78 – ਇਕ ਮਸਤਾਨੇ ( ਬੱਗਾ ਸਿੰਘ ) ਤੇ ਬੁਧ ਸਿੰਘ ਦੀ ਸਾਖੀ – JANAMSAKHI 78

ਇਕ ਮਸਤਾਨੇ ( ਬੱਗਾ ਸਿੰਘ) ਤੇ ਬੁਧ ਸਿੰਘ  ਦੀ  ਸਾਖੀ

    ਲੁਧਿਆਣੇ ਜਿਲੇ ਤੇ ਆਲਮਗੀਰ ਨਗਰ ਵਿਚ  ਦੋ  ਭਰਾ ਛੀਂਬੇ ਸਿਖ ਪਾਤਸ਼ਾਹ ਦੇ ਸਨ । ਇਕ ਦਾ

ਨਾਮ ਰਤਨ ਸਿੰਘ ਤੇ ਦੂਜੇ ਦਾ ਬੱਗਾ ਸਿੰਘ । ਬੱਗਾ ਸਿੰਘ ਮਸਤਾਨਾ ਰੈਂਹਦਾ ਸੀ ।  ਦੋ  ਤਰਾਂ ਦੇ ਮਸਤਾਨੇ ਹਨ । ਇਕ ਦਾਨੇ ਮਸਤਾਨੇ ਤੇ ਇਕ ਦੀਵਾਨੇ ਮਸਤਾਨੇ ਹਨ । ਦਾਨੀ ਬਿਰਤੀ ਵਾਲਿਆਂ ਨੂੰ  ਸੱਚੇ ਪਾਤਸ਼ਾਹ ਅੱਠੇ ਪਹਿਰ ਦਰਸ਼ਨ ਦੇ ਕੇ ਨਿਹਾਲ ਰਖਦੇ ਹਨ ।  ਬੱਗਾ ਸਿੰਘ ਮਸਤਾਨਾ, ਮਸਤਾਨੀ ਬਿਰਤੀ ਵਿਚ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ ਹੈ ।  ਅੰਮ੍ਰਿਤਸਰੋਂ ਗੱਡੀ ਤੇ ਉਤਰ ਕੇ  ਬਾਲੇ ਚੱਕ  ਬੁਧ ਸਿੰਘ ਸਿਖ ਦੇ ਘਰ  ਆ ਗਿਆ ਹੈ ਤੇ ਮਸਤਾਨੇ  ਬਚਨ  ਕਰਨ ਲਗ ਪਿਆ  ।  ਬੁਧ ਸਿੰਘ ਹੋਰਾਂ ਨੂੰ ਆਖਣ ਲੱਗਾ ਛੇਤੀ ਕਰੋ,  ਸੱਚੇ  ਪਾਤਸ਼ਾਹ  ਦੀ  ਜੋਤ ਆਈ ਹੈ,  ਪਲੰਘ  ਵਿਛਾ ਦਿਓ ।  ਸਿਖਾਂ ਸਤਿ ਬਚਨ  ਮੰਨ ਕੇ  ਪਲੰਘ  ਡਾਹ ਦਿਤਾ ।  ਪਾਤਸ਼ਾਹ ਦੇ ਪਲੰਘ  ਅੱਗੇ  ਵੀ ਸਿਖਾਂ ਦੇ ਘਰੀਂ  ਡੱਠੇ ਸਨ  ।  ਕਿਉਂ  ਕਿ  ਸਿਖ ਰੋਜ ਧੂਫ ਧੁਖੌਂਦੇ ਤੇ ਥਾਲ ਲਵੌਂਦੇ ਸਨ ਜੀ  ।  ਜਦੋਂ ਪਾਤਸ਼ਾਹ ਜਾਂਦੇ ਸੀ, ਓਸੇ ਪਲੰਘ  ਤੇ ਬੈਠਦੇ ਸਨ ।  ਛਾਲ ਮਾਰ ਕੇ ਬੱਗਾ ਸਿੰਘ  ਪਲੰਘ  ਤੇ ਬੈਹ ਗਿਆ  । ਸਿਖਾਂ ਮੱਥਾ ਟੇਕਿਆ, ਪਾਤਸ਼ਾਹ ਦੇ ਪਲੰਘ  ਤੇ ਬੈਠਾ ਕਰਕੇ ।  