69 – ਤੇਜਾ ਸਿੰਘ ਪਾਤਸ਼ਾਹ ਨਾਲ ਗੁਸੇ ਹੋਣਾ ਤੇ ਘੋੜੀ ਭੇਟ ਕਰਨੀ – JANAMSAKHI 69

ਤੇਜਾ ਸਿੰਘ ਪਾਤਸ਼ਾਹ ਨਾਲ ਗੁਸੇ ਹੋਣਾ ਤੇ ਘੋੜੀ ਭੇਟ ਕਰਨੀ

    ਤੇਜਾ ਸਿੰਘ ਬੇਨੰਤੀ ਕਰਦਾ ਹੈ  ਕਿ  ਮੈਂ   ਬੜਾ   ਨਿਭਾਗਾ ਸਾਂ, ਹਰ ਵਕਤ ਹੀ ਭੁੱਲਾਂ ਕਰਦਾ ਸਾਂ ।

 ਮੈਂ ਤੁਹਾਨੂੰ ਹੋਰ  ਬਚਨ  ਦੱਸਦਾ  ਹਾਂ   ਕਿ  ਪੋਹ ਦਾ ਮਹੀਨਾ ਸੀ  ਤੇ ਕਿਸੇ  ਬਚਨ  ਤੋਂ ਮੈਂ ਨਰਾਜ  ਹੋ  ਗਿਆ  । ਰਾਤ ਦਾ ਵਕਤ ਸੀ ।  ਮੈਂ ਸਾਰੇ ਲੀੜੇ ਲਾਹ ਕੇ ਸਿਰਫ ਕੱਛਾ ਤੇੜ ਹੈ ਬਾਹਰ ਵੇਹੜੇ ਵਿਚ ਨੰਗਾ ਬੈਹ ਗਿਆ ।  ਸਾਰੇ ਸਿਖ ਵੀ ਮਨਾ ਰਹੇ, ਮੈਂ ਮੰਨਿਆ ਨਹੀਂ । ਮਾਤਾ  ਹੋਰੀਂ ਵੀ ਆਖਦੀਆਂ ਹਨ, ਮੈਂ ਫੇਰ ਵੀ ਨਹੀਂ ਮੰਨਿਆ  ।  ਮੈਂ ਆਖਿਆ ਜੇ ਮੈਂ ਮੰਨਣਾ  ਹੋਊ ਤੇ  ਸੱਚੇ  ਪਾਤਸ਼ਾਹ ਦੇ ਆਖੇ ਮੰਨੂ, ਹੋਰ ਕਿਸੇ ਦੇ ਆਖੇ ਨਹੀਂ ਮੰਨਣਾ  ।  ਮਾਤਾ  ਹੋਰਾਂ ਅੰਦਰ ਜਾ ਕੇ ਆਖਿਆ,   ਸੱਚੇ  ਪਾਤਸ਼ਾਹ ਤੇਜਾ ਸਿੰਘ ਆਂਦਾ ਮੈਂ ਤੁਹਾਡੇ ਆਖੇ ਨਹੀਂ ਮੰਨਣਾ, ਤੁਸੀਂ ਮੈਨੂੰ ਆਖੋ  ।   ਸੱਚੇ  ਪਾਤਸ਼ਾਹ ਫਿਰ ਕਿਰਪਾ ਕੀਤੀ, ਅੰਦਰੋਂ ਵਾਜ ਮਾਰੀ  ।  ਕੁਛ ਪਾ  ਲੈ  । ਮੈਨੂੰ ਵੀ ਪਾਲਾ ਲੱਗਾ, ਤੇ ਮੈਂ ਮੰਨ ਪਿਆ ।  ਮੇਰੇ ਵਿਚ ਐਸੀ ਮੂਰਖਤਾਈ ਸੀ, ਭੁੱਲ ਬਖਸ਼ੌਣ ਦੀ  ਬਜਾਏ ਸਗੋਂ ਰੁੱਸ ਪੈਂਦਾ ਸੀ । ਮੇਰੇ ਕੋਲੋਂ ਭੁੱਲਾਂ ਹੁੰਦੀਆਂ ਰੈਂਹਦੀਆਂ ਸਨ ।  ਸੱਚੇ  ਪਾਤਸ਼ਾਹ ਰਹਿਮ ਕਰ ਦੇਂਦੇ ਸਨ ਜੀ ।।

