74 – ਰਸੂਲ ਪੁਰ ਵਾਲੇ ਸਰਦਾਰ ਦੀ ਸਾਖੀ – JANAMSAKHI 74

 ਰਸੂਲ ਪੁਰ ਵਾਲੇ ਸਰਦਾਰ  ਦੀ  ਸਾਖੀ

    ਸੱਚੇ ਪਾਤਸ਼ਾਹ  ਐਸੇ ਦਿਆਲੂ ਸਨ  ਕਿਸੇ ਵਕਤ  ਓਮੀਆਂ ਨੂੰ ਵੀ ਮਿਹਰ ਕਰ ਕੇ ਤਾਰ

ਦੇਂਦੇ ਸਨ ਜੀ । ਇਕ ਵੇਰਾਂ ਰਸੂਲ ਪੁਰੋਂ ਸਰਦਾਰਾਂ ਦਾ ਪੁੱਤ ਸ਼ਿਕਾਰ  ਖੇਡਣ ਪਾਤਸ਼ਾਹ ਦੇ ਨਾਲ ਆਇਆ ਸੀ ।  ਸੱਚੇ  ਪਾਤਸ਼ਾਹ ਐਡੇ ਦਿਆਲੂ ਸਨ ਘਵਿੰਡ  ਪਿੰਡੋਂ  ਦੱਖਣ ਦਿਸ਼ਾ ਨੂੰ ਸ਼ਿਕਾਰ  ਗਏ ਹਨ ।  ਸ਼ਿਕਾਰ  ਖੇਡਦੇ ਖੇਡਦੇ ਆਪਣੇ ਖੇਤ  ਚਲੇ  ਗਏ ਹਨ ।  ਜਿਸ ਵਕਤ ਗਏ, ਸਿਖਾਂ ਨੇ  ਘੋੜਾ ਫੜ ਲਿਆ ਤੇ ਪਲੰਘ  ਡਾਹ ਦਿਤਾ ।  ਪਾਤਸ਼ਾਹ ਬੈਠ ਗਏ ।  ਹੋਰ ਸਾਰੇ ਲਾਗੇ ਜਮੀਨ ਤੇ ਬੈਠ ਗਏ ਹਨ ।   ਸੱਚੇ  ਪਾਤਸ਼ਾਹ ਦਾ ਬਗੀਚਾ ਬਹੁਤ ਅਜ਼ੀਬ ਲੱਗਾ ਹੋਇਆ ਸੀ ।  ਸਰਦਾਰ  ਵੇਖ ਕੇ  ਓਸ  ਦੀ  ਉਸਤਤ ਕਰਨ ਲੱਗਾ ।  ਪਾਤਸ਼ਾਹ ਤੇ ਸਰਦਾਰ  ਬਚਨ  ਕਰਦੇ ਕਰਦੇ ਬਗੀਚੇ ਵਿਚ ਉਠ ਕੇ  ਚਲੇ  ਗਏ ਹਨ ।  ਓਸ ਵਕਤ ਬਾਗ ਵਿਚ ਸੰਤਰੇ ਬਹੁਤ ਵਧੀਆ ਪੱਕੇ  ਹੋਏ  ਸਨ ।  ਪਾਤਸ਼ਾਹ ਬਹੁਤ ਸਾਰੇ ਸੰਤਰੇ ਤੋੜ ਕੇ  ਲੈ  ਆਏ ਹਨ ।  ੫(5)  ਸੰਤਰੇ ਉਹਨਾਂ ਵਿਚੋਂ ਓਸ ਸਰਦਾਰ ਨੂੰ ਦਿਤੇ ਹਨ ।  ਸਰਦਾਰ ਆਪਣੇ ਨਾਲ ਦੇ ਸ਼ਿਕਾਰੀਆਂ ਨੂੰ ਦੇਣ ਲੱਗਾ । ਪਾਤਸ਼ਾਹ ਆਖਿਆ  ਏਹ ਤੂੰ  ਛਕ ਲਾ, ਤੇ ਏਨਾਂ ਨੂੰ ਅਸੀਂ ਹੋਰ ਦੇ ਦੇਨੇ ਹਾਂ ।  ਫੇਰ ਸਰਦਾਰ ਖ਼ੁਸ਼ੀ  ਲੈ  ਕੇ ਆਪ ਦੇ ਪਿੰਡ ਨੂੰ ਚਲਾ ਗਿਆ ।  ਅੱਗੇ  ਕਦੀ ਓਸ  ਨੇ   ਪਾਤਸ਼ਾਹ ਦਾ ਦਰਸ਼ਨ ਨਹੀਂ ਕੀਤਾ ਸੀ ਤੇ ਨਾ ਓਸ ਦਿਨ ਤੋਂ ਬਾਅਦ ਆਇਆ ਹੈ  ।  ਕਈਆਂ ਸਾਲਾਂ ਪਿਛੋਂ ਰਸੂਲ ਪੁਰ ਓਸ ਸਰਦਾਰ ਦੇ ਪਿੰਡ ਅਸੀਂ ਸਿਖਾਂ ਨਾਲ ਕਿਸੇ ਕੰਮ ਗਏ ਹਾਂ, ਤੇ ਨਾਲ ਪਾਤਸ਼ਾਹ ਵੀ ਗਏ ਹਨ ।  