ਫੇਰ ਆਖਣ ਲੱਗਾ, ਛੇਤੀ ਕਰੋ  ਸਾਡਾ ਥਾਲ ਲੁਵਾਓ ਪਰਸ਼ਾਦ ਪਾ ਕੇ । ਸਿਖ ਜੋਤ ਤੋਂ ਡਰਦੇ  ਬਚਨ  ਮਨੀ ਜਾਣ । ਫੇਰ ਮਾਘੀ ਦੇ ਦਿਨ ਸਾਰੀ ਸੰਗਤ ਦਰਸ਼ਨਾਂ ਨੂੰ ਆਈ । ਬੱਗਾ ਸਿੰਘ ਮਸਤਾਨਾ ਵੀ ਆਣ ਪਹੁੰਚਿਆ ।  ਸੰਗਤ ਚਾਰ ਦਿਨ ਰੈਹ ਕੇ ਖੁਸ਼ੀਆਂ ਮੰਗ ਰਹੀ ਹੈ, ਜਾਣ ਵਾਸਤੇ ।  ਪਾਤਸ਼ਾਹ  ਬਚਨ  ਛੇੜਿਆ ਕਿ  ਬੁਧ ਸਿੰਘ ਅਸਾਂ  ਸੁਣਿਆ  ਹੈ,  ਬਾਲੇ ਚੱਕ ਬੱਗਾ ਸਿੰਘ ਪਲੰਘ  ਤੇ ਬੈਠਾ ਸੀ ਸਾਡੇ ਵਾਲੇ ਤੇ । ਬੁਧ ਸਿੰਘ ਆਖਿਆ ਹਾਂ ਜੀ, ਉਸ ਕਿਹਾ ਕਿ  ਮੇਰਾ ਥਾਲ ਲੁਵਾਓ ਤੇ ਫੇਰ ਅਸੀਂ ਥਾਲ ਲੁਵਾਇਆ ।  ਪਲੰਘ  ਤੇ ਬੈਠ ਕੇ ਬਗਾ ਸਿੰਘ ਪਰਸ਼ਾਦ ਛਕ ਲਿਆ । ਥਾਲ ਮੈਨੂੰ ਫੜਾ ਕੇ ਆਖਣ ਲੱਗਾ, ਸਾਡਾ ਸੀਤ ਪਰਸ਼ਾਦ ਬੁਧ ਸਿੰਘ ਛਕ ਲਾ,  ਅਸੀਂ ਤੇ ਮਹਾਰਾਜ  ਸ਼ੇਰ  ਸਿੰਘ ਇਕੋ ਹਾਂ ।  ਏਕ ਜੋਤ ਤੇ ਅਸੀਂ  ਦੋ  ਮੂਰਤਾਂ ਹਾਂ ।  ਸੱਚੇ  ਪਾਤਸ਼ਾਹ ਮੈਂ ਫਿਰ ਛਕ ਲਿਆ ਹੈ । ਬੁਧ ਸਿੰਘ  ਏਹ  ਨਹੀਂ ਆਖਿਆ  ਕਿ   ਸੱਚੇ  ਪਾਤਸ਼ਾਹ ਮੈਂ ਭੁੱਲ ਗਿਆ ਹਾਂ, ਮੇਰੇ ਤੇ ਦਇਆ ਕਰੋ ।  ਸਗੋਂ ਆਖਣ ਲਗਾ,  ਸੱਚੇ  ਪਾਤਸ਼ਾਹ  ਏਹ  ਕੇਹੜੀ ਵੱਡੀ ਗਲ ਆ । ਮਸਤਾਨੇ ਵਿਚ ਵੀ ਤੁਸੀਂ ਜੇ  ਤੇ ਏਧਰ ਵੀ ਤੁਸੀਂ ਜੇ  ।  ਪਾਤਸ਼ਾਹ ਸੁਣ ਕੇ ਨਰਾਜ  ਹੋ  ਗਏ ਤੇ ਕਿਹਾ ਤੁਹਾਨੂੰ ਫੇਰ ਏਥੇ ਸਾਡੇ ਕੋਲ ਔਣ  ਦੀ  ਕੋਈ ਲੋੜ ਨਹੀਂ । ਮਸਤਾਨਿਆਂ ਨੂੰ ਪੂਜਾ ਭੇਟਾ ਦੇ ਕੇ ਮੱਥਾ ਟੇਕ ਦਿਆ ਕਰੋ । ਪਾਤਸ਼ਾਹ ਕਿਹਾ ਕਿ  ਮਸਤਾਨਿਆਂ ਨੂੰ ਸਾਡੀ ਪਕੜ ਹੁੰਦੀ ਹੈ, ਧੱਕੇ ਖਾਂਦੇ ਤੇ ਭੁੱਖੇ ਤਿਆਏ ਆਪਦੀਆਂ ਕਰਨੀਆਂ ਦੇ ਫੜੇ  ਹੋਏ  ਤੁਰੇ ਫਿਰਦੇ ਹਨ ।  ਤੁਸਾਂ   ਆਖਿਆ ਓਨਾਂ  ਵਿਚ ਵੀ ਤੁਸੀਂ  ਹੋ   ।  ਅਸੀਂ ਮਸਤਾਨਿਆਂ ਵਿਚ  ਧੱਕੇ  ਤਾਂ  ਨਹੀਂ ਨਾ ਖਾਂਦੇ ਫਿਰਦੇ .

