65 – ਸਿਖਾਂ ਪਾਤਸ਼ਾਹ ਲਈ ਬੈਠਕ ਬਣੌਣੀ – JANAMSAKHI 65

ਸਿਖਾਂ ਪਾਤਸ਼ਾਹ ਲਈ ਬੈਠਕ ਬਣੌਣੀ

    ਇਕ ਵਾਰ  ਸਾਰਿਆਂ ਸਿਖਾਂ ਰਲ ਕੇ ਸਲਾਹ ਕੀਤੀ  ਕਿ  ਪਾਤਸ਼ਾਹ ਅੱਗੇ  ਬੇਨੰਤੀ ਕਰ ਕੇ  ਇਕ ਪਾਤਸ਼ਾਹ ਲਈ 

ਬੈਠਕ ਬਣਾਈਏ ।  ਪਾਤਸ਼ਾਹ ਅੱਗੇ  ਬੇਨੰਤੀ ਕੀਤੀ  ਕਿ  ਸਾਡੀ ਸਲਾਹ ਹੈ,  ਆਪ ਦੇ ਬਹਿਣ ਵਾਸਤੇ  ਇਕ ਬੈਠਕ ਤਿਆਰ ਕਰੀਏ ।  ਪਾਤਸ਼ਾਹ ਆਖਣ ਲੱਗੇ ਸਾਨੂੰ  ਤਾਂ  ਕੋਈ ਐਡਾ ਬੈਠਕ ਦਾ ਚਾ ਨਹੀਂ । ਅਸੀਂ ਏਸੇ ਤਰ੍ਹਾਂ ਖ਼ੁਸ਼ ਹਾਂ । ਸਿਖਾਂ ਆਖਿਆ, ਪਾਤਸ਼ਾਹ ਸਾਨੂੰ ਚਾ ਹੈ ਬੈਠਕ ਬਣੌਣ ਦਾ ਤੁਸੀਂ ਦਇਆ ਕਰੋ । ਪਾਤਸ਼ਾਹ ਆਖਿਆ ਚੰਗਾ ਤੁਹਾਡੀ ਖ਼ੁਸ਼ੀ । ਸਿਖਾਂ  ਨੇ  ੫੦੦ (500) ਰੁਪੈਆ ਕੱਠਾ ਕਰ ਕੇ ਹੁਡਿਆਰੇ ਪਿੰਡ ਜਾ ਕੇ ੪੦ (40) ਹਜਾਰ ਇੱਟ ਲੈਣੀ ਕਰ ਆਏ, ਸਾਈ ਫੜਾ ਆਏ ।  ਹਾੜ ਦੇ ਮਹੀਨੇ ਵਿਚ ਇੱਟਾਂ ਢੋਣੀਆਂ ਸ਼ੁਰੂ ਕਰ ਦਿਤੀਆਂ ਹਨ । ਸਾਰਿਆਂ ਸਿਖਾਂ  ਨੇ  ਗੱਡਾ ਲਿਆ ਕੇ ਤਿੰਨਾਂ ਦਿਨਾਂ ਵਿਚ ਇੱਟਾਂ ਢੋ ਲਈਆਂ ਹਨ ।  ਮਹਾਰਾਜ ਹੋਰਾਂ ਦੇ ਪਿਤਾ  ਨੇ  ਹਵੇਲੀ ਵਲੀ ਹੋਈ ਸੀ  ।  ਜ਼ਿਮੀਦਾਰਾਂ  ਨੇ ਥਾਂ ਦਿਤਾ ਹੋਇਆ ਸੀ । ਪਾਤਸ਼ਾਹ ਥਾਂ ਵਾਲੇ ਜ਼ਿਮੀਦਾਰਾਂ ਨੂੰ ਪੁਛਿਆ ਕਿ  ਅਸੀਂ ਡਿਓਡੀ ਤੇ ਬੈਠਕ ਬਣੌਣ ਲੱਗੇ ਹਾਂ ਜੇ ਥਾਂ ਦਾ ਫੇਰ ਕੋਈ ਰੌਲਾ ਪੌਣਾ ਤੇ ਹੁਣੇ ਦੱਸ ਦਿਓ  ।  