64 – ਮਾਈ ਜੀਊਣੀ ਦੀ ਸੇਵਾ ਤੇ ਸੰਤ ਮਨੀ ਸਿੰਘ ਦੇਹ ਛੱਡਣੀ – JANAMSAKHI 64

ਮਾਈ ਜੀਊਣੀ ਦੀ  ਸੇਵਾ ਤੇ ਸੰਤ ਮਨੀ ਸਿੰਘ ਦੇਹ ਛੱਡਣੀ

     ਮਾਈ ਜੀਉਣੀ ਭੰਡਾਲਾਂ ਪਿੰਡ  ਦੀ  ਸੀ  ਤੇ   ਬੜਾ   ਪ੍ਰੇਮ ਕਰਦੀ ਸੀ । ਦੋ  ਮਾਈ ਦੇ

ਪੁੱਤਰ ਸਨ  ।  ਇਕ ਅੱਠਾਂ  ਤੇ ਦੂਸਰਾ ਦਸਾਂ ਕੁ ਸਾਲਾਂ  ਦੀ  ਉਮਰ ਦਾ ਸੀ । ਆਦਮੀ ਮਾਈ ਦਾ ਸੁਰਗਵਾਸ ਹੋ  ਗਿਆ ਸੀ । ਪਦਾਰਥ ਪਾਤਸ਼ਾਹ  ਦੀ  ਦਇਆ ਨਾਲ ਮਾਈ ਕੋਲ ਬਹੁਤ ਸੀ । ਦੋਵਾਂ ਪੁੱਤਾਂ ਨੂੰ ਪੜ੍ਹੌਂਦੀ ਸੀ,  ਤੇ  ਛੀਂਬਿਆਂ ਦੇ ਘਰ ਦਾ ਜਰਮ ਸੀ  ।   ਬੜੀ   ਸੱਚੇ  ਪਾਤਸ਼ਾਹ  ਦੀ ਮਾਇਆ ਤੇ ਬਸਤਰਾਂ ਦੀ  ਸੇਵਾ ਕਰਦੀ ਸੀ ।  ਸੰਤ ਮਨੀ ਸਿੰਘ ਵੀ ਭੰਡਾਲੀਂ ਬਹੁਤ ਰਹਿੰਦੇ ਸਨ, ਮਾਈ ਦੇ ਪ੍ਰੇਮ ਕਰ ਕੇ । ਐਸਾ ਸਮਾਂ ਆਇਆ  ਕਿ  ਸੰਤ ਮਨੀ ਸਿੰਘ ਭੰਡਾਲੀ ਗਏ ਹਨ । ਤੇ ਮਾਈ ਦੇ ਪੁੱਤਰ ਵੀ ਗਭਰੂ  ਹੋ  ਗਏ । ਸਾਢੇ ਤਿੰਨ ਸਾਲ ਸੰਤ ਮਨੀ ਸਿੰਘ ਸੰਗਰੂਰੀਂ ਨਜ਼ਰ ਬੰਦ  ਰਹੇ  ਹਨ ।  ਜਿਸ ਵਕਤ ਓਥੋਂ ਛੁੱਟੇ ਹਨ  ਤੇ ਸਿੰਘੇ ਭੰਡਾਲੀਂ ਆਏ ਹਨ  ।  ਓਥੇ ਮਹੀਨਾ  ਰਹੇ  ਹਨ ।  ਸਾਰੀ ਸਿਖੀ ਸੰਤ ਆਏ ਸੁਣ ਕੇ ਹੁਮ ਹੁਮਾ ਕੇ ਦਰਸ਼ਨਾਂ ਨੂੰ ਗਈ ਹੈ ।  