ਇੰਦਰ ਸਿੰਘ ਝੁਬਾਲ ਵਾਲੇ ਨੇ ਪਾਤਸ਼ਾਹ ਦੀ ਸ਼ਰਨ ਔਣਾ
ਇੰਦਰ ਸਿੰਘ ਝੁਬਾਲ ਦਾ ਇਕ ਸਿਖ ਸੀ । ਓਹ ੨੧ (21) ਸਾਲ ਦਾ ਸੀ ਜਦੋਂ ਪਾਤਸ਼ਾਹ ਦੀ
ਸ਼ਰਨ ਲੱਗਾ ਹੈ ਸ਼ਰਨ ਲੱਗਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਓਸ ਨੂੰ ਦਰਸ਼ਨ ਦੇਂਦੇ ਸਨ । ਮਨ ਵਿਚ ਤਾਂ ਸਮਝੇ ਕਿ ਪਾਤਸ਼ਾਹ ਅਵਤਾਰ ਧਾਰਿਆ ਹੈ, ਪਤਾ ਨਾਂ ਓਸ ਨੂੰ ਲੱਗੇ ਕੇਹੜੀ ਜਗ੍ਹਾ ਹਨ । ਮੁਲਤਾਨ ਵਿਚ ਇੰਦਰ ਸਿੰਘ ਰੇਲਵਾਈ ਕਾਰਖਾਨੇ ਵਿਚ ਨੌਕਰ ਹੁੰਦਾ ਸੀ । ਇੰਦਰ ਸਿੰਘ ਛੁੱਟੀ ਆਇਆ ਹੈ । ਇੰਦਰ ਸਿੰਘ ਦੀ ਭੈਣ ਪਊਵਿੰਡ ਵਿਆਈ ਹੋਈ ਸੀ, ਓਸ ਨੂੰ ਮਿਲਣ ਗਿਆ ਹੈ । ਇੰਦਰ ਸਿੰਘ ਦੀ ਭਣੇਵੀ ਰਾਮਗੜ੍ਹੀਆਂ ਸਿੰਘਾਂ ਦੇ ਘਰ ਗਾਗੇ ਵਿਆਈ ਹੋਈ ਸੀ । ਗਾਗੇ ਵਾਲੇ ਪਾਤਸ਼ਾਹ ਦੀ ਭੂਆ ਦੇ ਪੁਤ ਭਰਾ ਸਨ । ਸੱਚੇ ਪਾਤਸ਼ਾਹ ਆਪ ਦੀ ਭੂਆ ਨੂੰ ਮਿਲਣ ਜਾਂਦੇ ਹੁੰਦੇ ਸਨ । ਪਾਤਸ਼ਾਹ ਦੀ ਸਕੀ ਭੈਣ ਠਾਕਰੀ ਵੀ ਗਾਗੇ ਪਿੰਡ ਵਿਆਈ ਹੋਈ ਸੀ । ਭੂਆ ਤੇ ਭੈਣ ਨੂੰ ਪਾਤਸ਼ਾਹ ਮਹੀਨੇ ੨੦ (20) ਦਿਨਾਂ ਪਿਛੋਂ ਜਰੂਰ ਮਿਲਣ ਜਾਂਦੇ ਸਨ । ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਨਣ ਵਾਲੇ ਨੇ । ਪਊਵਿੰਡ ਵਾਲੀ ਬੀਬੀ (ਇੰਦਰ ਸਿੰਘ ਦੀ ਭਣੇਂਵੀ) ਬੜੀ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਘ ਰਖਦੀ ਸੀ । ਪਾਤਸ਼ਾਹ ਐਡੇ ਦਿਆਲ ਹੋਏ ਉਸ ਬੀਬੀ ਨੂੰ ਸੋਲਾਂ ਕਲਾਂ ਸੰਪੂਰਨ ਦਰਸ਼ਨ ਦੇਣ ਲਗ ਪਏ । ਜਿਸ ਵਕਤ ਪਊਵਿੰਡ ਆਪ ਦੇ ਪੇਕੇ ਘਰ ਬੀਬੀ ਜਾਂਦੀ ਸੀ, ਅੱਠੇ ਪਹਿਰ ਮੋਰ ਮੁਕਟ ਸਿਰ ਤੇ ਦਰਸ਼ਨ ਦੇਂਦੇ ਰਹਿਣ, ਐਡੇ ਮਿਹਰਵਾਨ ਹਨ ।।