ਸਾਰੇ ਆਖਣ ਲਗੇ  ਸੱਚੇ  ਪਾਤਸ਼ਾਹ ਬਣਾਓ, ਤੁਸੀਂ  ਜੋ ਜੀ ਕਰਦਾ ਹੈ । ਜਿਸ ਵਕਤ ਮਕਾਨ ਤਿਆਰ ਹੋ  ਗਿਆ ਤੇ ਆਖਣ ਲੱਗੇ ਥਾਂ ਸਾਡਾ ਏ । ਮਹਾਰਾਜ ਹੋਰਾਂ ਆਖਿਆ  ਕਿ  ਅਸੀਂ ਹੁਣ ਮਕਾਨ ਤਿਆਰ ਕੀਤਾ ਹੈ । ਤੁਸੀਂ ਜਾਂ ਸਾਡੇ ਕੋਲੋਂ ਕਰਾਇਆ ਲਈ ਜਾਓ ਤੇ ਜਾ ਥਾਂ  ਦੀ  ਕੀਮਤ ਲੈ  ਲਓ । ਆਖਣ ਲੱਗੇ ਨਹੀਂ ਮਹਾਰਾਜ ਜੀ,   ਸਾਡਾ ਸਾਰੀ ਪੱਤੀ ਦਾ ਸਾਂਝਾ ਥਾਂ ਹੈ  ਅਸੀਂ ਜੰਞਾਂ ਵਾਸਤੇ ਤਿਆਰ ਕਰ ਕੇ ਰੱਖਣਾ ਹੈ ਅਸੀਂ ਪੈਸੇ ਨਹੀਂ ਲੈਣੇ  ।  ਓਸ ਤਰ੍ਹਾਂ  ਤਾਂ  ਪਾਤਸ਼ਾਹ ਨੂੰ ਕੁਛ ਨਹੀਂ ਆਖ ਸਕਦੇ ਸਨ  ਕਿਉਂਕਿ  ਪਾਤਸ਼ਾਹ ਕੋਲ ਬੰਦਿਆਂ ਦਾ ਬਹੁਤ ਜੋਰ ਸੀ । ਤਿੰਨ ਮੀਲ ਲਾਗੇ ਭਡਾਣਾ ਪਿੰਡ ਸੀ, ਓਥੇ ਜਾ ਕੇ ਸਰਦਾਰ ਕੋਲ ਦਾਹਵਾ ਕਰ ਦਿਤਾ । ਸਰਦਾਰ ਜੱਟ ਸੀ । ਜੱਟਾਂ ਨੇ  ਫਰਮੈਸ਼ ਪਾਈ ਤੇ ਆਂਦੇ  ਨੇ  ਅਸਾਂ ਥਾਂ ਦਿਤਾ ਸੀ, ਪਾਤਸ਼ਾਹ ਮਕਾਨ ਪਾ ਬੈਠੇ ਹਨ ਜੀ, ਤੇ ਅਸੀਂ ਹੱਕ ਨਹੀਂ ਛੱਡਣਾ  ਤੁਸੀਂ ਹੁਣ ਓਹਨਾਂ ਦਾ ਦਾਹਵਾ ਤੋੜ ਦਿਓ  ।  ਓਸ ਸਰਦਾਰ ਬੇਈਮਾਨ  ਨੇ  ਪਾਤਸ਼ਾਹ ਦਾ ਹੱਕ ਤੋੜ ਦਿੱਤਾ  ।  ਪਾਤਸ਼ਾਹ ਨੂੰ ਹੁਕਮ ਕੀਤਾ ਕਿ  ਆਪ ਦਾ ਮਕਾਨ ਹਦੇੜ   ਲਓ । ਜੇ ਇਕ ਮਹੀਨੇ ਵਿਚ ਨਾਂ ਹਦੇੜੋਗੇ, ਤੇ ਤੁਹਾਡਾ ਏਹ  ਵੀ ਹੱਕ ਜਾਂਦਾਰਹੇਗਾ ।  ਓਥੇ ਲੋਕ ਪਾਤਸ਼ਾਹ ਨਾਲ ਬਹੁਤ ਦੁਬਿਧਾ ਕਰਦੇ  ਰਹੇ  ਹਨ ਜੀ  ।  ਪਾਤਸ਼ਾਹ  ਨੇ  ਸਿਖਾਂ ਨੂੰ ਹੁਕਮ ਦਿੱਤਾ  ਕਿ  ਮਕਾਨ ਹਦੇੜ   ਕੇ ਖੇਤ ਜਾ ਕੇ ਬੈਠਕ  ਬਣਾ  ਲਓ  ।  