66 – ਦਫ਼ਤੂ ਵਾਲੇ ਸਿਖਾਂ ਦੀ ਸਾਖੀ – JANAMSAKHI 66

IMAGE

 ਦਫ਼ਤੂ ਵਾਲੇ ਸਿਖਾਂ  ਦੀ  ਸਾਖੀ

    ਇਕ ਦਫ਼ਤੂ ਦਾ ਸਿਖ ਤੇ ਬੀਬੀਆਂ ਮਾਈਆਂ   ਬੜਾ   ਸੱਚੇ  ਪਾਤਸ਼ਾਹ ਦਾ

ਪ੍ਰੇਮ ਕਰਦੀਆਂ ਸਨ ਤੇ ਦਰਸ਼ਨ ਕਰਨ  ਔਂਦੇ  ਰੈਂਦੇ ਸਨ । ਪਾਤਸ਼ਾਹ ਵੀ ਐਸਾ ਹੀ ਪ੍ਰੇਮ ਕਰਦੇ ਸਨ ।  ਜਦੋਂ ਸੰਗਤਾਂ ਗੁਰਪੁਰਬ ਤੇ ਔਂਦੀਆਂ ਸੀ, ਅੱਠ ਅੱਠ ਦਿਨ ਪਾਤਸ਼ਾਹ ਸਿਖਾਂ ਨੂੰ ਜਾਣ ਨਹੀਂ ਸੀ ਦੇਂਦੇ । ੧੨(12) ਮੀਲ ਦਫ਼ਤੂ ਤੋਂ ਘਵਿੰਡ ਦਾ ਪੈਂਡਾ ਸੀ  ।  ਬੇਬੇ ਕਰਮੋ ਸਵੇਰੇ ਪਰਸ਼ਾਦ ਪਕਾ ਕੇ ਤਸਮਈ ਤੇ ਕੜਾਹ ਪਰਸ਼ਾਦ ਤਿਆਰ ਕਰ ਕੇ,  ਕਈ ਪਰਕਾਰ ਦੇ ਭੋਜਨ ਤਿਆਰ ਕਰ ਕੇ, ਸਿਰ ਤੇ ਥਾਲ ਚੁਕ ਕੇ  ਤੇ ਨੰਗੀ ਪੈਰੀਂ ਤੁਰ ਕੇ  ਆਣ ਕੇ  ਘਵਿੰਡ ਪਾਤਸ਼ਾਹ ਨੂੰ ਪਰਸ਼ਾਦ ਛਕਾ ਕੇ ਫੇਰ ਆਪ ਛਕਦੀ ਸੀ । ਐਨਾ ਬੇਬੇ ਦਾ ਪ੍ਰੇਮ ਹੈ, ਮੈਂ ਦੱਸ ਨਹੀਂ ਸਕਦਾ ।  ਸੱਚੇ  ਪਾਤਸ਼ਾਹ ਪਰਵਾਨ ਕਰਨ ਤੇ ਸਿਖਾਂ  ਦੀ  ਚਰਨੀ ਲੱਗਿਆਂ ਦੀ   ਨਿਭਾ  ਦੇਣ ।  ਜਦੋਂ ਬੇਬੇ ਕਰਮੋ  ਨੇ  ਘਰ ਜਾਣਾ ਤੇ ਸਾਰਿਆਂ ਗੁੱਸੇ ਹੋਣਾ, ਐਨੇ ਦਿਨ ਜਾ ਕੇ ਬੈਹ ਰੈਂਦੀ ਹੈ । ਓਹਨਾਂ ਆਖਣਾ ਪਾਤਸ਼ਾਹ ਦਾ ਪਜ ਲੌਦੀਆਂ ਨੇ   ਕਿ  ਸਾਨੂੰ ਔਣ     ਨਹੀਂ ਦੇਂਦੇ  ।  ਅਸੀਂ ਵੀ ਪਾਤਸ਼ਾਹ ਦੇ ਸਿਖ ਹਾਂ, ਸਾਨੂੰ ਓਹਨਾਂ ਕਦੇ ਨਹੀਂ ਆਖਿਆ,  ਆਓ ਜਾਂ ਨਾ ਆਓ ।  ਬੇਬੇ ਕਰਮੋ ਦੇ ਨਾਲ ਚਾਰ ਕੁ ਬੀਬੀਆਂ ਸੇਵਾਦਾਰ ਹੋਰ ਵੀ ਔਂਦੀਆਂ ਸਨ । ਜਦੋਂ ਫੇਰ ਬੀਬੀਆਂ ਨੇ  ਔਣਾ ਤੇ ਬੇਨੰਤੀ ਕਰਨੀ, ਸੱਚੇ  ਪਾਤਸ਼ਾਹ  ਤੁਸੀਂ ਸਾਨੂੰ ਖ਼ੁਸ਼ੀ ਨਹੀਂ ਦੇਂਦੇ ਜਦੋ ਆਖੀਦਾ ਹੈ, ਘਰ ਦੇ ਸਾਨੂੰ ਜਾਦਿਆਂ ਨੂੰ ਗੁੱਸੇ ਹੁੰਦੇ ਹਨ । ਆਂਦੇ  ਨੇ  ਸਾਨੂੰ  ਤਾਂ  ਪਾਤਸ਼ਾਹ ਕੁਛ ਨਹੀਂ ਆਂਦੇ । ਬੇਬੇ ਧੰਨੋ ਦਫ਼ਤੂ ਵਾਲੀ  ਨੇ  ਪਾਤਸ਼ਾਹ ਅੱਗੇ  ਬੇਨੰਤੀ ਕੀਤੀ, ਹੇ  ਸੱਚੇ  ਪਿਤਾ ਮੈਨੂੰ ਔਲਾਦ  ਦੀ   ਬੜੀ   ਭੁੱਖ  ਹੈ, ਦਇਆ ਕਰੋ । ਤੇਜਾ ਸਿੰਘ ਪਾਤਸ਼ਾਹ ਤੋਂ ਅੱਗੇ  ਪਿਛੇ  ਹੋ  ਕੇ  ਬੀਬੀਆਂ ਨੂੰ ਸਮਝੌਂਣਾ ਕਿ  ਤੁਸੀਂ ਬੰਦਿਆਂ  ਦੀ  ਅਰਜ ਨਾਂ ਕਰਿਆ ਕਰੋ, ਪਾਤਸ਼ਾਹ ਸਾਨੂੰ ਗੁੱਸੇ ਹੁੰਦੇ  ਨੇ  ।  ਸੱਚੇ  ਪਾਤਸ਼ਾਹ ਫੜ ਲੈਣ ਤੇ ਛੇਤੀ ਛੱਡਦੇ ਨਹੀਂ । ਬੇਬੇ ਧੰਨੋ ਤੇ ਬੇਬੇ ਕਰਮੋ ਮਾਸੀ ਭਣੇਵੀ ਸਨ । ਧੰਨੋ ਨੂੰ ਸਿਖਾਂ ਆਖਣਾ ਬੇਬੇ ਜੇ ਪਾਤਸ਼ਾਹ ਕੋਲੋਂ ਪੁੱਤਰ ਮੰਗਦੀ ਹੈਂ, ਬੇਨੰਤੀ ਕਰਿਆ ਕਰ,   ਸੱਚੇ  ਪਾਤਸ਼ਾਹ ਕੋਈ ਆਪਣਾ ਭਗਤ ਹੀ ਬਖ਼ਸ਼ਿਓ ਜੇ, ਨਲੈਕ ਨਾਂ  ਹੋਵੇ  ।   ਸੱਚੇ  ਪਾਤਸ਼ਾਹ ਸਾਲ ਭਰ ਤੱਕ ਅਰਜਾਂ ਸੁਣਦੇ  ਰਹੇ  ਹਨ ਤੇ ਕੋਈ  ਬਚਨ  ਨਹੀਂ ਕੀਤਾ ।  ਬੇਬੇ ਕਰਮੋ ਜਦੋਂ ਔਣਾ  ਘਰ ਦੀਆਂ ਫਰਿਆਦਾਂ  ਲੌਣੀਆਂ ।  ਗੁਰਪੁਰਬ ਤੇ ਬੇਬੇ ਹੋਰੀ ਆਈਆਂ ਤੇ ਧੰਨੋ ਗਲ ਵਿਚ ਪੱਲਾ ਪਾ ਕੇ ਅਰਜ ਕੀਤੀ   ਕਿ   ਸੱਚੇ  ਪਾਤਸ਼ਾਹ  ਮੇਰੇ ਘਰ ਪੁੱਤਰ  ਹੋਵੇ  ਭਾਵੇਂ ਉਲਾਮੇ ਹੀ ਲਿਆਵੇ,  ਬੇਸ਼ਕ ਨਲੈਕ ਹੀ  ਹੋਵੇ   ।   