63 – ਚੇਤ ਸਿੰਘ ਕਲਸੀਆਂ ਵਾਲੇ ਨੇ ਸੁਖਣਾ ਸੁਖੀ – JANAMSAKHI 63

ਚੇਤ ਸਿੰਘ ਕਲਸੀਆਂ ਵਾਲੇ  ਨੇ  ਸੁਖਣਾ ਸੁਖੀ 

    ਚੇਤ ਸਿੰਘ ਕਲਸੀਆਂ ਵਾਲੇ ਕੋਲ  ਇਕ ਘਰ ਦਾ ਵਛੇਰਾ ਸੀ । ਮੂੰਹੋਂ ਬਚਨ  ਕੱਢ ਦਿੱਤਾ  ਕਿ

  ਸੱਚੇ  ਪਾਤਸ਼ਾਹ ਇਹ ਵਛੇਰਾ ਤੁਹਾਡਾ ਹੈ, ਰਾਜੀ  ਰਹੇ  । ਫੇਰ ਪਾਤਸ਼ਾਹ ਨੂੰ ਦੇ ਗਿਆ  ।  ਪਾਤਸ਼ਾਹ ਇਕ ਮਹੀਨਾ ਉਤੇ ਚੜ੍ਹੇ ਫਿਰਦੇ ਰਹੇ  ਹਨ ਜੀ । ਜੇ ਕੋਈ ਪੁੱਛੇ ਪਾਤਸ਼ਾਹ ਘੋੜਾ ਮੁੱਲ ਲਿਆ ਹੈ ਤੇ ਪਾਤਸ਼ਾਹ ਆਖਣਾ ਨਹੀਂ ਚੇਤ ਸਿੰਘ ਕਲਸੀਆਂ ਵਾਲੇ ਸਾਡੇ ਸਿਖ  ਨੇ  ਘੋੜਾ ਦਿਤਾ ਹੈ । ਇਕ ਦਿਨ  ਚੇਤ ਸਿੰਘ ਆਇਆ  ਤੇ ਜਾਣ ਲੱਗਾ ਘੋੜੇ ਤੇ ਚੜ੍ਹ ਕੇ ਚਲਾ ਗਿਆ ।  ੧੦ (10) ਦਿਨ  ਹੋ  ਗਏ ਤੇ ਪਾਤਸ਼ਾਹ ਸਿਖ ਨੂੰ ਘੱਲਿਆ, ਜਾਓ ਜਾ ਕੇ  ਸਾਡਾ ਘੋੜਾ ਲਿਆਓ ।  ਜਾ ਕੇ ਸਿਖ ਆਖਿਆ ਚੇਤ ਸਿੰਘ ਪਾਤਸ਼ਾਹ ਘੋੜਾ ਮੰਗਦੇ ਹਨ । ਓਸ ਆਖਿਆ ਮੈਂ  ਤਾਂ  ਪਾਤਸ਼ਾਹ ਨੂੰ ਚਾਰ ਦਿਨ ਚੜ੍ਹਨ ਵਾਸਤੇ ਘੋੜਾ ਦਿਤਾ ਸੀ, ਸਾਰਾ ਨਹੀਂ ਦਿਤਾ ।  ਮੈਨੂੰ  ਤਾਂ  ਆਪ ਲੋੜ  ਬੜੀ  ਹੈ, ਘੋੜਾ ਵੇਚਣਾ ਲਾਇਆ ਹੈ । ਸਿਖ  ਨੇ  ਜਾ ਕੇ ਓਸੇ ਤਰ੍ਹਾਂ ਦੱਸ ਦਿੱਤਾ  ਕਿ  ਪਾਤਸ਼ਾਹ ਓਹ ਆਂਦਾ ਹੈ  ਤੇ ਮੈਂ ਵਕਾਊ ਧਰਿਆ ਹੈ  ।  ਪਾਤਸ਼ਾਹ   ਬਚਨ  ਸੁਣ ਕੇ ਆਖਣ ਲਗੇ, ਪਹਿਲੋਂ ਸਾਨੂੰ ਘੋੜਾ ਦੇ ਕੇ ਤੇ ਹੁਣ ਵੇਚਣਾ ਧਰਿਆ ਹੈ । ਅੱਛਾ ਫੇਰ ਕੀ ਹੋਇਆ, ਸਾਨੂੰ ਨਹੀਂ ਦਿਤਾ, ਤੇ ਸਾਡੇ ਘੋੜੇ ਤੇ ਹੋਰ ਵੀ ਨਹੀਂ ਕੋਈ ਚੜ੍ਹਦਾ । ਓਸ ਵਕਤ ਪਾਤਸ਼ਾਹ  ਏਹ  ਵਾਕ ਛਡ ਦਿਤਾ । ਘੋੜਾ ਪਾਣੀ ਪੀਣ ਨਹਿਰ ਵਿਚ ਵੜ ਗਿਆ, ਜੰਜੀਰ ਵੱਝਾ ਸੀ, ਮੁੜ ਕੇ ਨਿਕਲਿਆ ਨਾ ਗਿਆ । ਨਹਿਰ ਵਿਚ ਡੁੱਬ ਕੇ ਘੋੜਾ ਮਰ ਗਿਆ । ਪਾਸ ਰਹਿਣ ਵਾਲੇ ਨੂੰ ਵਰ ਮਗਰੋਂ ਤੇ ਸਰਾਫ ਪਹਿਲਾਂ  ਹੋ ਜਾਂਦਾ ਹੈ । ਆਪ ਹੀ ਸਚੇ ਪਾਤਸ਼ਾਹ ਸਿਖ ਤੇ ਰਹਿਮ ਕਰਦੇ  ਨੇ  । ਸਿਖ  ਦੀ  ਕੋਈ ਤਾਕਤ  ਨਹੀਂ ।  ਆਪ ਹੀ ਭੁੱਲੇ ਹੋਏ  ਨੂੰ ਮਾਰਗ ਪਾ ਲੈਂਦੇ  ਨੇ  ।।

    ਇਕ ਦਿਨ  ਸੱਚੇ  ਪਾਤਸ਼ਾਹ ਬੜੇ ਦਿਆਲੂ  ਹੋਏ   ਤੇ ਚੇਤ ਸਿੰਘ  ਦਾ ਵੱਡਾ ਪੁੱਤ  ਛੰਗਾਰਾ ਸਿੰਘ  ਖੇਤੀਂ ਵਾੜੇ ਸੱਚੇ  ਪਾਤਸ਼ਾਹ ਦਾ ਦਰਸ਼ਨ ਕਰਨ ਗਿਆ ਹੈ  ।   ਸੱਚੇ  ਪਾਤਸ਼ਾਹ ਹੱਸ ਕੇ ਆਖਣ ਲੱਗੇ, ਛੰਗਾਰ ਸਿੰਘ ਅੱਜ ਅਸੀਂ ਤੇਰੇ ਕੋਲੋਂ ਘੋੜੀ ਲੈਣੀ ਹੈ । ਓਹ ਆਖਣ ਲੱਗਾ, ਸੱਚੇ  ਪਾਤਸ਼ਾਹ ਅੱਜ  ਤਾਂ  ਮੈਂ ਤੁਰ ਕੇ ਆਇਆ  ਹਾਂ  ।  ਮੇਰੇ ਕੋਲ ਘੋੜੀ ਕੋਈ ਨਹੀਂ, ਚੋਰੀ ਕਿਸੇ  ਦੀ  ਭਾਵੇਂ ਭਜਾ ਲਿਆਵਾਂ ।  ਪਾਤਸ਼ਾਹ ਮਖੌਲ ਕਰਦੇ ਹਨ ਭਾਵੇਂ ਕਿਤੋਂ ਲਿਆ ਦੇ, ਅਸੀਂ ਪਰਵਾਨ ਕਰ ਲਵਾਂਗੇ । ਫੇਰ ਪਾਤਸ਼ਾਹ ਕੋਲੋਂ ਖ਼ੁਸ਼ੀ  ਲੈ  ਕੇ ਛੰਗਾਰ ਸਿੰਘ ਬੈਕੰਉਠੇ ਰੱਖ ਜਾਣ ਲਈ ਚਲ ਪਿਆ  ।  