ਮਾਲ ਡੰਗਰ ਵੀ ਵਾੜ ਵਲ ਕੇ ਓਥੇ  ਲੈ  ਜਾਓ ।  ਸਾਰੀ ਸਿਖੀ ਵਿਚ ਪਾਤਸ਼ਾਹ ਹੁਕਮ ਦੇ ਦਿੱਤਾ  ਕਿ   ਜੋ ਮਾਈ ਭਾਈ  ਏਸ  ਸੇਵਾ ਵਿਚ ਹੱਥ ਲੌਣਗੇ, ਸਾਰਿਆਂ  ਦੀ  ਸੇਵਾ ਪਰਵਾਨ ਕਰਾਂਗੇ ।  ਤੇਜਾ ਸਿੰਘ ਨੂੰ ਬਾਰ ਵਿਚ  ਪਾਤਸ਼ਾਹਾਂ  ਘੱਲ ਦਿੱਤਾ  ਕਿ  ਸਾਰਿਆਂ ਸਿਖਾਂ ਨੂੰ  ਸਾਡਾ ਹੁਕਮ ਸੁਣਾ ਦਿਓ ।  ਤੇਜਾ ਸਿੰਘ ਬਾਰ ਵਿਚ ਜਾ ਕੇ  ਸੱਚੇ  ਪਾਤਸ਼ਾਹ ਦਾ ਹੁਕਮਨਾਮਾ ਸੁਣਾ ਦਿਤਾ ਹੈ   ਕਿ  ਪਾਤਸ਼ਾਹ  ਮਕਾਨ ਹਦੇੜ   ਕੇ ਖੇਤ ਖੜਨਾ ਹੈ ਮਿਟੀ ਸਮੇਤ  ।   ਜੋ ਮਾਈ ਭਾਈ ਆਣ ਕੇ ਇਸ ਮਿਟੀ ਨੂੰ ਹੱਥ ਲਾਵੇਗਾ  ਚਾਰ ਜੁਗ ਉਸ ਦਾ ਨਾਮ ਰਹੇਗਾ ।  ਆਪਸ ਵਿਚ ਸਲਾਹ ਕਰ ਕੇ ਜੀਉਣ ਸਿੰਘ ਆਖਣ ਲਗਾ,  ਸਾਡਾ ਵੇਹਲ ਨਹੀਂ ।  ਕੰਮ ਦਾ   ਬੜਾ   ਜੋਰ ਹੈ ।  ਤੇਜਾ ਸਿੰਘ ਮੁੜ ਆਇਆ ਤੇ  ਜੋ ਕੁਛ ਸਿਖਾਂ ਆਖਿਆ ਆਣ ਕੇ  ਸੱਚੇ  ਪਾਤਸ਼ਾਹ ਨੂੰ ਸੁਣਾ ਦਿਤਾ । ਏਧਰ ਇਕ ਰਾਤ ਵਿਚ  ਜੋ  ਮਾਝੇ ਦੀ  ਸਿਖੀ ਸੀ, ਸਾਰੀ ਆਣ ਕੇ ਬੜੇ ਪ੍ਰੇਮ ਨਾਲ ਸੇਵਾ ਕਰ ਰਹੀ ਹੈ । ਕਹਿਣ ਸ਼ੁਕਰ ਹੈ ਜੇ ਪਾਤਸ਼ਾਹ ਸਾਨੂੰ ਸੇਵਾ ਬਖ਼ਸ਼ੀ ਹੈ ।  ਇਕ ਰਾਤ ਵਿਚ ਸਿਖ ਮਕਾਨ ਹਦੇੜ   ਕੇ  ਲੈ  ਗਏ ਹਨ ਜੀ ।  ਪਾਤਸ਼ਾਹ  ਨੇ  ਤੇਜਾ ਸਿੰਘ ਨੂੰ ਪੁਛਿਆ, ਕੋਈ ਸਿਖ ਤੇਰੇ ਨਾਲ ਆਇਆ ਹੈ ।  ਉਸ ਆਖਿਆ ਨਹੀਂ ਜੀ, ਓਹ ਆਂਦੇ ਸਨ  ਸਾਡਾ ਵੇਹਲ ਨਹੀਂ । ਘਵਿੰਡੋਂ  ਦੋ  ਮੀਲ ਪਾਤਸ਼ਾਹ ਦਾ ਖੇਤ ਸੀ, ਜਿਥੇ ਇੱਟਾਂ ਖੜੀਆਂ ਹਨ ।  ੪੦ (40) ਹਜਾਰ ਇੱਟ  ਚੌਂਹ ਪੈਹਰਾਂ ਵਿਚ ਸਿਖ ਖੇਤ  ਲੈ  ਗਏ ਹਨ । ਲੱਕੜ ਦਾ ਸਾਰਾ ਸਮਾਨ  ਕਲਸੀਂ ਪੁਚਾ ਦਿਤਾ ਸੀ  ਚੇਤ ਸਿੰਘ ਦੇ ਘਰ । ਨਗਰ ਦੇ ਵਾਸੀ ਵੇਖ ਕੇ ਹੈਰਾਨ ਪਰੇਸ਼ਾਨ ਹੋ  ਗਏ ਹਨ  ਕਿ  ਏਥੇ ਹੁਣ ਪਈ ਧੂੜ ਉਡਦੀ ਹੈ ।।

    ਏਥੇ ਵਾਲਿਆਂ ਸਿਖਾਂ  ਤਾਂ  ਸੇਵਾ ਕਰ ਕੇ  ਰੱਜ  ਲਿਆ, ਤੇ ਬਾਰ ਵਾਲੇ ਸਿਖ ਲੜਾਈ ਕਰ ਬੈਠੇ ।  ਜੀਉਣ ਸਿੰਘ ਵੱਢਿਆ ਫੱਟਿਆ ਗਿਆ । ਮਰਨੋਂ ਤਾਂ  ਬਚ ਗਿਆ, ਹਾਲ ਬੁਰਾ ਹੋ  ਗਿਆ ਹੈ ।  ਸੱਟ ਲੱਗਣ ਕਰ ਕੇ ਹਸਪਤਾਲ ਪੈ ਗਿਆ । ਮਾਇਆ ਲਗਣੀ ਸ਼ੁਰੂ  ਹੋ  ਗਈ । ਏਧਰੋਂ ਸਿਖਾਂ  ਨੇ  ਜੇਹੜੇ ਕੱਚੇ ਮਕਾਨ ਸਨ  ਓਨ੍ਹਾਂ ਤੋਂ ਮਿੱਟੀ  ਲਾਹ ਕੇ ਸਭ ਛੱਪੜ ਵਿਚ ਸੁੱਟ  ਦਿਤੀ । ਓਸ ਵਕਤ  ਸੱਚੇ  ਪਾਤਸ਼ਾਹ  ਨੇ  ਐਸਾ ਸਿਖੀ ਵਿਚ ਬਲ ਬਖ਼ਸ਼ਿਆ  ਕਿ  ਜੇ ਸਾਰੇ ਰਲ ਕੇ ਪਹਾੜ ਨੂੰ ਧੱਕਾ ਮਾਰਨ  ਤੇ ਪਹਾੜ ਡੇਗ ਦੇਣ ।  ਜੋ ਬੱਚੇ ਦੁਧ  ਚੁੰਗ ਰਹੇ  ਸਨ ਓਨ੍ਹਾਂ ਦੇ ਹੱਥ ਵੀ ਸੰਗਤ  ਨੇ  ਲਵਾਏ ਹਨ । ਮਿੱਟੀ   ਦੀ  ਐਸੇ ਪ੍ਰੇਮ ਨਾਲ ਸੇਵਾ ਕੀਤੀ ਹੈ,  ਥਾਂ ਪੱਧਰਾ ਕਰ ਕੇ   ਜੋ ਕੱਖ ਕੰਡਾ ਸੀ, ਸਭ ਨੂੰ ਅੱਗ ਲਾ ਦਿਤੀ ਹੈ ।  ਅੱਗ ਦੇ ਭਾਂਬੜ ਬਲਦੇ ਵੇਖ ਸਾਰਾ ਪਿੰਡ ਕੋਠਿਆਂ ਤੇ ਚੜ ਕੇ ਵੇਂਹਦਾ ਹੈ ।  ਓਸ ਪੱਤੀ ਨੂੰ ਲਾਨਤਾਂ ਤੇ ਧ੍ਰਿਗ ਪੈਂਦੀ ਹੈ ।  