47 – ਬਾਲੇ ਚੱਕ ਵਾਲੇ ਬੁਧ ਸਿੰਘ ਦੀ ਸਾਖੀ – JANAMSAKHI 47

ਬਾਲੇ ਚੱਕ ਵਾਲੇ ਬੁਧ ਸਿੰਘ  ਦੀ  ਸਾਖੀ

     ਇਕ ਦਿਨ ਦਾ  ਬਚਨ  ਹੈ   ਕਿ  ਬੁਧ ਸਿੰਘ ਬਾਲੇ ਚੱਕ ਵਾਲਾ ਬੇਨੰਤੀ ਕਰ ਕੇ ਪਾਤਸ਼ਾਹਾਂ ਨੂੰ ਬਾਲੇ ਚੱਕ

ਲੈ ਗਿਆ  ਨਾਲ ਮਾਤਾ  ਹੋਰੀਂ ਸਾਹਿਬਜਾਦੇ ਤੇ ਹੋਰ ਸਿਖ ਵੀ ਹਨ  ।  ਅੱਠ ਦਿਨ   ਸੱਚੇ  ਪਾਤਸ਼ਾਹ ਓਥੇ  ਰਹੇ  ਹਨ । ਵਿਸਾਖੀ ਦੇ ਦਿਹਾੜੇ ਤੇ ਗਏ ਹਨ । ਬੁਧ ਸਿੰਘ  ਨੇ  ਸਪਰਸ ਦਾਨ  ਸੱਚੇ  ਪਿਤਾ ਨੂੰ ਕੀਤਾ ।   ਜੋ ਚੀਜਾਂ ਸਨ ਘਰ ਵਿਚ ਮੱਝੀ, ਗਾਈਂ, ਬਲਦ, ਗੱਡਾ, ਰਜਾਈ, ਤਲਾਈ, ਚੌਕੇ ਦੇ ਭਾਂਡੇ, ਮੰਜੀ ਪੀੜੀ, ਗੱਲ ਕੀ  ਜੋ ਚੀਜ ਘਰ ਸੀ, ਸਭ  ਸੱਚੇ  ਪਾਤਸ਼ਾਹ ਨੂੰ ਨਿਮਸਕਾਰ ਕਰ ਦਿਤੀ ।  ਜਲ  ਪੀਣ ਵਾਸਤੇ ਵੀ ਇਕ ਬਰਤਨ ਘਰ ਨਹੀਂ ਰਖਿਆ  ।  ਬੇਨੰਤੀ ਕਰ ਕੇ  ਹੱਥ ਜੋੜ ਕੇ ਆਖਣ ਲਗਾ,  ਸੱਚੇ  ਪਾਤਸ਼ਾਹ ਅੱਜ ਮੇਰੇ ਧੰਨ ਭਾਗ  ਹੋਏ  ਹਨ ।  ਤਿੰਨ ਵੇਰਾਂ ਬੁੱਧ ਸਿੰਘ  ਨੇ  ਏਸੇ ਤਰ੍ਹਾਂ ਸਪਰਸ ਦਾਨ ਕੀਤਾ ਹੈ ਜੀ । ।  

 ਇਕ ਵੇਰਾਂ  ਸਾਰਿੰਗੜਾ ਪਿੰਡ ਜ਼ਿਮੀਦਾਰਾਂ ਦੇ ਘਰ ਇਕ ਸੁੰਦਰ ਘੋੜਾ ਸੀ । ਸਸਤੇ ਭਾ ਵਿਚ ੫੦੦ ਰੁਪੈਆ ਮੁਲ ਮੰਗਦੇ ਹਨ ।  ਪਾਤਸ਼ਾਹ ਵਾਲਾ ਘੋੜਾ ਕੁਛ ਬਿਰਧ  ਹੋ  ਗਿਆ ਸੀ  ।  ਬੁਧ ਸਿੰਘ ਦਾ ਦਿਲ ਕੀਤਾ  ਕਿ  ਮੈਂ ਪਾਤਸ਼ਾਹ ਨੂੰ ਸਾਰਿੰਗੜੇ ਵਾਲਾ ਘੋੜਾ ਲਿਆ ਦਿਆਂ ।  ਪਾਤਸ਼ਾਹ ਨੂੰ ਆਖਣ ਲਗਾ,  ਸੱਚੇ  ਪਾਤਸ਼ਾਹ , ਸਾਰਿੰਗੜੇ ਵਾਲਾ ਘੋੜਾ ਆਪਾਂ ਲੈ  ਆਈਏ । ਪਾਤਸ਼ਾਹ ਆਖਿਆ, ਬੁਧ ਸਿੰਘ ੫੦੦  ਰੁਪੈਆ ਮੁਲ ਮੰਗਦੇ ਹਨ ।  ਬੁਧ ਸਿੰਘ ਆਖਣ ਲੱਗਾ, ਪਾਤਸ਼ਾਹ , ੫੦੦ ਦੇ ਦਿਆਂਗੇ । ਮਹਾਰਾਜ, ਚੇਤ ਸਿੰਘ ਤੇ ਬੁਧ ਸਿੰਘ ਸਾਰਿੰਗੜੇ ਨੂੰ ਘੋੜਾ ਲੈਣ  ਚਲੇ  ਹਨ ਜੀ ।  ਘੋੜੇ ਵਾਲੇ ਪੰਜ ਸੌ ਰੁਪੈਆ ਮੰਗਿਆ ਤੇ ਬੁਧ ਸਿੰਘ ਆਖਿਆ ੫੦੦ ਲੈ  ਲਓ । ਫਿਰ ਆਖਣ ਲੱਗੇ ਅਸਾਂ ਹਜਾਰ ਲੈਣਾ ਹੈ । ਬੁਧ ਸਿੰਘ ਆਖਿਆ ਹਜਾਰ  ਲੈ  ਲਈਂ, ਹਜਾਰ  ਲੈ  ਲਓ । ਫਿਰ ਆਖਣ ਲੱਗੇ ਯਾਰਾ ਸੌ ਲੈਣਾ ਹੈ । ਬੁਧ ਸਿੰਘ ਆਖਿਆ ਚੰਗਾ, ਯਾਰਾ ਸੌ  ਲੈ  ਲਓ ਜੀ ।  ਫਿਰ ਆਖਣ ਲੱਗੇ ਅਸਾਂ  ਤਾਂ  ਘੋੜਾ ਵੇਚਣਾ ਨਹੀਂ ਹੈ ।  ਪਾਤਸ਼ਾਹ ਆਖਣ ਲੱਗੇ  ਬੁਧ ਸਿੰਘ  ਹੁਣ ਘੋੜਾ ਨਹੀਂ ਲੈਣਾ ਆਓ ਹੁਣ ਚਲੀਏ । ਬੁਧ ਸਿੰਘ  ਨੇ  ਫਿਰ ੧੧ ਸੌ ਰੁਪੈਆ  ਪਾਤਸ਼ਾਹ ਨੂੰ ਨਿਮਸਕਾਰ ਕਰ ਦਿਤੀ । ਆਖਣ ਲੱਗਾ ਤੁਹਾਡੇ ਘੋੜੇ ਦੇ ਨਾਂ ਦਾ ਪੈਸਾ ਹੈ, ਮੈਂ ਨਹੀਂ ਰੱਖਣਾ । ਉਸ ਤੋਂ ਕੁਝ ਦਿਨ ਬਾਅਦ ਸਾਰਿੰਗੜੇ ਵਾਲਿਆਂ ਚੋਰੀ ਕੀਤੀ  ਤੇ ਸਾਰੇ ਹਵਾਲਾਤ ਵਿਚ  ਹੋ  ਗਏ । ਪਾਤਸ਼ਾਹ ਨੂੰ ਸਨਾਹ ਘਲਦੇ ਹਨ  ਕਿ  ੫੦੦ ਰੁਪੈਆਂ ਨੂੰ ਘੋੜਾ  ਲੈ  ਜਾਓ । ਪਾਤਸ਼ਾਹ ਮਨਾਂ ਕਰ ਦਿੱਤਾ  ਕਿ  ਅਸੀਂ  ਤਾਂ  ਹੁਣ ਘੋੜਾ ਐਵੇਂ ਦੇਵੇਂ ਤਾਂ  ਵੀ ਨਹੀਂ ਲੈਣਾ । ਜੇ ਤੁਸੀਂ ਓਸ ਵਕਤ ਪੰਦਰਾਂ ਸੌ ਮੰਗਦੇ ਤੇ ਅਸਾਂ ਓਹ ਵੀ ਦੇ ਔਣਾ ਸੀ । ।