ਜੇਹੜੇ ਸਿਖ ਪਾਤਸ਼ਾਹ ਕੋਲ ਹਨ, ਓਨ੍ਹਾਂ ਵੀ ਪੁਛਿਆ, ਸੱਚੇ  ਪਾਤਸ਼ਾਹ ਜੇ ਆਖੋ  ਅਸੀਂ ਵੀ  ਬਾਬਾ ਮਨੀ ਸਿੰਘ ਭੰਡਾਲੀ ਆਏ ਹਨ, ਓਨ੍ਹਾਂ ਦੇ ਦਰਸ਼ਨ ਕਰ ਆਈਏ । ਪਾਤਸ਼ਾਹ ਆਖਣ ਲੱਗੇ, ਕੋਈ ਲੋੜ ਨਹੀਂ । ਆਪੇ ਏਥੇ ਆ ਜਾਣਗੇ । ਸਿਖ ਜੇਹੜੇ ਓਥੇ ਜਾਂਦੇ  ਨੇ  ਓਹਨਾਂ ਨੂੰ ਬੰਨੌਣ ਜਾਂਦੇ ਹਨ । ਸਿਖਾਂ ਗਿਆ ਨੂੰ ਵੇਖ ਕੇ ਭੰਡਾਲਾਂ ਦੇ ਵਿਚੋਂ ਇਕ ਜ਼ਿਮੀਦਾਰ ਨੇ  ਕਪੂਰਥਲੇ ਜਾ ਕੇ ਚੁਗਲੀ ਮਾਰੀ ਕਿ   ਇਕ ਸੰਤ ਅੰਗਰੇਜ਼ਾਂ ਦੇ ਵਰਖਲਾਫ ਬੜੇ  ਬਚਨ  ਲਿਖਦਾ ਹੈ । ਰਾਜੇ  ਦੀ  ਪੁਲਸ ਆਣ ਕੇ ਸੰਤਾਂ ਨੂੰ ਗਿਰਫਤਾਰ ਕਰ ਲਿਆ ਤੇ ਕਪੂਰਥਲੇ  ਜੇਲ ਵਿਚ ਸੰਤ ਦੇ ਦਿਤੇ ਹਨ । ਰਾਜੇ ਸੰਗਰੂਰ  ਦੀ  ਜੇਲ ਵਿਚੋਂ ਛੁੱਟੇ ਹਨ ਤੇ ਰਾਜੇ ਕਪੂਰਥਲੇ  ਵਾਲੇ  ਨੇ  ਸੰਤ ਕੈਦ ਕਰ ਦਿਤੇ ਹਨ ।  ਨਾਲ ਸਿਖ ਵੀ ਓਸ ਵਕਤ ਜੇਹੜੇ ਕੋਲ ਸਨ ਫੜੇ ਗਏ ਹਨ ।  ਖੀਰਾਂ ਵਾਲੀ ਦੇ  ਦੋ  ਸਿਖ  ਅਤਰ  ਸਿੰਘ ਤੇ ਖੜਕ ਸਿੰਘ ਓਹ ਨਾਲ ਫੜੇ ਗਏ ਹਨ ।  ਐਸਾ ਅੰਨ੍ਹਾ ਰਾਜਾ ਸੀ ਚੁਗਲੀ ਸੁਣ ਕੇ ਹੀ ਸੰਤਾਂ ਨੂੰ ਕੈਦ ਕਰ ਦਿਤਾ ।  ਕੁਛ ਸੋਚਿਆ ਨਹੀਂ  ਕਿ  ਬਿਰਧ ਸੰਤ ਹਨ ।  ਹਾੜ ਦਾ ਮਹੀਨਾ ਸੀ ।   ਗਰਮੀ ਬਹੁਤ ਪੈਂਦੀ ਹੈ । ਮੁਕਦਮਾ ਚਲ ਪਿਆ ਤੈ ਤ੍ਰੀਕਾਂ ਪੈਣ ਲਗ ਪਈਆਂ । ਸੰਤਾਂ ਨੂੰ ਮਹਾਰਾਜ ਹੋਰਾਂ ਆਕਾਸ਼ ਬਾਣੀ  ਦਿਤੀ  ਕਿ  ਸੰਤਾਂ  ਮੈਂ  ਜੋਤ ਰੂਪੀ  ਰਾਜੇ ਮਾਰ ਦਿਤੇ ਹਨ, ਤੇ ਏਹਨਾਂ ਦੇ ਹੁਣ  ਤੂੰ  ਸਿਆਪੇ ਕਰ ਦੇ ।  ਸੰਤ ਮਨੀ ਸਿੰਘ ਸਿਖਾਂ ਨੂੰ ਆਖਣ ਲੱਗੇ  ਕਿ  ਪਾਤਸ਼ਾਹ  ਬਚਨ  ਦੇਂਦੇ ਹਨ, ਬਾਬਾ ਰਾਜਿਆਂ ਦੇ ਸਿਆਪੇ ਕਰ, ਅਸੀਂ ਜੋਤ ਸਰੂਪੀ ਮਾਰ ਦਿਤੇ ਹਨ । ਮਨੀ ਸਿੰਘ ਸਤਿ ਬਚਨ  ਮੰਨ ਕੇ ਇਕ ਸੀੜੀ ਰੋਜ  ਬਣਾ  ਕੇ  ਤੇ ਸਾੜ ਦਿਆ ਕਰਨ  ਤੇ ਕੋਲ ਪਿਟਿਆ ਕਰਨ, ਸਿਆਪਾ ਕਰਿਆ ਕਰਨ । ਸਿਖ ਸਾਰੇ ਜੇਹੜੇ ਨਾਲ ਸੀ ਓਹ ਗੱਲਾਂ ਨੂੰ ਪਿਟਿਆ ਕਰਨ ਤੇ ਮਨੀ ਸਿੰਘ  ਵਿਚ ਬੈਹ ਕੇ  ਮਰਾਸਣਾਂ ਵਾਗੂੰ ਅਲੌਣੀਆਂ ਦਿਆਂ ਕਰਨ । ੧੫(15) ਦਿਨ ਏਸੇ ਤਰ੍ਹਾਂ ਸਿਆਪਾ ਹੁੰਦਾ ਰਿਹਾ । ਤਿੰਨ ਮਹੀਨੇ ਏਸੇ ਤਰ੍ਹਾਂ ਸਿਖ ਤੇ ਮਨੀ ਸਿੰਘ ਬੰਦੀਖਾਨੇ ਰਹੇ  ਹਨ  ।  ਗਰਮੀ  ਬੜੀ  ਸੀ, ਸੰਤਾਂ ਨੂੰ ਮਰੋੜ ਔਣ  ਲਗ ਪਏ ।।

    ਇਕ ਦਿਨ  ਰਾਜੇ ਕਪੂਰਥਲੇ  ਵਾਲੇ ਦਾ ਵੱਡਾ ਪੁੱਤਰ  ਜੇਲ ਵਿਚ ਸੈਰ ਕਰਨ ਤੇ ਕੈਦੀਆਂ ਨੂੰ ਵੇਖਣ ਵਾਸਤੇ ਆਇਆ ਹੈ  ।  ਨਾਲ ਹੋਰ ਵੀ ਬਹੁਤ ਅਫਸਰ ਹਨ ਜੀ  ।  ਬਿਰਧ ਸੰਤ ਕੈਦ ਵਿਚ ਵੇਖ ਕੇ ਓਸ  ਨੇ  ਪੁਛਿਆ ਕਿ  ਸੰਤ ਬਿਰਧ ਅਵਸਥਾ ਵਿਚ ਕਿਉਂ ਕੈਦ ਵਿਚ ਦਿਤੇ ਹਨ ।  ਓਹਨਾਂ ਆਖਿਆ ਜੀ ਸੰਤ ਰਾਜ ਦੇ ਵਰਖਲਾਫ  ਪਰਚਾਰ ਕਰਦਾ ਸੀ  ।  ਇਸ ਕਰ ਕੇ ਕੈਦ ਕੀਤਾ ਹੈ । ਓਸ ਪੁਛਿਆ ਕਿ  ਇਹ ਸੰਤ ਕੋਈ ਬੰਦੂਕਾਂ ਤੇ ਰੈਫਲਾਂ ਨਾਲ ਲਈ ਫਿਰਦਾ ਸੀ ।  