    ਬਾਲੇ ਚੱਕ ਵਾਲੀ ਸੰਗਤ ਜਿਸ ਵਕਤ ਖ਼ੁਸ਼ੀ  ਲੈ  ਕੇ ਤੁਰੇ ਹਨ, ਨਹਿਰ ਤੇ ਆਏ ਹਨ ਤੇ ਬੁਧ ਸਿੰਘ ਨੂੰ ਪਾਤਸ਼ਾਹ ਜੋਤ ਰੂਪ ਪਕੜ ਲਿਆ ।  ਨੈਹਰ  ਦੀ  ਪਟੜੀ ਦੇ ਉਤੇ  ਮੱਛੀ ਵਾਗ ਤੜਫਦਾ ਹੈ  ।  ਨਾਲ  ਦੀ  ਸੰਗਤ ਬਹੁਤ ਚਿੰਤਾ ਕਰ ਰਹੀ ਹੈ  ਤੇ ਕੁਛ ਸਿਖ  ਭੱਜ ਕੇ ਪਾਤਸ਼ਾਹ ਕੋਲ ਪਿਛਾਂਹ ਗਏ ਹਨ । ਜਾ ਕੇ ਸਿਖਾਂ ਅਰਜ ਕੀਤੀ  ਕਿ   ਸੱਚੇ  ਪਾਤਸ਼ਾਹ ਬੁਧ ਸਿੰਘ   ਬੜਾ ਪੀੜ ਨਾਲ ਤੜਫਦਾ ਹੈ, ਦਇਆ ਕਰੋ । ਜੀਵ ਤੇ ਹਰ ਵਕਤ ਭੁਲਣਹਾਰ ਹਨ ਤੇ ਤੁਸੀਂ  ਸੱਚੇ  ਮਾਪੇ ਬਖ਼ਸ਼ਣ ਜੋਗ ਜੇ  ।   ਸੱਚੇ  ਪਾਤਸ਼ਾਹ  ਬਚਨ  ਕੀਤਾ, ਮਰਦਾ ਨਹੀਂ,  ਜੇਹੜੀ  ਬੱਗਾ ਸਿੰਘ  ਦੀ  ਉਸ ਜੂਠ ਖਾਦੀ ਹੈ  ਜਦੋਂ ਅੰਦਰੋਂ ਨਿਕਲ ਗਈ, ਓਦੋਂ ਰਮਾਨ ਆਜੂ ।  ਐਸੇ ਦਸਤ ਤੇ ਉਲਟੀਆਂ ਸ਼ੁਰੂ ਹੋਈਆਂ, ਪੱਤੀ ਵਾਕਰ ਸਾਰਾ ਸਰੀਰ  ਹੋ  ਗਿਆ ।  ਫੇਰ ਪਾਤਸ਼ਾਹ  ਨੇ  ਪਰਸ਼ਾਦ ਘੱਲਿਆ  ਕਿ  ਉਸ ਨੂੰ ਛਕਾ ਦਿਉ ਰਮਾਨ ਆਜੂ ।  ਜਿਸ ਵਕਤ  ਪਾਤਸ਼ਾਹ ਦਾ ਪਰਸ਼ਾਦ ਛੱਕਿਆ, ਦੇਹ ਤੰਦਰੁਸਤ ਹੋ  ਗਈ । ਫੇਰ ਸਿਖ ਚੁਕ ਕੇ ਚੇਤ ਸਿੰਘ ਦੇ ਘਰ ਕਲਸੀਂ  ਲੈ  ਗਏ । ਜਾ ਕੇ ਕਪੜੇ ਸਾਫ ਕੀਤੇ ਤੇ ਫੇਰ ਅਗਲੇ ਦਿਨ ਸਾਰੀ ਸੰਗਤ ਘਵਿੰਡ ਆਈ ।  ਆਣ ਕੇ ਬੇਨੰਤੀਆਂ ਕੀਤੀਆਂ ਤੇ ਭੁੱਲਾਂ ਬਖ਼ਸ਼ਾਈਆਂ । ਮਸਤਾਨਾ ਓਦੋਂ ਦਾ ਝਿੜਕਿਆ ਮੁੜ ਕੇ ਪਾਤਸ਼ਾਹ ਕੋਲ ਨਹੀਂ ਆਇਆ । ਸਾਰੀ ਸੰਗਤ ਖੁਸ਼ੀਆਂ  ਲੈ  ਕੇ ਬਾਲੇ ਚੱਕ ਨੂੰ ਗਈ । ਉਸ ਦਿਨ ਤੋਂ ਬੁਧ ਸਿੰਘ ਨੰਗੀ ਪੈਰੀਂ ਪਾਤਸ਼ਾਹ  ਦੀ  ਸੇਵਾ ਵਿਚ ਹਾਜਰ ਰਿਹਾ ਕਰੇ ॥