ਘਵਿੰਡ ਦੀ ਇਕ ਮਾਈ ਦੀ ਸਾਖੀ
ਸੱਚੇ ਪਾਤਸ਼ਾਹ ਪ੍ਰੀ ਪੂਰਨ ਅਵਤਾਰ ਵਿਸ਼ਨੂੰ ਭਗਵਾਨ ਦਾ ਜਾਮਾ ਪਹਿਨ ਕੇ ਆਏ ਹਨ । ਦੇਹ ਕਰ ਕੇ ਬਚਨ ਨਹੀਂ ਕਰਦੇ,
ਜੋਤ ਨਾਲ ਵਿਹਾਰ ਕਰਦੇ ਹਨ । ਸ਼ਾਂਤੀ ਸੁਭਾ ਬੜਾ ਰੱਖਦੇ ਸੀ । ਐਸੇ ਦਿਆਲੂ ਸੀ ਸਿਖ ਕੋਲੋਂ ਕੰਮ ਵਿਗੜ ਵੀ ਜਾਵੇ, ਤੇ ਗੁੱਸੇ ਨਹੀਂ ਸੀ ਹੁੰਦੇ । ਏਹ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਹੋਰਨਾਂ ਰਿਖੀਆਂ ਮੁਨੀਆਂ ਦੀ ਕੀਤੀ ਅਸੀਂ ਮੋੜ ਸਕਦੇ ਹਾਂ, ਤੇ ਸਾਡੀ ਕੀਤੀ ਕੋਈ ਨਹੀਂ ਮੋੜ ਸਕਦਾ । ਏਸ ਕਰ ਕੇ ਅਸੀਂ ਕਿਸੇ ਨੂੰ ਵਧ ਘਟ ਬਚਨ ਨਹੀਂ ਕਰਦੇ । ਅਸੀਂ ਨਰ ਅਵਤਾਰ ਦੇਹ ਕਰ ਕੇ ਅਖੌਂਦੇ ਹਾਂ । ਅਮਾਮ ਮਹਿੰਦੀ ਵੀ ਅਸੀਂ ਹਾਂ । ੫੦(50) ਸਾਲ ਤੋਂ ਬਾਦ ਅਸਾਂ ਨਿਹਕਲੰਕ ਅਖਵੌਣਾ ਹੈ । ਕਲਗੀਧਰ ਵੀ ਅਸੀਂ ਹਾਂ । ਅਸੀਂ ਕਲਜੁਗ ਦਾ ਖੈ ਕਰਨ ਵਾਸਤੇ ਤੇ ਸਤਿਜੁਗ ਲੌਣ ਵਾਸਤੇ ਘਨਕਾ ਪੁਰੀ ਵਿਚ ਜਾਮਾ ਪਹਿਨਿਆ ਹੈ । ਭਗਤਾਂ ਦਾ ਉਧਾਰ ਕਰਨ ਆਏ ਹਾਂ । ਸਾਥੋਂ ਬਗੈਰ ਕਿਸੇ ਦੀ ਮਨੌਤ ਨਾ ਹੋਵੇਗੀ । ਸਾਡੀ ਹੀ ਪੂਜਾ ਹੋਵਗੀ । ਸੋਹੰ ਤੋਂ ਬਗੈਰ ਕੋਈ ਹੋਰ ਪਾਠ ਪੂਜਾ ਨਾਂ ਕਰੇਗਾ ਤੇ ਸਤਿਜੁਗ ਵਿਚ ਆਰਜ਼ੂ ਵਧ ਜਾਣਗੀਆਂ । ਸਾਡਾ ਨਾਂ ਜਪਣ ਕਰਕੇ ਹਰ ਇਕ ਦੇ ਹਿਰਦੇ ਵਿਚ ਸੱਚ ਦੇ ਸੁੱਚ ਵਧ ਜਾਏਗੀ ਜੀ । ਸੱਚੇ ਪਾਤਸ਼ਾਹ ਆਖਦੇ ਹਨ, ਜੋ ਦੁਖ ਤਕਲੀਫ ਨੇ ਸਾਡੇ ਹੁਕਮ ਵਿਚ ਨੇ । ਜੋ ਦੁਖ ਦਰਦ ਨੇ ਅਸਾਂ ਕੁੱਤੇ ਬਿਲੇ ਰੱਖੇ ਹੋਏ ਨੇ, ਦੇਹ ਸਾਫ ਕਰਨ ਵਾਸਤੇ । ਸਤਿਜੁਗ ਵਿਚ ਕੋਈ ਦੁਖ ਤਕਲੀਫ ਨਾ ਹੋਵੇਗਾ । ਸਾਡਾ ਐਸਾ ਪਹਿਰਾ ਹੋਵੇਗਾ । ।