ਓਹਨਾਂ ਆਖਿਆ ਨਹੀਂ ਜੀ ਕੋਲ  ਤਾਂ  ਕੁਛ ਨਹੀਂ ਸੀ । ਓਸ ਗੁੱਸੇ ਹੋਇਆ ਕਿਹਾ ਸੰਤਾਂ ਨੂੰ ਐਸੇ ਵਕਤ ਛੋੜ ਦਿਤਾ  ਜਾਵੇ  । ਉਸ ਦੇ ਮੂੰਹ ਤੇ ਆਖਣ ਲੱਗੇ ਜੀ ਚੰਗਾ, ਫੇਰ ਛੱਡਿਆ ਨਹੀਂ ਗਾ, ਐਸੇ ਲੋਕੀਂ ਪਾਪੀ ਸਨ । ਐਹਲਕਾਰਾਂ ਸਲਾਹ ਕੀਤੀ   ਕਿ  ਸੰਤਾਂ ਨੂੰ ਜਮਾਨਤ ਲੈ  ਕੇ ਛੱਡੋ  ।  ਮਾਈ ਜੀਊਣੀ ਨੂੰ  ਠਾਣੇਦਾਰ ਆਖਣ ਲੱਗਾ, ਮਾਈ  ਤੂੰ  ਸੰਤਾਂ  ਦੀ  ਜਮਾਨਤ ਦੇ ਦੇਵੇਂਗੀ । ਮਾਈ ਆਖਿਆ ਮੈਂ ਸੰਤਾਂ ਤੇ ਸਾਰੇ ਸਿਖਾਂ  ਦੀ  ਜਮਾਨਤ ਦੇਵਾਂਗੀ । ਫੇਰ ਓਸ ਵਕਤ ਮਾਈ ਜਮਾਨਤ ਦੇ ਕੇ  ਸਾਰੇ ਸਿਖ ਤੇ ਮਨੀ ਸਿੰਘ ਨੂੰ ਆਪ ਦੇ ਨਾਲ ਭੰਡਾਲੀਂ  ਲੈ  ਆਈ ਹੈ । ੧੨(12) ਸੌ ਰੁਪੈਆ ਮਾਈ ਜੀਊਣੀ ਦਾ ਇਸ ਮੁਕੱਦਮੇ ਤੇ ਲਗ ਗਿਆ ਹੈ ।  ਮਨੀ ਸਿੰਘ ਦਾ ਬਿਰਧ ਸ਼ਰੀਰ ਸੀ । ਮਾਈ  ਬੜੀ  ਸੇਵਾ ਕੀਤੀ ।  ਪਰ ਸੰਤਾਂ ਦੇ ਮਰੋੜ ਹਟੇ ਨਹੀਂ । ੧੦(10) ਅੱਸੂ ਬਿਕ੍ਰਮੀ ੧੯੭੬(1976) ਨੂੰ ਸੰਤ ਮਨੀ ਸਿੰਘ ਚੋਲਾ ਛੱਡ ਗਏ ਹਨ । ਲਾਗੇ ਤਿੰਨ ਮੀਲ ਪੈਂਡਾ ਸੀ ਖੀਂਰਾਵਾਲੀ ਦਾ  ।   ਅਤਰ  ਸਿੰਘ ਤੇ ਖੜਕ ਸਿੰਘ ਸਿਖ  ਦੋਵੇਂ ਸੰਤਾਂ ਦੇ ਕੋਲ ਦੇਹ ਛੱਡਣ ਵੇਲੇ ਆ ਗਏ ਹਨ ਜੀ ।  ਅਤਰ  ਸਿੰਘ ਸਿਖ ਤੇ ਪਾਤਸ਼ਾਹ  ਦੀ   ਬੜੀ  ਕਿਰਪਾ ਸੀ । ਸੰਤਾਂ  ਦੀ  ਸੇਵਾ ਕਰਨ ਨਾਲ  ਅਤਰ  ਸਿੰਘ  ਦੀ  ਸੁਰਤ ਖੁਲ੍ਹੀ ਹੋਈ ਸੀ । ਜਿਸ ਵਕਤ ਬਹਿ ਕੇ ਸ਼ਬਦ ਨਾਲ ਜੁੜਦਾ ਹੈ ਪਾਤਸ਼ਾਹ ਓਸੇ ਵਕਤ ਦਰਸ਼ਨ ਦੇਂਦੇ ਸਨ ।  