76 – ਲਾਭ ਸਿੰਘ ਤੇ ਬੀਬੀ ਕਰਮੋ ਦੀ ਸਾਖੀ – JANAMSAKHI 76

 ਲਾਭ ਸਿੰਘ ਤੇ ਬੀਬੀ ਕਰਮੋ  ਦੀ  ਸਾਖੀ

    ਇਕ  ਕੱਲੇ  ਪਿੰਡ ਦਾ ਜ਼ਿਮੀਦਾਰ ਲਾਭ ਸਿੰਘ ਸਿਖ ਸੀ । ਬਾਲੇ ਚੱਕ ਵਾਲੇ ਬੁਧ ਸਿੰਘ ਦਾ

ਭਣਵਈਆ ਲਗਦਾ ਸੀ ।  ਬੁਧ ਸਿੰਘ ਤੇ  ਓਸਦੀ  ਭੈਣ ਦਾ ਸੰਗ ਕਰਕੇ ਓਹ ਵੀ   ਬੜਾ   ਪ੍ਰੇਮ ਕਰਦਾ ਸੀ . ਆਪਣੀ ਕਮਾਈ ਵਿਚੋਂ ਸੇਵਾ ਲੰਗਰ ਵਿਚ ਪੌਂਦਾ ਸੀ  ।   ਸੱਚੇ  ਪਾਤਸ਼ਾਹ ਅੱਗੇ  ਲਾਭ ਸਿੰਘ ਬੇਨੰਤੀ ਕੀਤੀ, ਕਿ   ਸੱਚੇ  ਪਾਤਸ਼ਾਹ  ਸਾਡੇ ਘਰ ਚਰਨ ਪਾਓ  ।  ਬੁਧ ਸਿੰਘ ਵੀ ਆਖਿਆ, ਪਾਤਸ਼ਾਹ ਮਿਹਰ ਕਰੋ ।  ਪਾਤਸ਼ਾਹ ਬੇਨੰਤੀ ਪਰਵਾਨ ਕਰਕੇ ਆਖਿਆ ਚੰਗਾ, ਬੁਧ ਸਿੰਘ ਜਦੋਂ  ਤੂੰ  ਆਖੇਂਗਾ ਚਲੇ  ਚਲਾਂਗੇ ।  ਬੁਧ ਸਿੰਘ  ਦੀ  ਭੈਣ ਦਾ ਨਾਮ ਕਰਮੋ ਸੀ । ਪਾਤਸ਼ਾਹ ਵਿਸਾਖੀ ਦੁਵਾਲੀ ਜਾਂਦੇ ਸਨ ਤੇ ਰਾਹ ਬਾਲੇ ਚੱਕ ਰੈਂਦੇ ਸਨ ।  ਕਰਮੋ ਤੇ ਲਾਭ ਸਿੰਘ  ਬਾਲੇ ਚੱਕ ਪਾਤਸ਼ਾਹ ਅੱਗੇ  ਬੇਨੰਤੀ ਕੀਤੀ । ਓਸ ਵਕਤ ਛੋਟੇ ਛੋਟੇ ਸਾਹਿਬਜਾਦੇ  ਨਾਲ ਮਾਤਾ  ਹੋਰੀ  ਤੇ ਸਿਖ ਵੀ ਸਨ । ਬੁਧ ਸਿੰਘ ਵੀ ਆਖਿਆ, ਪਾਤਸ਼ਾਹ ਦਇਆ ਕਰ ਦਿਉ, ਬੜਾ ਸੋਹਣਾ ਮੌਕਾ ਹੈ । ਪਾਤਸ਼ਾਹ ਬੇਨੰਤੀ ਪਰਵਾਨ ਕਰ ਲਈ । ਸਾਰੇ ਪਰਸ਼ਾਦ ਛਕ ਕੇ ਟਾਂਗਿਆਂ ਤੇ ਚੜ੍ਹ ਬੈਠੇ ਹਨ ।  