    ਇਕ ਦਿਨ ਮੱਘਰ ਦਾ ਮਹੀਨਾ ਸੀ  ਤੇ ਮੈਂ ਪਾਤਸ਼ਾਹ ਨਾਲ ਰੁਸ ਕੇ ਬਾਰ ਵਿਚ ਚਲਾ ਗਿਆ ਜੀ  ।  ਓਥੇ ਜਾ ਕੇ ਮੈਂ ਚੋਰਾਂ ਠੱਗਾਂ ਨਾਲ ਰਹਿਣ ਲੱਗ ਪਿਆ  ।  ਓਥੇ ਜਾਣ ਵਿਚ  ਮੇਰੀ ਮਲੇਸ਼ ਬੁੱਧੀ ਹੋ  ਗਈ  ।  ਇਕ ਜ਼ਿਮੀਦਾਰ ਦੀ  ਘੋੜੀ ਬੱਧੀ ਸੀ  ।  ਮੈਂ ਕਾਠੀ ਪਾ ਕੇ ਦਿਨੇ ਹੀ ਘੋੜੀ ਭਜਾ ਲਿਆਂਦੀ । ਮੱਘਰ ਦਾ ਮਹੀਨਾ ਸੀ ਤੇ ਮੈਂ ਦੂਸਰੇ ਦਿਨ ਘਵਿੰਡ ਆ ਪਹੁੰਚਾ । ਦੁਪਹਿਰੇ ਮੈਂ ਘੋੜੀ ਲੈ  ਕੇ ਘਵਿੰਡ ਘਰ ਆਇਆ ਹਾਂ ।  ਔਂਦਿਆ ਹੀ  ਸੱਚੇ  ਪਾਤਸ਼ਾਹ ਦੇ ਸਿੰਘਾਸਣ ਤੇ ਨਿਮਸਕਾਰ ਕੀਤੀ ਹੈ । ਮਾਤਾ  ਹੋਰਾਂ ਨੂੰ ਨਿਮਸਕਾਰ ਕੀਤੀ ਤੇ ਰਾਜੀ ਖ਼ੁਸ਼ੀ ਪੁੱਛੀ ।  ਸਿਖਾਂ ਨੂੰ ਫਤੇਹ ਬੁਲਾਈ । ਫੇਰ ਮੈਂ ਰੋਟੀ ਖਾ ਕੇ ਘੋੜੀ ਹਵੇਲੀ ਨੂੰ  ਲੈ  ਕੇ ਚਲਾ ਗਿਆ ਹਾਂ ਜੀ । ਪਾਤਸ਼ਾਹ ਸ਼ਿਕਾਰ  ਖੇਡ ਕੇ ਹਮੇਸ਼ਾ ਦਿਨ  ਛਿਪੇ ਘਰ  ਔਂਦੇ  ਸਨ ਜੀ । ਹਵੇਲੀ ਵਿਚ ਇਕ ਮਕਾਨ ਸੀ । ਓਥੇ ਠੰਡ ਵਿਚ ਘੋੜੀ ਬੰਨ ਦਿਤੀ ।  ਸੱਚੇ  ਪਾਤਸ਼ਾਹ ਹਵੇਲੀ ਵਿਚ ਆਏ ਹਨ ਤੇ ਸਾਰਿਆਂ ਸਿਖਾਂ ਨਿਮਸਕਾਰ ਕੀਤੀ ।  ਜਿਸ ਵਕਤ ਤੇਜਾ ਸਿੰਘ ਨਿਮਸਕਾਰ ਕਰਨ ਲੱਗਾ, ਪਾਤਸ਼ਾਹ  ਨੇ  ਮੱਥਾ ਨਹੀਂ ਟਿਕਾਇਆ, ਪਰਾਂ  ਚਲੇ  ਗਏ ਹਨ । ਗੁੱਸਾ ਭੁਲਾਇਆ ਨਹੀਂ ਗਾ ਜੀ  ।  ਸਾਰੇ ਸਿਖ  ਤੇ ਪਾਤਸ਼ਾਹ ਵੀ ਘਰ ਨੂੰ ਹਵੇਲੀ ਵਿਚ  ਚਲੇ  ਗਏ ਹਨ ਜੀ  ।  ਘਰ ਵੀ ਪਾਤਸ਼ਾਹ ਤੇਜਾ ਸਿੰਘ ਨਾਲ ਬੋਲੇ ਨਹੀਂ ਗੇ ।  