ਸੱਚੇ  ਪਾਤਸ਼ਾਹ ਹੱਸ ਪਏ ਤੇ ਆਖਣ ਲੱਗੇ ਬੇਬੇ ਏਥੇ ਕੋਈ ਤੋਟ ਨਹੀਂ ।  ਤੂੰ  ਇਕ ਮੰਗਦੀ  ਹੈਂ  ਤੇ ਤੇਰੇ ਘਰ  ਦੋ   ਹੋ  ਪੈਣਗੇ  ।  ਕਰਮੋ ਫੇਰ ਅਰਜ ਕੀਤੀ, ਸੱਚੇ  ਪਾਤਸ਼ਾਹ ਮੈਂ ਅਗਲੀ ਵਾਰੀ ਗਈ ਸਾਂ ਤੇ ਮੈਨੂੰ ਘਰ ਦੇ ਬੜੇ ਗੁੱਸੇ  ਹੋਏ  ਸੀ ।  ਪਾਤਸ਼ਾਹ ਆਖਣ ਲੱਗੇ, ਚੰਗਾ ਬੇਬੇ ਹੁਣ ਫੇਰ ਨਹੀਂ ਤੈਨੂੰ ਗੁੱਸੇ ਹੁੰਦੇ  ।  ਦੋਵੇਂ ਮਾਸੀ ਭਣੇਵੀਂ ਪਾਤਸ਼ਾਹ ਤੋਂ ਵਰ ਤੇ ਖ਼ੁਸ਼ੀ  ਲੈ  ਕੇ ਘਰ ਚਲੀਆਂ ਗਈਆਂ ਹਨ ਜੀ ||

    ਕੋਈ ਦਿਨ ਪਾ ਕੇ ਬੇਬੇ ਧੰਨੋ  ਦੇ ਘਰ ਪੁੱਤਰ ਹੋਇਆ ਹੈ ਤੇ ਉਸਦਾ ਨਾਂ ਆਤਮਾ ਸਿੰਘ ਰੱਖਿਆ ਹੈ । ਫੇਰ ਉਸ ਬੇਬੇ ਦੇ  ਦੋ  ਪੁੱਤਰ ਤੇ  ਦੋ  ਧੀਆਂ, ਚਾਰ ਬੱਚੇ ਪਾਤਸ਼ਾਹ ਬਖ਼ਸ਼ੇ ਹਨ ।  ਜਦੋਂ ਬੇਬੇ ਦਾ ਪੁੱਤ ਗਭਰੂ ਹੋਇਆ  ਤੇ ਚੋਰੀਆਂ ਕਰਨ ਲੱਗ ਪਿਆ ਹੈ । ਠਾਣੇਦਾਰਾਂ ਘਰੀਂ  ਆਣ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿਤੀਆਂ । ਆਤੂ  ਦੇ ਬਾਪ ਨੂੰ ਵੀ ਪੁਲਸ ਵਾਲਿਆਂ ਧੂਈ ਫਿਰਨਾ । ਜਿਸ ਤਰ੍ਹਾਂ ਦਾ ਬੇਬੇ ਵਰ ਮੰਗਿਆ  ਓਸੇ ਤਰ੍ਹਾਂ ਪਾਤਸ਼ਾਹ ਦੇ ਦਿਤਾ ।  ਬੇਬੇ ਕਰਮੋ  ਦੀ  ਵੀ ਬੇਨੰਤੀ ਪਰਵਾਨ ਕਰ ਕੇ  ਪਾਤਸ਼ਾਹ  ਉਸ ਦੇ ਘਰ ਵਾਲੇ ਨੂੰ ਫੜ ਲਿਆ ਤੇ ਕਰਮੋ  ਦੀ  ਵੀ ਮਸਤਾਨੀ ਬਿਰਤੀ  ਹੋ  ਗਈ ।  ਆਪਣੇ ਆਪ  ਦੀ  ਸੁਰਤ  ਨਹੀਂ ਸੀ ਰੱਖਦੀ, ਤੇ ਲੋਕੀ ਆਖਣ  ਕਮਲੀ ਹੋ  ਗਈ ਹੈ  । ਕਰਮੋ ਦਾ ਦਿਉਰ ਬੜਾ   ਮਖੌਲ ਕਰਦਾ ਸੀ  ਤੇ ਆਂਦਾ ਸੀ   ਕਿ  ਮਹਾਰਾਜ ਮੈਨੂੰ ਨਹੀਂ ਕੁਛ ਵਖੌਂਦੇ ।  ਓਹ ਵੀ ਘਰੋਂ ਨਿਕਲ ਗਿਆ ।  ਕਰਮੋ ਦਾ ਘਰ ਵਾਲਾ ਜੇ ਰੋਟੀ ਖਾਣ ਲੱਗੇ ਤੇ ਓਸੇ ਵਕਤ ਸਪਸ਼ਟ ਦਰਸ਼ਨ ਦੇ ਕੇ ਪਾਤਸ਼ਾਹ ਆਖਣ, ਕਿਉਂ ਖਾਂਦਾ  ਹੈਂ  ।  ਗੱਲ ਕੀ, ਨਾਂ ਪਾਤਸ਼ਾਹ ਜਲ  ਛੱਕਣ ਦੇਣ ਤੇ ਨਾਂ ਹੀ ਬੈਹਣ ਦੇਣ ।   ਸੱਚੇ  ਪਾਤਸ਼ਾਹ ਬੂੜ ਸਿੰਘ ਨੂੰ ਜੋਤ ਰੂਪ ਘਰੋਂ ਘੇਰ ਕੇ ਬਾਹਰ ਖੇਤ  ਲੈ  ਗਏ ਹਨ ।  ਓਥੇ ਚਤੁਰਭੁਜ ਹੋ  ਕੇ ਪਾਤਸ਼ਾਹ ਦਰਸ਼ਨ ਦਿਤਾ,  ਕਿ  ਦੱਸ ਸਿਖਾਂ ਸਾਨੂੰ ਹੁਣ ਮੰਨੇਗਾ  ਕਿ  ਨਹੀਂ ।  ਉਸ ਵਕਤ ਬੂੜ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ, ਸੱਚੇ  ਪਾਤਸ਼ਾਹ  ਮੈਨੂੰ ਭੁੱਲ ਬਖ਼ਸ਼ੋ  ਮੈਂ ਹੁਣ ਤੁਹਾਡੀ ਨਿੰਦਿਆ ਨਹੀਂ ਕਰਦਾ ।  ਪਾਤਸ਼ਾਹ ਆਖਣ ਲੱਗੇ  ਕਰਮੋ ਨੂੰ ਛੱਡ ਦਿਆਂਗੇ ਤੈਨੂੰ ਨਹੀਂ ਛੱਡਣਾ  ।  ਬੂੜ ਸਿੰਘ ਆਖਿਆ  ਸੱਚੇ  ਪਾਤਸ਼ਾਹ ਮੇਰੇ ਤੇ ਦਇਆ ਕਰੋ  ਤੇ ਮੈਂ ਆਪ ਹੀ ਹੁਣ ਤੁਹਾਡੀ ਸੇਵ ਵਿਚ ਆਇਆ ਕਰਾਂਗਾ ।  ਕਰਮੋ ਨੂੰ ਮਸਤਾਨੀ ਬਿਰਤੀ ਵਿਚ ਰੱਖੋ ।  ਬੂੜ ਸਿੰਘ ਤੇ ਪਾਤਸ਼ਾਹ ਦਇਆ ਕਰ ਦਿਤੀ  ਤੇ ਕਰਮੋ ਨੂੰ  ਆਪਣੇ ਚਰਨਾਂ ਦੇ ਪ੍ਰੇਮ  ਦੀ   ਮਸਤਾਨੀ ਬਖ਼ਸ਼ ਬਿਰਤੀ ਦਿਤੀ ।।

