ਤੇਜਾ ਸਿੰਘ ਸਿਖ ਦੀ ਸਾਖੀ ਕਿਸ ਤਰ੍ਹਾਂ ਪਾਤਸ਼ਾਹ ਨੂੰ ਘੋੜਾ ਦਿਤਾ
ਤੇਜਾ ਸਿੰਘ ਸਿਖ ਨੇ ਇਕ ਵੇਰਾਂ ਤਿੰਨ ਵਛੇਰੇ ਕੱਠੇ ਖਰੀਦੇ । ਜਿਸ ਵੇਲੇ ਢਾਈਆਂ ਤਿੰਨਾਂ ਸਾਲਾਂ ਦੇ
ਘੋੜੇ ਬਣੇ ਹਨ ਜੀ । ਇਕ ਵਛੇਰਾ ਛੋਟਾ ਵੇਚ ਲਿਆ ਤੇ ਦੂਸਰੇ ਦੋ ਪਾਸ ਹਨ । ਉਨ੍ਹਾਂ ਦੋਹਾਂ ਵਿਚੋਂ ਇਕ ਬੜਾ ਸੁੰਦਰ ਘੋੜਾ ਸੀ ਕਮੈਦ ਰੰਗ ਦਾ । ਮੱਥਿਓ ਬੱਲਾ ਤੇ ਚੰਬਾ ਸੀ । ਦਰਸ਼ਨ ਕਰਨ ਨੂੰ ਮਾਣਾ ਸਿੰਘ ਘਵਿੰਡ ਆਇਆ ਹੋਇਆ ਹੈ । ਪਾਤਸ਼ਾਹ ਆਖਣ ਲਗੇ, ਬਾਬਾ ਅਸਾਂ ਤੇਰੇ ਕੋਲੋਂ ਘੋੜਾ ਸੇਵਾ ਵਿਚ ਲੈਣਾ ਹੈ । ਹੱਥ ਜੋੜ ਕੇ ਮਾਣਾ ਸਿੰਘ ਆਖਣ ਲਗਾ, ਸੱਚੇ ਪਿਤਾ ਆਪ ਦੇ ਘੋੜੇ ਹਨ । ਜਦੋਂ ਹੁਕਮ ਕਰੋ ਉਸੇ ਵਕਤ ਸੇਵਾ ਵਿਚ ਦੇ ਜਾਂਦਾ ਹਾਂ । ਮਹਾਰਾਜ ਹੋਰੀਂ ਆਖਣ ਲੱਗੇ, ਬਾਬਾ ਜੇਹੜੀ ਸੇਵਾ ਮੂੰਹੋਂ ਕੱਢੀਏ, ਉਸੇ ਵਕਤ ਦੇ ਦੇਣੀ ਚਾਹੀਦੀ ਹੈ । ਹੱਥ ਜੋੜ ਕੇ ਬੇਨੰਤੀ ਕਰਦਾ ਹੈ ਦੀਨ ਦਿਆਲ ਦੋ ਵਛੇਰੇ ਨੇ, ਜੇਹੜਾ ਹੁਕਮ ਕਰੋ ਮੈਂ ਭੇਜ ਦੇਂਦਾ ਹਾਂ । ਮਹਾਰਾਜ ਹੋਰੀਂ ਆਖਣ ਲਗੇ, ਬਾਬਾ ਜਿਹੜਾ ਕਮੈਤ ਰੰਗ ਦਾ ਘੋੜਾ ਹੈ, ਓਹ ਸਾਨੂੰ ਭੇਜ ਦੇ । ਤੇਜਾ ਸਿੰਘ ਦੇ ਬਾਪ ਨੇ ਘੋੜਾ ਲਿਆ ਕੇ ਪਾਤਸ਼ਾਹ ਦੀ ਸੇਵਾ ਕਰ ਦਿਤੀ । ਪਾਤਸ਼ਾਹ ਪੁਛਦੇ ਨੇ, ਬਾਬਾ ਘੋੜਾ ਲਾਦੂ ਕੱਢਿਆ ਕਿ ਨਹੀਂ ? ਉਸ ਆਖਿਆ ਜੀ ਅਸੀਂ ਤਾਂ ਨਹੀਂ ਉਤੇ ਚੜ੍ਹੇ, ਆਪ ਦਇਆ ਕਰੋ ।।
