ਤੋੜੇ ਵਾਲੇ ਲਾਭ ਸਿੰਘ ਦੀ ਸਾਖੀ
ਲਾਭ ਸਿੰਘ ਤੋੜੇ ਦਾ ਮਜ਼੍ਹਬੀ ਸਿਖ ਸੀ । ਉਸ ਐਨੀ ਪਾਤਸ਼ਾਹ ਦੇ ਘਰ ਦੀ
ਸੇਵਾ ਕੀਤੀ ਹੈ ਮੈਂ ਉਪਮਾ ਨਹੀਂ ਕਰ ਸਕਦਾ । ੨(2) ਮੀਲ ਤੋਂ ਘਾਹ ਤੇ ਲੰਗਰ ਵਿਚ ਬਾਲਣ ਰੋਜ਼ ਦੋ ਦੋ ਪੰਡਾਂ ਲਿਔਣਾ । ਰਾਤ ਨੂੰ ਸਾਰੀ ਰਾਤ ਸੱਚੇ ਪਾਤਸ਼ਾਹ ਦੇ ਚਰਨਾਂ ਵਲੇ ਬੈਠ ਕੇ ਸਾਰੀ ਰਾਤ ਸ਼ਬਦ ਪੜ੍ਹਦੇ ਰਹਿਣਾ । ਅੱਠੇ ਪਹਿਰ ਬੋਜੇ ਵਿਚ ਕੈਸੀਂਆ ਰੱਖਦਾ ਸੀ ਵਜੌਣ ਵਾਸਤੇ । ਜਿਨਾਂ ਚਿਰ ਕੰਮ ਕਰਦੇ ਰਹਿਣਾ, ਓਨਾਂ ਚਿਰ ਕਰਦੇ ਰਹਿਣਾ ਤੇ ਫਿਰ ਬਿਛਨ ਪਤੇ ਤੇ ਬਹੁਤ ਪ੍ਰੇਮ ਵਾਲੇ ਸ਼ਬਦ ਪੜ੍ਹਨੇ । ਸੱਚੇ ਪਾਤਸ਼ਾਹ ਸ਼ਬਦ ਸੁਣ ਕੇ ਬੜਾ ਖ਼ੁਸ਼ ਹੋਣਾ । ਪਾਤਸ਼ਾਹ ਆਖਣਾ, ਲਾਭ ਸਿੰਘ ਛਾਲਾਂ ਮਾਰ ਤੇ ਛਾਲਾਂ ਮਾਰਨੀਆਂ । ਜੇ ਆਖਣਾ ਲਾਭ ਸਿੰਘ ਭੱਜ ਕੇ ਵਖਾ, ਤੇ ਭੱਜ ਉਠਣਾ । ਏਸ ਤਰ੍ਹਾਂ ਸਿਖ ਨੇ ਸਤਿ ਬਚਨ ਮੰਨਣਾ । ਪਾਤਸ਼ਾਹ ਖ਼ੁਸ਼ ਹੋ ਕੇ ਆਖਦਾ ਲਾਭ ਸਿੰਘ ਮੰਗ ਜੋ ਮੰਗਣਾ ਈ । ਉਸਨੇ ਬੇਨੰਤੀ ਕਰਨੀ ਪਾਤਸ਼ਾਹ ਮੈਨੂੰ ਹਨੂਮਾਨ ਦਾ ਬਲ ਬਖ਼ਸ਼ੋ, ਤੇ ਸਦਾ ਮੇਰੇ ਹਿਰਦੇ ਤੇ ਰਹੋ । ਅੱਠੇ ਪਹਿਰ ਮੈਨੂੰ ਭੁੱਲੋ ਨਾ । ਕੋਈ ਦਿਨ ਪਾ ਕੇ ਪਾਤਸ਼ਾਹ ਦੇ ਚਰਨਾਂ ਵਿਚ ਸੇਵਾ ਕਰਦਿਆਂ, ਲਾਭ ਸਿੰਘ ਦਾ ਅੰਤ ਸਮਾਂ ਆ ਗਿਆ । ਉਸਨੇ ਦੇਹ ਛੱਡ ਦਿਤੀ । ਦੋ ਮੀਲ ਘਵਿੰਡੋ ਖੇਤ ਦਾ ਪੈਂਡਾ ਸੀ, ਓਥੇ ਲਾਭ ਸਿੰਘ ਦੇਹ ਛਡ ਦਿਤੀ । ਬਾਰਾਂ ਭਾਦਰੋਂ ਵਾਲੇ ਦਿਨ ਦੇਹ ਛੱਡੀ ਹੈ । ਲਾਗੇ ਇਕ ਪਿੰਡ ਨਾਰਲੀ ਮੇਲਾ ਸੀ, ਪਾਤਸ਼ਾਹ ਮੇਲੇ ਗਏ ਹਨ । ਰਾਤ ਨੂੰ ਪਾਤਸ਼ਾਹ ਆਏ ਤੇ ਸਿਖਾਂ ਦੱਸਿਆ, ਪਾਤਸ਼ਾਹ , ਲਾਭ ਸਿੰਘ ਦੇਹ ਛੱਡ ਗਿਆ ਹੈ । ਸਿਖਾਂ ਨੇ ਇਸ਼ਨਾਨ ਕਰਾ ਦਿਤਾ, ਸੁੱਕੀ ਬੇਰੀ ਪਾਤਸ਼ਾਹ ਬਾਲਣ ਪਾ ਕੇ ਸਸਕਾਰ ਕੀਤਾ ਹੈ । ਸੱਚੇ ਪਾਤਸ਼ਾਹ ਆਪਣੀ ਹੱਥੀਂ ਲੰਬੂ ਲਾਇਆ ਹੈ ਤੇ ਤਿੰਨ ਵੇਰਾਂ ਬਚਨ ਕੀਤੇ ਨੇ ਕਿ ਲਾਭ ਸਿੰਘ ਤੇਰੀ ਜੇਹੜੀ ਮੰਗ ਸੀ ਅਸਾਂ ਤੈਨੂੰ ਦਿਤੀ । ਐਡੀ ਦਇਆ ਕਰਦੇ ਹਨ ਜੀ । ਐਸੇ ਨਰ ਅਵਤਾਰ ਸੱਚੇ ਪਾਤਸ਼ਾਹ ਦਿਆਲੂ ਸੀ, ਜੁਗਾਂ ਜੁਗਾਂ ਦੇ ਵਿਛੜਿਆਂ ਨੂੰ ਬਾਹੋਂ ਫੜ ਕੇ ਚਰਨੀ ਲਾਇਆ ਹੈ ।।