ਕੱਲਾ ਪਿੰਡ ਸੜਕ ਦੇ ਉਤੇ ਸੀ ਜਿਉਂ ਚੜ੍ਹੇ ਹਨ, ਘਰ ਆਣ ਉਤਰੇ ਹਨ  ।   ਦੋ  ਦਿਨ ਪਾਤਸ਼ਾਹ ਓਥੇ  ਰਹੇ  ਹਨ ।  ਬੜੀ  ਦਇਆ ਕੀਤੀ  ।  ਜਿਸ ਵਕਤ ਤਿਆਰ ਹੋਏ  ਹਨ, ਜੋ ਪੁਜ ਆਈ ਸਿਖ  ਨੇ  ਪੂਜਾ ਭੇਟਾ ਰੱਖੀ ।  ਕਰਮੋ ਤੇ ਲਾਭ ਸਿੰਘ ਗਲ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਖਲੋ ਗਏ ਹਨ ।  ਉਠ ਕੇ ਬੁਧ ਸਿੰਘ ਆਖਿਆ, ਸੱਚੇ  ਪਾਤਸ਼ਾਹ ਕਰਮੋ ਤੇ ਲਾਭ ਸਿੰਘ ਆਪ ਅੱਗੇ  ਅਰਜ ਕਰਦੇ ਹਨ । ਪਾਤਸ਼ਾਹ ਖ਼ੁਸ਼ ਹੋ  ਕੇ ਆਖਿਆ ਕਰਮੋ ਤੂੰ  ਕੀ ਮੰਗਦੀ  ਹੈਂ  । ਓਸ ਆਖਿਆ ਜੀ ਆਪ  ਦੀ  ਸੇਵਾ ਵਾਸਤੇ ਬੱਚਾ ਮੰਗਦੀ ਹਾਂ ।  ਸੱਚੇ  ਪਾਤਸ਼ਾਹ ਓਸ ਵਕਤ ਕਰਮੋ ਤੇ ਲਾਭ ਸਿੰਘ ਨੂੰ ਪਰਸ਼ਾਦ ਦਿਤਾ ਹੈ ।  ਪਰਸ਼ਾਦ ਦੇ ਕੇ ਆਖਣ ਲੱਗੇ, ਜੋ ਤੇਰਾ ਮਨੋਰਥ ਹੈ ਪੂਰਾ  ਹੋ  ਜਾਵੇਗਾ । ਓਥੋਂ ਯੱਕਿਆਂ ਤੇ ਬੈਠ ਕੇ ਪਾਤਸ਼ਾਹ ਬੁਗੀਂ ਆ ਗਏ ਹਨ । ਕੋਈ ਦਿਨ ਪਾ ਕੇ ਪਹਿਲਾਂ  ਕਾਕੀ ਹੋਈ ਤੇ ਫੇਰ ਪੁਤ ਹੋਇਆ ਹੈ । ਪੁਤ ਨੂੰ  ਲੈ  ਕੇ ਫੇਰ ਪਾਤਸ਼ਾਹ ਦੇ ਗੁਰਪੁਰਬ ਤੇ ਆਈ ਹੈ । ਬੋਤੀ ਲੱਦ ਕੇ ਦਾਣਿਆਂ  ਦੀ  ਆਂਦੀ ਹੈ । ਲੰਗਰ ਵਾਸਤੇ ੧੦੦(100) ਰੁਪੈਆ ਭੇਟਾ ਰੱਖ ਕੇ ਕਾਕੇ ਨੂੰ ਨਿਮਸਕਾਰ ਕਰਾਈ ਹੈ ।  ਹੱਥ ਜੋੜ ਕੇ ਫੇਰ ਆਖਦੇ ਹਨ  ਕਿ  ਪਾਤਸ਼ਾਹ ਕਾਕੇ ਦਾ ਨਾਂ ਰੱਖੋ । ਪਾਤਸ਼ਾਹ ਹਰਭਜਨ ਸਿੰਘ ਨਾਮ ਰੱਖਿਆ ਹੈ ॥