62 – ਲੰਗਰ ਦੀ ਸਾਖੀ – JANAMSAKHI 62

ਲੰਗਰ  ਦੀ  ਸਾਖੀ

     ਤੇੜੇ ਦਾ ਗੁੱਜਰ ਸਿੰਘ ਪਾਤਸ਼ਾਹ ਦਾ ਸਿਖ ਸੀ ਤੇ ਘਵਿੰਡ ਸੇਵਾ ਵਿਚ ਰਹਿੰਦਾ ਸੀ । ਮਜੂਰੀ ਕਰ ਕੇ ਟੋਕਰੀ

ਢੋ ਕੇ ਆਪਣੇ ਜੀਆ ਜੰਤ  ਦੀ  ਪਾਲਨਾ ਕਰਦਾ ਸੀ ।  ਸਾਲ ਵਿਚੋਂ  ਦੋ  ਮਹੀਨੇ ਪਾਤਸ਼ਾਹ  ਦੀ  ਸੇਵਾ ਕਰ ਜਾਂਦਾ ਸੀ । ਜਦੋਂ ਤੋਂ ਸ਼ਰਨ ਲਗਾ ਹੈ  ਏਸੇ ਤਰ੍ਹਾਂ ਸੇਵਾ ਕਰਦਾ ਹੈ ਜੀ  ।  ਬੁਧ ਸਿੰਘ ਬਾਲੇ ਚੱਕ ਵਾਲਾ ਵੀ ਏਸੇ ਤਰ੍ਹਾਂ ਸੇਵਾ ਕਰਦਾ ਸੀ ।  ਚੇਤ ਸਿੰਘ ਬਾਲੇ ਚੱਕ ਦਾ  ਤੇ ਗੁਜਰ ਸਿੰਘ ਦਬੁਰਜੀ ਵਾਲਾ ਵੀ ਏਸੇ ਤਰ੍ਹਾਂ ਦੀਨ ਦਿਆਲ  ਦੀ  ਸੇਵਾ ਕਰਦੇ ਸਨ ।  ਬਲਵੰਤ ਸਿੰਘ ਭੁਚਰ ਵਾਲਾ  ਵੀ ਹਰ ਵਕਤ ਵਾਹੀ ਦਾ ਕੰਮ ਕਰੌਂਦਾ ਸੀ ।  ਉਸ ਦੇ ਘਰੋਂ ਲੰਗਰ  ਦੀ  ਸੇਵਾ ਵਿਚ ਰਹਿੰਦੀ ਸੀ ।  ਲਾਭ ਸਿੰਘ ਤੋੜੇ ਵਾਲਾ  ਹਰ ਵਕਤ ਲੰਗਰ ਦੇ ਬਾਲਣ  ਦੀ  ਸੇਵਾ ਕਰਦਾ ਸੀ  । ਚੇਤ ਸਿੰਘ ਕਲਸੀਆਂ ਵਾਲਾ  ਹਰ ਵਕਤ ਪਾਤਸ਼ਾਹ ਦੇ ਨਾਲ ਰਹਿੰਦਾ ਸੀ । ਜਿਧਰ ਜਾਂਦੇ ਸਨ ਹਾਜਰ ਰਹਿ ਕੇ ਸੇਵਾ ਕਰਦਾ ਸੀ ।  ਚੇਤ ਸਿੰਘ  ਦੀ  ਨੇੜੇ ਰਹਿਣ ਕਰ ਕੇ ਬਹੁਤ ਸੇਵਾ ਸੀ,  ਕਿਉਂਕਿ ਜਿਸ ਵੀ ਚੀਜ  ਦੀ  ਜਰੂਰਤ ਹੋਵੇ  ਓਸੇ ਵਕਤ ਲਿਆ ਕੇ ਹਾਜਰ ਕਰਦਾ ਸੀ  ।  ਗੱਡ  ਦੀ  ਜਰੂਰਤ ਹੋਵੇ  ਸਣੇ ਬੌਲਦ ਗੱਡ  ਲੈ  ਔਣੀ । ਬਾਲਣ ਗੱਡਾ ਜੋਅ ਕੇ ਛੱਡ ਜਾਣਾ । ਆਟਾ ਪੀਹਣ ਵਾਲਾ  ਹੋਵੇ  ਤੇ ਆਪ ਦੇ ਘਰੋਂ ਬੋਰੀ ਕਣਕ  ਦੀ  ਪੀਹ   ਕੇ ਛੱਡ ਜਾਣੀ । ਗੱਲ ਕੀ ਅਨਗਿਣਤ ਸੇਵਾ ਹੈ ਸਿਖ  ਦੀ  । ੧੨(12) ਜਾ ੧੩(13) ਸਿਖ ਜਰੂਰ ਹਰ ਵਕਤ ਸੇਵਾ ਵਿਚ ਰਹਿੰਦੇ ਹਨ ।  ਪੁਰਾਣੇ ਬਿਰਧ ਸਿਖ ਦਰਸ਼ਨਾ ਨੂੰ  ਔਂਦੇ  ਹਨ ਤੇ ਸਿਖਾਂ ਨੂੰ  ਬਚਨ  ਬਲਾਸ ਦੱਸਦੇ ਹਨ  ।  ਏਹੋ ਉਪਦੇਸ਼ ਦੇਣਾ   ਕਿ  ਸਿਖੋ  ਪਾਤਸ਼ਾਹ ਦੇ  ਚਰਨਾਂ ਵਲ ਧਿਆਨ ਰੱਖਣਾ ਜੇ,  ਨੇਤਰਾਂ ਵਲ ਨਹੀਂ  ਸਾਮ੍ਹਣੇ ਵੇਖੀ ਜਾਣਾ ।  ਜਿਸ ਵਕਤ ਪਾਤਸ਼ਾਹ ਹੁਕਮ ਦੇਣ  ਓਸੇ ਵਕਤ  ਬਚਨ  ਮੰਨ ਕੇ ਹਾਜਰ ਹੋ  ਜਾਇਆ ਕਰੋ । ਵੇਖਿਓ ਕਿਤੇ ਸਰਾਫ ਨਾ ਲੈ  ਲਿਓ । ਪਾਤਸ਼ਾਹ ਕਾਲੇ ਨਾਗ ਹਨ ।  ਧੰਨ ਧੰਨ ਬਾਬਾ ਮਨੀ ਸਿੰਘ ਤੇ ਧੰਨ ਪੁਰਾਣੇ ਸਿਖ ਹਨ ਜਿਨਾਂ ਨੇ  ਉਪਦੇਸ਼ ਦੇ ਕੇ  ਮਹਾਰਾਜ  ਸੱਚੇ  ਪਿਤਾ  ਦੀ   ਸ਼ਰਨ ਲਾਇਆ ਹੈ ।  ਏਹ  ਵੀ  ਬਚਨ  ਆਖਦਾ   ਕਿ   ਜੋ ਹਾਸੇ ਨਾਲ ਵੀ  ਸੇਵਾ  ਮੂੰਹੋਂ  ਕੱਢਦੇ ਹੁੰਦੇ ਜੇ, ਦੇ ਦਿਆ ਕਰੋ, ਕਿਉਂਕਿ ਦੇਹ ਦਾ ਕੀ ਪਤਾ ਹੈ, ਤੇ ਸੁਖਣਾ  ਸੱਚੇ  ਪਾਤਸ਼ਾਹ ਜਰਮ ਪਾ ਕੇ ਵੀ ਨਹੀਂ ਛਡਦੇ ।  ਪੁਰਾਣਿਆਂ ਸਿਖਾਂ  ਨੇ  ਮਾਤਾ  ਹੋਰਾਂ ਨੂੰ ਵੀ ਉਪਦੇਸ਼ ਦੇਣਾ ਕਿ ਮਾਤਾ ਜੀ ਕਿਤੇ ਭੁੱਲ ਨਾ ਜਾਇਓ, ਏਹ  ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਹਨ ।  ਏਹਨਾਂ ਕੋਲ ਸਤਿ ਬਚਨ ਮੰਨਣ ਦੀ  ਲੋੜ ਹੈ  ਤੇ ਮਾਤਾ  ਜੀ ਤੁਹਾਡੀ ਅੰਞਾਣ ਬੁਧ ਹੈ, ਕਿਤੇ  ਸੱਚੇ  ਪਾਤਸ਼ਾਹ ਦੇ ਲੰਗਰ ਵਿਚ ਦੂਜ ਨਾ ਪਾ ਦਿਓ ਜੇ ।  