73 – ਅਤਰ ਸਿੰਘ ਖੀਰਾਂ ਵਾਲੇ ਦੀ ਸਾਖੀ – JANAMSAKHI 73

ਅਤਰ  ਸਿੰਘ ਖੀਰਾਂ ਵਾਲੇ  ਦੀ  ਸਾਖੀ

     ਖੀਰਾਂ ਵਾਲੀ  ਨਗਰ ਦਾ ਇਕ ਸਿਖ  ਅਤਰ  ਸਿੰਘ ਨਾਮ ਦਾ ਸੀ । ਉਸ ਦਾ

ਭਤੀਜਾ ਖੜਕ ਸਿੰਘ ਸੀ  ।  ਦੋਵੇਂ ਜਣੇ ੫(5) ਜੇਠ ਦੇ ਗੁਰਪੁਰਬ ਤੇ ਜਰੂਰ  ਔਂਦੇ  ਸੀ, ਭਾਵੇਂ ਕਿਤੇ ਗਏ ਹੋਣ । ਪਾਤਸ਼ਾਹ ਓਨਾਂ ਨੂੰ ਮਸਤਾਨੀ ਬਿਰਤੀ ਵੀ ਕਰ ਦੇਂਦੇ ਸਨ ।   ਜੇਹੜਾ   ਅਤਰ  ਸਿੰਘ ਸੀ ਉਸ ਤੇ ਪਾਤਸ਼ਾਹ  ਦੀ   ਬੜੀ  ਕਿਰਪਾ ਸੀ ।  ਉਸ ਨੂੰ ਤੁਰੇ ਜਾਂਦੇ ਨੂੰ ਵੀ ਪਾਤਸ਼ਾਹ ਦਰਸ਼ਨ ਦੇ ਦੇਂਦੇ ਸੀ ।  ਜੇਹੜਾ  ਵੀ ਕੰਮ ਕਰਦਾ ਸੀ,  ਸ਼ਬਦ ਨਾਲ ਜੁੜ ਕੇ ਪਾਤਸ਼ਾਹ ਤੋਂ ਹੁਕਮ  ਲੈ  ਕੇ ਕਰਦਾ ਸੀ । ਜੇ ਹੁਕਮ ਦੇਂਦੇ ਸੀ ਤੇ ਕਰਦਾ ਸੀ ਨਹੀਂ ਤੇ ਨਹੀਂ ਸੀ ਕਰਦਾ । ਜਿਸ ਪਿੰਡ ਵਿਚ  ਦੀ  ਲੰਗਦਾ ਸੀ,  ਪਾਤਸ਼ਾਹ ਵਖਾ ਦੇਂਦੇ ਸਨ  ਕਿ   ਏਸ  ਨਗਰ ਵਿਚ ਐਨੇ ਪਾਪੀ ਤੇ ਐਨੇ ਸਾਡੇ ਭਗਤ ਨਾਮ ਜਪਣ ਵਾਲੇ ਹਨ । ਜਿਨਾਂ ਦੀ  ਭਗਤੀ ਨਾਲ ਨਗਰ ਖਲੋਤਾ ਹੈ ਜੀ । ਇਕ ਵੇਰਾਂ  ਅਤਰ  ਸਿੰਘ ਘਵਿੰਡ ਆਇਆ ਤੇ  ਬਚਨ  ਕਰਦਾ ਹੈ,  ਕਿ  ਮੈਂ ਤੁਹਾਨੂੰ ਪਾਤਸ਼ਾਹ ਦਾ  ਬਚਨ  ਸੁਣੌਂਦਾ ਹਾਂ ।।

