ਰਤਨ ਸਿੰਘ ਆਲਮਗੀਰ ਵਾਲੇ ਸਿਖ ਦੀ ਸਾਖੀ
ਲੁਧਿਆਣਾ ਦੇ ਜ਼ਿਲੇ ਆਲਮਗੀਰ ਨਗਰ ਦਾ ਛੀਂਬਾ ਸਿਖ ਰਤਨ ਸਿੰਘ ਸੀ । ਆਣ ਕੇ ਸੱਚੇ ਪਾਤਸ਼ਾਹ ਅੱਗੇ
ਬੇਨੰਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਇਕ ਵੇਰਾਂ ਚਲ ਕੇ ਮੇਰੇ ਘਰ ਚਰਨ ਪਾਓ । ਸੱਚੇ ਪਾਤਸ਼ਾਹ ਦੋ ਸਾਲ ਲੰਘਾ ਤੇ ਓਹਦੇ ਨਾਲ ਕਰਾਰ ਕਰਦਿਆਂ ਕਰਦਿਆਂ । ਜਦੋਂ ਉਸ ਨੇ ਬੇਨੰਤੀ ਕਰਨੀ ਅਥਰੂ ਵਗ ਪੈਣੇ, ਐਸੀ ਪ੍ਰੇਮ ਨਾਲ ਕਰਨੀ । ਸੱਚੇ ਪਾਤਸ਼ਾਹ ਦਇਆ ਕੀਤੀ ਤੇ ਆਖਣ ਲੱਗੇ, ਚੰਗਾ ਰਤਨ ਸਿੰਘ ਅਸੀਂ ਇਕ ਪੈਹਰ ਆਵਾਂਗੇ । ਓਹ ਆਖਣ ਲੱਗਾ ਦੀਨ ਦਿਆਲ ਮੈਨੂੰ ਏਨ੍ਹਾਂ ਬੜਾ ਹੈ, ਮੇਰੇ ਦਿਲ ਦੀ ਅਗਨ ਬੁਝਾਓ । ਸੱਚੇ ਪਾਤਸ਼ਾਹ ਪੋਹ ਦੇ ਮਹੀਨੇ ਵਿਚ ਗਏ ਹਨ ਤੇ ਨਾਲ ੫ (5) ਸਿਖ ਗਏ ਹਨ । ਲਹੌਰੋਂ ਜਿਸ ਵਕਤ ਗੱਡੀ ਚੜ੍ਹੇ ਹਨ, ਪਹਿਲੇ ਦਰਜੇ ਦਾ ਲੁਧਿਆਣੇ ਦਾ ੬੦ (60) ਰੁਪਏ ਕਰਾਇਆ ਦਿਤਾ ਹੈ, ਐਨਾ ਸਿਖ ਨੇ ਪ੍ਰੇਮ ਕੀਤਾ ਹੈ ਜੀ । ਓਥੋਂ ਅੱਠ ਨੌਂ ਮੀਲ ਪੈਂਡਾ ਸੀ । ਫੇਰ ਟਾਂਗਿਆਂ ਤੇ ਅੱਧੀ ਰਾਤ ਜਾ ਕੇ ਅਪੜੇ ਹਨ ਜੀ । ਆਦਰ ਮਾਨ ਕਰਦਿਆਂ ਪਰਸ਼ਾਦ ਛਕਦਿਆਂ ੩ (3) ਪੈਹਰ ਰਾਤ ਚਲੀ ਗਈ ਹੈ । ਪੈਹਰ ਕੁ ਰਾਤ ਰੈਹ ਗਈ । ਪਾਤਸ਼ਾਹ ਆਖਣ ਲੱਗੇ ਰਤਨ ਸਿੰਘ ਸਾਡੀ ਹੁਣ ਤਿਆਰੀ ਕਰ ਦੇ, ਅਸਾਂ ਹੁਣ ਜਾਣਾ ਹੈ । ਰਤਨ ਸਿੰਘ ਸਤਿ ਬਚਨ ਮੰਨ ਕੇ ਜਿੰਨੀ ਮਾਇਆ ਸੀ ਪਰਾਤ ਵਿਚ ਪਾ ਕੇ, ਧੋ ਬਣਾ ਕੇ ਪਾਤਸ਼ਾਹ ਦੀ ਪੁਸ਼ਾਕ, ਮਾਤਾ ਹੋਰਾਂ ਦੀ ਪੁਸ਼ਾਕ, ਸਾਹਿਬਜਾਦਿਆਂ ਦੇ ਸਾਰੇ ਕਪੜੇ ਤੇ ਕਪੜੇ ਸਿਉਣ ਵਾਲੀ ਮਸ਼ੀਨ, ਸਾਰੀਆਂ ਚੀਜਾਂ ਅੱਗੇ ਰੱਖ ਕੇ ਹੱਥ ਜੋੜ ਕੇ ਬੇਨੰਤੀ ਕੀਤੀ ਕਿ ਸੱਚੇ ਪਿਤਾ ਅੱਜ ਮੇਰੀ ਦਿਲ ਦੀ ਆਸ਼ਾ ਪੂਰੀ ਹੋਈ ਹੈ ਜੀ । ਮੇਰੇ ਤੇ ਦਇਆ ਕਰੋ ਤੇ ਤੰਦਰੁਸਤੀ ਬਖ਼ਸ਼ੋ ਜੀ ਤੇ ਏਸ ਤਿਲ ਫੁਲ ਨੂੰ ਪਰਵਾਨ ਕਰੋ ਜੀ । ਸੱਚੇ ਪਾਤਸ਼ਾਹ ਦਇਆ ਕਰ ਕੇ ਆਖਿਆ, ਰਤਨ ਸਿੰਘ ਮਸ਼ੀਨ ਰੱਖ ਲਾ, ਤੇਰੀ ਸਾਨੂੰ ਆ ਪੁਜੀ ਹੈ ਤੇ ਤੂੰ ਕਾਰ ਵਿਹਾਰ ਕਰੀ ਜਾ । ਓਨ ਆਖਿਆ ਦੀਨ ਦਿਆਲ ਏਹ ਤੁਹਾਡੀ ਮਸ਼ੀਨ ਆ । ਪਾਤਸ਼ਾਹ ਆਖਣ ਲੱਗੇ, ਰਤਨ ਸਿੰਘ ਸਾਡੀ ਮਸ਼ੀਨ ਆ ਤੇ ਤੂੰ ਵੀ ਸਾਡਾ ਏਂ, ਅਸੀਂ ਤੈਨੂੰ ਦੇਂਦੇ ਹਾਂ ਰੱਖ ਲਾ । ਜਿਸ ਤਰ੍ਹਾਂ ਅੱਗੇ ਜੁਗਾਂ ਜੁਗ ਸੱਚੇ ਪਾਤਸ਼ਾਹ ਦੇ ਸਿਖਾਂ ਦੀਆਂ ਕਹਾਣੀਆਂ ਸੁਣੀਦੀਆਂ ਨੇ, ਏਸੇ ਤਰ੍ਹਾਂ ਹੁਣ ਸਿਖ ਹਨ । ਨੇਤਰੀਂ ਵੇਖ ਰਹੇ ਹਾਂ, ਧੰਨ ਸੱਚੇ ਪਾਤਸ਼ਾਹ ਤੇ ਧੰਨ ਸਿਖ ਹਨ ਜੀ । ਫੇਰ ਸੱਚੇ ਪਾਤਸ਼ਾਹ ਤਿਆਰੀ ਕਰ ਕੇ ਘਵਿੰਡ ਵਾਪਸ ਆਣ ਪਹੁੰਚੇ ਹਨ ਜੀ । ।