ਪਿਛਲੇ ਜਰਮਾਂ ਦੇ ਵਿਛੜੇ ਸਿਖ ਪਾਤਸ਼ਾਹ ਚਰਨੀ ਲਾਏ ਹਨ । ਹੁਣ ਦੇ ਵਿਛੜਿਆਂ ਦਾ ਚਾਰ ਜੁਗ ਮੇਲਾ ਨਹੀਂ ਹੋਣਾ । ਬੌਹਲ ਸਿੰਘ ਆਖਣ ਲਗਾ ਮਾਤਾ  ਜੀ ਮੈਂ ਤੁਹਾਨੂੰ ਲੰਗਰ  ਦੀ  ਕਥਾ ਸੁਣੌਂਦਾ ਹਾਂ  ।  ਜਰ੍ਹਾ ਪ੍ਰੇਮ ਨਾਲ ਪਾਤਸ਼ਾਹ ਦੇ ਚਰਨਾਂ ਵਿਚ ਧਿਆਨ ਕਰ ਕੇ ਸੁਣੋ :

     ਸਿੰਘ ਸਾਹਿਬ ਬਾਬਾ ਮਤਾਬ ਸਿੰਘ  ਮਨੀ ਸਿੰਘ ਦੇ ਗੁਰੂ ਸਨ । ਤੇ ਓਨ੍ਹਾਂ ਆਪਣੀ ਅੱਖੀਂ ਵੇਖਿਆ ਹੈ  ।  ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਇਕ ਡੱਬੇ ਰੰਗ ਦੀ  ਕੁੱਤੀ ਰੱਖੀ ਹੈ ।  ਅਸਾਂ ਜਦੋਂ ਸਵੇਰੇ ਉਠ ਕੇ ਮਹਾਰਾਜ  ਸ਼ੇਰ  ਸਿੰਘ ਦੀਆਂ ਪਰਕਰਮਾਂ ਕਰਨੀਆਂ, ਕੁੱਤੀ  ਨੇ  ਪਾਤਸ਼ਾਹ  ਦੀ  ਬੁੱਕਲ ਵਿਚ ਸੁੱਤੀ ਹੋਣਾ । ਫੇਰ ਸਿਖਾਂ  ਨੇ  ਬਾਬੇ ਮਨੀ ਸਿੰਘ ਨਾਲ  ਬਚਨ  ਕੀਤਾ ਕਿ  ਬਾਬਾ ਜੀ  ਸੱਚੇ  ਪਾਤਸ਼ਾਹ ਡੱਬੀ ਕੁੱਤੀ ਨਾਲ   ਬੜਾ   ਪ੍ਰੇਮ ਕਰਦੇ ਹਨ  ।  ਪਲੰਘ  ਤੇ ਭਾਂਵੇ ਬੈਠ  ਜਾਵੇ  ਗੁੱਸੇ ਨਹੀਂ ਹੁੰਦੇ  ।  ਮਨੀ ਸਿੰਘ ਆਖਿਆ,  ਬੌਹਲ ਸਿੰਘ ਬਾਬਾ ਮਤਾਬ ਸਿੰਘ ਛੇਵੀਂ ਪਾਤਸ਼ਾਹੀ ਹਰਿ ਗੋਬਿੰਦ ਸਾਹਿਬ ਦਾ ਜਾਮਾ ਸਨ ਤੇ ਮਾਈ ਗੁਲਾਬੀ ਬਰਕੀ ਨਗਰ  ਦੀ  ਧੀ ਲਗਦੀ ਸੀ । ਪ੍ਰੇਮ   ਬੜਾ   ਕਰਦੀ ਸੀ । ਅੱਠੇ ਪਹਿਰ ਸੇਵਾ ਵਿਚ ਰਹਿੰਦੀ ਸੀ  ।  ਮਤਾਬ ਸਿੰਘ ਦੀਆਂ ਮੱਝੀ ਗਾਈਂ ਬਹੁਤ ਸਨ  ।  