ਬੋਹਲ ਸਿੰਘ ਕੋਰੀਆਂ ਦਾ, ਵੀਰ ਸਿੰਘ ਗਗੋ ਬੂਹੇ ਦਾ, ਬਾਜ ਸਿੰਘ ਤੇ ਮਾਣਾ ਸਿੰਘ ਭੁਚਰ ਵਾਲੇ, ਅਤਰ ਸਿੰਘ ਖੀਰਾਂ ਵਾਲੀ ਦਾ, ਸੁੰਦਰ ਸਿੰਘ ਬੁੱਗਿਆਂ ਵਾਲਾ ਇਹ ਸਿਖ ਓਸ ਵਕਤ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਹਨ । ਘਵਿੰਡ ਵੇਹੜੇ ਵਿਚ ਮੰਜੇ ਡਾਹ ਕੇ ਬੈਠੇ ਹਨ । ਸੱਚੇ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਬਚਨ ਕਰ ਰਹੇ ਹਨ । ਉਸਤਤ ਕਰ ਰਹੇ ਹਨ । ਓਹਨਾਂ ਦੇ ਬਚਨ ਕਰ ਕਰ ਕੇ ਨਿਹਾਲ ਹੋ ਰਹੇ ਹਨ ਜੀ । ਤੇ ਫੇਰ ਆਖਦੇ ਹਨ ਕਿ ਸਾਡੇ ਧੰਨ ਭਾਗ ਹਨ, ਸਾਨੂੰ ਵੀ ਦੇਹ ਕਰ ਕੇ ਅਵਤਾਰ ਦੇ ਦਰਸ਼ਨ ਹੋਏ ਹਨ ਜੀ । ਸਾਡੇ ਤਾਰਨ ਵਾਸਤੇ ਏਨ੍ਹਾਂ ਅਵਤਾਰ ਧਾਰਿਆ ਹੈ । ਨਾਲੇ ਸ਼ਬਦ ਪੜ੍ਹਦੇ ਹਨ, “ਜਾਮਾ ਘਨਕਾ ਪੁਰੀ ਦੇ ਵਿਚ ਧਾਰਿਆ, ਸੰਗਤਾਂ ਦੇ ਤਾਰਨੇ ਨੂੰ” । ਮਹਾਰਾਜ ਹੋਰੀ ਬਚਨ ਸੁਣ ਕੇ ਬੜੇ ਖ਼ੁਸ਼ ਹੁੰਦੇ ਹਨ ਤੇ ਲਾਗੇ ਖਲੋਤੇ ਕੇਸ ਕੰਗੇ ਨਾਲ ਵਾਹ ਰਹੇ ਹਨ ਜੀ । ਇਕ ਸਿਖ ਬੋਲਿਆਂ ਜਦੋਂ ਜੁਗ ਉਲਟੌਣਾ ਹੋਵੇ ਓਦੋਂ ਸੋਲਾਂ ਕਲਾ ਸੰਪੂਰਨ ਅਵਤਾਰ ਔਂਦਾ ਹੈ, ਪਾਪੀਆਂ ਦੀ ਖੈ ਤੇ ਭਗਤਾਂ ਦੀ ਜੈ ਕਰਨ ਵਾਸਤੇ । ਨਹੀਂ ਤੇ ਸਭ ਮਹਾਰਾਜ ਸ਼ੇਰ ਸਿੰਘ ਦੇ ਬਣਾਏ ਤੇ ਘੱਲੇ ਆਉਂਦੇ ਹੋਏ ਹਨ ਜੀ । ਇਕ ਸਿਖ ਆਖਿਆ ਗੁਰੂ ਨਾਨਕ ਸਾਹਿਬ ਵੀ ਬੇਅੰਤ ਬੇਅੰਤ ਆਖ ਗਿਆ ਹੈ । ਜਿਸ ਵਕਤ ਸਿਖ ਨੇ ਬੇਅੰਤ ਬੇਅੰਤ ਆਖਿਆ, ਪਾਤਸ਼ਾਹ ਆਖਣ ਲੱਗੇ ਬਾਬਾ ਕੇਹੜੀ ਚੀਜ ਹੈ, ਜਿਸ ਦਾ ਅੰਤ ਨਹੀਂ । ਓਹਨਾਂ ਨੂੰ ਜਿੰਨਾਂ ਪਤਾ ਸੀ ਓਨਾਂ ਆਖ ਛੱਡਿਆ । ਸਾਰਾ ਪਤਾ ਹੋਵੇ ਤੇ ਆਪੇ ਨਾ ਬੇਅੰਤ ਆਖਣ । ਅਜੇ ਸਮਾਂ ਨਹੀਂ ਜਦੋਂ ਮੌਕਾ ਆਇਆ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ । ਸਿਖ ਸੁਣ ਕੇ ਬੜੇ ਖ਼ੁਸ਼ ਹੋਏ ਤੇ ਧੰਨ ਧੰਨ ਕੀਤਾ, ਤੇ ਆਖਿਆ ਸੱਚੇ ਪਾਤਸ਼ਾਹ ਤੁਸੀਂ ਮਾਲਕ ਜੇ, ਜਾਣੀ ਜਾਣ ਜੇ ।।
ਓਨੇ ਚਿਰ ਨੂੰ ਇਕ ਮਾਈ ਸੀ ਘਵਿੰਡ ਦੀ, ਰਾਮਗੜ੍ਹੀਆ ਦੇ ਘਰ ਦਾ ਜਰਮ ਸੀ, ਓਹ ਆ ਕੇ ਪਾਤਸ਼ਾਹ ਦੇ ਸਿਖਾਂ ਨੂੰ ਸੁਖ ਸਾਂਦ ਪੁਛਦੀ ਹੈ । ਓਸ ਦਾ ਮਾਲਕ ਗੁਜਰ ਗਿਆ ਸੀ ਤੇ ਦੇਹ ਉਸ ਦੀ ਨੂੰ ਕੋਹੜ ਹੋ ਗਿਆ ਸੀ । ਕੋਈ ਲਾਗੇ ਵੀ ਨਹੀਂ ਸੀ ਖਲੋਣ ਦੇਂਦਾ । ਸਿਖਾਂ ਪੁਛਿਆ ਬੇਬੇ ਜੀ ਤੁਸੀਂ ਦੱਸੋ ਰਾਜੀ ਖ਼ੁਸ਼ੀ ਹੋ । ਮਾਈ ਵਿਚਾਰੀ ਅੱਗੋਂ ਰੋ ਪਈ । ਆਖਣ ਲੱਗੀ ਭਾਈਆ ਜੀ ਮੇਰੀ ਦੇਹ ਨੂੰ ਕੋਹੜ ਹੋ ਗਿਆ ਹੈ । ਕੋਈ ਲਾਗੇ ਵੀ ਨਹੀਂ ਖਲੋਣ ਦੇਂਦਾ । ਸੱਚੇ ਪਾਤਸ਼ਾਹ ਇਹ ਬਚਨ ਕੀਤਾ ਸੀ ਕਿ ਜਿਸ ਨੂੰ ਕੋਈ ਤਕਲੀਫ ਹੋਵੇ, ਓਹ ਬੇਨੰਤੀ ਕਰੇ । ਦੂਸਰੇ ਦੇ ਥਾਂ ਦੂਜਾ ਨਾ ਬੇਨੰਤੀ ਕਰੇ । ਜਿਹੜਾ ਛੋਟਾ ਬੱਚਾ ਹੈ ਉਸ ਦੀ ਦੂਸਰਾ ਬੇਨੰਤੀ ਕਰ ਸਕਦਾ ਹੈ । ਸੱਚੇ ਪਾਤਸ਼ਾਹ ਦੇ ਸਿਖ ਹੌਲੀ ਜਹੀ ਉਸ ਮਾਈ ਨੂੰ ਸਮਝੌਂਦੇ ਹਨ ਕਿ ਮਾਈ ਕਮਲੀਏ ਸੱਚੇ ਪਾਤਸ਼ਾਹ ਨਿਹਕਲੰਕ ਤੇਰੇ ਕੋਲ ਹਨ । ਢੈਹ ਕੇ ਚਰਨੀ ਪੈ ਜਾ । ਜੇ ਏਥੇ ਨਾ ਤੇਰਾ ਕੋਹੜ ਹਟਿਆ ਤੇ ਹਟੂ ਕਿਥੇ । ਤੂੰ ਤਕੜੀ ਹੋ ਕੇ ਬੇਨੰਤੀ ਕਰ । ਮਾਈ ਨੂੰ ਬਚਨ ਸੁਣ ਕੇ ਸੁਰਤ ਆ ਗਈ ਤੇ ਗਲ ਵਿਚ ਪੱਲਾ ਪਾ ਕੇ ਚਰਨੀ ਪੈ ਗਈ । ਆਖੇ ਪਾਤਸ਼ਾਹ ਮੈਨੂੰ ਬਖ਼ਸ਼ ਲਓ । ਪਾਤਸ਼ਾਹ ਮਿਹਰਾਂ ਦੇ ਦਾਤੇ ਹੱਸ ਕੇ ਆਖਣ ਲਗੇ, ਤੂੰ ਅੱਗੇ ਸਾਡੇ ਕੋਲ ਰੈਂਹਦੀ ਸੀ ਓਦੋਂ ਚੇਤਾ ਨਹੀਂ ਆਇਆ । ਸੱਚੇ ਪਾਤਸ਼ਾਹ ਹੱਸ ਕੇ ਆਖਣ ਲੱਗੇ ਬਾਬਾ, ਤੁਹਾਨੂੰ ਸਾਡੀ ਧਾਰਨਾ ਦਾ ਨਹੀਂ ਪਤਾ ਜੋ ਸੰਤਾਂ ਦੱਸੀ ਹੈ, ਕਿਸੇ ਦੇ ਬਾਰੇ ਕੋਈ ਬੇਨੰਤੀ ਨਾ ਕਰੇ । ਬੌਹਲ ਸਿੰਘ ਉਸ ਵਕਤ ਹੱਸ ਕੇ ਆਖਿਆ, ਸੱਚੇ ਪਾਤਸ਼ਾਹ ਤੁਹਾਡੇ ਹੁੰਦਿਆਂ ਤੁਹਾਡੇ ਨਗਰ ਵਿਚ ਕੋਹੜ ਰਹਿਣ ਦਾ ਕੀ ਕੰਮ ਹੈ । ਸੱਚੇ ਪਾਤਸ਼ਾਹ ਬੜੇ ਦਿਆਲੂ ਸਨ, ਆਖਣ ਲੱਗੇ, ਬੇਬੇ ਅਸੀਂ ਕੋਈ ਦੁਵਾ ਤਾਂ ਨਹੀਂ ਜਾਣਦੇ, ਸਾਡੀ ਲੋਹ ਵਿਚ ਜੇਹੜੀ ਸੁਵਾਹ ਹੈ ਦੋਵੇਂ ਵੇਲੇ ਆ ਕੇ ਹੱਥਾਂ ਪੈਰਾਂ ਤੇ ਲਾ ਲਿਆ ਕਰ ਤੇ ਨਾਲੇ ਪਰਸ਼ਾਦਾ ਛਕ ਜਾਇਆ ਕਰ । ਸਿਖਾਂ ਸਮਝਾਇਆ ਬੇਬੇ ਜੀ ਦੋਵੇਂ ਟੈਮ ਆਣ ਕੇ ਲੰਗਰ ਦੇ ਭਾਂਡੇ ਮਾਂਜਿਆ ਕਰ, ਤੇ ਨਾਲੇ ਪਰਸ਼ਾਦਾ ਛਕ ਜਾਇਆ ਕਰ । ਓਸੇ ਤਰ੍ਹਾਂ ਮਾਈ ਸਤਿ ਬਚਨ ਮੰਨ ਕੇ ਸੇਵਾ ਕਰਨ ਲਗ ਪਈ । ਦੋ ਟੈਮ ਭਾਂਡੇ ਮਾਂਜਣੇ ਤੇ ਪਰਸ਼ਾਦਾ ਛਕ ਜਾਣਾ । ਮਾਈ ਦਾ ਸ਼ਰੀਰ ਜਿਉਂ ਦਾ ਤਿਉਂ ਹੋ ਗਿਆ । ਸੱਚੇ ਪਾਤਸ਼ਾਹ ਐਡੇ ਦਿਆਲੂ ਸਨ, ਨਜ਼ਰੀ ਨਜ਼ਰ ਨਿਹਾਲ ਕਰਦੇ ਸਨ । ਮਿਹਰ ਕਰ ਕੇ ਏਨ੍ਹਾਂ ਕਲਜਗ ਵਿਚ ਕੋਹੜ ਹਟਾ ਦਿਤੇ ਜੀ । ਮੇਰੀ ਕਲਮ ਏਨ੍ਹਾਂ ਦੀ ਮਹਿੰਮਾ ਨਹੀਂ ਲਿਖ ਸਕਦੀ ਜੀ । ਏਹ ਸਭ ਏਹਨਾਂ ਦੀ ਦਇਆ ਹੈ ।।