ਰਾਤ ਨੂੰ ਪਰਸ਼ਾਦ ਛਕ ਕੇ  ਸਿਖਾਂ ਨਾਲ ਫੇਰ ਤੇਜਾ ਸਿੰਘ ਹਵੇਲੀ ਚਲਾ ਗਿਆ ਹੈ । ਮਗਰੋਂ ਪਾਤਸ਼ਾਹ ਮਾਤਾ  ਹੋਰਾਂ ਨੂੰ ਪੁੱਛਦੇ ਹਨ  ਕਿ  ਤੇਜਾ ਸਿੰਘ ਕਿਧਰੋਂ ਆਇਆ ਹੈ  ।  ਮਾਤਾ  ਹੋਰਾਂ ਆਖਿਆ   ਸੱਚੇ  ਪਾਤਸ਼ਾਹ ਦੁਪੈਹਿਰ ਦਾ ਘੋੜੀ ਲੈ  ਕੇ ਆਇਆ ਹੈ, ਤੇ ਆਂਦਾ ਸੀ ਮੈਂ ਬਾਰ ਵਿਚੋਂ ਆਇਆ ਹਾਂ ।  ਸਵੇਰੇ ਉਠ ਕੇ ਫੇਰ ਮੈਂ ਆਇਆ ਹਾਂ ਤੇ ਆਣ ਕੇ ਨਿਮਸਕਾਰ ਕੀਤੀ ਤੇ  ਸੱਚੇ  ਪਾਤਸ਼ਾਹ ਪੁਛਿਆ ਤੇਜਾ ਸਿੰਘ ਕਿਥੋਂ ਆਇਆ ਹੈ । ਮੈਂ ਬੇਨੰਤੀ ਕੀਤੀ  ਕਿ   ਸੱਚੇ  ਪਾਤਸ਼ਾਹ ਮੈਂ ਬਾਰ ਵਿਚੋਂ ਆਇਆ ਹਾਂ, ਹੁਣ ਦਇਆ ਕਰੋ,  ਭੁੱਲਾਂ ਬਖ਼ਸ਼ੋ ।  ਸੱਚੇ  ਪਿਤਾ  ਨੇ  ਪੁਛਿਆ ਕਿ  ਤੁਰ ਕੇ ਆਇਆ  ਕਿ  ਗੱਡੀ ਤੇ ।  ਮੈਂ ਆਖਿਆ ਪਾਤਸ਼ਾਹ ਮੈਂ ਘੋੜੀ ਤੇ ਆਇਆ ਹਾਂ, ਤੇ ਆਖਣ ਲੱਗੇ ਘੋੜੀ ਕਿਥੇ ਹੈ ।  ਮੈਂ ਆਖਿਆ ਜੀ ਹਵੇਲੀ ਬੱਧੀ ਹੈ । ਪਾਤਸ਼ਾਹ ਆਖਿਆ ਘੋੜੀ ਕਿਥੋਂ ਆਂਦੀ ਹੈ  ।  ਪਾਤਸ਼ਾਹ ਨੂੰ ਮੈਂ ਆਖਿਆ ਜੀ ਮੈਂ ਚੋਰੀ ਭਜਾ ਕੇ ਲਿਆਇਆ ਹਾਂ ।  ਪਾਤਸ਼ਾਹ ਬੜੇ ਗੁੱਸੇ ਹੋਏ, ਸੁਣ ਕੇ ਆਖਣ ਲੱਗੇ  ਤੂੰ  ਬੜਾ ਮਾੜਾ ਕੀਤਾ ਹੈ ।  ਐਡਾ ਪਾਪ ਕਰਨਾ ਸੀ,  ਚੋਰੀ  ਦੀ  ਚੀਜ ਏਥੇ ਨਹੀਂ ਲਿਔਂਣੀ ਸੀ ।  ਫਿਰ ਤੇਜਾ ਸਿੰਘ ਓਸ ਵਕਤ ਆਖਿਆ  ਸੱਚੇ  ਪਾਤਸ਼ਾਹ ਜਿਨਾਂ ਦੀ  ਮੈਂ ਘੋੜੀ ਆਂਦੀ ਹੈ,  ਤੁਸੀਂ ਓਨਾਂ ਦੀ  ਸੇਵਾ ਵਿਚ ਪਰਵਾਨ ਕਰ ਲਓ ।   ਸੱਚੇ  ਪਾਤਸ਼ਾਹ ਬੜੇ ਦਿਆਲੂ ਸਨ, ਦਇਆ ਕਰ ਦਿਤੀ । ਇਕ ਹੱਥ  ਦੀ  ਮੁੰਦਰੀ ਮੈਂ ਸੇਵਾ ਕੀਤੀ ।  ਸੱਚੇ  ਪਾਤਸ਼ਾਹ ਪੁਛਿਆ, ਏਹ  ਮੁੰਦਰੀ ਕਿਥੋਂ ਲਈ ਹੈ ।  