ਸੰਤ ਮਨੀ ਸਿੰਘ ਵੀ ਗਾਗੇ ਜਾਂਦੇ ਸਨ । ਬੀਬੀ ਨੇ ਓਹਨਾਂ ਦਾ ਵੀ ਦਰਸ਼ਨ ਕੀਤਾ ਹੋਇਆ ਸੀ । ਸੰਤਾਂ ਨੂੰ ਗੁਰੂ ਜਾਣ ਕੇ ਹਿਰਦੇ ਵਿਚ ਰੱਖਦੀ ਸੀ । ਉਸ ਬੀਬੀ ਨੇ ਆਪ ਦੀ ਮਾਤਾ ਨਾਲ ਬਚਨ ਕੀਤੇ ਕਿ ਨਿਹਕਲੰਕ ਅਵਤਾਰ ਤ੍ਰਿਲੋਕੀ ਨਾਥ ਨੇ ਘਵਿੰਡ ਪਿੰਡ ਵਿਚ ਅਵਤਾਰ ਧਾਰਿਆ ਹੈ, ਰਾਮਗੜ੍ਹੀਆਂ ਸਿਖਾਂ ਦੇ ਘਰ ਤੇ ਮੇਰੀ ਸੱਸ ਦੇ ਭਤੀਏ ਲਗਦੇ ਹਨ । ਪਾਤਸ਼ਾਹ ਦੀ ਸਕੀ ਭੈਣ ਵੀ ਸਾਡੇ ਕੋਲ ਹੈ, ਉਸ ਦੇ ਕੋਲ ਔਂਦੇ ਹਨ, ਤੇ ਮੈਨੂੰ ਦਰਸ਼ਨ ਹੋ ਜਾਂਦਾ ਹੈ । ਸੰਤ ਮਨੀ ਸਿੰਘ ਦਾ ਵੀ ਮੈਂ ਦਰਸ਼ਨ ਕੀਤਾ ਹੈ । ਬੀਬੀ ਦੀ ਮਾਤਾ ਨੂੰ ਬਚਨ ਸੁਣ ਕੇ ਬੜਾ ਪ੍ਰੇਮ ਜਾਗਿਆ । ਓਸ ਆਖਿਆ ਬੀਬੀ ਤੇਰੇ ਨਾਲ ਸਾਨੂੰ ਵੀ ਦਰਸ਼ਨ ਹੋ ਜਾਣਗੇ । ਉਸ ਨੇ ਆਖਿਆ, ਚਲੋ ਮਾਤਾ ਜੀ ਆਪਾਂ ਐਥੋਂ ਸਿਧੇ ਘਵਿੰਡ ਜਾ ਕੇ ਦਰਸ਼ਨ ਕਰ ਆਈਏ । ਜਿਸ ਵਕਤ ਇੰਦਰ ਸਿੰਘ ਗਿਆ ਤੇ ਦੋਵੇਂ ਮਾਵਾਂ ਧੀਆਂ ਪਾਤਸ਼ਾਹ ਦਾ ਜਸ ਕਰ ਕੇ ਅਨੰਦ ਹੋ ਰਹੀਆਂ ਹਨ । ਜਦੋਂ ਬੀਬੀ ਬਹੇ ਜਾਂ ਉਠੇ ਓਦੋਂ ਸੱਚੇ ਪਾਤਸ਼ਾਹ ਦਾ ਨਾਮ ਲੈਂਦੀ ਸੀ । ਇੰਦਰ ਸਿੰਘ ਆਖਣ ਲਗਾ, ਬੀਬੀ ਤੂੰ ਕੀਹਦਾ ਨਾਮ ਜਪਦੀ ਹੈਂ । ਓਹ ਆਖਣ ਲੱਗੀ ਮਾਮਾ ਜੀ, ਮੈਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਾਮ ਜਪਦੀ ਹਾਂ । ਓਹ ਆਖਣ ਲੱਗਾ ਮਹਾਰਾਜ ਕਿਥੇ ਰਹਿੰਦੇ ਹਨ । ਬੀਬੀ ਆਖਣ ਲੱਗੀ ਮਾਮਾ ਜੀ ਘਵਿੰਡ ਨਗਰ ਵਿਚ ਰਾਮਗੜ੍ਹੀਆਂ ਸਿਖਾਂ ਦੇ ਘਰ ਅਵਤਾਰ ਧਾਰਿਆ ਹੈ । ਗਾਗੇ ਵੀ ਪਾਤਸ਼ਾਹ ਔਂਦੇ ਹਨ ਆਪ ਦੀ ਭੂਆ ਤੇ ਭੈਣ ਕੋਲ ਤੇ ਮੈਨੂੰ ਵੀ ਦਰਸ਼ਨ ਹੋ ਜਾਂਦਾ ਹੈ । ਓਸ ਵਕਤ ਇੰਦਰ ਸਿੰਘ ਆਖਣ ਲਗਾ ਬੀਬੀ ਤੂੰ ਬੜੇ ਭਾਗਾਂ ਵਾਲੀ ਹੈਂ, ਮੈਨੂੰ ਵੀ ਦਰਸ਼ਨ ਕਰਾ । ਓਸ ਵਕਤ ਇੰਦਰ ਸਿੰਘ ਬਚਨ ਕਰਦਾ ਹੈ ਕਿ ਬੀਬੀ ਮੈਨੂੰ ਵੀ ਪਾਤਸ਼ਾਹ ਦਰਸ਼ਨ ਤਾਂ ਬੜਾ ਦੇਂਦੇ ਰਹੇ ਹਨ ਪਰ ਮੈਨੂੰ ਸਮਝ ਨਹੀਂ ਲੱਗੀ । ਅੱਛਾ ਹੁਣ ਮੈਂ ਦਰਸ਼ਨ ਕਰ ਕੇ ਫੇਰ ਤੈਨੂੰ ਦੱਸਾਂਗਾ । ਜਿਸ ਤਰ੍ਹਾਂ ਮੈਨੂੰ ਵਖੌਂਦੇ ਸੀ, ਮੈਂ ਸਿਆਣ ਲਵਾਂਗਾ । ਇੰਦਰ ਸਿੰਘ ਪੁਛਦਾ ਹੈ ਬੀਬੀ ਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਕਿ ਪਰਗਟ ਹੋਏ ਹਨ । ਓਹ ਆਖਣ ਲੱਗੀ ਮਾਮਾ ਜੀ ਮਾਲਵੇ ਦੇਸ ਵਿਚੋਂ ਸੰਤ ਮਨੀ ਸਿੰਘ ਆਇਆ ਹੈ । ਓਸ ਆਖਿਆ ਤੇ ਢੋਲ ਮਾਰੇ ਹਨ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਝੇ ਦੇਸ ਵਿਚ ਗਰੀਬਾਂ ਦੀ ਰੱਖਿਆ ਕਰਨ ਆਏ ਹਨ । ਮੈਂ ਬਲਿਹਾਰ ਹਾਂ ਸੱਚੇ ਸਾਹਿਬ ਤੋਂ, ਓਨ੍ਹਾਂ ਦੇ ਗੁਣ ਤਾਂ ਮੈਂ ਨਹੀਂ ਗਾ ਸਕਦੀ । ਇੰਦਰ ਸਿੰਘ ਆਖਿਆ ਬੀਬੀ ਤੂੰ ਹੁਣ ਮੈਨੂੰ ਦਰਸ਼ਨ ਜਰੂਰ ਕਰਾ । ਓਸ ਆਖਿਆ ਮਾਮਾ ਜੀ ਤੁਸੀਂ ਚਲੋ ਤੇ ਸਗੋਂ ਮੈਂ ਵੀ ਤੁਹਾਡੇ ਨਾਲ ਜਾ ਕੇ ਦਰਸ਼ਨ ਕਰ ਲਵਾਂਗੀ । ਅਗਲੇ ਦਿਨ ਸੰਤ ਮਨੀ ਸਿੰਘ ਵੀ ਸਬੱਬ ਨਾਲ ਪਊਵਿੰਡ ਚਲੇ ਗਏ । ਨਾਲ ਬਾਬਾ ਰੰਗਾ ਸਿੰਘ ਪਾਤਸ਼ਾਹ ਦਾ ਚਾਚਾ ਅਤੇ ਸੰਤ ਫੁੱਮਣ ਸਿੰਘ ਸੇਵਾਦਾਰ ਸੀ । ਤਿੰਨੇ ਜਣੇ ਘਰ ਪੁਛ ਕੇ ਚਲੇ ਗਏ ਹਨ । ਬੀਬੀ ਵੇਖ ਕੇ ਬੜੀ ਖ਼ੁਸ਼ ਹੋਈ । ਆਪ ਦੀ ਮਾਤਾ ਨੂੰ ਸਮਝਾਇਆ ਕਿ ਏਹ ਸੰਤ ਮਨੀ ਸਿੰਘ ਆਏ ਹਨ । ਜਿਨ੍ਹਾਂ ਮਹਾਰਾਜ ਹੋਰਾਂ ਨੂੰ ਲੱਭਾ ਹੈ, ਤੇ ਇਕ ਪਾਤਸ਼ਾਹ ਦਾ ਚਾਚਾ ਨਾਲ ਹੈ । ਪਲੰਘ ਡਾਹ ਦਿਤੇ ਬੀਬੀ ਨੇ ਹੱਥ ਜੋੜ ਕੇ ਨਿਮਸਕਾਰ ਕੀਤੀ । ਜਲ ਪਾਣੀ ਦੀ ਸੇਵਾ ਵਿਚ ਲਗ ਪਏ ਹਨ । ਹੱਟੀਉਂ ਪਰਸ਼ਾਦ ਲਿਆ ਕੇ ਸੰਤਾਂ ਅੱਗੇ ਰੱਖ ਦਿਤਾ ਹੈ । ਓਨੇ ਚਿਰ ਨੂੰ ਬਾਹਰੋਂ ਇੰਦਰ ਸਿੰਘ ਵੀ ਆ ਗਿਆ । ਬੀਬੀ ਦੱਸਿਆ ਕਿ ਮਾਮਾ ਜੀ ਗੁਰੂ ਸਾਹਿਬ ਬਾਬੇ ਮਨੀ ਸਿੰਘ ਹੋਰੀਂ ਆਏ ਹਨ । ਇੰਦਰ ਸਿੰਘ ਨੂੰ ਆਖਦੀ ਹੈ ਕਿ ਮਾਮਾ ਜੀ ਹੱਟੀਉਂ ਪਰਸ਼ਾਦ ਲਿਆ ਕੇ ਬਾਬੇ ਮਨੀ ਸਿੰਘ ਦੇ ਅੱਗੇ ਰੱਖ ਕੇ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰ, ਹੇ ਸੱਚੇ ਪਿਤਾ ਮੈਨੂੰ ਗਰੀਬ ਨੂੰ ਆਪ ਦਾ ਸਿਖ ਕਰੋ ਤੇ ਆਪ ਦੇ ਜਹਾਜੇ ਚੜ੍ਹਾ ਲਓ । ਸੰਤ ਮਨੀ ਸਿੰਘ ਆਕਾਸ਼ ਬਾਣੀ ਨਾਲ ਜੁੜਨਗੇ । ਪਾਤਸ਼ਾਹ ਹੁਕਮ ਦਿਤਾ ਤੇ ਤੇਰਾ ਪਰਸ਼ਾਦ ਵਰਤੌਣਗੇ, ਨਹੀਂ ਤੇ ਓਨ੍ਹਾਂ ਚਿਰ ਨਹੀਂ ਵਰਤੌਂਦੇ । ਇੰਦਰ ਸਿੰਘ ਬਚਨ ਸੁਣ ਕੇ ਹੱਟੀ ਨੂੰ ਪਰਸ਼ਾਦ ਲੈਣ ਚਲਾ ਗਿਆ ਹੈ । ਤਾਂ ਕੂਜਿਆਂ ਮਿਸ਼ਰੀ ਦਾ ਪਰਸ਼ਾਦ ਲਿਆਇਆ ਹੈ । ਬਾਬੇ ਮਨੀ ਸਿੰਘ ਅੱਗੇ ਪਰਸ਼ਾਦ ਰਖ ਕੇ, ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਦਾ ਹੈ ਕਿ ਦੀਨ ਦਿਆਲ ਜਿਸ ਤਰ੍ਹਾਂ ਦੂਸਰੀਆਂ ਸੰਗਤਾਂ ਬਾਹੋਂ ਫੜ ਕੇ ਬੰਨੇ ਲਾਇਆ ਹਨ, ਮੇਰੇ ਤੇ ਵੀ ਦਇਆ ਕਰੋ । ਸੰਤਾਂ ਆਖਿਆ ਪਾਤਸ਼ਾਹ ਦੀ ਧਾਰਨਾ ਤੈਨੂੰ ਵਰਤਣੀ ਪਵੇਗੀ । ਮਾਸ ਸ਼ਰਾਬ ਤਿਆਗਣਾ ਪਵੇਗਾ, ਸੱਚੇ ਪਾਤਸ਼ਾਹ ਦੀ ਇਹ ਧਾਰਨਾ ਹੈ । ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ, ਸੱਚੇ ਪਿਤਾ ਦੇ ਚਰਨ ਪੂਜਣੇ । ਇੰਦਰ ਸਿੰਘ ਆਖਿਆ ਬਾਬਾ ਜੀ ਮੈਂ ਤਾਂ ਹੁਣ ਤਿਆਗ ਕਰਦਾ ਹਾਂ, ਪਰ ਆਪ ਹੀ ਮੇਰੇ ਸਿਰ ਤੇ ਹੱਥ ਰਖੋਗੇ ਤੇ ਨਿਭਾਉਗੇ ।।
