ  ਜਿਨ੍ਹਾਂ  ਕ੍ਰਿਸ਼ਨ ਦੇ ਜਾਮੇਂ  ਵਿਚ ਗਵਰਧਨ ਪਹਾੜ ਚੀਚੀ ਤੇ ਚੁੱਕ ਛੱਡਿਆ ਸੀ  ।  ਦੀਨ ਦਿਆਲ  ਤੁਹਾਡੀ ਮਹਿੰਮਾ  ਵੇਦ ਪੁਰਾਣ ਨਹੀਂ ਕਰ ਸਕਦੇ ।  ਤੁਸੀਂ ਬੇਅੰਤ  ਜੋ ।  ਸੱਚੇ  ਪਾਤਸ਼ਾਹ ਹੱਸ ਕੇ ਆਖਣ ਲਗੇ, ਬੁੱਧ ਸਿੰਘ  ਅੱਜੇ ਵੇਲਾ ਨਹੀਂ ਆਇਆ, ਦੁਨੀਆਂ ਤੋਂ ਅਸਾਂ ਓਹਨਾਂ ਰਖਦਾ ਹੈ । ਜਦੋਂ ਮੌਕਾ ਹੋਇਆ ਤੁਹਾਨੂੰ   ਬੜਾ   ਕੁਛ ਵਖਾਇਆ ਕਰਾਂਗੇ ।   ਸੱਚੇ  ਪਾਤਸ਼ਾਹ ਕਦੀ ਕਦੀ ਏਹੋ ਜਿਹੋ ਬਚਨ  ਸਿੱਖਾਂ ਨਾਲ ਕਰਦੇ ਸੀ, ਨਹੀਂ ਤੇ ਥੋੜੇ ਕੀਤਿਆਂ ਕਿਸੇ ਨੂੰ ਆਪ ਨਹੀਂ ਸੀ ਜਣੌਂਦੇ । ।