ਅਤਰ  ਸਿੰਘ ਸੰਤਾਂ  ਦੀ  ਦੇਹ ਕੋਲ ਬੈਠ ਕੇ ਸ਼ਬਦ ਨਾਲ ਜੁੜਿਆ ਹੈ ।  ਜਿਸ ਤਰ੍ਹਾਂ ਪਾਤਸ਼ਾਹ ਹੁਕਮ ਦਿਤਾ, ਓਸੇ ਤਰ੍ਹਾਂ ਸੰਤਾਂ ਦੇ ਕਪੜੇ ਤੇ ਇਸ਼ਨਾਨ ਕਰਾਇਆ ਗਿਆ  ।  ਪਾਤਸ਼ਾਹ  ਬਚਨ  ਦਿੱਤਾ   ਕਿ  ਸੰਤਾਂ ਦਾ ਸੰਸਕਾਰ ਖੇਤ ਜਾ ਕੇ ਖੂਹ ਦੇ ਕੋਲ ਮਾਈ ਜਿਉਣੀ ਦੀ  ਪੈਲੀ ਵਿਚ ਕੀਤਾ ਜਾਵੇ ਤੇ ਕੱਚੀ ਮਿੱਟੀ   ਦੀ  ਢੇਰੀ ਓਥੇ ਨਿਸ਼ਾਨੀ  ਬਣਾ  ਦਿਤੀ  ਜਾਵੇ  ।  ਅਤਰ  ਸਿੰਘ  ਨੇ   ਉਸੇ ਤਰ੍ਹਾਂ  ਸਸਕਾਰ ਕਰਕੇ  ਓਥੇ ਸਵਾਹ ਦੀ  ਢੇਰੀ ਲਾ ਦਿਤੀ  ।  ਫੁਲ ਚੁਗ ਕੇ ਗੜਵੀ ਵਿਚ ਪਾ ਲਏ ਤੇ ਘਵਿੰਡ ਆਣ ਕੇ ਪਾਤਸ਼ਾਹ ਦੇ ਚਰਨਾਂ ਵਿਚ ਰੱਖ ਦਿਤੇ ।।

     ਸਾਰਿਆਂ ਸਿਖਾ ਨੂੰ ਪਤਾ ਲਗਾ ਕਿ   ਗੁਰੂ ਸਾਹਿਬ ਸਾਡੇ  ਦੇਹ ਛੱਡ ਗਏ ਹਨ । ਸਾਰੇ ਸਿਖ ਪਾਤਸ਼ਾਹ ਕੋਲ ਅਫਸੋਸ ਵਾਸਤੇ ਗਏ ਹਨ । ਸਾਰਿਆਂ ਸਿਖਾਂ  ਨੇ  ਪਾਤਸ਼ਾਹ ਕੋਲ ਸੰਤਾਂ ਦੇ ਨਾਂ ਪਰਸ਼ਾਦ ਕਰਾਇਆ  ਤੇ ਬੇਨੰਤੀ ਕੀਤੀ  ਕਿ   ਸੱਚੇ  ਪਿਤਾ ਅੱਗੇ   ਤਾਂ  ਸੰਤਾਂ ਨੂੰ ਆਕਾਸ਼ ਬਾਣੀ  ਦੇਂਦੇ ਸੋ  ਤੇ ਅਸੀਂ  ਬਚਨ  ਸੁਣਦੇ ਰਹਿੰਦੇ ਸਾਂ, ਤੇ ਹੁਣ ਆਪ ਹੀ ਦਇਆ ਕਰਿਓ ਜੇ ।  ਸੱਚੇ  ਪਾਤਸ਼ਾਹ ਆਖਣ ਲੱਗੇ । ਸਿਖੋ ਸੰਤ ਮਨੀ ਸਿੰਘ ਤੁਹਾਡੇ ਕੋਲ ਹੀ ਰਹਿਣਗੇ ।  ਕਿਤੇ ਦੂਰ ਨਹੀਂ ਜਾਂਦੇ । ਜਦੋਂ ਅਸੀਂ ਤੁਹਾਡੇ ਪਾਸ ਹਾਂ ਫੇਰ ਤੁਹਾਨੂੰ ਕਾਹਦਾ ਸਹਿੰਸਾ ਹੈ । ਸਾਰਿਆਂ ਆਖਿਆ   ਸੱਚੇ  ਪਿਤਾ ਤੁਹਾਡੇ ਹੁੰਦਿਆਂ ਸਾਨੂੰ ਕਾਹਦਾ ਫਿਕਰ ਹੈ । ਧੰਨ ਬਾਬਾ ਮਨੀ ਸਿੰਘ ਹੈ   ਜੇਹੜਾ  ਜੁਗਾਂ ਦੇ ਵਿਛੜਿਆਂ ਨੂੰ ਬਾਹੋਂ ਫੜਕੇ ਤੁਹਾਡੀ ਚਰਨੀ ਲਾ ਗਿਆ ਹੈ ।  ਅੱਸੂ ਵਿਚ ਦੇਹ ਛੱਡੀ ਹੈ ਸੰਤਾਂ  ਨੇ  ਕੱਤੇ  ਦੀ  ਚੌਂਦੇ ਵਾਲੀ ਰਾਤ ਮਨੀ ਸਿੰਘ  ਪਾਤਸ਼ਾਹ ਦੇ ਘਰ ਪਾਤਸ਼ਾਹ ਦਾ ਪੁੱਤਰ ਬਣ ਕੇ ਆ ਗਿਆ ਹੈ ।  ਮਾਤਾ  ਬੰਤੀ  ਦੀ  ਕੁੱਖੋਂ ਸੰਤਾਂ  ਨੇ  ਜਰਮ ਲਿਆ ਹੈ  ।  ਤਿੰਨ ਸਾਹਿਬਜਾਦੇ ਮਾਤਾ  ਨੈਣੋ   ਦੀ  ਕੁੱਖ ਵਿਚੋਂ ਹਨ । ਇਕ ਮਾਤਾ  ਭਜਨੋ ਦੀ  ਕੁੱਖੋਂ ਸਾਹਿਬਜਾਦਾ ਹੈ । ੫(5) ਸਾਹਿਬਜਾਦੇ ਪਾਤਸ਼ਾਹ ਦੇ ਹਨ । ਵੱਡੇ ਸਾਹਿਬਜਾਦੇ ਦਾ ਨਾਮ ਜੋਤ ਸਰੂਪ ਪਾਤਸ਼ਾਹ ਭਗਵਾਨ ਸਿੰਘ ਰੱਖਿਆ ਹੈ । ਫੇਰ ਪਾਤਸ਼ਾਹ ਲਾਡ ਨਾਲ ਮੋਹਣ ਕਰ ਕੇ ਵਾਜ ਮਾਰਦੇ ਸਨ ।  ਲੋਕੀਂ ਵੀ ਮੋਤਿਆ ਆਖਣ ਲਗ ਪਏ ।   ਜੋ ਸਿਖ ਹਨ ਸਾਰੇ ਬਾਬਾ ਭਗਵਾਨ ਸਿੰਘ ਜੀ ਆਖ ਬੁਲੌਂਦੇ ਹਨ । ਉਸ ਤੋਂ ਛੋਟੇ ਦਾ ਨਾਮ ਊਧਮ ਸਿੰਘ ਸੀ, ਤੀਜੇ ਸਾਹਿਬਜਾਦੇ ਨਾਂ ਨਾਮ, ਮਾਤਾ ਬੰਤੀ ਦੇ ਪੁੱਤਰ ਦਾ, ਜੋਤ ਸਰੂਪ  ਕਰਤਾਰ  ਸਿੰਘ ਪਾਤਸ਼ਾਹ ਰਖਿਆ ਹੈ । ਸਿਖ ਸਾਰੇ ਬਾਬਾ  ਕਰਤਾਰ  ਸਿੰਘ ਆਖਦੇ  ਤੇ ਹੋਰ ਦੁਨੀਆਂ ਸੂਰਤ ਸਿੰਘ ਆਖਦੀ ਹੈ ਜੀ । ਉਸ ਤੋਂ ਛੋਟੇ ਦਲੀਪ ਸਿੰਘ ਤੇ ਸ਼ਾਮ ਸਿੰਘ ਹਨ ਜੀ ।।