ਭਾਦਰੋਂ ਦੇ ਮਹੀਨੇ ਦਾ ਬਚਨ ਹੈ, ਦੂਸਰਾ ਵਛੇਰਾ ਪਾਲਦੇ ਹਨ ਜੀ । ਤੇਜਾ ਸਿੰਘ ਦੂਸਰੇ ਵਛੇਰੇ ਚੜ੍ਹ ਕੇ ਪਾਤਸ਼ਾਹ ਕੋਲ ਆਇਆ ਹੈ ਦਰਸ਼ਨ ਕਰਨ । ਪਾਤਸ਼ਾਹ ਹੱਸ ਕੇ ਆਖਣ ਲੱਗੇ ਤੇਜਾ ਸਿੰਘ ਆਪਣੇ ਵਾਲਾ ਘੋੜਾ ਸਾਨੂੰ ਦੇ ਦੇ ਤੇ ਸਾਡੇ ਵਾਲਾ ਤੂੰ ਲੈ ਲਾ । ਜੇ ਭਾਗ ਚੰਗੇ ਹੁੰਦੇ ਤੇ ਸਿਖ ਸਤਿ ਬਚਨ ਮੰਨ ਲੈਂਦਾ ਜੀ । ਅੱਗੋਂ ਸਗੋਂ ਬੇਨੰਤੀ ਕਰਨ ਦੀ ਬਜਾਏ ਤੇਜਾ ਸਿੰਘ ਆਖਣ ਲਗਾ, ਸੱਚੇ ਪਾਤਸ਼ਾਹ ਇਹ ਘੋੜਾ ਨਹੀਂ ਤੁਹਾਨੂੰ ਦੇਣ ਵਾਲਾ । ਸਿਖ ਦਾ ਕਰਮ ਨਹੀਂ ਅਗੋਂ ਪਾਤਸ਼ਾਹ ਦਾ ਬਚਨ ਮੋੜਨਾ ਜੀ । ਪਰ ਸੱਚੇ ਪਾਤਸ਼ਾਹ ਜਬਾਬ ਸੁਣ ਕੇ ਚੁਪ ਕਰ ਗਏ । ਐਸਾ ਖੋਟਾ ਬਚਨ ਕਰਨ ਕਰਕੇ ਪਾਤਸ਼ਾਹ ਨਰਾਜ਼ ਜਾਪਦੇ ਹਨ । ਦਿਹਾੜੀ ਰਹਿ ਕੇ ਤੇਜਾ ਸਿੰਘ ਚਲਾ ਗਿਆ ਹੈ । ਜਾ ਕੇ ਆਪਣੇ ਬਾਪ ਨੂੰ ਆਖਿਆ, ਬਾਪੂ ਪਾਤਸ਼ਾਹ ਤਾਂ ਇਹ ਵੀ ਘੋੜਾ ਮੰਗਦੇ ਸਨ । ਮਾਣਾ ਸਿੰਘ ਆਖਣ ਲਗਾ, ਫੇਰ ਤੂੰ ਕੀ ਆਖਿਆ ਸੀ । ਤੇਜਾ ਸਿੰਘ ਆਖਿਆ ਬਾਪੂ ਮੈਂ ਆਖਿਆ ਸੀ, ਪਾਤਸ਼ਾਹ ਏਹ ਘੋੜਾ ਨਹੀਂ ਤੁਹਾਡੇ ਦੇਣ ਵਾਲਾ । ਮਾਣਾ ਸਿੰਘ ਆਖਿਆ ਤੂੰ ਬਹੁਤ ਕਠੋਰ ਬਚਨ ਬੋਲਿਆਂ ਹੈ । ਸਿਖ ਦਾ ਕੰਮ ਨਹੀਂ ਇਹ ਬਚਨ ਬੋਲਣਾ । ਤੇਜਾ ਸਿੰਘ ਆਖਿਆ, ਮੈਥੋਂ ਬਾਪੂ ਜੀ ਗਲਤੀ ਹੋ ਗਈ ਹੈ, ਮੈਨੂੰ ਭੁਲ ਬਖ਼ਸ਼ਣਾ । ਕੋਈ ਦਿਨ ਪਾ ਕੇ ਤੇਜਾ ਸਿੰਘ ਵਿਸਾਖੀ ਤੇ ਘੋੜਾ ਲੈ ਕੇ ਗਿਆ ਹੈ । ੫੦੦(500) ਰੁਪੈਆ ਘੋੜੇ ਦਾ ਮਿਲੇ ਤੇ ਤੇਜਾ ਸਿੰਘ ਨੇ ਦਿਤਾ ਨਾ । ਠੱਗਾਂ ਕੋਲੋਂ ਘੋੜਾ ਠਗਾ ਕੇ ਆ ਗਿਆ । ਰਸੀਦ ਵੀ ਓਨ੍ਹਾਂ ਨੇ ਬਣਵਾ ਲਈ ਤੇ ਪੈਸੇ ਵੀ ਨਾ ਓਨ੍ਹਾਂ ਦਿਤੇ । ਪਾਤਸ਼ਾਹ ਦੇ ਹੁਕਮ ਮੋੜਨ ਦਾ ਫਲ ਪਾ ਲਿਆ । ਸਿਖੀ ਵਿਚ ਕਲੰਕ ਲਗ ਗਿਆ ਕਿ ਪਾਤਸ਼ਾਹ ਦਾ ਬਚਨ ਮੋੜਿਆ ਤੇ ਘੋੜਾ ਗੁਆ ਲਿਆ । ਸਿਖ ਸਦਾ ਭੁਲਣਹਾਰ ਹਨ, ਤੇ ਸੱਚਾ ਸਾਹਿਬ ਬਖ਼ਸ਼ਣਹਾਰ ਹੈ । ਏਸੇ ਕਰ ਕੇ ਸਿਖੀ ਦਾ ਬਚਨ ਲਿਖਿਆ ਹੈ, “ਖੰਡਿਉਂ ਤਿਖੀ ਤੇ ਵਾਲੋਂ ਨਿਕੀ” । ਨਿਰੰਕਾਰ ਸੱਚੇ ਪਾਤਸ਼ਾਹ ਦੇ ਦਵਾਰੇ ਸੋਚ ਕੇ ਬਚਨ ਬੋਲਣ ਦੀ ਲੋੜ ਹੈ । ਮਾੜਾ ਬਚਨ ਕੱਢਣ ਨਾਲ ਭੋਗਣਾ ਪੈ ਜਾਂਦਾ । ਅਠ ਘੋੜੇ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਭੁਚਰੋਂ ਆਏ ਹਨ ।।
ਇਕ ਵੇਰਾਂ ਦਾ ਬਚਨ ਹੈ ਕਿ ਤੇਜਾ ਸਿੰਘ ਦੀਆਂ ਅੱਖਾਂ ਦੁਖਣੀਆਂ ਆ ਗਈਆਂ । ਐਨੀਆਂ ਦੁਖਦੀਆਂ ਹਨ ਕਿ ਬਿਲਕੁਲ ਅੱਖੀਂ ਦਿਸਣੋਂ ਹਟ ਗਿਆ । ਚੋਰਾਂ ਠੱਗਾਂ ਵਲ ਧਿਆਨ ਰੱਖਣ ਨਾਲ ਮੇਰੀਆਂ ਅੱਖਾਂ ਬੰਦ ਹੋ ਗਈਆਂ । ੨੭(27) ਚੱਕੋਂ ੧੦੦(100) ਕੋਹ ਪੈਂਡਾ ਘਵਿੰਡ ਦਾ ਸੀ । ਬਾਰ ਵਾਲਾ ਬੁਧ ਸਿੰਘ ਪਾਤਸ਼ਾਹ ਦਾ ਸਿੱਖ ਸੀ । ਤੇਜਾ ਸਿੰਘ ਤੇ ਬੁਧ ਸਿੰਘ ਦਾ ਬੜਾ ਪਿਆਰ ਸੀ । ਤੇਜਾ ਸਿੰਘ ਬੁਧ ਸਿੰਘ ਨੂੰ ਆਖਣ ਲਗਾ, ਬੁਧ ਸਿੰਘ ਮੈਂ ਪਾਤਸ਼ਾਹ ਦੀ ਸੇਵਾ ਵਿਚੋਂ ਆ ਗਿਆ ਹਾਂ, ਤੇ ਮੇਰੀਆਂ ਅੱਖਾਂ ਦੁਖਦੀਆਂ ਹਨ । ਜੇ ਮੈਂ ਚਲਾ ਜਾਵਾਂ, ਜਾ ਕੇ ਭੁੱਲ ਬਖ਼ਸ਼ਾਂ ਲਵਾਂ ਤੇ ਹੁਣੇ ਰਮਾਨ ਆ ਜੇ । ਮੇਰੇ ਪਾਸ ਸੇਵਾ ਹੈ ਨਹੀਂ ਤੇ ਸਾਧ ਕਰ ਕੇ ਨਹੀਂ ਜਾਂਦਾ । ਬੁਧ ਸਿੰਘ ਕਿਹਾ ਜੋ ਜੀ ਕਰਦਾ ਤੇਰਾ ਮੇਰੇ ਪਾਸੋਂ ਸੇਵਾ ਲੈ ਜਾ, ਮੈਂ ਕਿਸੇ ਕੋਲੋਂ ਲੈ ਦੇਂਦਾ ਹਾਂ । ਤੂੰ ਜਾ ਕੇ ਸੇਵਾ ਕਰ ਤੇ ਦਰਸ਼ਨ ਕਰ ਆ । ਬੁਧ ਨੇ ਇਕ ਸੌ ਪੰਜਾਹ ਰੁਪੈਏ ਪਾਲ ਸਿੰਘ ਕੋਲੋਂ ਉਧਾਰ ਲੈ ਕੇ ਦਿਤੇ ਫਿਰ ਤੇਜਾ ਸਿੰਘ ਨੇ ਸਵਾ ਸੌ ਰੁਪੈਏ ਦਾ ਘੋੜਾ ਚਿੱਟੇ ਰੰਗ ਦਾ ਲਿਆ ਤੇ ਨਵੀਂ ਕਾਠੀ ੨੫(25) ਰੁਪੈਏ ਦੀ ਲੈਲਪੁਰੋਂ ਲੈ ਕੇ ਪਾਤਸ਼ਾਹ ਦੇ ਚਰਨਾਂ ਵਿਚ ਧਿਆਨ ਰਖ ਕੇ ਤੁਰ ਪਿਆ ਹੈ ਜੀ । ਇਕ ਮੰਜ਼ਲ ਪੁਛ ਪੁਛਾ ਕੇ ਆਇਆ ਤੇ ਦੂਸਰੀ ਮੰਜ਼ਲ ਪਾਤਸ਼ਾਹ ਦਇਆ ਕਰ ਦਿਤੀ, ਚਾਨਣ ਹੋ ਗਿਆ । ਨਿਗਾਹ ਠੀਕ ਹੁੰਦੀ ਗਈ । ਚੌਥੇ ਦਿਨ ਪਾਤਸ਼ਾਹ ਦੇ ਚਰਨਾਂ ਵਿਚ ਪਹੁੰਚ ਗਿਆ ਹੈ । ਜਿਸ ਵਕਤ ਪਾਤਸ਼ਾਹ ਦਾ ਦਰਸ਼ਨ ਕੀਤਾ ਦੁਖ ਦੂਰ ਹੋ ਗਏ । ਪਾਤਸ਼ਾਹ ਅੱਗੇ ਬੇਨੰਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਭੁਲ ਬਖ਼ਸ਼ੋ । ਆਪ ਦੀ ਚੀਜ ਆਪ ਦੇ ਪਾਸ ਆ ਗਈ ਹੈ । ਮੈਨੂੰ ਹੁਣ ਹੱਥੀਂ ਸੇਵਾ ਤੇ ਦੇਹ ਨਰੋਈ ਤੇ ਸਾਸ ਸੁਖਾਲੇ ਬਖ਼ਸ਼ੋ । ਪਾਤਸ਼ਾਹ ਆਖਣ ਲੱਗੇ ਅਸੀਂ ਤੁਹਾਨੂੰ ਬਲਦੀਆਂ ਅੱਗਾਂ ਵਿਚੋਂ ਕੱਢਦੇ ਹਾਂ, ਤੁਸੀਂ ਜਾਣ ਜਾਣ ਕੇ ਵੜਦੇ ਜੇ । ਜੇਕਰ ਸਾਡੀ ਕਿਰਪਾ ਨਾ ਹੁੰਦੀ ਤੇ ਸਾਡੇ ਚਰਨਾਂ ਵਿਚ ਕਿਸ ਤਰ੍ਹਾਂ ਆਉਂਦਾ । ਸਾਨੂੰ ਤਾਂ ਸਾਰਾ ਪਿਛਲੀਆਂ ਤੁਹਾਡੀਆਂ ਕਮਈਆਂ ਦਾ ਪਤਾ ਹੈ, ਤੇ ਤੁਹਾਨੂੰ ਕੀ ਪਤਾ ਹੈ । ਸ਼ੁਕਰ ਕਰ ਕੇ ਘੋੜਾ ਵੀ ਨਿਮਸਕਾਰ ਕਰ ਕੇ ਮੱਥਾ ਟੇਕ ਦਿਤਾ । ਆਪ ਸਤਿ ਬਚਨ ਮੰਨ ਕੇ ਸੇਵਾ ਨੂੰ ਲਗ ਪਿਆ ਜੀ । ਤੇਜਾ ਸਿੰਘ ਸਿਖ ਬੁਧ ਸਿੰਘ ਦਾ ਬੜਾ ਧੰਨਵਾਦ ਕਰਦਾ ਹੈ ਜਿਸ ਨੇ ਕਰਜਾ ਉਠਾ ਕੇ ਗੁਰ ਭਾਈ ਨੂੰ ਸੇਵਾ ਵਿਚ ਘੱਲਿਆ ਹੈ ਜੀ । ਪਾਲ ਸਿੰਘ ਨੂੰ ਬੁਧ ਸਿੰਘ ਨੇ ਆਪ ਪੈਸੇ ਦੇ ਦਿਤੇ । ਤੇਜਾ ਸਿੰਘ ਨੂੰ ੫(5) ਸਾਲ ਪੁਛਿਆ ਨਹੀਂ । ਫਿਰ ਤੇਜਾ ਸਿੰਘ ਆਪਣੇ ਆਪ ਬੁਧ ਸਿੰਘ ਨੂੰ ਪੈਸੇ ਦਿਤੇ ਹਨ ਜੀ ।।
ਬਾਰ ਵਾਲੀ ਸਿਖੀ ਦਾ ਪਾਲ ਸਿੰਘ ਥੰਮ ਸੀ । ਕਿਸੇ ਰਕਮ ਦੀ ਤਕਲੀਫ ਜਾਂ ਚਿੰਤਾ ਹੋਵੇ, ਪਾਤਸ਼ਾਹ ਦੇ ਬਚਨ ਸੁਣਾ ਕੇ ਕੈਮ ਕਰ ਦਿੰਦਾ ਸੀ ।