ਸੱਚੇ ਪਾਤਸ਼ਾਹ ਦੇ ਸਿਖ ਚੇਤ ਸਿੰਘ ਤੇ ਹਰਸੁਖ ਲਾਲ ਖੱਤਰੀ ਦੀ ਸਾਖੀ
ਘਵਿੰਡ ਦਾ ਇਕ ਖੱਤਰੀ ਸੀ । ਚੇਤ ਸਿੰਘ ਉਸ ਤੋਂ ਗਰਜ ਬਦਲੇ
ਰੁਪੈਏ ਲਏ ਸੀ । ੩(3) ਸਾਲ ਹੋ ਗਏ ਰੁਪੈਏ ਲਿਆਂ ਨੂੰ । ਇਕ ਦਿਹਾੜੀ ਮਨਿਆਦ ਰੈਂਹਦੀ ਸੀ । ਸੱਚੇ ਪਾਤਸ਼ਾਹ ਅੱਗੇ ਖੱਤਰੀ ਫਰਿਆਦ ਲੌਂਦਾ ਹੈ, ਕਿ ਪਾਤਸ਼ਾਹ ਤੁਹਾਡੇ ਸਿਖ ਚੇਤ ਸਿੰਘ ਤਿੰਨ ਸਾਲ ਹੋ ਗਏ ਮੇਰੇ ਪੈਸੇ ਨਹੀਂ ਦਿਤੇ । ਪਾਤਸ਼ਾਹ ਆਖਣ ਲੱਗੇ ਬਾਬਾ ਜੀ ਭਲਕੇ ਕਲਸੀ ਚਲਾਂਗੇ ਤੇ ਤੈਨੂੰ ਪੈਸੇ ਦਵਾ ਦਵਾਂਗੇ । ਓਹ ਆਖਣ ਲੱਗਾ ਪਾਤਸ਼ਾਹ ਭਲਕ ਦੀ ਦਿਹਾੜੀ ਮਨਿਆਦ ਹੈ । ਕਿਸ ਤਰ੍ਹਾਂ ਹੋਵੇ ਹੁਣ । ਪਾਤਸ਼ਾਹ ਆਖਣ ਲੱਗੇ ਬਾਬਾ ਫਿਕਰ ਨਾ ਕਰ, ਅਸੀਂ ਤੈਨੂੰ ਪੈਸੇ ਦਵਾ ਦਿਆਂਗੇ । ਖੱਤਰੀ ਸਤਿ ਬਚਨ ਮੰਨ ਲਿਆ । ਸੱਚੇ ਪਾਤਸ਼ਾਹ ਫਿਰ ਮਹੀਨਾ ਹੋ ਗਿਆ ਤੇ ਪੈਸੇ ਨਾ ਪੁੱਛੇ । ਇਕ ਦਿਨ ਪਾਤਸ਼ਾਹ ਨੂੰ ਧਿਆਨ ਆਇਆ ਆਖਣ ਲੱਗੇ ਚਲ ਬਾਬਾ, ਤੈਨੂੰ ਪੈਸੇ ਦੁਵਾ ਲਿਆਈਏ । ਓਸ ਆਖਿਆ ਜੀ ਮੈਂ ਓਥੇ ਜਾ ਕੇ ਕੀ ਬਨੌਣਾ ਹੈ, ਮਨਿਆਦ ਲੰਘ ਗਈ ਹੈ । ਹੁਣ ਜੀ ਕਰਦਾ ਤੇ ਦੁਵਾ ਦਿਓ, ਨਹੀਂ ਤੇ ਨਾ ਦੁਵਾਓ । ਫਿਰ ਖੱਤਰੀ ਪਾਤਸ਼ਾਹ ਦੇ ਨਾਲ ਰਖ ਵਿਚ ਚਲਾ ਗਿਆ ਹੈ ਜੀ । ਸੱਚੇ ਪਾਤਸ਼ਾਹ ਜਦੋਂ ਕਿਤੇ ਜਾਂਦੇ ਸੀ, ਨਾਲ ੧੦(10) ਆਦਮੀ ਜ਼ਰੂਰ ਹੁੰਦੇ ਸੀ । ਐਸੇ ਦਿਆਲੂ ਸਨ, ਅੱਠੇ ਪਹਿਰ ਭੰਡਾਰੇ ਭਰਭੂਰ ਰਖਦੇ ਸਨ । ਜੋ ਕੋਈ ਮੂੰਹੋਂ ਮੰਗਦਾ ਸੀ ਦੇਈ ਜਾਂਦੇ ਸਨ । ਕਈ ਤਾਂ ਦਰਸ਼ਨ ਦੇ ਭੁੱਖੇ ਅੱਠੇ ਪਹਿਰ ਨਾਲ ਰੈਂਦੇ ਹਨ, ਤੇ ਕਈ ਢਿਡ ਦੇ ਭੁੱਖੇ ਨਾਲ ਰਹਿੰਦੇ ਹਨ । ਕਈ ਨਾਲ ਸ਼ਿਕਾਰੀ ਕੁੱਤੇ ਤੇ ਹੋਰ ਗਗੜੇ ਸਾਂਸੀ ਵੀ ਨਾਲ ਹੁੰਦੇ ਸਨ । ਓਨ੍ਹਾਂ ਦੀ ਲੀਲ੍ਹਾ ਨੂੰ ਓਹੋ ਜਾਣਦੇ ਹਨ । ਜਿਸ ਤਰ੍ਹਾਂ ਸੌਣ ਦੀ ਘਟਾ ਵੇਖ ਕੇ ਮੋਰ ਖ਼ੁਸ਼ ਹੁੰਦਾ ਹੈ, ਇਸ ਤਰ੍ਹਾਂ ਨਾਲ ਜੇਹੜੇ ਗਰੀਬ ਗੁਰਬੇ ਹਨ, ਓਹ ਖ਼ੁਸ਼ ਹੁੰਦੇ ਹਨ ਕਿ ਚਾਰ ਪਹਿਰ ਪਰਸ਼ਾਦ ਨਾਲ ਰੱਜਾਂਗੇ । ਜਿਸ ਪਾਸੇ ਜਾਂਦੇ ਹਨ ਫੌਜਾਂ ਵਾਂਗੂੰ ਰੌਲਾ ਪੈਂਦਾ ਜਾਂਦਾ ਹੈ । ਧੰਨ ਮਾਝੇ ਦੇਸ਼ ਦੀ ਧਰਤੀ ਜਿਥੇ ਦੀਨ ਦਿਆਲ ਲੀਲ੍ਹਾ ਕਰ ਰਹੇ ਹਨ । ਸ਼ਿਕਾਰ ਖੇਡਦੇ ਖੇਡਦੇ ਰੱਖ ਵਿਚ ਚਲੇ ਗਏ ਹਨ । ਜੁਗਾਂ ਦੇ ਵਿਛੜਿਆਂ ਨੂੰ ਜੰਗਲਾਂ ਦੇ ਜੀਆਂ ਨੂੰ ਤੇ ਜੰਗਲਾਂ ਦੇ ਦਰਖ਼ਤਾਂ ਨੂੰ ਦਰਸ਼ਨ ਦੇ ਕੇ ਤਾਰ ਰਹੇ ਹਨ । ਦੁਪਹਿਰੇ ਜਾ ਕੇ ਚੇਤ ਸਿੰਘ ਦੇ ਘਰ ਪਹੁੰਚੇ ਹਨ ।
ਚੇਤ ਸਿੰਘ ਤੇ ਉਸ ਦੇ ਪੁੱਤਰ ਦੀਨ ਦਿਆਲ ਨੂੰ ਵੇਖ ਕੇ ਬੜਾ ਖ਼ੁਸ਼ ਹੋਏ । ਨਿਮਸਕਾਰ ਕੀਤੀ ਤੇ ਪਲੰਘ ਡਾਹ ਦਿੱਤਾ ਤੇ ਸਾਰਾ ਪਰਵਾਰ ਵੇਖ ਕੇ ਬੜਾ ਖ਼ੁਸ਼ ਹੋਇਆ । ਜਲ ਪਾਣੀ ਵੀ ਬੜੇ ਪ੍ਰੇਮ ਨਾਲ ਛਕਾਇਆ ਤੇ ਓਸ ਵਕਤ ਚਾਹ ਧਰੀ ਹੈ । ਛੰਗਾਰ ਸਿੰਘ ਓਸ ਵਕਤ ਆਖਿਆ, (ਚੇਤ ਸਿੰਘ ਦੇ ਵੱਡੇ ਪੁਤ ਨੇ) ਸੱਚੇ ਪਾਤਸ਼ਾਹ ਦੁਧ ਸਵੇਰ ਦਾ ਕੜ੍ਹਿਆ ਹੋਇਆ ਏ, ਤਾਜਾ ਦੁਧ ਤੁਹਾਡੀ ਚਾਹ ਵਿਚ ਪੌਂਦੇ ਤਾਂ ਸਈ ਪਰ H H H H H ਪਾਤਸ਼ਾਹ ਹੱਸ ਕੇ ਬਚਨ ਕੀਤਾ, ਛੰਗਾਰ ਸਿੰਘ, ਜੇਹੜੀ ਮੈਂਹ ਤੇਰੀ ਮਰਜੀ ਆ ਫੜ ਕੇ ਚੋ ਲਾ, ਓਹੋ ਮਿਲ ਪਊ । ਸਾਰੀਆਂ ਮਈਂ ਗਾਈਂ ਤੁਹਾਡੀਆਂ ਸੁਰਿਆਂ ਹੋ ਜਾਣਗੀਆਂ, ਜਦੋਂ ਜੀ ਕਰੇ ਚੋ ਲਿਆ ਕਰਿਓ । ਉਸ ਦਿਨ ਤੋਂ ਜੇਹੜੀ ਮੈਂਹ ਥੱਲੇ ਕੱਟੀ ਕੱਟਾ ਛੱਡਦੇ ਹਨ, ਓਹੋ ਮਿਲ ਪੈਂਦੀ ਹੈ । ਐਸੀ ਪਾਤਸ਼ਾਹ ਦਇਆ ਕੀਤੀ, ਸਾਰੀ ਸੰਗਤਾਂ ਨੂੰ ਪ੍ਰੇਮ ਨਾਲ ਦੁੱਧ ਛਕਾਈ ਜਾਂਦੇ ਹਨ । ਸਭ ਸ਼ਿਕਾਰੀ ਤੇ ਸਿਖ ਧੰਨ ਧੰਨ ਸੱਚੇ ਪਾਤਸ਼ਾਹ ਨੂੰ ਕਰ ਰਹੇ ਹਨ ਕਿ ਸੱਚੇ ਪਾਤਸ਼ਾਹ ਜਿਥੇ ਤੁਸੀਂ ਜਾਂਦੇ ਜੇ, ਓਥੇ ਕੋਈ ਤੋਟ ਨਹੀਂ ਰੈਂਹਦੀ । ਪਰਸ਼ਾਦ ਤਿਆਰ ਹੋ ਗਏ ਹਨ ਜੀ । ਬੇਨੰਤੀ ਕਰ ਕੇ ਥਾਲ ਲਵਾਇਆ ਗਿਆ ਹੈ, ਪਾਤਸ਼ਾਹ ਛਕਦੇ ਹਨ । ਨਾਲ ਗਰੀਬ ਗੁਰਬਾ ਵੀ ਪਰਸੰਨ ਹੋ ਰਹੇ ਹਨ । ਪਰਸ਼ਾਦ ਛਕ ਕੇ ਪਾਤਸ਼ਾਹ ਤੁਰਨ ਲੱਗੇ ਹਨ । ਚੇਤ ਸਿੰਘ ਤੇ ਉਸ ਦੇ ਪੁੱਤਰ ਬੇਨੰਤੀ ਕਰਦੇ ਹਨ । ਸੱਚੇ ਪਾਤਸ਼ਾਹ ਸਾਨੂੰ ਪਾਣੀ ਦੀ ਬੜੀ ਔਖਿਆਈ ਹੈ, ਦੂਰੋਂ ਲਿਔਂਦਾ ਪੈਂਦਾ ਛਕਣ ਵਾਸਤੇ, ਓਹ ਜਲ ਵੀ ਸਵਾਦ ਨਹੀਂ ਹੈ । ਘਵਿੰਡ ਪਿੰਡ ਦਾ ਇਕ ਜ਼ਿਮੀਦਾਰ ਸੁੰਦਰ ਸਿੰਘ ਪਾਤਸ਼ਾਹ ਦਾ ਸਿਖ ਸੀ । ਪਿਛਲਾ ਜਨਮ ਉਸ ਦਾ ਬੜਾ ਉਜਲਾ ਸੀ । ਪਿਛਲੇ ਜਨਮ ਸੁੰਦਰ ਸਿੰਘ ਗਗੋ ਬੂਹੇ ਗੁਰੂ ਹੋਇਆ ਸੀ । ਵੀਰ ਸਿੰਘ ਨਾਮ ਸੀ । ਨੌਰੰਗਾਬਾਦ ਤੇ ਮੁਠਿਆਂ ਵਾਲੇ ਉਸ ਦੇ ਝੰਡੇ ਝੁਲਦੇ ਸੀ । ਹੁਣ ਘਵਿੰਡ ਵਿਚ ਜਰਮ ਲੈ ਕੇ ੧੦੦(100) ਸਾਲ ਦੀ ਉਮਰ ਹੋ ਗਈ ਹੈ । ਐਡੀ ਉਸ ਤੇ ਪਾਤਸ਼ਾਹ ਦੀ ਦਇਆ ਹੈ, ਉਸ ਨੂੰ ਆਪਣੇ ਪਿਛਲੇ ਜਨਮ ਦੀ ਵੀ ਸੁਰਤ ਹੈ । ਸੱਚੇ ਪਾਤਸ਼ਾਹ ਨੂੰ ਰੋਜ਼ ਸਵੇਰੇ ਉਠ ਕੇ ਨੰਗੀ ਪੈਰੀਂ ਆ ਕੇ ਦਾੜੇ ਨਾਲ ਪਾਤਸ਼ਾਹ ਦੇ ਚਰਨ ਝਾੜਦਾ ਹੈ ਤੇ ਲੰਗਰ ਦੇ ਭਾਂਡੇ ਸਾਰੇ ਮਾਂਜ ਕੇ ਜਾਂਦਾ ਹੈ । ਓਧਰ ਓਥੇ ਸੱਚੇ ਪਾਤਸ਼ਾਹ ਚੇਤ ਸਿੰਘ ਨੂੰ ਆਂਦੇ ਹਨ ਕਿ ਬਾਬੇ ਸੁੰਦਰ ਸਿੰਘ ਨੂੰ ਲਿਆ ਕੇ, ਪਹਿਲਾਂ ਟੱਪ ਲਵਾ ਲੋ, ਤੇ ਖੂਹਾ ਪੁਟ ਲੋ । ਇਥੋਂ ਅੰਮ੍ਰਿਤ ਜਲ ਨਿਕਲੇਗਾ । ਸੱਚੇ ਪਾਤਸ਼ਾਹ ਸਿਖਾਂ ਨੂੰ ਵਰ ਤੇ ਖੁਸ਼ੀਆਂ ਦੇ ਕੇ ਨਿਹਾਲ ਕਰ ਕੇ ਆ ਗਏ ਹਨ । ਤੁਰਨ ਲੱਗੇ ਚੇਤ ਸਿੰਘ ਨੂੰ ਆਂਦੇ ਹਨ, ਚੇਤ ਸਿੰਘ ਸੁਖ ਨਾਲ ਖੱਤਰੀ ਆਂਦਾ ਮੈਂ ਚੇਤ ਸਿੰਘ ਕੋਲੋਂ ਰੁਪੈਏ ਲੈਣੇ ਹਨ । ਉਸ ਆਖਿਆ ਜੀ ਦੇਣੇ ਹਨ, ਦੋ ਮੇਰੇ ਕੋਲ ਵੈਹੜਾਂ ਹਨ, ਲੈ ਜਾਵੇ ਤੇ ਪੈਸੇ ਪੂਰੇ ਕਰ ਲਵੇ । ਖੱਤਰੀ ਆਖਣ ਲੱਗਾ ਪਾਤਸ਼ਾਹ ਮੈਥੋਂ ਵੈਹੜਾਂ ਸਾਂਭੀਆਂ ਨਹੀਂ ਜਾਂਦੀਆਂ । ਮੈਨੂੰ ਥੋੜੇ ਪੈਸੇ ਦੇ ਦੇਵੇ, ਤੇ ਨਕਦ ਦੇ ਦੇਵੇ । ਚੇਤ ਸਿੰਘ ਆਖਿਆ ਮਹਾਰਾਜ ਜੀ ਦੋਵਾਂ ਵੈਹੜਾਂ ਵਿਚੋਂ ਜੇਹੜੀ ਜੀ ਕਰਦਾ ਓ ਮੱਲ ਲਵੇ ਤੇ ਜਦੋਂ ਸੂਣਗੀਆਂ ਓਦੋਂ ਲੈ ਜਾਵੇ, ਮੈਂ ਸਾਂਭੀ ਜਾਂਦਾ ਹਾਂ । ਖੱਤਰੀ ਨੇ ਜੇਹੜੀ ਚੰਗੀ ਸੀ ਓਹ ਮੱਲ ਲਈ । ਬਚਨ ਕਰ ਕੇ ਪਾਤਸ਼ਾਹ ਘਵਿੰਡ ਨੂੰ ਆ ਗਏ ਹਨ । ਕੋਈ ਦਿਨ ਪਾ ਕੇ ਦੋਵੇਂ ਵੈਹੜਾਂ ਸੂ ਪਈਆਂ ਹਨ ਜੀ । ਸ਼ੱਤਰੀ ਵਾਲੀ ਵੈਹੜ ਨੇ ਵੱਛਾ ਦਿਤਾ ਹੈ, ਤੇ ਦੂਜੀ ਨੇ ਵੱਛੀ ਦਿਤੀ ਹੈ । ਸ਼ੱਤਰੀ ਨੇ ਸੁਣਿਆ ਤੇ ਆਖਣ ਲੱਗਾ, ਪਾਤਸ਼ਾਹ ਮੇਰੀ ਵੈਹੜ ਸੁਣਿਆ ਹੈ ਕਿ ਸੂ ਪਈ ਹੈ, ਦਇਆ ਕਰੋ ਤੇ ਸਾਨੂੰ ਲਿਆ ਦਿਉ । ਪਾਤਸ਼ਾਹ ਆਖਿਆ ਜਾਹ ਬਾਬਾ ਤੂੰ ਆਪੇ ਲੈ ਆ, ਤੈਨੂੰ ਦੇ ਦੇਣਗੇ । ਖੱਤਰੀ ਰੱਖ ਵਿਚ ਚਲਾ ਗਿਆ ਤੇ ਜਾ ਕੇ ਗਊ ਮੰਗੀ ਹੈ । ਚੇਤ ਸਿੰਘ ਆਖਿਆ, ਸ਼ਾਹ ਜੀ ਵੱਛੀ ਵਾਲੀ ਗਊ ਲੈ ਜਾਓ । ਸ਼ੱਤਰੀ ਆਖਣ ਲਗਾ, ਮੇਰੀ ਤਾਂ ਵੱਛੇ ਵਾਲੀ ਹੈ ਤੇ ਮੈਂ ਇਹ ਕਿਉਂ ਖੜਾਂ । ਚੇਤ ਸਿੰਘ ਆਖਣ ਲਗਾ, ਮੈਂ ਵੱਛੇ ਵਾਲੀ ਗਊ ਨਹੀਂ ਦੇਣੀ ਜੀ ਕਰਦਾ ਤੇ ਵੱਛੀ ਵਾਲੀ ਲੈ ਜਾ ਨਹੀਂ ਤੇ ਨਾ ਖੜ । ਸ਼ੱਤਰੀ ਸੱਚੇ ਪਾਤਸ਼ਾਹ ਨੂੰ ਘਵਿੰਡ ਆਣ ਕੇ ਦੱਸਿਆ । ਪਾਤਸ਼ਾਹ ਖੱਤਰੀ ਨੂੰ ਆਖਣ ਲੱਗੇ, ਚੇਤ ਸਿੰਘ ਨਹੀਂ ਮੁਕਰਦਾ । ਅਸੀਂ ਕਿਸੇ ਦਿਨ ਤੇਰੇ ਨਾਲ ਚਲ ਕੇ ਗਊ ਤੇਰੀ ਦੁਵਾ ਲਿਆਵਾਂਗੇ । ਇਕ ਦਿਨ ਪਾਤਸ਼ਾਹ ਆਖਣ ਲਗੇ, ਆ ਬਾਬਾ ਤੇਰੀ ਗਊ ਦੁਵਾ ਲਿਆਈਏ । ਸੱਚੇ ਪਾਤਸ਼ਾਹ ਖੱਤਰੀ ਦੇ ਨਾਲ ਰੱਖ ਵਿਚ ਚਲੇ ਗਏ ਹਨ । ਸਿਖਾਂ ਜਾਂਦਿਆਂ ਦਾ ਦਰਸ਼ਨ ਕਰ ਕੇ ਬੜੇ ਨਿਹਾਲ ਹੋਏ ਹਨ । ਬਾਲੇ ਚੱਕ ਵਾਲਾ ਆਸਾ ਸਿੰਘ ਵੀ ਰੱਖ ਵਿਚ ਵਾਈ ਕਰਦਾ ਸੀ । ਉਸ ਵੀ ਦਰਸ਼ਨ ਕੀਤੇ ਤੇ ਧੰਨ ਧੰਨ ਦਿਹਾੜਾ ਸਮਝਿਆ । ਪਾਤਸ਼ਾਹ ਉਸ ਵਕਤ ਬਚਨ ਬਲਾਸ ਕਰਨ ਲਗੇ । ਆਖਣ ਚੇਤ ਸਿੰਘ, ਅਸਾਂ ਖੱਤਰੀ ਨੂੰ ਘੱਲਿਆ ਸੀ ਤੂੰ ਗਊ ਨਹੀਂ ਦਿਤੀ । ਓਸ ਆਖਿਆ ਜੀ ਮੈਂ ਵੱਛੀ ਵਾਲੀ ਗਊ ਇਹਨੂੰ ਆਖੀ ਤੇ ਏਸ ਨੇ ਖੜੀ ਨਹੀਂ । ਪਾਤਸ਼ਾਹ ਆਖਣ ਲੱਗੇ, ਤੂੰ ਵੱਛਾ ਕਰ ਕੇ ਹੁਣ ਮੁਕਰਦਾ ਹੈ । ਗਊ ਤਾਂ ਇਹਦੀ ਵੱਛੇ ਵਾਲੀ ਹੈ । ਚੇਤ ਸਿੰਘ ਆਖਣ ਲਗਾ, ਪਾਤਸ਼ਾਹ ਮੈਂ ਵੱਛੇ ਵਾਲੀ ਗਊ ਨਹੀਂ ਦੇਣੀ ਜੀ । ਜੀ ਕਰਦਾ ਤੇ ਵੱਛੀ ਵਾਲੀ ਲੈ ਜੇ ਨਹੀਂ ਤਾਂ ਨਾ ਖੜੇ । ਪਾਤਸ਼ਾਹ ਖੱਤਰੀ ਨੂੰ ਆਖਣ ਲੱਗੇ, ਬਾਬਾ ਸਾਡੇ ਆਖੇ ਤੂੰ ਵੱਛੀ ਵਾਲੀ ਗਊ ਲੈ ਜਾ, ਆਪੇ ਤੈਨੂੰ ਲੈਹਣੀਆਂ ਕਰੇਗੀ । ਖੱਤਰੀ ਸਤਿ ਬਚਨ ਮੰਨ ਕੇ ਵੱਛੀ ਵਾਲੀ ਗਊ ਲੈ ਆਇਆ ਹੈ । ਚੇਤ ਸਿੰਘ ਵਾਲੀ ਗਊ ਨੇ ਏਨ੍ਹਾਂ ਨੂੰ ਦੁਧ ਨਹੀਂ ਚੋਣ ਦਿੱਤਾ । ਵੱਛੇ ਨੂੰ ਚੰਗੌਂਦੀ ਰਹੀ ਹੈ, ਤੇ ਫਿਰ ਗਾਂ ਮੁੜ ਕੇ ਸੂਈ ਨਹੀਂ । ਓਹੋ ਵੱਛਾ ਦਿਤਾ ਫਿਰ ਨਹੀਂ ਸੂਈ । ਫਿਰ ਜਦੋਂ ਪਾਤਸ਼ਾਹ ਨੇ ਜਾਣਾ ਤੇ ਓਦੋਂ ਚੇਤ ਸਿੰਘ ਬੇਨੰਤੀਆਂ ਕਰਨੀਆਂ । ਸੱਚੇ ਪਾਤਸ਼ਾਹ ਗਊ ਬੜੀ ਸੀ ਵੱਛੇ ਵਾਲੀ ਮੁੜ ਕੇ ਸੂਈ ਨਹੀਂ । ਪਾਤਸ਼ਾਹ ਆਖਣ ਲੱਗੇ, ਚੇਤ ਸਿੰਘ ਅਸੀਂ ਤੇਰੇ ਤੇ ਬੜਾ ਰੈਹਮ ਕਰ ਆਏ ਹਾਂ ਤੇ ਗਊ ਤੇ ਗੁੱਸਾ ਪਾ ਆਏ ਹਾਂ । ਗੁੱਸਾ ਸਾਨੂੰ ਤੇਰਾ ਸੀ, ਜੇਹੜਾ ਤੂੰ ਜਬਾਨ ਕਰਕੇ ਮੁਕਰ ਗਿਆ ਸੀ । ਹੁਣ ਇਹ ਗਊ ਇਸ ਜਨਮ ਵਿਚ ਨਾ ਸੂਏ ਗੀ । ਚੇਤ ਸਿੰਘ ਦੇ ਅਖਤਿਆਰ ਨਹੀਂ, ਅਸੀਂ ਸਾਰੇ ਸਿਖ ਹੀ ਭੁਲਣਹਾਰ ਹਾਂ । “ਭੁਲਣ ਅੰਦਰ ਸਭ ਕੋ ਅਣਭੁਲ ਗੁਰੂ ਕਰਤਾਰ”, ਸੱਚੇ ਪਿਤਾ ਆਪ ਹੀ ਬਾਹੋਂ ਫੜ ਕੇ ਸਿਖਾਂ ਨੂੰ ਤਾਰ ਰਹੇ ਹਨ । ਸਾਡੇ ਵਿਚ ਗੁਣ ਕੋਈ ਨਹੀਂ ।।