    ਫੇਰ ਕਰਮੋ ਤੇ ਬੂੜ ਸਿੰਘ ਮੁਖੇ ਦੇ ਨਾਲ ਦਰਸ਼ਨਾਂ ਨੂੰ ਆਏ ਹਨ । ਇਕ ਘੋੜੀ ਸੇਵਾ ਵਿਚ ਲਿਆਏ ਹਨ । ਕਰਮੋ ਦੇ ਤਿੰਨ ਪੁੱਤਰ ਸਨ । ਵੱਡੇ ਦਾ ਨਾਂ ਗੁਰਦੀਪ ਸਿੰਘ ਤੇ ਛੋਟੇ ਦਾ ਨਾਂ ਕਛਾਲ ਸਿੰਘ । ਉਸ ਤੋਂ ਛੋਟੇ ਦਾ ਮੁਖਾਂ ਸਿੰਘ ਨਾਮ ਹੈ ।  ਛੋਟਾ ਮੁਖਾਂ ਸਿੰਘ ਉਸ ਵਕਤ ੫(5)  ਸਾਲ ਦਾ ਸੀ । ਬੇਬੇ ਕਰਮੋ  ਮੁਖਾਂ ਸਿੰਘ ਤੇ ਬੂੜ ਸਿੰਘ  ਦਰਸ਼ਨ ਨੂੰ ਆਏ ਹਨ ।  ਆ ਕੇ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਬੇਨੰਤੀ ਕੀਤੀ   ਕਿ   ਸੱਚੇ  ਪਾਤਸ਼ਾਹ ਆਪ  ਦੀ  ਸੇਵਾ ਵਿਚ ਘੋੜੀ ਲਿਆਏ  ਹਾਂ  ਤੇ ਆਹ ਮੁਖਾਂ ਸਿੰਘ ਤੁਹਾਡਾ ਬੱਚਾ ਤੁਹਾਡੀ ਸੇਵਾ ਵਿਚ ਦੇਂਦੇ ਹਾਂ ।  ਜਦੋਂ ਸਿਆਣਾ  ਹੋ  ਗਿਆ,  ਤੁਹਾਡੇ ਮਾਲ ਦੀ  ਸੇਵਾ ਕਰੇਗਾ  ।  ਦੀਨ ਦਿਆਲ ਮੇਰੇ ਤੇ ਦਇਆ ਕਰੋ  ਤੇ  ਮੈਨੂੰ ਦਾਨੀ ਬਿਰਤੀ ਬਖ਼ਸ਼ੋ ।   ਸੱਚੇ  ਪਾਤਸ਼ਾਹ ਦਇਆ ਕੀਤੀ  ਤੇ ਆਖਿਆ ਚੰਗਾ, ਜਿਸ ਤਰ੍ਹਾਂ ਤੁਸੀਂ ਆਖੋਗੇ ਓਸੇ ਤਰ੍ਹਾਂ  ਹੋ  ਜਾਵੇਗਾ । ਬੂੜ ਸਿੰਘ ਤੈਨੂੰ ਖੁਲ੍ਹੀ ਛੁੱਟੀ ਹੈ ਜਦੋਂ ਜੀ ਕਰੇ ਆ ਜਾਇਆ ਕਰ ਤੇ ਬੇਬੇ ਕਰਮੋ ਨੂੰ ਹਰ ਮਸਿਆ ਤੇ ਔਣਾ ਪਵੇਗਾ, ਜੇ ਨਾਂ ਆਵੇਗੀ ਤੇ ਅਸੀਂ ਜੂੜ ਪਾ ਕੇ  ਲੈ   ਆਵਾਂਗਾ । ਫੇਰ ਬੇਬੇ ਕਰਮੋ ਉਸ ਦਿਨ ਤੋਂ ਹਰ ਮੱਸਿਆ   ਨੂੰ ਦਰਸ਼ਨ ਕਰਨ ਔਂਦੀ ਹੈ ।  ਅਨੇਕ ਪਰਕਾਰ ਦੇ ਭੋਜਨ ਤੇ ਮਠਿਆਈਆਂ ਹੱਥੀਂ ਬਣਾ  ਕੇ ਪ੍ਰੇਮ ਨਾਲ ਪਾਤਸ਼ਾਹ ਦਾ ਥਾਲ ਲੁਵਾ ਕੇ, ਸਿਰ ਤੇ ਚੁਕ ਕੇ ਲਿਔਂਦੀ ਹੈ । ਪਾਤਸ਼ਾਹ ਨੂੰ ਪਰਸ਼ਾਦ ਛਕਾ ਕੇ ਫੇਰ ਆਪ ਛਕਦੀ ਰਹੀ ਹੈ । ੧੫(15) ਦਿਨ ਆਪਣੇ ਘਰ ਜਾਂਦੀ ਸੀ  ਤੇ ੧੫(15) ਦਿਨ ਅਗਲੀ ਮਸਿਆ ਤੋਂ ਫੇਰ ਸੇਵਾ ਵਿਚ ਆ ਜਾਂਦੀ  ਸੀ  ।  ਸੇਵਾ ਕਰਦੀ ਕਰਦੀ ਕਿਤੇ ਅੱਕਦੀ ਥੱਕਦੀ ਨਹੀਂ  ।  ਧੰਨ  ਸੱਚੇ  ਪਾਤਸ਼ਾਹ ਹਨ ਤੇ ਧੰਨ ਕਮਾਈ ਓਹਨਾਂ ਦੇ ਸਿਖਾਂ  ਦੀ  ਹੈ ।  ਸਾਰੀ ਸੰਗਤ ਗਜ ਕੇ ਆਖੋ  ਸੋਹੰ ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ  ਦੀ  ਜੈ   ।  ਮੁਖਾਂ ਸਿੰਘ  ਜਿਸ ਵਕਤ ਗਭਰੂ  ਹੋ  ਗਿਆ ਹੈ, ਬਹੁਤ ਪ੍ਰੇਮ ਨਾਲ ਸੇਵਾ ਵਿਚ ਲਗ ਪਿਆ ਹੈ  ।  ਐਸਾ ਸੀਤਲ ਸੁਭਾ ਸਿਖ ਦਾ ਹੈ ਮੈਂ ਲਿਖ ਨਹੀਂ ਸਕਦਾ । ਭਾਵੇਂ ਕੋਈ ਉਸ ਦੇ ਕੋਲ ਕੁਛ ਕਰਦਾ  ਰਹੇ  ਉਸ  ਨੇ  ਕਿਸੇ  ਦੀ  ਨਿੰਦਿਆ ਚੁਗਲੀ ਨਹੀਂ ਕਰਨੀ  ਤੇ ਨਾਂ ਕਿਸੇ ਖਾਣ ਵਾਲੀ ਚੀਜ ਦਾ ਲਾਲਚ ਕਰਨਾ ਹੈ ।  ਸਿਰਫ ਸੇਵਾ ਵਿਚ ਤੇ ਪਾਤਸ਼ਾਹ ਦੇ ਚਰਨਾਂ ਵਿਚ ਧਿਆਨ ਰੱਖਣਾ ਹੈ  ।  ਹੁਣ ਉਸ ਦਿਨ ਤੋਂ ਮੁੱਖਾ ਸਿੰਘ ਅੱਠੇ ਪਹਿਰ ਸੇਵਾ ਵਿਚ ਹਾਜਰ ਹੈ ਜੀ ।  ਮੈਂ  ਬੂੜ ਸਿੰਘ ਤੇ ਬੇਬੇ ਕਰਮੋ  ਦੀ   ਉਸਤਤ ਨਹੀਂ ਕਰ ਸਕਦਾ । ਪਾਤਸ਼ਾਹ ਹੀ ਉਨ੍ਹਾਂ ਦੇ ਗੁਣਾਂ ਨੂੰ ਜਾਣਦੇ ਹਨ ।।