     ਬੁਧ ਸਿੰਘ ਬਾਲੇ ਚੱਕ ਵਾਲੇ ਵਿਚ ਬੜੇ ਗੁਣ ਸੀ ।  ਇਕ  ਤਾਂ  ਤਿੰਨ ਵੇਰਾਂ ਉਸ ਸਪਰਸ ਦਾਨ ਕੀਤਾ ਹੈ ਤੇ ਦੂਸਰਾ  ਸੱਚੇ  ਪਿਤਾ ਉਸ ਨੂੰ ਬਲ   ਬੜਾ   ਬਖ਼ਸ਼ਿਆ ਸੀ ।  ੧੮ ਮਣ ਪੱਕੇ ਦਾ ਰੇਲ ਦਾ ਗਾਡਰ ਮੋਡੇ ਤੇ ਚੁਕ ਕੇ ਤੁਰ ਪੈਂਦਾ ਸੀ । ਤੀਸਰਾ ਉਸ ਵਿਚ ਸ਼ਾਂਤੀ ਬੜੀ  ਸੀ । ਏਨਾਂ ਬਲ ਰਖਦਾ ਸੀ  ਕਿ  ਇਕ  ਵਾਰ  ਘਵਿੰਡ ਦੇ ਵਸਨੀਕ ਪਾਤਸ਼ਾਹ ਨਾਲ ਝਗੜ ਪਏ, ਤੇ ਸਾਰੇ ਸਿਖ ਕੋਲ ਸਨ । ਦਿਨ ਡੁੱਬੇ ਦਾ ਟੈਂਮ ਸੀ । ੨੦ ਸੇਰ ਪੱਕੇ ਦਾ ਖਿੰਗਰ ਵਗਾਤਾ ਮਾਰਿਆਂ ਚਬਾਰੇ ਵਿਚ,  ਤੇ ਇਕ ਬੀਬੀ ਨੂੰ ਵੱਜਾ ਓਹ ਬੇਹੋਸ਼ ਹੋ  ਗਈ । ਇਕ ਨੂੰ ਸੋਟਾ ਮਾਰਿਆ ਤੇ ਦੂਸਰੀ  ਵਾਰ  ਓਹ ਅੱਗੋਂ ਉਠਿਆ ਨਹੀਂ । ਐਸਾ ਵਗਾਤਾ ਸੋਟਾ ਫੇਰ ਮਾਰਿਆ ਦੂਸਰੇ ਘਰ ਜਾ ਕੇ ਅਗਲੇ ਨੂੰ ਬੇਹੋਸ਼ ਕਰ ਦਿਤਾ । ਐਸੀ ਰਾਤ ਲੜਾਈ ਹੋਈ  ਸਾਰਾ ਪਿੰਡ  ਮਹਾਰਾਜ ਹੋਰਾਂ ਨੂੰ  ਮਾਰਨ  ਪੈ ਗਿਆ  । ਗੜਿਆਂ ਵਾਗੂੰ ਇੱਟਾਂ ਢੀਮਾਂ ਵਰਦੀਆਂ ਹਨ  ।   ਸੱਚੇ  ਪਾਤਸ਼ਾਹ ਓਸ ਵਕਤ ਹੱਥੀਂ ਘਵਿੰਡ ਵਿਚ ਲੜੇ ਹਨ, ਨਾਲ ਸਿਖ ਹਨ ।  ਓਸ ਵਕਤ ਸਿਖ ਸ਼ੇਰਾਂ ਵਾਗ ਪਏ ਗਜਦੇ ਹਨ । ਸਾਰੇ ਪਿੰਡ ਨੂੰ ਭਾਜ ਪਾ ਦਿਤੀ ਹੈ । ਐਸਾ ਭਿਆਨਕ ਸਮਾਂ ਵਰਤਿਆਂ ਹੈ ਜੀ  ।  ਇਕ ਨੂੰ ਪਾਤਸ਼ਾਹ  ਟਕੂਆ ਮਾਰਿਆ ਤੇ ਉਸਦਾ ਸਿਰ ਫਟ ਗਿਆ ਹੈ ਜੀ ।  ਜਿਸ ਵਕਤ ਮਰ ਗਿਆ ਮਰ ਗਿਆ  ਹੋ  ਉਠੀ, ਸਭ ਭੱਜ ਗਏ ਹਨ ਜੀ ।  ਐਸੇ ਦਿਆਲੂ ਸੀ ਕਿਸੇ ਨਾਲ ਗੁਸਾ ਨਹੀਂ ਸੀ ਕਰਦੇ,  ਸੱਟਾਂ ਖਾ ਕੇ ਸਵੇਰੇ ਫੇਰ ਪਾਤਸ਼ਾਹ ਦੇ ਕੋਲ ਬੈਠੇ ਹਨ ਜੀ  । ਤਿੰਨ ਵੇਰਾਂ ਏਸੇ ਤਰ੍ਹਾਂ ਪਿੰਡ ਲੜਾਈ ਕਰਨ ਪਿਆ ਹੈ ।  ਸੱਚੇ  ਪਾਤਸ਼ਾਹ ਏਸੇ ਤਰ੍ਹਾਂ ਸਿਖਾਂ ਨੂੰ ਨਾਲ   ਲੈ  ਕੇ ਲੜਦੇ  ਰਹੇ  ਹਨ ਜੀ  ।  ਜਿਸ ਤਰ੍ਹਾਂ ਮਨੀ ਸਿੰਘ  ਤੋਂ  ਸੱਚੇ  ਪਾਤਸ਼ਾਹ  ਲਿਖਤ ਪਵਾਈ ਸੀ   ਕਿ  ਘਵਿੰਡ ਪਿੰਡ  ਸਾਨੂੰ ਇੱਟਾਂ ਢੀਮਾਂ ਮਾਰਨਗੇ, ਓਹੋ ਕਾਰਨ ਭੁਗਤ ਗਿਆ ਹੈ । ਦੀਨ ਦਿਆਲ ਆਪ ਹੀ ਸਭ ਕੁਛ ਕਰ  ਰਹੇ  ਹਨ । ।