ਸੱਚੇ  ਪਾਤਸ਼ਾਹ ਮੈਂ ਬੁਧ ਸਿੰਘ ਦੇ ਰੁਪੈ ਦੇਣੇ ਸੀ ਉਸ ਨੂੰ ਹੁਣ ਦਿਤੇ ਹਨ । ਓਸ ਨੇ ਵਿਚੋਂ ਪੈਸੇ ਮੋਡੇ ਹਨ, ਆਂਦਾ ਸੀ ਖਾ ਪੀ ਲੈ  । ਦੀਨ ਦਿਆਲ ਓਹਨਾਂ ਪੈਸਿਆਂ  ਦੀ  ਮੈਂ ਹੁਣ ਤੁਹਾਡੀ ਮੁੰਦਰੀ ਬਣਾ  ਕੇ  ਲੈ  ਆਇਆ ਹਾਂ ।।

     ਦੂਸਰਿਆਂ ਸਿਖਾਂ ਨਾਲ ਪਾਤਸ਼ਾਹ  ਬਚਨ  ਕਰਦੇ ਹਨ  ਕਿ  ਘੋੜੀ ਦਿਨੇ ਹੀ ਚੁਰਾ ਕੇ  ਲੈ  ਆਇਆ ਹੈ ।   ਏਹ  ਸਿਖਾਂ ਦਾ ਕਰਮ ਨਹੀਂ, ਪਰਾਈ ਚੀਜ ਚੁੱਕਣੀ ।  ਤੇਜਾ ਸਿੰਘ ਬੇਨੰਤੀ ਕੀਤੀ ਪਾਤਸ਼ਾਹ ਮੈਂ ਭੁਲ ਗਿਆ ਹਾਂ, ਦਇਆ ਕਰ ਕੇ ਮੈਨੂੰ ਬਖ਼ਸ਼ ਲਓ । ਪਾਤਸ਼ਾਹ ਮੈਨੂੰ ਘੋੜੀ ਚੰਗੀ ਲੱਗੀ ਤੇ ਮੈਂ ਆਖਿਆ ਘੋੜੀ ਤਾਂ  ਪਾਤਸ਼ਾਹ ਦੇ ਰੱਖਣ ਵਾਲੀ ਹੈ ਤੇ ਨਾਲੇ ਘੋੜੀ ਦੀ  ਜੂਨ ਪਾਤਸ਼ਾਹ ਦੇ ਚਰਨਾਂ ਵਿਚ ਕੱਟੀ ਜਾਏਗੀ  ਨਾਲੇ ਓਨਾਂ ਸਿਖਾਂ  ਦੀ  ਸੇਵਾ ਪਾਤਸ਼ਾਹ ਦੇ ਦਰ ਤੇ ਪੁਜ ਜਾਏਗੀ ।   ਸੱਚੇ  ਪਾਤਸ਼ਾਹ ਦਿਆਲ  ਹੋ  ਗਏ । ਸਿਖਾਂ ਸਾਰਿਆਂ ਵੀ ਮਾਫੀ ਮੰਗੀ । ਪਾਤਸ਼ਾਹ ਆਖਣ ਲੱਗੇ ਏਸੇ ਕਰ ਕੇ ਤੇਜਾ ਸਿੰਘ ਨੂੰ ਅਸੀਂ ਹਰ ਵਕਤ ਕੋਲ ਰਖਦੇ  ਹਾਂ   ਕਿ   ਕੋਈ ਕਿਸੇ ਨਾਲ ਵੱਧ ਘੱਟ  ਬਚਨ  ਨਾ ਕਰੇ । ਏਹਦੇ ਸੁਭਾ ਦਾ ਸਾਨੂੰ ਪਤਾ ਹੈ ।  ਸੱਚੇ  ਪਾਤਸ਼ਾਹ ਮਾਤਾ  ਨੈਣੋਂ ਨੂੰ ਵਾਜ ਮਾਰੀ  ਕਿ  ਸਾਨੂੰ ਕੈਂਚੀ ਫੜਾਇਓ ਜੇ  ।  ਕੈਂਚੀ ਮੰਗਵਾ ਕੇ ਪਾਤਸ਼ਾਹ ਸਿੰਘਾਸਣ ਤੋਂ ਉਤਰ ਬੈਠੇ, ਆਖਣ ਲੱਗੇ ਤੇਜਾ ਸਿੰਘ  ਚਲ ਵਖਾ ਘੋੜੀ, ਕਿੱਥੇ ਹੈ । ਹਵੇਲੀ ਜਾ ਕੇ ਨਾਲ ਪਾਤਸ਼ਾਹ ਹਨ, ਤੇ ਅੰਦਰੋਂ ਘੋੜੀ ਖੋਲ੍ਹ ਕੇ ਪਾਤਸ਼ਾਹ ਦੇ ਚਰਨਾਂ ਵਿਚ ਲਿਆ ਦਿਤੀ  ।  