ਬਾਰਾਂ ਮਹੀਨੇ ਲੰਗਰ ਵਿਚ ਦੱਉਂਧ ਬੜਾ  ਰਹਿੰਦਾ ਸੀ । ਜਿੰਨੇ ਭੰਡਾਰੇ ਭਰਭੂਰ  ਓਥੇ ਲੰਗਰ ਵਿਚ ਰਹਿੰਦੇ ਸੀ, ਓਨਾਂ ਮਾਈ ਗੁਲਾਬੀ ਸਿਖਾਂ ਨੂੰ ਖ਼ੁਸ਼ ਹੋ  ਕੇ ਛਕੌਂਦੀ ਨਹੀਂ ਸੀ ।  ਪਾਤਸ਼ਾਹ ਬਾਬੇ ਮਤਾਬ ਸਿੰਘ ਦਾ ਥਾਲ ਵੀ ਸਣੇ ਮਲਾਈ ਨਹੀਂ ਸੀ ਲਵੌਂਦੀ ।   ਏਹ  ਹੁਣ ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ  ਨੇ  ਜਾਮਾ ਪਹਿਨਿਆ ਹੈ ।  ਲੰਗਰ  ਦੀ  ਦੁਬਦਾ  ਕਰਨ ਨਾਲ ਮਾਈ ਗੁਲਾਬੀ  ਨੇ  ਹੁਣ ਕੁੱਤੀ ਦਾ ਜਰਮ ਪਾਇਆ ਹੈ  ।  ਜੇਹੜੀ  ਏਸ  ਸੇਵਾ ਕੀਤੀ ਸੀ, ਓਸ ਕਰ ਕੇ  ਸੱਚੇ  ਪਾਤਸ਼ਾਹ  ਏਸ  ਨਾਲ ਪ੍ਰੇਮ ਕਰਦੇ ਹਨ ।  ਤੇ ਸਰਾਫ ਕਰ ਕੇ ਕੁਤੀ ਦਾ ਜਰਮ ਪਾਇਆ ਹੈ । ਹੁਣ  ਸੱਚੇ  ਪਾਤਸ਼ਾਹ ਹਰ ਇਕ ਵਿਛੜੇ ਸਿਖ ਨੂੰ ਚਰਨਾਂ ਵਿਚ ਮੇਲਦੇ ਹਨ  ਤੇ ਹੁਣ ਕੁੱਤੀ ਦਾ ਜਰਮ ਦੇ ਕੇ, ਆਪ ਦਾ ਸਰਾਫ ਭੁਗਤਾ ਕੇ, ਇਸ  ਦੀ  ਗਤੀ ਕਰ ਦੇਣਗੇ ।  ਸਿਖੋ  ਜੇਹੜਾ  ਹੁਣ  ਸੱਚੇ  ਪਾਤਸ਼ਾਹ ਸ਼ਿਕਾਰ  ਵੀ ਖੇਡਦੇ ਹਨ ।  ਜੇਹੜੇ ਜੁਗਾਂ ਦੇ ਵਿਛੜੇ ਹਨ ਤੇ ਜੰਗਲਾਂ ਵਿਚ ਜਰਮ ਧਾਰੇ ਹਨ, ਓਨ੍ਹਾਂ  ਦੀ   ਸ਼ਿਕਾਰ  ਦੇ ਪੱਜ ਜਾ ਕੇ ਗਤੀ ਕਰਦੇ ਹਨ । ਏਨ੍ਹਾਂ  ਦੀ  ਮਹਿੰਮਾ  ਨੂੰ ਜੀਵ ਨਹੀਂ ਜਾਣਦੇ ।  ਮੈਂ ਬਲਿਹਾਰ   ਹਾਂ  ਸੱਚੇ  ਪਿਤਾ ਤੇ ਉਸ ਦੇ ਸਿਖਾਂ ਦੇ ਜੇਹੜੇ ਹਰ ਵਕਤ ਸੇਵਾ ਵਿਚ ਰਹਿੰਦੇ ਹਨ, ਤੇ ਐਨਾ ਭੈ ਰਖਦੇ ਹਨ ਜੀ   ਕਿ   ਏਹ  ਵੇਲਾ ਮੁੜ ਕੇ ਹੱਥ ਨਹੀਂ ਔਣਾ । ਏਥੇ ਡਰਨ ਦੀ  ਲੋੜ ਹੈ ।।