ਮਾਈ ਬਸੰਤ ਕੌਰ ਤੇ ਉਸ ਦੀਆਂ ਧੀਆਂ ਦੀ ਸਾਖੀ
ਬੁਗਿਆਂ ਤੋਂ ਪਾਤਸ਼ਾਹ ਗਗੋ ਬੂਹੇ ਆ ਗਏ ਹਨ । ਵੀਰ ਸਿੰਘ ਦੇ ਘਰ ਆ ਗਏ ਹਨ । ਮਾਈ ਲਛਮੀ ਵੀ ਸੁਣ ਕੇ
ਦਰਸ਼ਨ ਕਰਨ ਆਈ ਹੈ । ਗਗੋ ਬੂਹੇ ਵੀ ਦਰਸ਼ਨ ਦੇ ਕੇ, ਘਵਿੰਡ ਪਿੰਡ ਆ ਗਏ ਹਨ । ਓਨਾਂ ਦੇ ਕੰਨੀਂ ਸੁਣਿਆਂ, ਮਾਈ ਬਸੰਤ ਕੌਰ ਵੀ ਚਰਨੀ ਲੱਗੀ ਹੈ । ਉਸ ਦੇ ੨ (2) ਪੁੱਤਰ ਤੇ ੨ (2) ਧੀਆਂ ਹਨ । ਦੋਵੇਂ ਕਾਕੀਆਂ ਵਿਆਹੀਆਂ ਹਨ । ਛੋਟੀ ਕਾਕੀ ਦੀ ਦੇਹ ਕੁਛ ਖਰਾਬ ਹੋ ਗਈ । ਸਾਰਾ ਸ਼ਰੀਰ ਲਾਲ ਹੋ ਕੇ ਲਹੂ ਸਿਮਣ ਲਗ ਪਵੇ । ਓ ਬੀਬੀ ਬਾਜੇ ਕੇ ਵਿਆਹੀ ਹੋਈ ਸੀ । ਬਾਜੇਕਿਆਂ ਵਾਲੇ ਬੀਬੀ ਨੂੰ ਖੜਦੇ ਨਹੀਂ ਗੇ । ਕੁਛ ਕਰੈਹਤ ਕਰਦੇ ਹਨ ਕਿ ਖੌਰੇ ਕੀ ਬਿਮਾਰੀ ਹੈ । ਧੀ ਵਾਲਿਆਂ ਨੂੰ ਬੜੀ ਚਿੰਤਾ ਪੈਦਾ ਹੋਈ । ਮਾਈ ਲਛਮੀ ਨਾਲ ਬੀਬੀ ਬਸੰਤ ਕੌਰ ਬਚਨ ਕੀਤੇ, ਤੇ ਨਾਲੇ ਬੀਬੀ ਦਾ ਪਿੰਡਾ ਵਖੌਂਦੀ ਹੈ । ਮਾਈ ਲਛਮੀ ਆਖਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਡੇ ਗੁਰੂ ਬੜੇ ਸਮਰੱਥ ਹਨ । ਓਥੇ ਜਾ ਕੇ ਖੈ ਕੇ ਚਰਨੀਂ ਪੈ ਜਾ, ਤੇਰੀ ਧੀ ਦਾ ਸ਼ਰੀਰ ਰਾਜੀ ਕਰ ਦੇਣਗੇ । ਬੜੇ ਦਿਆਲੂ ਹਨ । ਲਛਮੀ ਆਖਿਆ ਮੈਂ ਗਿਣ ਨਹੀਂ ਸਕਦੀ, ਜਿੰਨਿਆਂ ਜੀਆਂ ਦਾ ਓਸ ਦਰ ਤੇ ਕੋਹੜ ਹਟਿਆ ਹੈ । ਓ ਆਂਦੀ ਬੇਬੇ ਮੈਂ ਕੱਲੀ ਨਹੀਂ ਜਾ ਸਕਦੀ, ਮੇਰੇ ਨਾਲ ਚਲੇਂ ਤੇ ਤਾਂ ਹੈ । ਲਛਮੀ ਆਖਿਆ ੧੦ (10) ਦਿਨ ਰੈਹਗੇ ਨੇ ਮਾਘੀ ਤੇ, ਪਾਤਸ਼ਾਹ ਦੀ ਸਾਰੀ ਸੰਗਤ ਔਂਦੀ ਹੈ । ਮੇਰੇ ਨਾਲ ਚਲੀ ਜਾਵੀਂ । ਮਾਘੀ ਦਿਹਾੜਾ ਆ ਗਿਆ ਹੈ । ਮਾਈ ਬਸੰਤ ਕੌਰ ਆਪ ਦੀ ਧੀ ਨੂੰ ਲੈ ਕੇ ਤਿਆਰ ਹੋ ਗਈ ਹੈ । ਨੌਜਵਾਨ ਬੀਬੀ ਹੈ ਜਿਸਦੀ ਦੇਹ ਖਰਾਬ ਹੋ ਗਈ ਹੈ । ਬੀਬੀ ਦੀਪੋ ਉਸ ਦਾ ਨਾਮ ਹੈ । ਤਿੰਨੇ ਜਣੀਆਂ ਆ ਗਈਆਂ ਹਨ । ਹੋਰ ਵੀ ਸਾਰੇ ਮਾਈ ਭਾਈ ਦਰਸ਼ਨਾਂ ਨੂੰ ਆਏ ਹਨ । ਸਾਰੀਆਂ ਸੰਗਤਾਂ ਵੱਲ ਵੇਖ ਕੇ ਬਸੰਤ ਕੌਰ ਤੇ ਬੀਬੀ ਦੀਪੋ ਵੀ ਬੇਨੰਤੀ ਕਰਦੀਆਂ ਹਨ । ਸੱਚੇ ਪਾਤਸ਼ਾਹ ਦਇਆ ਕਰੋ, ਬੀਬੀ ਦੀ ਸਾਰੀ ਦੇਹ ਖਰਾਬ ਹੋ ਗਈ ਹੈ । ਲੂਤਾਂ ਤੇ ਦੱਦਰਾਂ ਸਾਰੇ ਸਰੀਰ ਤੇ ਹੋ ਗਈਆਂ ਹਨ । ਹੱਥਾਂ ਪੈਰਾਂ ਤੇ ਬੀਬੀ ਦੇ ਲਹੂ ਨਿਕਲਦਾ ਹੈ । ਪਾਤਸ਼ਾਹ ਨੂੰ ਵਖੌਂਦੀ ਹੈ । ਪਾਤਸ਼ਾਹ ਆਖਿਆ ਬੇਬੇ ਸਾਡੀ ਧਾਰਨ ਪੁਛ ਲਾ ਸਿਖਾਂ ਤੋਂ, ਜੇ ਓਸ ਮਰਯਾਦਾ ਤੇ ਚਲੇਂਗੀ ਤੇ ਰਾਜੀ ਹੋਜੂ । ਏਥੇ ਕੇਹੜੀ ਵੱਡੀ ਗਲ ਹੈ । ਬਸੰਤ ਕੌਰ ਆਖਿਆ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਆਖੌਗੇ ਓਸ ਤਰਾਂ ਮੈਂ ਮੰਨਾਂਗੀ । ਸੱਚੇ ਪਾਤਸ਼ਾਹ ਬੀਬੀ ਨੂੰ ਪਰਸ਼ਾਦ ਦਿਤਾ, ਤੇ ਆਖਿਆ, ਬੇਬੇ ਛੇਤੀ ਛੇਤੀ ਆਇਉ ਜੇ, ਤੇ ਆਣ ਕੇ ਲੰਗਰ ਵਿਚ ਸੇਵਾ ਕਰਿਆ ਕਰ, ਤੇ ਭਾਂਡੇ ਲੰਗਰ ਦੇ ਮਾਂਜਿਆ ਕਰ । ਆਪੇ ਤੇਰੀ ਦੇਹ ਸੋਹਣੀ ਹੋਜੂ । ਬੀਬੀ ਸਤਿ ਬਚਨ ਮੰਨ ਕੇ ਲੰਗਰ ਵਿਚ ਸੇਵਾ ਕਰਿਆ ਕਰੇ । ਦੋ ਚਾਰ ਵੇਰਾਂ ਆਈ ਤੇ ਸੋਨੇ ਵਰਗੀ ਦੇਹ ਬੀਬੀ ਦੀ ਹੋ ਗਈ । ਸੌਹਰੇ ਵੀ ਬੀਬੀ ਦੇ ਲੈ ਜਾਣ ਲਗ ਪਏ ॥