ਦੁਨੀਆਂ ਸਾਰੀ ਆਂਦੀ ਹੈ  ਕਿ  ਪਾਪੀਆਂ ਪਾਪ ਕੀਤਾ ਹੈ ।  ਲੇਖਾ  ਦੇਣਾ ਪਊ ।  ਸਾਵਣ ਦਾ ਮਹੀਨਾ ਸੀ ਬੱਦਲ ਤੇ ਘਟਾਂ ਚੜ੍ਹ ਕੇ ਆ ਗਈਆਂ ਹਨ  ।  ਅੱਠ ਪਹਿਰ ਐਨਾ ਮੀਂਹ ਪਿਆ  ਕਿ   ਜੋ ਮਿਟੀ ਥੋੜੀ ਬਹੁਤ ਰੈਂਹਦੀ ਸੀ ।  ਸਾਰੀ ਰੁੜ ਕੇ ਛੱਪੜ ਵਿਚ ਜਾ ਪਈ ਹੈ ।  ਸੱਚੇ  ਪਾਤਸ਼ਾਹ ਮਾਲ ਖੇਤ  ਲੈ  ਗਏ ਹਨ । ਸਿਖੀ ਸਾਰੀ ਖੁਸ਼ੀਆਂ  ਲੈ  ਕੇ ਆਪੋ ਆਪਣੇ ਘਰੀਂ  ਚਲੀ ਗਈ ਹੈ । ਘਵਿੰਡ ਦੇ ਵਾਸੀ  ਏਸ  ਤਰ੍ਹਾਂ ਪਾਤਸ਼ਾਹ ਨਾਲ ਵਰਤਦੇ  ਰਹੇ  ਹਨ ਜੀ । ਪਾਤਸ਼ਾਹ  ਦੋ  ਜਹਾਨਾਂ ਦੇ ਵਾਲੀ ਕਿਸੇ ਨੂੰ ਮੱਥੇ ਵੱਟ ਨਹੀਂ ਸੀ ਪੌਂਦੇ ।  ਸੰਤ ਮਨੀ ਸਿੰਘ ਦਾ  ਬਚਨ  ਹੈ ਪਾਤਸ਼ਾਹ ਦੇ ਹੱਥ ਕੜਛਾ ਫੜਿਆ ਹੋਇਆ ਹੈ,  ਜਿਹੜਾ ਸੇਵਾ ਕਰਦਾ, ਓਹ ਸਿੱਧਾ ਪੁਵਾ ਲੈਂਦਾ ਹੈ ਤੇ  ਜੇਹੜਾ  ਨਿੰਦਿਆ ਕਰਦਾ ਹੈ, ਓਹ ਪੁਠਾ ਪੁਵਾ ਲੈਂਦਾ ਹੈ,  ਸਰਾਫ  ਲੈ  ਕੇ ਬੈਠ ਜਾਂਦਾ ਹੈ ।  ਕੋਈ ਦਿਨ ਪਾ ਕੇ  ਸਿਖਾਂ  ਨੇ  ਖੇਤ ਵਿਚ  ਪੱਕੇ ਮਕਾਨ ਤੇ ਬੈਠਕ  ਬਣਾ  ਦਿਤੀ  ।  ਮਾਲ ਡੰਗਰ ਵੀ ਰਾਤ ਦਿਨੇ ਖੇਤ  ਰਹੇ  ।  ਅਨੇਕ ਭਾਂਤ ਦੇ ਓਥੇ ਫਲਾਂ ਦੇ ਬੂਟੇ ਸਿਖਾਂ  ਨੇ  ਲਿਆ ਕੇ ਬਾਗ ਲਾ ਦਿਤਾ ।  ਧਰਤੀ ਨੂੰ ਭਾਗ ਲੱਗਾ ਪਿਆ ਹੈ,  “ਓਹ  ਤਾਂ  ਧਰਤੀ ਨਸੀਬਾਂ ਵਾਲੀ ਜਿਥੇ ਮੇਰਾ ਸਾਹਿਬ ਵਸਦਾ” ।  ਜਿਥੇ ਪਾਤਸ਼ਾਹ ਚਰਨ ਪਾਏ ਹਨ, ਧੰਨ ਓਹ ਧਰਤੀ ਹੈ ।।