ਓਸ  ਨੇ    ਬੜਾ   ਆਦਰ ਕੀਤਾ ।  ਫੇਰ ਪਾਤਸ਼ਾਹ  ਦੀ  ਉਸਤਤ ਕਰਨ ਲਗਾ । ਓਥੇ ਓਸੇ ਦੇ ਕੋਲ ਜੇਹੜੇ ਬੈਠੇ ਸਨ । ਓਨਾਂ ਨੂੰ  ਬਚਨ  ਦੱਸਣ ਲੱਗਾ ਕਿ  ਇਕ ਵੇਰਾਂ ਤਕਰੀਬਨ ੧੦(10) ਸਾਲ  ਹੋ  ਗਏ ਮੈਂ ਪਾਤਸ਼ਾਹ ਨਾਲ ਸ਼ਿਕਾਰ  ਗਿਆ । ਵਾਪਸੀ ਤੇ ਪਾਤਸ਼ਾਹ  ਨੇ  ਮੈਨੂੰ ੫(5)  ਸੰਤਰੇ ਦਿਤੇ ਸੀ ।  ਏਹ   ਪ੍ਰੀ   ਪੂਰਨ ਪਰਮੇਸ਼ਵਰ ਹਨ । ਮੇਰੇ ਵਿਆਹ ਨੂੰ ੧੫(15) ਸਾਲ  ਹੋ  ਗਏ ਸੀ ਤੇ ਮੇਰੇ ਔਲਾਦ ਨਹੀਂ ਸੀ ਹੁੰਦੀ । ਮੈਂ ਜਦੋਂ ਪਾਤਸ਼ਾਹ ਦੇ ਕੋਲ ਸ਼ਿਕਾਰ  ਗਿਆ ਤੇ ਮੇਰਾ ਦਿਲ ਕਰੇ ਮੈਂ ਬੇਨੰਤੀ  ਕਰਾ  ।  ਪਰ ਮੈਂ ਸੰਗਦੇ ਬੇਨੰਤੀ ਨਹੀਂ ਕੀਤੀ, ਦਿਲ ਵਿਚ ਹੀ ਬੇਨੰਤੀ ਕਰਦਾ ਰਿਹਾ ਹਾਂ । ਪਾਤਸ਼ਾਹ ਦੀਨ ਦੁਨੀ ਦੇ ਵਾਲੀ ਤੇ ਦਿਲਾਂ ਦੀਆਂ ਜਾਨਣ ਵਾਲਿਆਂ  ਨੇ  ਆਪੇ ਜਾ ਕੇ ਬਾਗ ਵਿਚੋਂ ੫(5)  ਸੰਤਰੇ ਮੈਨੂੰ ਲਿਆ ਕੇ ਦਿਤੇ ਹਨ ।  ਮੈਂ ਜੇਹੜੇ ਨਾਲ ਸਨ, ਓਨਾਂ ਨੂੰ ਦੇਣ ਲੱਗਾ ਤੇ ਪਾਤਸ਼ਾਹ ਮੈਨੂੰ ਕਹਿ ਦਿੱਤਾ ਕਿ  ਤੂੰ ਆਪ ਛਕ ਲਾ ।  ਫੇਰ ਮੈਂ ਸਤਿ ਬਚਨ  ਮੰਨ ਕੇ ਛਕ ਲਏ । ਐਡੀ ਏਨਾਂ ਦਇਆ ਕੀਤੀ  ਕਿ  ੪(4) ਪੁੱਤਰ ਤੇ ਇਕ ਧੀ ਮੇਰੇ ਘਰ ਹੋਈ ਹੈ । ਨਾ ਔਲਾਦ ਪਹਿਲਾਂ ਸੀ ਤੇ ਨਾ ਫੇਰ ਹੋਈ ਹੈ । ਜਿੰਨੇ ਫਲ ਪਾਤਸ਼ਾਹ ਦਿਤੇ ਹਨ, ਓਨੇ ਮੇਰੇ ਘਰ ਬੱਚੇ  ਹੋਏ  ਹਨ, ਤੇ ਰਾਜ਼ੀ ਖ਼ੁਸ਼ੀ ਹਨ । ਓਸ ਸਰਦਾਰ  ਨੇ  ਬੜੇ ਪ੍ਰੇਮ ਨਾਲ ਸੇਵਾ ਕੀਤੀ ।  ਸੱਚੇ  ਪਾਤਸ਼ਾਹ ਤੀਨ ਲੋਕ ਦੇ ਮਾਲਕ ਹਨ  ਜੋ ਚਾਹੇ ਕਰ ਸਕਦੇ ਹਨ । ਐਸੇ ਦਿਆਲੂ ਸਨ, ਸਿਖਾਂ ਤੋਂ ਬਗੈਰ ਵੀ ਜੇਹੜਾ ਪ੍ਰੇਮ ਨਾਲ ਨਿਮਸਕਾਰ ਕਰਦਾ ਹੈ  ਉਸ ਨੂੰ ਵੀ ਤਾਰ ਦੇਂਦੇ ਸਨ ॥