ਬਸੰਤ ਕੌਰ ਦੀ ਬੜੀ ਬੀਬੀ ਦੇ ਘਰ ਔਲਾਦ ਨਹੀਂ ਸੀ । ਆਪ ਦੀ ਭੈਣ ਵਲੋਂ ਵੇਖ ਕੇ ਓਹ ਵੀ ਆ ਕੇ ਸੱਚੇ ਪਾਤਸ਼ਾਹ ਦੀ ਸਰਨ ਪਈ । ਸੰਗਤਾਂ ਅਰਜਾਂ ਕਰਦੀਆਂ ਨੂੰ ਵੇਖ ਕੇ, ਓਹ ਵੀ ਬਨੰਤੀ ਕਰਦੀ ਹੈ ਕਿ ਪਾਤਸ਼ਾਹ ੧੦ (10) ਸਾਲ ਹੋ ਗਏ ਨੇ ਮੇਰੇ ਘਰ ਔਲਾਦ ਨਹੀਂ ਹੋਈ । ਪਾਤਸ਼ਾਹ ਆਖਿਆ ਬੀਬੀ ਤੂੰ ਵੀ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਿਆ ਕਰ । ਏਸ ਘਰ ਜੋ ਕੁਛ ਮਿਲਦਾ, ਸੇਵਾ ਤੋਂ ਹੀ ਮਿਲਦਾ ਹੈ । ਬੀਬੀ ਦਾ ਨਾਮ ਤਾਰੋ ਹੈ । ਬੜੀ ਪ੍ਰੇਮ ਨਾਲ ਸੇਵਾ ਕਰਨ ਲਗ ਪਈ ਤੇ ਬਚਨ ਕੀਤਾ ਕਿ ਸੱਚੇ ਪਾਤਸ਼ਾਹ ਮੈਂ ਸੌ ਰੁਪੈਆ ਸੇਵਾ ਕਰਾਂਗੀ ਜਿਸ ਦਿਨ ਮੇਰੀ ਮੁਰਾਦ ਪੂਰੀ ਹੋਈ । ਕੋਈ ਦਿਨ ਪਾ ਕੇ ਕਾਕਾ ਹੋਇਆ ਹੈ ਤੇ ਤਰਨ ਤਾਰਨ ਦੇ ਲਾਗੇ ਗੋਲੇ ਦੀ ਪੰਡੋਰੀ ਬੀਬੀ ਵਿਆਹੀ ਹੋਈ ਸੀ । ਪਾਤਸ਼ਾਹ ਬੁਗੀਂ ਸੁੰਦਰ ਸਿੰਘ ਦੇ ਘਰ ਗਏ । ਤੇ ਬਸੰਤ ਕੌਰ ਗਗੋ ਬੂਹੇ ਵਾਲੀ ਕਾਕਾ ਹੋਇਆ ਸੁਣ ਕੇ, ਪੰਡੋਰੀ ਗਈ ਹੋਈ ਸੀ । ਸੱਚੇ ਪਾਤਸ਼ਾਹ ਨੇ ਬੁਗਿਆਂ ਤੋਂ ਸਿਖ ਘਲ ਦਿੱਤਾ ਕਿ ਅਸੀਂ ਬੁਗੀਂ ਆਏ ਹਾਂ, ਤੇ ਸਾਡੀ ਸੇਵਾ ਲੈ ਕੇ ਬੁਗੀਂ ਆ ਜਾ । ਓਸ ਵਕਤ ਬੀਬੀ ਕੋਲ ਤਾਂ ਪਾਤਸ਼ਾਹ ਦਾ ਦਿੱਤਾ ਬੜਾ ਕੁਛ ਸੀ । ਮਾਈ ਬਸੰਤ ਕੌਰ ਧੀ ਦਾ ਸਰਫਾ ਕਰਕੇ ਆਖਣ ਲੱਗੀ ਪਾਈਆ ਸੇਵਾ ਤਾਂ ਅੱਜੇ ਤਿਆਰ ਨਹੀਂ । ਫੇਰ ਬੀਬੀ ਤਾਰੋ ਤੇ ਮਾਈ ਬਸੰਤ ਕੌਰ ਬੁਗੀ ਆਣ ਕੇ ਨਿਮਸਕਾਰ ਕੀਤੀ ਤੇ ਸਾਰਿਆਂ ਦੇ ਦਰਸ਼ਨ ਕੀਤੇ । ਮਾਈ ਬਸੰਤ ਕੌਰ ਫੇਰ ਬੀਬੀ ਨੂੰ ਕੋਲ ਖਲਾਰਕੇ ਆਖਣ ਲਗੀ, ਸੱਚੇ ਪਾਤਸ਼ਾਹ ਸੇਵਾ ਅਜੇ ਬੀਬੀ ਕੋਲ ਤਿਆਰ ਨਹੀਂ । ਸੱਚੇ ਪਾਤਸ਼ਾਹ ਨਰਾਜ ਹੋ ਕੇ ਆਖਣ ਲਗੇ, ਬੇਬੇ ਆਪਣੀ ਸੇਵਾ ਵੀ ਲੈ ਲੈਣੀ ਹੈ ਤੇ ਪੁਤ ਵੀ ਤੁਹਾਡਾ ਨਹੀਂ ਰੈਹਣ ਦੇਣਾ । ਧੀ ਦਾ ਸਰਫਾ ਕਰਦੀ ਕਰਦੀ ਸੱਚੇ ਪਾਤਸ਼ਾਹ ਕੋਲੋਂ ਸਰਾਫ਼ ਲੈ ਕੇ ਚਲੀ ਗਈ । ਪਾਤਸ਼ਾਹ ਨੂੰ ਨਰਾਜ਼ ਹੋਏ ਵੇਖ ਕੇ ਫੇਰ ਮਾਵਾਂ ਧੀਆਂ ਪੰਡੋਰੀ ਗਈਆਂ ਹਨ ਤੇ ਜਾ ਕੇ ਸੇਵਾ ਸੌ ਰੁਪੈਆ ਲਿਆਈਆ ਹਨ । ਤੇ ਪਾਤਸ਼ਾਹ ਅੱਗੇ ਸੇਵਾ ਰੱਖ ਕੇ ਭੁੱਲ ਬਖ਼ਸੌਂਦੀ ਹੈ । ਪਾਤਸ਼ਾਹ ਆਖਣ ਲੱਗੇ ਬੇਬੇ ਏਹ ਤਾਂ ਵਾਕ ਹੁਣ ਛੁੱਟ ਗਿਆ ਮੁੜਨਾ ਨਹੀਂ । ਫੇਰ ਤੈਨੂੰ ਉਮਰ ਵਾਲਾ ਦੇ ਦਿਆਂਗੇ । ਕੋਈ ਦਿਨ ਪਾ ਕੇ ਓਸ ਕਾਕੇ ਦਾ ਸ਼ਰੀਰ ਛੁਟ ਗਿਆ । ਪਾਤਸ਼ਾਹ ਦਾ ਤੀਰ ਛੁੱਟਾ ਮੁੜਿਆ ਨਹੀਂ ਗਾ । ਸਿਖ ਸੇਵਾ ਵੀ ਕਰਦਾ ਹੈ ਪਰ ਕਿਸੇ ਵੇਲੇ ਬਦੋ ਬਦੀ ਗਲਤੀ ਕਰ ਜਾਂਦਾ ਹੈ । ਸੁਖਣਾਂ ਸੁਖਣ ਲੱਗਿਆਂ ਜਿਨੀ ਪੁਜ ਆਵੇ ਸੋਚ ਕੇ ਓਨੀ ਸੁਖਣੀ ਚਾਹੀਦੀ ਹੈ । ਥੋੜੇ ਚਿਰ ਬਾਅਦ ਵੱਡੀ ਉਮਰ ਵਾਲਾ ਕਾਕਾ ਪਾਤਸ਼ਾਹ ਬਖ਼ਸ਼ਿਆ ਹੈ ਜੀ । ਫੇਰ ਬੀਬੀ ਬੜੇ ਪ੍ਰੇਮ ਨਾਲ ਸੇਵਾ ਕਰਦੀ ਤੇ ਬਚਨ ਮੰਨਦੀ ਰਹੀ ਹੈ ਜੀ । ਸੱਚੇ ਪਿਤਾ ਮਹਾਰਾਜ ਸ਼ੇਰ ਸਿੰਘ ਦੀ ਮਹਿੰਮਾ ਅਪਰ ਅਪਾਰ ਹੈ ।