ਪਾਤਸ਼ਾਹ ਦੇ ਲੰਗੂਰ ਦੀ ਸਾਖੀ
ਇਕ ਵੇਰਾਂ ਸੱਚੇ ਪਾਤਸ਼ਾਹ ਦਾ ਦਿਲ ਕੀਤਾ ਤੇ ਦਿਲੀ ਵਾਲੇ ਸਿਖਾ ਨੂੰ ਚਿਠੀ ਪਾਈ ਕਿ ਸਾਨੂੰ ਲੰਗੂਰਾਂ ਦੇ
ਦੋ ਬੱਚੇ ਘੱਲੋ । ਸਿਖਾਂ ਨੇ ਮਥਰਾ ਤੋਂ ਲਿਆ ਕੇ ਘਵਿੰਡ ਜੋੜਾ ਲੰਗੂਰਾਂ ਦਾ ਛੱਡ ਗਏ ਹਨ । ਸੱਚੇ ਪਾਤਸ਼ਾਹ ਨੇ ਨੀਲਿਆਂ ਮਣਕਿਆਂ ਤੇ ਘੁੰਗਰੀਆਂ ਦੀ ਗਾਨੀ ਗੱਲ ਵਿਚ ਪਾ ਕੇ, ਖੁਲ੍ਹੇ ਕੋਠੇ ਤੇ ਛੱਡ ਦਿਤੇ ਹਨ । ਓਹ ਬੱਚੇ ਦੋ ਟੈਮ ਪਰਸ਼ਾਦ ਲੰਗਰ ਵਿਚੋਂ ਛਕ ਜਾਂਦੇ ਸੀ, ਪਾਤਸ਼ਾਹ ਦਾ ਦਰਸ਼ਨ ਕਰ ਜਾਂਦੇ ਸੀ । ਸਾਰੀ ਦਿਹਾੜੀ ਕੋਠਿਆਂ ਉਤੇ ਛਾਲਾਂ ਮਾਰਦੇ ਰੈਂਹਦੇ ਸਨ ਜੀ । ਐਸੇ ਜਾਨਵਰ ਸੀਲ ਸਨ, ਕਿਸੇ ਨਿਆਣੇ ਸਿਆਣੇ ਨੂੰ ਦੁਖ ਨਹੀਂ ਸੀ ਦੇਂਦੇ । ਐਸੀ ਪਾਤਸ਼ਾਹ ਦਇਆ ਕੀਤੀ ਪਿੰਡ ਦਾ ਹਰ ਇਕ ਵੇਖ ਕੇ ਆਂਦਾ ਸੀ, ਮਹਾਰਾਜ ਦੇ ਲੰਗੂਰ ਛਾਲਾਂ ਮਾਰਦੇ ਹਨ । ਏਸ ਬਹਾਨੇ ਨਾਲ ਘਵਿੰਡ ਦੇ ਮਾਸੀ ਸ਼ਰਾਬੀ ਜੀਵ ਵੀ ਪਾਤਸ਼ਾਹ ਦਾ ਨਾਮ ਲੈ ਲੈਂਦੇ ਸਨ ਜੀ । ਇਕ ਦਿਨ ਐਸੀ ਖੇਡ ਹੋਈ, ਘਵਿੰਡ ਦਾ ਸਰਦਾਰ ਗੁਰਦਿਆਲ ਸਿੰਘ ਸੀ । ਉਸ ਦੀ ਛੋਟੀ ਜਹੀ ਕਾਕੀ ਛਣਕਣਾ ਲੈ ਕੇ ਖੜੋਤੀ ਸੀ । ਉਸ ਦੇ ਹੱਥ ਵਿਚੋਂ ਲੰਗੂਰ ਛਣਕਣਾ ਲੈ ਕੇ ਭੱਜ ਗਿਆ । ਉਚੇ ਥਾਂ ਕੋਠੇ ਤੇ ਜਾ ਬੈਠਾ । ਸਰਦਾਰ ਕੋਲ ਬੰਦੂਕ ਸੀ, ਉਸ ਬੰਦੂਕ ਨਾਲ ਉਸ ਲੰਗੂਰ ਨੂੰ ਮਾਰ ਦਿਤਾ । ਜਿਸ ਵਕਤ ਮਾਰ ਦਿਤਾ, ਸਿਖ ਚੁਕ ਕੇ ਲੈ ਗਏ ਹਨ । ਮਹਾਰਾਜ ਹੋਰੀਂ ਤੇ ਤੇਜਾ ਸਿੰਘ ਓਸ ਵਕਤ ਬਾਰ ਵਿਚ ੨੭(27) ਚੱਕ ਸਿਖਾਂ ਦੇ ਗਏ ਹਨ । ਲੰਗੂਰੀ ਕੱਲੀ ਹੋ ਗਈ ਤੇ ਅੰਨ ਪਾਣੀ ਨਾ ਛਕੇ । ਵਿਰਲਾਪ ਕਰਦੀ ਫਿਰੇ । ਸਾਰੇ ਆਖਣ ਸਰਦਾਰ ਨੇ ਬੜਾ ਪਾਪ ਕੀਤਾ, ਪਾਤਸ਼ਾਹ ਦਾ ਲੰਗੂਰ ਮਾਰ ਦਿਤਾ ਹੈ । ਪਾਤਸ਼ਾਹ ਵੀ ਬਾਰ ਵਿਚੋਂ ਆ ਗਏ ਹਨ ਤੇ ਵੇਖ ਕੇ ਬਹੁਤ ਗੁੱਸੇ ਵਿਚ ਆਂਦੇ ਹਨ ਜਿਸ ਤਰ੍ਹਾਂ ਤੂੰ ਸਾਡਾ ਲੰਗੂਰ ਮਾਰਿਆ ਹੈ, ਏਸੇ ਤਰ੍ਹਾਂ ਅਸੀਂ ਤੈਨੂੰ ਮਾਰਾਂਗੇ । ਸਾਰੇ ਲੋਕੀ ਰੌਲਾ ਸੁਣ ਕੇ ਕੱਠੇ ਹੋ ਗਏ । ਸਾਰੇ ਆਖਣ ਲੱਗੇ ਗੱਲ ਤਾਂ ਕੋਈ ਵੀ ਨਹੀਂ ਹੋਈ, ਸਰਦਾਰ ਦੀ ਧੀ ਦੇ ਹੱਥੋਂ ਲੰਗੂਰ ਛਣਕਣਾ ਖੋਹ ਕੇ ਲੈ ਗਿਆ ਸੀ ਤੇ ਏਸ ਨੇ ਮਾਰ ਦਿਤਾ । ਓਸ ਵਕਤ ਪਾਤਸ਼ਾਹ ਬਚਨ ਕੀਤਾ ਕਿ ਜਿਸ ਧੀ ਦੇ ਹੱਥੋਂ ਛਣਕਣਾ ਫੜਿਆਂ ਦੇ ਬਦਲੇ ਸਾਡਾ ਲੰਗੂਰ ਮਾਰਿਆ ਹੈ ਓਸ ਧੀ ਨੂੰ ਏਹ ਆਪਣੀ ਹੱਥੀਂ ਮਾਰੇਂਗਾ । ਏਹ ਸਰਾਫ ਦੇ ਦਿਤਾ ਤੇ ਘਰ ਵਾਪਸ ਆ ਗਏ । ਸਰਦਾਰ ਬੰਦੇ ਨਾਲ ਲੈ ਕੇ ਘਰ ਆਇਆ ਤੇ ਆਣ ਕੇ ਹੱਥ ਜੋੜੇ, ਪਾਤਸ਼ਾਹ ਮੈਨੂੰ ਭੁੱਲ ਬਖ਼ਸ਼ੋ । ਸੱਚੇ ਪਾਤਸ਼ਾਹ ਸ਼ਾਂਤੀ ਤਾਂ ਕਰ ਗਏ, ਦਇਆ ਦੇ ਸਮੁੰਦਰ ਸਨ । ਪਰ ਜੇਹੜਾ ਵਾਕ ਛੱਡ ਦਿਤਾ ਹੈ ਓਹ ਨਹੀਂ ਮੁੜਿਆ । ਕੋਈ ਦਿਨ ਪਾ ਕੇ ਸਰਦਾਰ ਦੀ ਧੀ ਨੌਜਵਾਨ ਹੋਈ । ਘਰ ਵਿਚ ਜੁਲਾਹਿਆਂ ਦਾ ਮੁੰਡਾ ਕਾਮਾ ਰੱਖਿਆ ਹੋਇਆ ਸੀ । ਓਸ ਨਾਲ ਬੇਈਮਾਨ ਹੋ ਗਈ ਤੇ ਕੁਵਾਰੀ ਨੂੰ ਗਰਭ ਹੋ ਗਿਆ । ਸਰਦਾਰ ਨੇ ਓਹੋ ਧੀ ਹੱਥੀਂ ਗਲ ਘੁੱਟ ਕੇ ਮਾਰੀ । ਸੱਚੇ ਪਿਤਾ ਦਾ ਬਚਨ ਸਤਿ ਹੋ ਗਿਆ ।।