ਸਾਰਿਆਂ ਸਿਖਾਂ ਪਾਤਸ਼ਾਹ ਦਾ ਵਾੜਾ ਵਲਨਾ
ਇਕ ਸਮੇਂ ਦਾ ਬਚਨ ਹੈ ਕਿ ਤੇਜਾ ਸਿੰਘ ਤੇ ਹੋਰ ਪੰਜ ਛੀ ਸਿਖ ਸਨ । ਸਾਰਿਆਂ ਸਲਾਹ ਕੀਤੀ ਕਿ
ਵਾੜਾ ਵਲ ਕੇ ਚਾਰ ਚੁਫੇਰੇ ਵਾੜ ਕਰ ਕੇ ਅੱਗੇ ਫੁਲਾਹ ਲਾ ਦੇਈਏ । ਤੇਜਾ ਸਿੰਘ, ਇੰਦਰ ਸਿੰਘ, ਲਾਭ ਸਿੰਘ ਤੋੜੇ ਵਾਲਾ, ਬੁਧ ਸਿੰਘ ਬਾਲੇ ਚੱਕ ਵਾਲਾ, ਸਾਰਿਆਂ ਸਲਾਹ ਕਰ ਲਈ । ਬਬੂਲ ਦੇ ਛਾਪੇ ਨੈਹਰੋਂ ਪਾਰ ਜਾ ਕੇ ਵੱਢ ਕੇ ਨੈਹਰ ਦੇ ਵਿਚ ਦੀ ਸਿਰ ਤੇ ਲਿਔਂਦੇ ਤੇ ਨੈਹਰ ਲੰਘਾ ਕੇ ਫੇਰ ਬਲਦਾਂ ਮਗਰ ਪਾ ਕੇ ਲਿਔਂਣੇ । ਚਾਲੀ ਸੈਲਾਂ ਬਲਦਾਂ ਮਗਰ ਖੜੀਆਂ ਹਨ । ਇਕ ਵਿਘਾ ਵਾੜਾ ਸੀ । ਐਨਾ ਛਾਪਾ ਕੱਠਾ ਕਰ ਲਿਆ, ਲੰਘਣ ਨੂੰ ਥਾਂ ਨਹੀਂ ਫੇਰ ਵਾੜਾ ਵਲਨਾ ਸ਼ੁਰੂ ਕਰ ਦਿਤਾ । ਤੀਹਰੀ ਵਾੜ ਚਾਰ ਚੁਫੇਰੇ ਕੀਤੀ । ਉਚੀ ਐਡੀ ਘੋੜੇ ਤੇ ਅਸਵਾਰ ਚੜਿਆ ਹੋਵੇ ਤੇ ਵਿਚ ਦਿਸਦਾ ਨਹੀਂ ਸੀ । ਬੇਰੀ ਦੇ ਛਾਪਿਆਂ ਦਾ ਇੰਦਰ ਸਿੰਘ ਨੇ ਫੁਲਾਹ ਬਣਾ ਕੇ ਬੰਨ ਦਿਤਾ । ਅਜੇ ਟੋਏ ਕੱਢ ਕੇ ਗੱਡਦੇ ਹੀ ਹਾਂ ਤੇ ਜੰਦਰਾ ਕੁੰਡੀ ਲੌਣਾ ਹੈ, ਓਨੇ ਚਿਰ ਨੂੰ ਨਾਲ ਸਿਖ ਹਨ ਤੇ ਪਾਤਸ਼ਾਹ ਘੋੜੇ ਤੇ ਪਰਸ਼ਾਦ ਲੈ ਕੇ ਆ ਗਏ ਹਨ । ਭੁਲ ਸਾਡੀ ਹੈ ਕਿ ਪਾਤਸ਼ਾਹ ਦੇ ਔਂਦਿਆਂ ਨੂੰ ਥਾਂ ਸਾਫ ਕਰਨਾ ਸੀ, ਅੱਗੇ ਓਸੇ ਤਰ੍ਹਾਂ ਲੱਕੜਾਂ ਖਿਲਰੀਆਂ ਪਈਆਂ ਹਨ । ਜਿਸ ਵੇਲੇ ਪਾਤਸ਼ਾਹ ਲੰਘਣ ਲੱਗੇ ਹਨ ਤੇ ਘੋੜੇ ਨੂੰ ਲੱਕੜਾਂ ਪੈਰਾਂ ਨਾਲ ਅੜੀਆਂ ਹਨ । ਪਾਤਸ਼ਾਹ ਗੁੱਸੇ ਹੋਣ ਲਗ ਪਏ, ਸਾਡੀ ਵੀ ਓਸ ਵਕਤ ਐਸੀ ਮੂਰਖਤਾਈ ਹੋਈ, ਹੱਥ ਜੋੜ ਕੇ ਭੁੱਲ ਨਹੀਂ ਬਖ਼ਸ਼ਾਈ । ਉਲਟਾ ਗੁੱਸਾ ਕਰ ਲਿਆ ਹੈ । ਓਹਨਾਂ ਦੇ ਗੁਸੇ ਹੋਣ ਨਾਲ ਅਸੀਂ ਸਾਰੇ ਹੈਰਾਨ ਹੋ ਕੇ ਖਲੋ ਗਏ ਹਾਂ । ਵਾੜੇ ਵਿਚ ਜਾ ਕੇ ਸਿਖਾਂ ਨੇ ਘੋੜਾ ਫੜ ਲਿਆ, ਤੇ ਪਾਤਸ਼ਾਹ ਮੰਜੇ ਤੇ ਲੰਮੇ ਪੈ ਗਏ ਹਨ । ਤੇਜਾ ਸਿੰਘ ਸਿਖਾਂ ਨੂੰ ਆਖਿਆ ਕਿ ਜਿਥੇ ਚੀਜਾਂ ਪਈਆਂ ਹਨ ਖਿਲਰੀਆਂ ਰਹਿਣ ਦਿਓ, ਚੁੱਕੋ ਨਾ, ਤੇ ਪਾਤਸ਼ਾਹ ਨਾਲ ਹੁਣ ਆਪਾਂ ਕੋਈ ਸਿਖ ਵੀ ਕੂਈਏ ਨਾ, ਚੁਪ ਹੜਤਾਲ ਕਰ ਦੇਈਏ । ਜਦੋਂ ਪਰਸ਼ਾਦੇ ਲਿਔਣ ਛਕ ਲਿਆ ਕਰੀਏ ਤੇ ਫੇਰ ਖਿਲਰ ਜਾਇਆ ਕਰੀਏ । ਪਾਤਸ਼ਾਹ ਨਾਲ ਉਕਾ ਨਾ ਬੋਲੀਏ । ਜਿਥੇ ਸੱਚੇ ਪਾਤਸ਼ਾਹ ਬੈਠੇ ਹੋਣ, ਓਥੋਂ ਸਾਰੇ ਸਿਖ ਉਠ ਕੇ ਕੋਈ ਪਸ਼ਾਬ ਕਰਨ ਚਲਿਆ ਜਾਵੇ ਤੇ ਕੋਈ ਪਾਣੀ ਪੀਣ ਚਲਿਆ ਜਾਵੇ । ਜਿੰਨਾਂ ਚਿਰ ਪਾਤਸ਼ਾਹ ਵਾੜੇ ਵਿਚ ਰਹਿਣ ਕੋਈ ਨਾ ਲਾਗੇ ਖਲੋਵੇ, ਤੇ ਨਾ ਕੋਈ ਬਚਨ ਕਰੇ । ਜਦੋਂ ਘਰ ਵੀ ਜਾਣ ਰੋਟੀ ਖਾ ਕੇ ਵਾਪਸ ਮੁੜ ਔਣ, ਬਚਨ ਕੋਈ ਨਾ ਕਰੇ । ਜੇ ਪਾਤਸ਼ਾਹ ਬੁਲੌਣ ਵੀ ਤੇ ਅੱਗੋਂ ਕੋਈ ਚੱਝ ਨਾਲ ਬੋਲੇ ਨਾ । ਬੁਧ ਸਿੰਘ ਬੜਾ ਠੰਡਾ ਸੁਭਾ ਦਾ ਸੀ । ਓਹ ਪਾਤਸ਼ਾਹ ਦੇ ਨਾਲ ਬਚਨ ਬਲਾਸ ਕਰੇ, ਹੋਰ ਕੋਈ ਨਾ ਬੋਲੇ । ਬੁਧ ਸਿੰਘ ਪਾਤਸ਼ਾਹ ਤੋਂ ਚੋਰੀ, ਤੇਜਾ ਸਿੰਘ ਤੇ ਇੰਦਰ ਸਿੰਘ ਨੂੰ ਆਖਣ, ਬੇਈਮਾਨੋ ਪਾਤਸ਼ਾਹ ਨਾਲ ਤੁਸੀਂ ਬੇਨੰਤੀ ਕਰਨ ਦੀ ਬਜਾਏ ਸਗੋਂ ਗੁੱਸੇ ਹੋ ਗਏ ਜੇ । ਅੱਠ ਦਿਨ ਏਸੇ ਤਰ੍ਹਾਂ ਅਸਾਂ ਸੱਚੇ ਪਾਤਸ਼ਾਹ ਨਾਲ ਰੋਸ ਰੱਖਿਆ ਸੀ । ਇਕ ਦਿਨ ਸੱਚੇ ਪਾਤਸ਼ਾਹ ਮਾਤਾ ਹੋਰਾਂ ਨਾਲ ਬਚਨ ਕੀਤਾ ਕਿ ਅਸੀਂ ਹੁਣ ਖੇਤ ਨਹੀਂ ਜਾਇਆ ਕਰਨਾ, ਸਿਖ ਤਾਂ ਸਾਡੇ ਗਿਆਂ ਨਾਲ ਬੋਲਦੇ ਵੀ ਨਹੀਂ, ਗੁਸੇ ਹਨ । ਰਾਤ ਨੂੰ ਜਦੋਂ ਸਿਖ ਘਰ ਗਏ ਤੇ ਮਾਤਾ ਨੈਣੋ ਤੇ ਮਾਤਾ ਬੰਤੀ ਆਖਣ ਲੱਗੀਆਂ, ਭਾਈਆ ਕੀ ਗਲ ਹੈ, ਪਾਤਸ਼ਾਹ ਨਾਲ ਤੁਸੀਂ ਕੂੰਦੇ ਨਹੀਂ । ਪਾਤਸ਼ਾਹ ਹਿਰਖ ਕਰਦੇ ਸਨ ਸਾਡੇ ਕੋਲ । ਭਾਈਆ ਜੀ ਤੁਸੀਂ ਏਸ ਤਰ੍ਹਾਂ ਨਾ ਕਰੋ । ਫੇਰ ਕੀ ਹੋਇਆ ਜੇ ਗੁੱਸੇ ਹੋਏ ਹਨ, ਤੁਹਾਡੇ ਮਾਪੇ ਨੇ । ਸਾਨੂੰ ਭਾਈਆ ਜੀ ਕਈ ਵੇਰਾਂ ਤੁਹਾਡੇ ਸਾਹਮਣੇ ਗੁੱਸੇ ਹੁੰਦੇ ਨੇ, ਤਾਂ ਫਿਰ ਅਸੀਂ ਹੁਣ ਓਨਾਂ ਨਾਲ ਲੜਦੀਆਂ ਰਹੀਏ ਜੀ । ਫਿਰ ਸਾਰੇ ਜਣੇ ਆਖਣ ਲੱਗੇ ਹੁਣ ਬੇਨੰਤੀ ਕਰਕੇ ਪਾਤਸ਼ਾਹ ਕੋਲੋਂ ਭੁਲ ਬਖ਼ਸ਼ਾਈਏ । ਸੱਚੇ ਪਾਤਸ਼ਾਹ ਬਿਰਾਜੇ ਹੋਏ ਹਨ, ਤੇ ਸਿਖ ਰੁੱਗੇ ਛਕੌਣ ਲੱਗ ਪਏ । ਬੇਨੰਤੀ ਕੀਤੀ, ਪਾਤਸ਼ਾਹ ਜੀ ਅਸੀਂ ਭੁੱਲ ਗਏ ਹਾਂ, ਦਇਆ ਕਰੋ । ਅਸੀਂ ਹਮੇਸ਼ਾ ਭੁਲਣਹਾਰ ਜੀਵ ਹਾਂ ਤੇ ਤੁਸੀਂ ਮਾਪੇ ਬਖ਼ਸ਼ਣ ਜੋਗ ਜੇ । ਫੇਰ ਸੱਚੇ ਪਿਤਾ ਦਿਆਲੂ ਹੋਏ ਤੇ ਸਾਨੂੰ ਪਰਸ਼ਾਦ ਦਿਤਾ । ਪਰਸ਼ਾਦ ਛਕਦਿਆਂ ਸਾਰ ਹੀ ਸਾਡੇ ਸੀਤਲ ਹਿਰਦੇ ਹੋ ਗਏ । ਜਿੰਨੇ ਦਿਨ ਅਸੀਂ ਗੁੱਸੇ ਰਹੇ ਹਾਂ, ਓਨੇ ਦਿਨ ਪਾਤਸ਼ਾਹ ਦੇ ਹੱਥਾਂ ਦਾ ਪਰਸ਼ਾਦ ਨਹੀਂ ਛਕਿਆ ।।