ਤੁਰਿਆ ਜਾਂਦਿਆ ਵਿਚਾਰਾਂ ਕਰਦਾ ਹੈ   ਕਿ   ਪਾਤਸ਼ਾਹ ਭਾਵੇਂ ਹੱਸਦੇ  ਸਨ  ਪਰ   ਬਚਨ  ਪੂਰਾ  ਹੋਵੇ   ਤੇ ਤਾਹੀਏਂ ਗਲ ਠੀਕ ਹੈ ।  ਮਨ ਵਿਚ ਵਿਚਾਰਾਂ ਕਰਦਾ ਜਾਂਦਾ ਹੈ ਤੇ ਛੰਗਾਰ ਸਿੰਘ ਤੋਂ  ਛੋਟਾ  ਦੀਦਾਰ ਸਿੰਘ  ਉਸ ਦਾ ਭਰਾ  ਵਾਂਡੇ ਗਿਆ ਹੋਇਆ ਸੀ, ਘੋੜੀ ਲੈ  ਕੇ ਓਹ  ਰਸਤੇ  ਵਿਚ ਮਿਲ ਪਿਆ  ।  ਦੀਦਾਰ ਸਿੰਘ ਨੂੰ ਛੰਗਾਰ ਸਿੰਘ ਆਖਣ ਲਗਾ,  ਘੋੜੀ ਮੈਨੂੰ ਦੇਦੇ ਮੈਨੂੰ ਕੰਮ ਹੈ ਤੇ  ਤੂੰ  ਤੁਰ ਕੇ ਘਰ ਨੂੰ ਚਲਾ ਜਾ  ।  ਛੰਗਾਰਾ ਸਿੰਘ ਓਨ੍ਹੀਂ ਪੈਰੀ ਘੋੜੀ ਲੈ  ਕੇ ਖੇਤੀਂ ਪਾਤਸ਼ਾਹ ਕੋਲ ਆ ਗਿਆ ਹੈ । ਪਾਤਸ਼ਾਹ ਨੂੰ ਨਿਮਸਕਾਰ ਕਰ ਕੇ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਦਾ ਹੈ  ਕਿ  ਪਾਤਸ਼ਾਹ ਆਹ ਘੋੜੀ ਮੈਂ ਸੇਵਾ ਕਰਦਾ ਹਾਂ ਤੇ ਦਇਆ ਕਰ ਕੇ ਪਰਵਾਨ ਕਰੋ । ਪਾਤਸ਼ਾਹ ਹੱਸ ਕੇ ਆਖਣ ਲੱਗੇ ਛੰਗਾਰ ਸਿੰਘ ਅੱਜ  ਤਾਂ  ਸੇਵਾ ਵਲੋਂ ਪਿਛਲੀਆਂ ਟੋਟਾਂ ਸਾਰੀਆਂ ਕੱਢ ਲਈਆਂ ਈ ।  ਸੱਚੇ  ਪਾਤਸ਼ਾਹ ਆਪ ਹੀ ਸਿਖ ਤੇ ਦਇਆ ਕਰ ਦੇਂਦੇ ਹਨ, ਜੇ ਸਿਖ ਭੁੱਲ ਵੀ ਕਰਦਾ ਹੈ । ਘੋੜੇ ਵਾਲੀ ਭੁਲ  ਪਾਤਸ਼ਾਹ ਬਖ਼ਸ਼ ਦਿਤੀ  ਤੇ ਘੋੜੀ ਪਰਵਾਨ ਕਰ ਲਈ । ਐਡੇ ਦਿਆਲੂ ਅਵਤਾਰ ਕਲਜੁਗ ਵਿਚ ਹਨ  ਅਸੀਂ ਏਨ੍ਹਾਂ  ਦੀ  ਉਸਤਤ ਨਹੀਂ ਕਰ ਸਕਦੇ ਜੀ ।।