ਮਾਈ ਅਤਰੀ ਤੇ ਦਿਸੌਂਦਾ ਸਿੰਘ ਦੀ ਸਾਖੀ
ਕੈਰੋਂ ਪਿੰਡ ਦੇ ਵਿਚ ਇਕ ਅਤਰੀ ਨਾਮ ਦੀ ਮਾਈ ਸੀ । ਪਤੀ ਉਸ ਦੇ ਦਾ
ਨਾਮ ਦਿਸੌਂਦਾ ਸਿੰਘ ਸੀ । ਐਸਾ ਉਨਾਂ ਦੋਹਾਂ ਦਾ ਸੀਤਲ ਸੁਭਾ ਸੀ, ਮੈਂ ਕੀ ਦੱਸਾਂ, ਏਸ ਤਰ੍ਹਾਂ ਜਾਪਦੇ ਸਨ ਕਿ ਜਿਸ ਤਰ੍ਹਾਂ ਦੇਵਤਿਆਂ ਨੇ ਜਰਮ ਧਾਰਿਆ ਹੈ । ਧੀ ਪੁਤ ਉਨਾਂ ਦਾ ਕੋਈ ਨਹੀਂ ਸੀ । ਘਰੋਂ ਵੀ ਗਰੀਬ ਸਨ । ਮਾਈ ਅਤਰੀ ਨੇ ਆਪਣੀ ਹੱਥੀਂ ਬਰੀਕ ਸੂਤਰ ਕੱਤ ਕੇ ਪਾਤਸ਼ਾਹ ਦੇ ਕਪੜੇ ਬਣਾ ਕੇ ਲਿਔਂਣੇ । ਪਾਤਸ਼ਾਹ ਦੇ ਗੁਰਪੁਰਬ ਤੇ ਸਾਰਿਆਂ ਸਿਖਾਂ ਦੇ ਨਾਲ ਮਾਈ ਨੇ ਵੀ ਸੇਵਾ ਕਰਨੀ । ਸੱਚੇ ਪਾਤਸ਼ਾਹ ਨੇ ਮਾਈ ਦੇ ਕਪੜੇ ਖੱਦਰ ਦੇ ਵੇਖ ਕੇ ਬੜਾ ਖ਼ੁਸ਼ ਹੋਣਾ । ਮਾਈ ਵੀ ਪਾਤਸ਼ਾਹ ਦੇ ਕਪੜੇ ਸੁਵਾ ਕੇ ਲਿਔਂਦੀ । ਪਾਤਸ਼ਾਹ ਅਸ਼ਨਾਨ ਕਰ ਕੇ ਮਾਈ ਦੇ ਖੱਦਰ ਦੇ ਕਪੜੇ ਗਲ ਪੌਂਦੇ ਤੇ ਪਲੰਘ ਤੇ ਬੈਠ ਕੇ ਸਾਰਿਆਂ ਸਿਖਾਂ ਨੂੰ ਵਖੌਂਦੇ । ਆਖਦਾ ਬਾਬਾ ਵੇਖੋ, ਕਿੱਡਾ ਸੋਹਣਾ ਕਪੜਾ ਮਾਈ ਨੇ ਹੱਥੀਂ ਸੂਤ ਕੱਤ ਕੇ ਬਣਾਇਆ ਹੈ । ਸਾਨੂੰ ਰੇਸ਼ਮ ਨਾਲੋਂ’_ ਚੰਗਾ ਲਗਦਾ ਹੈ, ਤਿਲੇ ਦੀਆਂ ਤਾਰਾਂ ਹਨ । ਸਾਡਾ ਦਿਲ ਕਰਦਾ ਏਹੋ ਹੀ ਗਲ ਰੱਖਿਆ ਕਰੀਏ । ਹੋਰ ਜਿਹੜੀ ਸੇਵਾ ਲੰਗਰ ਵਿਚ ਆਟਾ ਜਾ ਚੌਲ ਮਾਈ ਨੇ ਲਿਔਂਦੇ ਪਾਤਸ਼ਾਹ ਆਖਣਾ, ਮਾਈ ਵਾਲੇ ਆਟੇ ਦਾ ਫੁਲਕਾ ਪਕਾ ਕੇ ਸਾਡਾ ਥਾਲ ਲੁਵਾਇਓ ਜੇ, ਮਾਈ ਬਿਰਧ ਅਵਸਥਾ ਸਿਰ ਤੇ ਚੁੱਕ ਕੇ ਲਿਆਈ ਹੈ ।।
ਦਿਸੌਂਦਾ ਸਿੰਘ ਸਿਖ ਵੀ ਬਹੁਤ ਭੋਲਾ ਸੀ । ਇਕ ਦਿਨ ਸਿਖਾਂ ਨੇ ਆਖਿਆ ਕਿ ਬਾਬਾ ਮਨੀ ਸਿੰਘ ਮਸਤੂਆਣੇ ਜਾ ਕੇ ਲਿਖਾਈ ਕਰਦੇ ਹਨ ਤੇ ਚਲੋ ਆਪਾਂ ਵੀ ਚਲੀਏ, ਨਾਲੇ ਮਸਤੂਆਣਾ ਵੇਖ ਆਵਾਂਗੇ, ਨਾਲੇ ਬਾਬੇ ਹੋਰਾਂ ਦੇ ਦਰਸ਼ਨ ਕਰ ਆਵਾਂਗੇ । ਦਿਸੌਂਦਾ ਸਿੰਘ ਅਤਰੀ ਨਾਲ ਸਲਾਹ ਕਰਦਾ ਹੈ ਕਿ ਪਾਤਸ਼ਾਹ ਦੇ ਸਿਖ ਮਸਤੂਆਣੇ ਮਨੀ ਸਿੰਘ ਦੇ ਦਰਸ਼ਨ ਕਰਨ ਚਲੇ ਹਨ, ਤੂੰ ਆਖੇਂ ਤੇ ਮੈਂ ਵੀ ਨਾਲ ਚਲਾ ਜਾਵਾਂ । ਮਾਈ ਆਖਿਆ ਭਗਤਾਂ ਚਲਾ ਜਾਹ । ਅੰਮ੍ਰਿਤਸਰੋਂ ਗੱਡੀ ਚੜ੍ਹ ਕੇ ਸਿਖ ਚਲੇ ਗਏ ਹਨ । ਸੰਗਰੂਰ ਵਿਚ ਟੇਸਣ ਤੇ ਜਾ ਉਤਰੇ ਹਨ । ਉਥੋਂ ਤਿੰਨ ਮੀਲ ਪੈਂਡਾ ਸੀ, ਫਿਰ ਮਸਤੂਆਣੇ ਚਲੇ ਗਏ ਹਨ । ਉਥੇ ਜਾ ਕੇ ਸੰਤ ਮਨੀ ਸਿੰਘ ਦੇ ਦਰਸ਼ਨ ਕੀਤੇ, ਜੋ ਤਿਲ ਫੁਲ ਖੜਿਆ ਸੀ ਪਰਸ਼ਾਦ ਅੱਗੇ ਰੱਖ ਕੇ ਨਿਮਸਕਾਰ ਕੀਤੀ । ਮਨੀ ਸਿੰਘ ਨੇ ਸਾਰਿਆਂ ਸਿਖਾਂ ਦੇ ਤੇ ਪਾਤਸ਼ਾਹ ਦੇ ਘਰ ਦੀ ਸੁਖ ਪੁਛੀ ।।