75 – ਘੀਕਾ ਸਿੰਘ ਦੀ ਸਾਖੀ – JANAMSAKHI 75

ਘੀਕਾ ਸਿੰਘ  ਦੀ  ਸਾਖੀ

    ਇਕ ਸਮੇਂ ਕਲੀਆਂ ਪਿੰਡ, ਸੱਚੇ  ਪਾਤਸ਼ਾਹ ਆਪ ਦੇ ਸੌਹਰੇ ਘਰ ਗਏ ਹਨ, ਮਾਤਾ 

ਬੰਤੀ ਦੇ ਓਥੇ ਪੇਕੇ   ਸਨ । ਨਾਲ  ਦੋ  ਚਾਰ ਸਿਖ ਵੀ ਸੇਵਾ ਵਾਸਤੇ ਗਏ ਹਨ । ਓਥੇ ਓਨਾਂ ਦੇ ਸਰੀਕੇ ਵਿਚ ਘੀਕਾ ਸਿੰਘ ਨਾਮ ਦਾ ਰਾਮਗੜ੍ਹੀਆ ਸਿਖ ਸੀ । ਪਾਤਸ਼ਾਹ ਜਦੋਂ ਜਾਣਾ ਓਸਨੇ ਬੜਾ ਪ੍ਰੇਮ ਕਰਨਾ । ਓਸ  ਨੇ  ਬੇਨੰਤੀ ਕੀਤੀ  ਕਿ   ਸੱਚੇ  ਪਾਤਸ਼ਾਹ ਮੇਰੀ ਔਲਾਦ ਨਹੀਂ ਬਚਦੀ, ਮੇਰੇ ਤੇ ਦਇਆ ਕਰੋ । ਜੇਹੜੇ ਹੋਰ ਲਾਗੇ ਸਨ, ਓਨਾਂ ਵੀ ਆਖਿਆ  ਜੀ ਦਇਆ ਕਰੋ ।  ਤੁਹਾਡੇ ਘਰ ਕੋਈ ਘਾਟਾ ਨਹੀਂ ।  ਸੱਚੇ  ਪਾਤਸ਼ਾਹ ਬੇਨੰਤੀ ਸੁਣਕੇ ਮੋਨ ਹੋ  ਗਏ ਹਨ । ਹੋਰ ਵੀ  ਬਚਨ  ਬਲਾਸ ਹੁੰਦੇ  ਰਹੇ  ਤੇ ਫੇਰ ਥੋੜਾ ਜਿਹਾ ਦਿਨ ਰਹਿ ਗਿਆ । ਪਾਤਸ਼ਾਹ ਪਰਸ਼ਾਦ ਛਕ ਕੇ ਜੰਗਲ ਨੂੰ ਗਏ ਹਨ ।  ਨਾਲ ਘੀਕਾ ਸਿੰਘ ਹੈ ਤੇ ਓਹ ਆਪ ਦੇ ਖੇਤ ਨੂੰ  ਲੈ  ਗਿਆ ਹੈ । ਘੀਕਾ ਸਿੰਘ ਆਪ ਦੇ ਬਾਗ ਵਿਚ ਪਾਤਸ਼ਾਹ ਨੂੰ  ਲੈ  ਕੇ ਚਲਾ ਗਿਆ ਹੈ  ।  ਪਾਤਸ਼ਾਹ  ਬਚਨ  ਕਰਦੇ ਹਨ  ਕਿ  ਹੋਰ ਬਾਗ ਨਾਲ ਬੂਟੇ ਲਾ ਕੇ ਵਧਾ ਦੇ । ਆਂਦਾ  ਸੱਚੇ  ਪਾਤਸ਼ਾਹ ਔਲਾਦ ਨਹੀਂ ਬਚਦੀ, ਤੇ ਕੋਈ ਹੌਂਸਲਾ ਨਹੀਂ ਪੈਂਦਾ ਵਧੌਣ ਦਾ ।  ਪਾਤਸ਼ਾਹ ਆਖਣ ਲੱਗੇ ਵੇਖੋ ਖਾ ਬਾਗ ਵਿਚ ਕੋਈ ਫਲ ਨਜ਼ਰ ਔਂਦਾ ਹੈ । ਵੇਖਿਆ, ਕਰੁਤੀ ਰੁਤ ਸੀ, ਕੋਈ ਫਲ ਓਨਾਂ ਨੂੰ  ਨਜ਼ਰ ਆ ਆਇਆ  ।   