    ਇਕ ਦਿਨ ਮੈਂ  ਕਰਤਾਰ  ਪੁਰੋਂ ਕੰਮ ਕਰ ਕੇ ਆਇਆ ਹਾਂ, ਤੇ ਮੇਰੇ ਮਗਰ ਦੋ  ਰਾਹੀ ਤੁਰੇ  ਔਂਦੇ  ਹਨ ।  ਸੱਚੇ  ਪਾਤਸ਼ਾਹ  ਬਚਨ  ਦਿਤਾ,  ਅਤਰ  ਸਿੰਘ ਏਸ ਡੰਡੀ ਤੋਂ   ਦੋ  ਪੈਲੀਆਂ ਲਾਭੇ ਹੋ  ਕੇ ਲੰਘ ਆ ।  ਮੈਂ ਸਤਿ ਬਚਨ  ਮੰਨ ਕੇ ਪਾਸੇ ਗਿਆ ਹਾਂ ।  ਓਨੇ  ਚਿਰ ਨੂੰ  ਓਹ ਦੋਵੇਂ ਰਾਹੀ ਵੀ ਆਣ ਅਪੜੇ ਹਨ ।  ਓਨ  ਪੁਛਿਆ ਬਾਬਾ ਡੰਡੀ ਵਿਚ ਸੱਪ ਬੈਠਾ ਸੀ ਤੇ  ਤੂੰ  ਵੇਖਿਆ ਨਹੀਂ, ਖੌਰੇ ਕੋਲ  ਦੀ  ਲੰਘ ਆਇਆ  ਹੈਂ  ।  ਅਸੀਂ ਹੁਣ ਮਾਰ ਕੇ ਆਏ ਹਾਂ ਜੀ ।  ਅਤਰ  ਸਿੰਘ  ਨੇ  ਓਨਾਂ ਨੂੰ ਭੇਤ ਨਹੀਂ ਦੱਸਿਆ ।  ਆਖਣ ਲੱਗਾ ਓਦੋਂ  ਤਾਂ  ਹੈਨੀ ਸੀ, ਫੇਰ ਆਣ ਕੇ ਬੈਠਾ ਹੋਣਾ ਏ । ਸਾਰੇ ਸਿਖ  ਬਚਨ  ਸੁਣ ਕੇ ਧੰਨ ਧੰਨ ਕਰਦੇ ਹਨ, ਕਿ  ਧੰਨ ਹੈ  ਸੱਚੇ  ਪਾਤਸ਼ਾਹ ,  ਜਿਹੜਾ ਜੰਗਲਾਂ ਪਹਾੜਾਂ ਤੇ ਉਜਾੜਾਂ ਵਿਚ ਵੀ ਹਰ ਵਕਤ ਸਿਖਾਂ ਦੇ ਨਾਲ ਰੈਂਹਦਾ ਹੈ ।  ਏਸ  ਪਿਤਾ ਦੇ ਗੁਣਾਂ ਨੂੰ ਅਸੀਂ ਗਾ ਨਹੀਂ ਸਕਦੇ ।।

    ਇਕ ਦਿਨ ਫੇਰ ਮੈਂ ਕਪੂਰਥਲਿਉ ਹਨੇਰੇ ਵਿਚ ਤੁਰਿਆਂ ਔਂਦਾ ਹਾਂ, ਤੇ  ਰਸਤੇ  ਵਿਚ ਚੋਰ ਖਲੋਤੇ ਸਨ ।  ਪਾਤਸ਼ਾਹ ਫੇਰ  ਬਚਨ  ਦਿਤਾ,  ਅਤਰ  ਸਿੰਘ  ਦੋ  ਪੈਲੀਆਂ ਲਾਂਭੇ ਹੋ  ਜਾ ।   ਤਾਂ  ਮੈਂ ਸਤਿ ਬਚਨ  ਮੰਨ ਕੇ ਪਾਸੇ ਪਾਸੇ ਲੰਘ ਆਇਆ ।  ਮਗਰ ਰਾਹੀ ਹੋਰ ਓਸੇ ਪਾਸੇ ਥਾਣੀਂ ਸਿੱਧੇ ਲੰਘ ਆਏ । ਚੋਰਾਂ ਨੇ ਓਨਾਂ ਨੂੰ ਖਲਾਰ ਕੇ ਲੁੱਟ ਲਿਆ । ਮਗਰੋਂ ਓਹ ਰਾਹੀ ਆਣ ਅਪੜੇ ਮੈਨੂੰ ਆਖਣ ਲਗੇ, ਤੂੰ  ਬਾਬਾ ਕੇਹੜੇ  ਰਸਤੇ  ਲੰਘ ਆਇਆ  ਹੈਂ  ।  ਅਸੀਂ  ਤਾਂ  ਚੋਰਾਂ ਕੋਲੋਂ ਕਪੜੇ ਵੀ ਲੁਹਾ ਆਏ ਹਾਂ ।  ਏਸ  ਤਰ੍ਹਾਂ ਸਚੇ ਪਾਤਸ਼ਾਹ ਓਸ ਨੂੰ ਪਹਿਲੋਂ  ਬਚਨ  ਦੱਸ ਦੇਂਦੇ ਸਨ ਜੀ ।  ਐਡੀ ਸਿਖ ਤੇ ਦਇਆ ਸੀ ।  ਖੜਕ ਸਿੰਘ  ਅਤਰ  ਸਿੰਘ ਜਦੋਂ  ਔਂਦੇ  ਸੀ,   ਦੋ  ਦੋ ਮਹੀਨੇ ਹੱਥਾਂ  ਦੀ  ਸੇਵਾ ਕਰ ਜਾਂਦੇ ਸਨ ਜੀ । ਸਚੇ ਪਾਤਸ਼ਾਹ  ਬੜੀ  ਕਿਰਪਾ ਕਰਦੇ ਸੀ ।।