ਸੱਚੇ ਪਾਤਸ਼ਾਹ ਦਾ ਐਸਾ ਪ੍ਰੇਮ ਜਾਗਿਆ, ਕਾਰ ਵਿਹਾਰ ਛੱਡ ਕੇ ਹੁਣ ਅੱਠੇ ਪਹਿਰ ਸੇਵਾ ਵਿਚ ਪਾਤਸ਼ਾਹ ਦੇ ਦਰ ਤੇ ਆ ਗਿਆ ਹੈ । ਐਸੀ ਸੱਚੇ ਪਾਤਸ਼ਾਹ ਦਇਆ ਕੀਤੀ, ਨੰਗੇ ਪੈਰੀਂ ਚਰਨਾਂ ਵਿਚ ਔਂਦਾ ਹੈ । ਦੋ ਸਾਲ ਪੈਰੀਂ ਜੋੜਾ ਨਹੀਂ ਪਾਇਆ । ਅੱਠੇ ਪਹਿਰ ਮਾਲ ਦੀ ਸੇਵਾ ਵਿਚ ਲਗ ਪਿਆ । ੬(6) ਮਾਸ ਏਸੇ ਤਰ੍ਹਾਂ ਗੁਜਾਰੇ । ਸੱਚੇ ਪਾਤਸ਼ਾਹ ਦੇ ਮਕਾਨ ਬਣਾਏ ਹਨ । ਬੜੀ ਪ੍ਰੇਮ ਨਾਲ ਸੇਵਾ ਕੀਤੀ । ਲੱਕੜ ਦਾ ਕੰਮ ਵੇਖਣ ਵਾਲਾ ਹੈ, ਜਿਹੜਾ ਉਸ ਕੰਮ ਕੀਤਾ ਹੈ । ਸਿਖਾਂ ਨੂੰ ਮਾਇਆ ਦੀ ਸੇਵਾ ਕਰਦਿਆਂ ਵੇਖ ਕੇ ਉਸ ਦਾ ਦਿਲ ਵੀ ਕੀਤਾ ਕਿ ਕੋਈ ਨੌਕਰੀ ਕਰ ਕੇ ਤੇ ਮਾਇਆ ਦੀ ਸੇਵਾ ਪਾਤਸ਼ਾਹ ਦੀ ਮੈਂ ਵੀ ਕਰਾਂ । ਪਾਤਸ਼ਾਹ ਤੋਂ ਖ਼ੁਸ਼ੀ ਲੈ ਕੇ ਸਮੁੰਦਰਾਂ ਤੋਂ ਪਾਰ ਨਰੋਭੀ ਕੰਮ ਤੇ ਚਲਾ ਗਿਆ ਹੈ । ਓਥੇ ਤਿੰਨ ਸਾਲ ਕੰਮ ਤੇ ਰਿਹਾ ਹੈ । ਓਥੋਂ ਫੇਰ ਸੱਚੇ ਪਾਤਸ਼ਾਹ ਦੀ ਬਹੁਤ ਵਧੀਆ ਰੇਸ਼ਮੀ ਪੁਸ਼ਾਕ ਸਣੇ ਕੋਟ ਬਿਲਟੀ ਕਰ ਘੱਲੀ ਹੈ । ਕੋਟ ਦੇ ਬੋਜਿਆਂ ਵਿਚ ਸੇਵਾ ਵਾਸਤੇ ਰੁਪੈਏ ਘੱਲੇ ਹਨ । ਓਥੇ ਦਰਸ਼ਨ ਨਾਂ ਹੋਣ ਤੇ ਫੇਰ ਚਿਤ ਉਦਾਸ ਹੋ ਗਿਆ । ਸੋਚਦਾ ਹੈ ਕਿ ਮੈ ਸੱਚੇ ਪਿਤਾ ਦੀ ਸੱਚੀ ਨੌਕਰੀ ਛੱਡ ਕੇ ਝੂਠੀ ਨੌਕਰੀ ਕਰਦਾ ਹਾਂ । ਤਿੰਨ ਸਾਲ ਬਾਅਦ ਪਾਤਸ਼ਾਹ ਦੇ ਕੋਲ ਕੰਮ ਛੱਡ ਕੇ ਆ ਗਿਆ । ਔਂਦੇ ਨੇ ਪਾਤਸ਼ਾਹ ਦੀ ਪੁਸ਼ਾਕ, ਇਕ ਜੋੜਾ ਤੇ ਇਕ ਚਾਨਣੀ ਤੇ ੧੦੦(100) ਰੁਪੈਆ ਨਕਦ ਸੇਵਾ ਕੀਤੀ, ਦਰਸ਼ਨ ਕਰ ਕੇ ਨਿਹਾਲ ਹੋਇਆ । ਸੱਚੇ ਪਾਤਸ਼ਾਹ ਖ਼ੁਸ਼ ਹੋ ਕੇ ਆਖਣ ਲੱਗੇ, ਇੰਦਰ ਸਿੰਘ ਮੰਗ ਕੁਛ ਸਾਡੇ ਪਾਸੋਂ । ਆਖਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਤਾਂ ਪਤਾ ਨਹੀਂ ਕੇਹੜੀ ਚੀਜ ਤੁਹਾਥੋਂ ਮੰਗੀ ਦੀ ਆ ਤੇ ਕੇਹੜੀ ਚੰਗੀ ਆ, ਤੁਸੀਂ ਆਪ ਹੀ ਦਇਆ ਕਰੋ । ਪਾਤਸ਼ਾਹ ਆਖਣ ਲੱਗੇ ਅਸੀਂ ਤਾਂ ਦੇਵਾਂਗੇ ਈ, ਇੰਦਰ ਸਿੰਘ ਤੂੰ ਵੀ ਮੰਗ ਨਾ, ਜੋ ਜੀ ਕਰਦਾ ਈ । ਇੰਦਰ ਸਿੰਘ ਆਖਣ ਲੱਗਾ ਸੱਚੇ ਪਾਤਸ਼ਾਹ ਜਨਮ ਜਨਮਾਂਤਰ ਤੁਹਾਡੇ ਚਰਨਾਂ ਦਾ ਸੰਗ ਤੇ ਭਜਨ ਦਾ ਰੰਗ ਤੇ ਪਿਛਲੇ ਜਾਮੇ ਦੀ ਸਾਰੀ ਸੁਰਤ ਬਖ਼ਸ਼ਿਓ ਜੇ । ਇਹ ਮੰਗ ਸਿਖ ਨੇ ਮੰਗੀ । ਸੱਚੇ ਪਾਤਸ਼ਾਹ ਆਖਣ ਲੱਗੇ ਇੰਦਰ ਸਿੰਘ ਤੇਰੀਆਂ ਆਸਾ ਮੁਰਾਦਾਂ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਜੀ ..
ਇੰਦਰ ਸਿੰਘ ਫੇਰ ਸੇਵਾ ਵਿਚ ਰਾਤ ਦਿਨੇ ਹਾਜ਼ਰ ਹੋ ਗਿਆ । ਮਾਣ ਚੰਦਰਾ ਜੀਆਂ ਵਿਚ ਸੱਚੇ ਪਾਤਸ਼ਾਹ ਖੌਰੇ ਕਿਉਂ ਵਸਾ ਦਿਤਾ ਹੈ । ਮਾਣ ਕਰ ਕੇ ਸਿਖ ਭੁਲਣਹਾਰ ਹੋ ਜਾਣਾ ਹੈ । ਇਕ ਸਮੇਂ ਦਾ ਬਚਨ ਹੈ ਕਿ ਇੰਦਰ ਸਿੰਘ ਓਸ ਵਕਤ ਝੁਬਾਲ ਸੀ । ਤੇਜਾ ਸਿੰਘ ਨੂੰ ਪਾਤਸ਼ਾਹ ਨੇ ਇੰਦਰ ਸਿੰਘ ਕੋਲੋਂ ਸੇਵਾ ਲੈਣ ਘੱਲਿਆ । ਤੇਜਾ ਸਿੰਘ ਜਾ ਕੇ ਸੇਵਾ ਮੰਗੀ ਕਿ ਪਾਤਸ਼ਾਹ ਮੈਨੂੰ ਘੱਲਿਆ ਹੈ । ਇੰਦਰ ਸਿੰਘ ਆਖਿਆ ਮੈਂ ਘਸਵਟੀ ਨਹੀਂ ਦੇਣ ਜੋਗਾ, ਮੈਂ ਆਪ ਦੀ ਖ਼ੁਸ਼ੀ ਨਾਲ ਪੁਜ ਆਈ ਸੇਵਾ ਕਰਾਂਗਾ । ਜਦੋਂ ਮੇਰਾ ਦਿਲ ਕਰੂੰ, ਮੈਂ ਆਪੇ ਜਾ ਕੇ ਸੇਵਾ ਦੇ ਦਿਆਂਗਾ । ਤੇਜਾ ਸਿੰਘ ਨੂੰ ਆਖਣ ਲੱਗਾ, ਤੈਨੂੰ ਕੀ ਪਤਾ ਕਿਸ ਤਰ੍ਹਾਂ ਪੈਸੇ ਬਣਦੇ ਹਨ । ਨਾਂ ਤੂੰ ਕਮਾਈ ਕੀਤੀ ਤੇ ਨਾਂ ਤੈਨੂੰ ਪਤਾ ਲਗਾ । ਮੈਂ ਤਿੰਨ ਸਾਲ ਸਮੁੰਦਰਾਂ ਤੋਂ ਪਾਰ ਜਾ ਕੇ ਤੇ ਐਸ ਸੱਜੇ ਹੱਥ ਨਾਲ ਤੇਸਾ ਵਾਹ ਕੇ ਆਂਦੇ ਹਨ । ਤੁਹਾਡੇ ਭਾਣੇ ਖਣੀ ਓਥੋਂ ਡਾਕਾ ਮਾਰ ਕੇ ਲੈ ਆਇਆ ਹਾਂ । ਤੇਜਾ ਸਿੰਘ ਆਖਿਆ ਮੈਂ ਸੱਚੇ ਪਾਤਸ਼ਾਹ ਦਾ ਘੱਲਿਆ ਤੇਰੇ ਪਾਸ ਆਇਆ ਹਾਂ, ਤੇ ਤੇਰਾ ਘੱਲਿਆ ਪਾਤਸ਼ਾਹ ਕੋਲ ਚਲਿਆ ਜਾਵਾਂਗਾ । ਤੇਜਾ ਸਿੰਘ ਆ ਗਿਆ ਤੇ ਪਾਤਸ਼ਾਹ ਨੂੰ ਆਣ ਕੇ ਆਖਣ ਲੱਗਾ, ਪਾਤਸ਼ਾਹ ਇੰਦਰ ਸਿੰਘ ਆਂਦਾ ਸੀ, ਸੇਵਾ ਤਿਆਰ ਨਹੀਂ, ਮੈਂ ਥੋੜੇ ਦਿਨਾਂ ਤਕ ਲੈ ਕੇ ਆਪ ਆਵਾਂਗਾ । ਥੋੜੇ ਦਿਨਾਂ ਤੱਕ ਆ ਕੇ ਸੇਵਾ ਦੇ ਕੇ ਫੇਰ ਚਲਾ ਗਿਆ ਹੈ । ਤੇਜਾ ਸਿੰਘ ਨੇ ਇੰਦਰ ਸਿੰਘ ਦਾ ਹੋਰ ਬਚਨ ਵਧ ਘਟ ਕੋਈ ਪਾਤਸ਼ਾਹ ਨੂੰ ਨਹੀਂ ਦੱਸਿਆ ..
ਇਕ ਦਿਨ ਇੰਦਰ ਸਿੰਘ ਲਹੌਰ ਨੂੰ ਮੋਟਰ ਸੈਕਲ ਤੇ ਚੜ੍ਹ ਕੇ ਗਿਆ ਤੇ ਮੋਟਰ ਸੈਕਲ ਡਿਗ ਪਿਆ ਤੇ ਮਸ਼ੀਨ ਬੰਦ ਨਾ ਹੋਈ । ਸੱਜਾ ਹੱਥ ਇੰਦਰ ਸਿੰਘ ਦਾ ਸਾਰੀ ਹਥੇਲੀ ਵੱਡੀ ਗਈ ਹੈ । ਓਸ ਵਕਤ ਰਾਈਆਂ ਨੇ ਫੜ ਕੇ ਹੱਥ ਬੰਨ੍ਹ ਦਿੱਤਾ । ਡਿਗੇ ਪਏ ਨੂੰ ਵੇਖ ਕੇ ਮੋਟਰਾਂ ਵਾਲੇ ਲੰਘੇ ਹਨ, ਓਹਨਾਂ ਮੋਟਰ ਤੇ ਪਾ ਕੇ ਵੱਡੇ ਹਸਪਤਾਲ ਸੁੱਟ ਦਿਤਾ ਹੈ ਜੀ । ਫੇਰ ਹਸਪਤਾਲ ਰਿਹਾ । ਜਖ਼ਮ ਮਿਲਣ ਦਾ ਨਾਂ ਨਹੀਂ ਲੈਂਦਾ । ਫੇਰ ਪਾਤਸ਼ਾਹ ਅੱਗੇ ਆ ਕੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਹੱਥ ਦਾ ਜਖ਼ਮ ਨਹੀਂ ਮਿਲਦਾ । ਪਾਤਸ਼ਾਹ ਆਖਣ ਲੱਗੇ, ਆਜੂ ਰਮਾਨ, ਕੋਈ ਲੋੜ ਨਹੀਂ ਹਸਪਤਾਲ ਜਾਣ ਦੀ । ਮਾੜੀ ਜਹੀ ਮਲਮ ਪਾਤਸ਼ਾਹ ਘਰ ਬਣਾਈ ਹੋਈ ਸੀ, ਆਖਣ ਲੱਗੇ ਏਹ ਹੱਥ ਤੇ ਲਾਈ ਜਾ । ਦੋ ਚਾਰ ਦਿਨ ਲਾਇਆ ਰਮਾਨ ਆ ਗਿਆ ਹੈ । ਸੱਚੇ ਪਾਤਸ਼ਾਹ ਦਇਆ ਕੀਤੀ, ਕੋਈ ਦਿਨ ਪਾ ਕੇ ਸੱਚੇ ਪਾਤਸ਼ਾਹ ਤੇ ਸਾਰੀ ਸੰਗਤ ਘਵਿੰਡ ਘਰ ਬੈਠੇ ਸਨ । ਤੇਜਾ ਸਿੰਘ ਹੱਸ ਕੇ ਬਚਨ ਕੀਤਾ । ਇੰਦਰ ਸਿੰਘ ਜੇਹੜਾ ਸੱਜਾ ਹੱਥ ਮੈਨੂੰ ਓਦਣ ਸੇਵਾ ਲੈਣ ਗਏ ਨੂੰ ਵਖਾਇਆ ਸੀ, ਹੁਣ ਅੱਜ ਵਖਾ ਖਾ । ਇੰਦਰ ਸਿੰਘ ਹੱਸ ਪਿਆ, ਪਾਤਸ਼ਾਹ ਪੁਛਣ ਲਗੇ, ਇੰਦਰ ਸਿੰਘ ਕੀ ਗਲ ਹੈ । ਓਹ ਆਖਣ ਲੱਗਾ ਸੱਚੇ ਪਾਤਸ਼ਾਹ ਆਪੇ ਤੇਜਾ ਸਿੰਘ ਦੱਸ ਦੇਂਦਾ ਹੈ । ਪਾਤਸ਼ਾਹ ਖੈਹੜੇ ਪੈ ਗਏ ਤੇਜਾ ਸਿੰਘ ਹੱਸ ਕੇ ਆਖਣ ਲੱਗਾ, ਸੱਚੇ ਪਾਤਸ਼ਾਹ ਜਦੋਂ ਤੁਸਾਂ ਮੈਨੂੰ ਸੇਵਾ ਲੈਣ ਘੱਲਿਆ ਸੀ, ਇੰਦਰ ਸਿੰਘ ਆਖਣ ਲੱਗਾ, ਮੈਂ ਸੱਜੇ ਹੱਥ ਨਾਲ ਤੇਸਾ ਵਾਹ ਕੇ ਕਮਾਈ ਕਰ ਕੇ ਪੈਸੇ ਆਂਦੇ ਹਨ । ਮੇਰਾ ਜੀ ਕਰੂ ਤੇ ਸੇਵਾ ਦਊ, ਜੀ ਕਰੂੰ ਤੇ ਨਾ ਦਊ । ਸੱਚੇ ਪਾਤਸ਼ਾਹ ਮੈਂ ਤੁਹਾਨੂੰ ਆਣ ਕੇ ਦੱਸਿਆ ਨਹੀਂ ਹੁਣ ਵੇਖ ਲੌ ਓਹੋ ਸੱਜਾ ਹੱਥ ਮੋਟਰ ਸੈਕਲ ਵਿਚ ਆ ਕੇ ਸਾਰਾ ਵੱਢਿਆ ਗਿਆ ਹੈ । ਏਹ ਬਚਨ ਸੁਣ ਕੇ ਪਾਤਸ਼ਾਹ ਹੱਸ ਪਏ ਤੇ ਸਾਰੀ ਸੰਗਤ ਵੀ ਸੁਣ ਕੇ ਖ਼ੁਸ਼ ਹੋਈ ਪਾਤਸ਼ਾਹ ਆਖਣ ਲੱਗੇ, ਤੇਜਾ ਸਿੰਘ ਓਨੇ ਕੋਈ ਝੂਠ ਆਖਿਆ ਹੈ, ਠੀਕ ਹੀ ਸੱਜੇ ਹੱਥ ਨਾਲ ਕਮਾਈ ਕੀਤੀ ਹੈ । ਏਸ ਤਰ੍ਹਾਂ ਪਾਤਸ਼ਾਹਾਂ ਹਾਸੇ ਬਚਨ ਪਾ ਦਿਤਾ । ਜੇਹੜਾ ਸਿਖ ਅੱਠੇ ਪਹਿਰ ਪਾਸ ਰਹਿਣ ਵਾਲਾ ਹੈ, ਓਸ ਕੋਲੋਂ ਜਰੂਰ ਭੁੱਲ ਹੋ ਜਾਂਦੀ ਹੈ, ਜੇਹੜਾ ਕਦੀ ਕਦਾਈਂ ਦਰਸ਼ਨ ਕਰਨ ਆਵੇ ਓਹ ਭੈ ਵਿਚ ਰਹਿੰਦਾ ਹੈ । ਫੇਰ ਇੰਦਰ ਸਿੰਘ ਨੇ ਸਾਰੀ ਉਮਰ ਐਡੀ ਪ੍ਰੇਮ ਨਾਲ ਸੇਵਾ ਮਾਇਆ ਦੀ ਤੇ ਹੱਥਾਂ ਦੀ ਕੀਤੀ ਹੈ ਮੈਂ ਉਪਮਾ ਨਹੀਂ ਕਰ ਸਕਦਾ । ਧੰਨ ਸੱਚੇ ਪਾਤਸ਼ਾਹ ਤੇ ਧੰਨ ਉਸ ਦੇ ਸਿਖ ਹਨ ।।