ਸੱਚੇ  ਪਾਤਸ਼ਾਹ ਨਿਗਾਹ ਮਾਰੀ ਤੇ  ਦੋ  ਸੰਤਰੇ  ਇਕੇ ਟਾਹਣੀ ਨਾਲ ਲੱਗੇ  ਹੋਏ  ਸਨ ।  ਆਖਣ ਲੱਗੇ ਜਾਓ ਲਾਹ ਕੇ ਲਿਆਓ । ਸਾਰੇ ਵੇਖ ਕੇ ਬੜੇ ਖ਼ੁਸ਼ ਹੋਏ  ।  ਹੱਸਦੇ  ਹਨ, ਪਾਤਸ਼ਾਹ  ਏਹ   ਤਾਂ  ਖੌਰੇ  ਤੁਸਾਂ   ਕਿਥੋਂ ਲੱਭ ਲਏ ਨੇ, ਹੁਣ ਕਿਤੇ ਸੰਤਰਿਆਂ ਦੀ  ਰੁਤ ਆ । ਸਿਖਾਂ  ਨੇ  ਦੋਵੇਂ ਸੰਤਰੇ  ਪਾਤਸ਼ਾਹ ਦੇ ਹੱਥ ਤੇ ਘਰ ਦਿਤੇ ।   ਸੱਚੇ  ਪਾਤਸ਼ਾਹ ਫੇਰ ਪਿੰਡ ਨੂੰ ਆ ਗਏ ਹਨ । ਘਰ ਆਣ ਕੇ ਆਪ ਦੇ ਪਲੰਘ  ਤੇ ਬੈਠ ਗਏ ਹਨ । ਸੰਤਰੇ ਆਪ ਦੇ ਅੱਗੇ  ਪਲੰਘ  ਤੇ ਰੱਖ ਲਏ ਹਨ । ਸਿਖ ਵੀ ਤੇ ਹੋਰ ਨਗਰ ਦੇ ਵਾਸੀ ਵੀ ਓਸ ਵਕਤ ਕੋਲ ਹਨ ਜੀ ।  ਜਿਸ ਵਕਤ ਘੀਕਾ ਸਿੰਘ ਖ਼ੁਸ਼ੀ ਲੈ  ਕੇ ਨਿਮਸਕਾਰ ਕਰਕੇ ਘਰ ਨੂੰ ਚਲਿਆ ਹੈ,   ਸੱਚੇ  ਪਾਤਸ਼ਾਹ ਜੋੜਾ ਸੰਤਰਿਆਂ ਦਾ ਘੀਕਾ ਸਿੰਘ ਦੇ ਹੱਥ ਤੇ ਰੱਖ ਦਿਤਾ ਤੇ ਆਖਿਆ  ਘੀਕਾ ਸਿੰਘ ਘਰ ਜਾ ਕੇ ਆਪ  ਦੀ  ਜਨਾਨੀ ਨੂੰ ਖਵਾ ਦੇ । ਕੋਈ ਦਿਨ ਪਾ ਕੇ  ਦੋ  ਪੁੱਤਰ ਘੀਕਾ ਸਿੰਘ ਦੇ  ਹੋਏ  ਹੋਰ ਕੋਈ ਨਹੀਂ ਹੋਇਆ ਓਨਾਂ ਦੀ  ਕਿਰਪਾ ਨਾਲ ਰਾਜੀ ਖ਼ੁਸ਼ੀ ਹਨ ।   ਏਸ  ਤਰ੍ਹਾਂ  ਸੱਚੇ  ਪਾਤਸ਼ਾਹ ਨਜ਼ਰੀਂ ਨਜ਼ਰ ਨਿਹਾਲ ਹਨ ।  ਸੱਚੇ  ਪਾਤਸ਼ਾਹ ਦੇ ਗੁਣ  ਅਸੀਂ ਗਾ ਨਹੀਂ ਸਕਦੇ ।  ਕਲਜੁਗ ਦੇ ਵਿਚ ਦਿਆਲੂ ਅਵਤਾਰ ਆਏ ਹਨ, ਗਰੀਬਾਂ ਨੂੰ ਤਾਰਨ ਵਾਸਤੇ ਜੀ ॥