ਪਾਤਸ਼ਾਹ  ਨੇ  ਕੈਂਚੀ ਨਾਲ ਧੌਣ ਦੇ ਸਾਰੇ ਵਾਲ  ਘੋੜੀ ਦੇ ਕਤਰ ਦਿਤੇ ਤੇ ਕੰਡ ਉਤੇ ਥਾਪੀ ਮਾਰ ਕੇ ਪਾਤਸ਼ਾਹ  ਬਚਨ  ਕੀਤਾ, ਘੋੜੀਏ ਹੁਣ  ਤੂੰ  ਸਾਡੀ  ਹੋ  ਗਈ  ਹੈਂ  ।  ਤੈਨੂੰ ਕੋਈ ਸਿਆਣ ਨਹੀਂ ਸਕਦਾ ।  ਏਨਾਂ  ਬਚਨ  ਸੁਣ ਕੇ ਸਿਖ ਧੰਨ ਧੰਨ ਕਰ  ਰਹੇ  ਹਨ  ।   ਸੱਚੇ  ਪਾਤਸ਼ਾਹ ਲਗਾਂਮ ਦੇ ਕੇ ਸਿਖ ਨੂੰ ਉਤੇ ਚੜਾ ਕੇ ਆਖਣ ਲੱਗੇ, ਸਾਨੂੰ ਤੋਰ ਕੇ ਵਖਾ ।  ਬਹੁਤ ਸੋਹਣੀ ਤੁਰਦੀ ਵੇਖ ਕੇ ਪਾਤਸ਼ਾਹ ਬੜੇ ਖ਼ੁਸ਼ ਹੋਏ  ਹਨ । ਲਾਭ ਸਿੰਘ ਮਜ਼੍ਹਬੀ ਸਿੰਘ ਨੂੰ ਪਾਤਸ਼ਾਹ ਆਖਿਆ  ਕਿ  ਘੋੜੀ ਦੀ  ਸੇਵਾ ਬਹੁਤ ਕਰਨੀ ।  ਕਿਸੇ ਨੂੰ ਏਸ ਦੀ  ਸਿਆਣ ਨਾ ਆਵੇ ।  ਲਾਭ ਸਿੰਘ ਓਸੇ ਵਕਤ ਆਖਿਆ, ਪਾਤਸ਼ਾਹ ਦਇਆ ਕਰੋ ਤੇ ਮੈਂ ਹੁਣੇ ਹੀ ਤਾਜਾ ਘਾ ਲਿਆ ਕੇ ਪੌਂਦਾ ਹਾਂ  ।  ਪਾਤਸ਼ਾਹ ਆਖਿਆ ਜਾ ਹਨੂਮਾਨ ਵਾਗੂੰ ਛਾਲਾਂ ਮਾਰ ਕੇ ਭੱਜ ਕੇ ਲਿਆ ।  ਸਿਖ ਸਦਾ ਹੀ ਭੁੱਲਣਹਾਰ ਹਨ ਤੇ  ਸੱਚੇ  ਪਿਤਾ ਬਖ਼ਸ਼ਣ ਜੋਗ ਹਨ  । “ਤੇਰੇ ਜਿਹਾ ਨਾ ਦਿਆਲ  ਸੱਚੇ  ਪਾਤਸ਼ਾਹ , ਮੇਰੇ ਵਰਗਾ ਪਾਪੀ ਕੋਈ ਨਾ” ।  ਤੇਜਾ ਸਿੰਘ ਬੇਨੰਤੀ ਕਰਦਾ ਹੈ  ਕਿ   ਸੱਚੇ  ਪਿਤਾ ਮੇਰੇ ਵਿਚ ਗੁਣ ਕੋਈ ਨਹੀਂ । ਆਪ ਹੀ ਸਿਖਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਹੈ, ਤੇ ਬਹਾਨੇ ਨਾਲ ਤਾਰੀ ਜਾਂਦੇ ਹਨ ।।